ਸਿਮਰਨ..
ਅਮਰੀਕਾ ਵਿਚ ਇੱਕ ਗੁਜਰਾਤੀ ਪਰਿਵਾਰ ਦੀ ਇਕਲੌਤੀ ਧੀ ਤੇ ਕੁਝ ਸਾਲ ਪਹਿਲਾਂ ਬਣੀ ਇੱਕ ਹਿੰਦੀ ਫਿਲਮ ਦਾ ਨਾਮ..
ਇੱਕ ਵਾਰ ਨਾਈਟ ਕਲੱਬ ਵਿਚ ਕੁਝ ਪੈਸੇ ਜੂਏ ਵਿਚ ਹਾਰ ਜਾਂਦੀ ਏ..
ਫੇਰ ਓਥੇ ਬੈਠ ਰੋਣ ਲੱਗ ਜਾਂਦੀ ਏ..
ਕੋਲ ਈ ਬੈਠਾ ਇੱਕ ਕਾਲ਼ਾ ਪੱਲਿਓਂ ਪੈਸੇ ਦੇ ਦਿੰਦਾ..
ਪਹਿਲਾਂ ਹਾਰੇ ਹੋਏ ਜਿੱਤਣ ਲਈ ਇੱਕ ਵਾਰ ਫੇਰ ਖੇਡਦੀ ਏ..ਫੇਰ ਹਰ ਜਾਂਦੀ..ਇਸ ਵਾਰ ਪੂਰੇ ਪੰਜਾਹ ਹਜਾਰ..!
ਫੇਰ ਪੂਰੇ ਦਾ ਪੂਰਾ ਗੈਂਗ ਉਸਦੇ ਮਗਰ ਪੈ ਜਾਂਦਾ..ਪੈਸੇ ਵਾਪਿਸ ਮੰਗਦਾ..ਏਨਾ ਦਬਾਓ ਬਣਾਉਂਦਾ ਕੇ ਉਹ ਬੈੰਕ ਲੁੱਟਣੇ ਸ਼ੁਰੂ ਕਰ ਦਿੰਦੀ..ਫੇਰ ਅੰਨੀ ਦਲਦਲ ਵਿਚ ਧਸਦੀ ਹੀ ਚਲੀ ਜਾਂਦੀ..
ਨੌਕਰੀ..ਇੱਜਤ..ਰਿਸ਼ਤੇ..ਮੰਗੇਤਰ..ਮਨ ਦਾ ਚੈਨ..ਘਰ-ਬਾਰ..ਮਾਂ ਬਾਪ..ਸਭ ਕੁਝ ਇੱਕ ਗਲਤੀ ਦੀ ਭੇਂਟ ਚੜ ਜਾਂਦਾ..
ਇੱਕ ਸਿਫਾਰਿਸ਼ ਜਿਹੀ ਕਰਾ..ਜਹਾਜੇ ਚਾੜਨ ਤੋਂ ਪਹਿਲਾਂ ਆਪਣੇ ਧੀਆਂ ਪੁੱਤਰਾਂ ਨੂੰ ਇਹ ਫਿਲਮ ਜਰੂਰ ਵਿਖਾਓ..ਅੱਖਾਂ ਖੋਲੋ..ਆਪਣੀਆਂ ਵੀ ਅਤੇ ਓਹਨਾ ਦੀਆਂ ਵੀ..!
ਜਿੰਦਗੀ ਏਡੀ ਸੌਖੀ ਨਹੀਂ ਰਹੀ..
ਘੜੀ ਦਾ ਖੁੰਝਿਆ ਪਲਾਂ ਵਿਚ ਕਿੰਨੀ ਦੂਰ ਜਾ ਪੈਂਦਾ ਏ..
ਡਰੱਗਾਂ ਅਤੇ ਬੁਰੀ ਸੰਗਤ ਵਾਲੀ ਦਲਦਲ ਵਿਚ ਫਸੇ ਹੋਏ ਦਾ ਕੀ ਹਾਲ ਹੁੰਦਾ..!
ਸ਼ਬਦਾਂ ਵਿਚ ਦੱਸਣਾ ਡਾਹਢਾ ਔਖਾ..ਨਾ ਹੀ ਕੋਈ ਵਿਸ਼ਵਾਸ ਕਰਦਾ..ਅਕਸਰ ਆਖਦੇ ਆਪ ਤਾਂ ਅੱਪੜ ਗਏ ਹੁਣ ਦੂਜਿਆਂ ਨੂੰ ਡਰਾਉਂਦੇ ਨੇ..!
