ਚਾਚਾ ਜੀ ਅਤੇ ਅਮਲੀ ਜਾਗਰ ਦੋਨੋਂ ਖੇਤ ਗੁੜ ਦੀ ਚਾਹ ਨਾਲ਼ ਨਿਹਾਲ ਹੋਕੇ ਹਟੇ ਸਨ ਕਿ ਖੂਹੀ ਵਿੱਚੋਂ ਸੱਪਾਂ ਦਾ ਜੋੜਾ ਚਾਚੇ ਦੀ ਨਿਗ੍ਹਾ ਪੈ ਗਿਆ। ਚਾਚੇ ਹੱਥ ਡਾਂਗ ਅਤੇ ਜਾਗਰ ਹੱਥ ਕੋਲ ਪਈ ਛਿਟੀ ਆਈ। ਦੋਨਾਂ ਨੇ ਆਪਣੇ-ਆਪਣੇ ਹਿੱਸੇ ਦਾ ਇੱਕ-ਇੱਕ ਮਾਰ ਲਿਆ।
ਚਾਚਾ ਜੀ ਜਾਗਰ ਨੂੰ ਕਹਿੰਦੇ ਮੈੰ ਨੱਕੇ ਤੋਂ ਕਹੀ ਲੈਕੇ ਆਉਂਦਾ ਹਾਂ ਤੂੰ ਇਹਨਾਂ ਨੂੰ ਲੈਕੇ ਖੇਤ ਨੇੜੇ ਪੈਂਦੇ ਛੱਪੜ ਤੇ ਆਜਾ।
ਜਾਗਰ ਨੇ ਦੋਨੋਂ ਸੱਪ ਮੰਜੇ ਦੀ ਦੌਣ ਤੋੜ ਸਾਇਕਲ ਦੇ ਸਟੈਂਡ ਨਾਲ਼ ਬੰਨ੍ਹ ਲਏ। ਜਦ ਤੱਕ ਚਾਚਾ ਜੀ ਕਹੀ ਚੱਕ ਛੱਪੜ ਤੇ ਪਹੁੰਚੇ ਤਾਂ ਜਾਗਰ ਛੱਪੜ ਟੱਪ ਪਿੰਡ ਵੜਨ ਵਾਲਾ ਹੋ ਗਿਆ।
ਛੱਪੜ ਤੋਂ ਕੱਚੀ ਪਹੀ ਤੇ ਸੱਪਾਂ ਦੀਆਂ ਲੀਹਾਂ ਦੇਖ ਚਾਚਾ ਜੀ ਪਿੰਡ...
ਵੱਲ ਨੂੰ ਭੱਜੇ। ਜਾਗਰ ਜਿੱਥੋਂ-ਜਿੱਥੋਂ ਦੀ ਲੰਘੇ ਨਾਲ਼ ਜਵਾਕਾਂ ਦੀ ਡਾਰ ਜੁੜਦੀ ਜਾਵੇ। “ਹਾਏ ਚਾਚਾ ਤਾਂ ਜਿਓਂਦੇ ਸੱਪ ਫੜੀ ਜਾਂਦਾ”। ਅਮਲ ‘ਚ ਡਿੱਕ-ਡੋਲੇ ਖਾਂਦਾ ਸਾਇਕਲ, ਪਿੱਛੇ ਸੱਪ ਵੀ ਜਿਓਂਦਿਆਂ ਵਾਂਗ ਮੇਲਦੇ ਜਾਣ।
ਜਦ ਤੱਕ ਚਾਚਾ ਜੀ ਘਰ ਪਹੁੰਚੇ ਤਾਂ ਜਾਗਰ ਚੰਗੇ ਮਦਾਰੀ ਨਾਲ਼ੋਂ ਜਿਆਦਾ ਇਕੱਠ ਗੇਟ ਅੱਗੇ ਕਰੀ ਬੈਠਾ। ਉਹ ਤਾਂ ਚਾਚਾ ਜੀ ਨੇ ਹਿੰਮਤ ਨਾਲ਼ ਘਰ ਆ ਕੇ ਸੱਪ ਵਿਹੜੇ ਦੀ ਨੁੱਕਰ ‘ਚ ਦੱਬੇ ਨਹੀਂ ਤਾਂ ਜਾਗਰ ਨੇ ਵਧੀਆ ਮੇਲ ਨਾਲ਼ੋ ਵੀ ਜਿਆਦਾ ਰੌਣਕ ਕਰ ਸੀ।
ਜਗਨਾ ਨੰਬਰਦਾਰ। ਜਗਨਦੀਪ ਸਿੰਘ ਸਰਾਂ।