ਸੱਤ ਸਮੁੰਦਰ ਪਾਰ ਇਥੇ ਅਕਸਰ ਹੀ ਹੌਲੀ ਉਮਰ ਦੀਆਂ ਕਿੰਨੀਆਂ ਸਾਰੀਆਂ ਕੁੜੀਆਂ ਮੁੰਡਿਆਂ ਨਾਲ ਵਾਹ ਪੈਂਦਾ ਏ..ਫੇਰ ਖਿਆਲ ਆਉਂਦਾ ਏ ਕੇ ਜਿਸ ਉਮਰ ਵਿਚ ਮੇਰੀ ਹਰ ਮੁਸ਼ਕਿਲ ਦਾ ਹੱਲ ਪੱਗ ਬੰਨੀ ਇੱਕ ਉਸ ਇਨਸਾਨ ਕੋਲ ਹੋਇਆ ਕਰਦਾ ਸੀ ਜਿਸਨੂੰ ਮੈਂ ਆਪਣਾ ਪਿਤਾ ਜੀ ਆਖ ਸੰਬੋਧਨ ਹੁੰਦਾ ਸਾਂ ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ..!
ਕਿੰਨਾ ਔਖਾ ਏ ਇਥੇ ਆਪਣੇ ਸਿਰ ਤੇ ਪਹਿਲਾਂ ਘਰ ਲੱਭਣੇ ਫੇਰ ਓਹਨਾ ਦੇ ਕਿਰਾਏ ਦੇਣੇ..
ਫੇਰ ਨੌਕਰੀਆਂ ਲੱਭਣੀਆਂ..ਫੇਰ ਠੰਡੀਆਂ ਰਾਤਾਂ ਨੂੰ ਬਰਫ਼ਾਂ ਤੋਂ ਤਿਲਕ ਕੇ ਡਿੱਗਣਾ..ਫੇਰ ਏਧਰ ਓਧਰ ਵੇਖ ਆਪੇ ਹੀ ਉੱਠ ਪੈਣਾ..ਤੇ ਮੁੜ ਆਪਮੁਹਾਰੇ ਹੀ ਨਿੱਕਲ ਆਏ ਕਿੰਨੇ ਸਾਰੇ ਹੰਜੂ ਵੀ ਆਪ ਹੀ ਪੂੰਝ ਲੈਣੇ..
ਫੇਰ ਘਰੇ ਫੋਨ ਲਾਉਣਾ ਤੇ ਆਖਣਾ ਮੰਮੀ ਤੇਰੀ ਬੜੀ ਯਾਦ ਆਉਂਦੀ ਏ..”ਮਾਏਂ ਨੀ ਮੈਂ ਕੀਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ”
ਫੇਰ ਮਾਨਸਿਕ ਅਤੇ...
ਸਰੀਰਕ ਤੌਰ ਤੇ ਹੁੰਦੀ ਟੁੱਟ ਭੱਜ ਸਹਿਣ ਕਰਦਿਆਂ ਹੀ ਘਰੇ ਅੱਪੜ ਬਿਨਾ ਕੁਝ ਖਾਦਿਆਂ ਭੁਖਿਆਂ ਹੀ ਸੋਂ ਜਾਣਾ..!
ਫੇਰ ਅਗਲੇ ਦਿਨ ਤੜਕੇ ਮੂੰਹ ਹਨੇਰੇ ਸਿਰਹਾਣੇ ਰੱਖੇ ਅਲਾਰਮ ਦੀ ਅਵਾਜ ਦਾ ਹਥੌੜੇ ਵਾਂਙ ਸਿਰ ਤੇ ਵੱਜਣਾ..
ਫੇਰ ਬਿਨਾ ਨ੍ਹਾਤਿਆ ਧੋਤਿਆਂ ਹੀ ਇੱਕ ਵਾਰ ਫੇਰ ਭੱਜ ਜਾਣਾ..ਨਾ ਮੁੱਕਣ ਵਾਲਾ ਚੱਕਰ..ਗਦ੍ਹੀ ਗੇੜ..ਫੇਰ ਪੀ.ਆਰ ਦੀ ਫਿਕਰ..ਵਾਪਿਸ ਘੱਲ ਦੇਣ ਦਾ ਡਰ..ਇਕੱਲਤਾ..ਹੀਣ-ਭਾਵਨਾ..ਮਾਨਸਿਕ ਬਿਮਾਰੀਆਂ..
ਫੇਰ ਕੰਮਾਂ ਤੇ ਅਕਸਰ ਹੀ ਕਿੰਨੇ ਤਰਾਂ ਦਾ ਲੁਕਵੇਂ ਵਿਤਕਰੇ ਅਤੇ ਆਸੇ ਪਾਸੇ ਵਿਚਰਦੀ ਕਿੰਨੀ ਸਾਰੀ ਪਾਲੀਟਿਕਸ..
ਫੇਰ ਅੰਦਰੋਂ ਬੁਰੀ ਤਰਾਂ ਟੁੱਟੇ ਹੋਏ ਵੀ ਅਗਲੇ ਨੂੰ ਹੱਸ ਕੇ ਵਿਖਾਉਣਾ..ਪਲਾਸਟਿਕ ਸਮਾਈਲ..!
ਫੇਰ ਕਾਰ..ਬਿੱਲ ਬੱਤੀਆਂ ਅਤੇ ਕਰੈਡਿਟ ਕਾਰਡਾਂ ਦੀਆਂ ਅਣਸੱਦੇ ਪ੍ਰਾਹੁਣਿਆਂ ਵਾਂਙ ਆਉਂਦੀਆਂ ਲੰਮੀਆਂ ਚੌੜੀਆਂ ਸਟੇਟਮੈਂਟਾਂ..
ਫੇਰ ਮਹਿੰਗੀਆਂ ਚੀਜਾਂ ਵੇਖ ਅਕਸਰ ਹੀ ਮਨ ਅੰਦਰ ਹੁੰਦੀ ਔਕਾਤ ਅਤੇ ਖਾਹਸ਼ਾਂ ਦੀ ਬੇਰਹਿਮ ਜੰਗ..
ਜੇ ਔਕਾਤ ਜਿੱਤ ਜਾਵੇ ਫੇਰ ਤਾਂ ਠੀਕ ਏ ਪਰ ਜੇ ਖਾਹਿਸ਼ਾਂ ਜਿੱਤ ਜਾਵਣ ਤਾਂ ਫੇਰ ਕਿੰਨੇ ਤਰਾਂ ਦੇ ਸ਼ੋਰਟ ਕੱਟ ਵੱਜਦੇ..
ਕਈ ਵਾਰ ਗੱਲ ਉਧਾਰ ਮੰਗਣ ਅਤੇ ਜੂਏ ਲਾਟਰੀ ਤੱਕ ਜਾ ਅੱਪੜਦੀ ਏ..ਅਕਸਰ ਆਖਿਆ ਜਾਂਦਾ ਏ ਕੇ ਜੂਆ ਕਿਸੀ ਕਾ ਨਾ ਹੂਆ..
ਸ਼ੋਰਟ ਕੱਟ ਬਾਰੇ ਏਨੀ ਗੱਲ ਆਖਾਂਗਾ ਕੇ “ਸੋਂ ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ”..ਤੇ ਜਦੋਂ ਇਥੋਂ ਦਾ ਸਿਸਟਮ ਬੰਦੇ ਨੂੰ ਸਾਧ ਬਣਾਉਂਦਾ ਏ ਤਾਂ ਵਾਕਿਆ ਹੀ ਕੱਖੋਂ-ਹੌਲਾ ਕਰ ਦਿੰਦਾ ਏ!
ਸੋ ਦੋਸਤੋ ਫੇਰ ਇਹ ਵੇਖਣਾ ਬਹੁਤ ਜਰੂਰੀ ਏ ਕੇ ਤੁਹਾਨੂੰ ਟੁੱਟ ਗਿਆਂ ਨੂੰ ਰੋਣ ਲਈ ਮੋਢਾ ਅਤੇ ਅਥਰੂ ਪੂੰਝਣ ਲਈ ਰੁਮਾਲ ਦੀ ਪੇਸ਼ਕਸ਼ ਕਰ ਰਿਹਾ ਵਜੂਦ ਅਸਲ ਵਿਚ ਅੰਦਰੂਨੀ ਤੌਰ ਤੇ ਕਿਸ ਕਿਰਦਾਰ ਦਾ ਮਾਲਕ ਏ..?
ਕਿਓੰਕੇ ਇਹਨਾਂ ਮੁਲਖਾਂ ਵਿਚ ਕਈ ਵਾਰ ਤੁਹਾਡੇ ਲਈ ਹੰਜੂ ਵਹਾਉਂਦੇ ਕਈ ਮਗਰਮੱਛ ਅਕਸਰ ਹੀ ਹਮਦਰਦੀ ਦਾ ਮੁਜੱਸਮਾਂ ਲੱਗਦੇ ਆਮ ਇਨਸਾਨਾਂ ਵਾਂਙ ਹੀ ਵਿਚਰਦੇ ਹੋਏ ਵਿਖਾਈ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