More Punjabi Kahaniya  Posts
ਮਾਂ ਅਤੇ ਪਿਓ


ਮੇਰੇ ਨਾਲ ਇਹ ਪਹਿਲੀ ਵਾਰ ਓਦੋਂ ਹੋਇਆ ਜਦੋਂ ਮੈਂ ਕੋਈ ਬਾਰਾਂ ਕੂ ਸਾਲ ਦੀ ਹੋਵਾਂਗੀ..!
ਪੰਜਵੀਂ ਦੇ ਪੇਪਰ ਦੇ ਕੇ ਜਦੋਂ ਰਿਕਸ਼ੇ ਵਿਚੋਂ ਉੱਤਰੀ ਤਾਂ ਮੇਰੀ ਸੀਟ ਖੂਨ ਨਾਲ ਲਥਪਥ ਹੋ ਗਈ ਸੀ..ਨਾਲਦੇ ਹੱਕੇ ਬੱਕੇ ਰਹਿ ਗਏ..ਕੁਝ ਡਰ ਵੀ ਗਏ..ਇੱਕ ਪਤਾ ਨਹੀਂ ਕਿਓਂ ਦੰਦ ਕੱਢੀ ਜਾ ਰਿਹਾ ਸੀ..ਸ਼ਾਇਦ ਜਾਣਦਾ ਸੀ ਕੇ ਇਹ ਕੀ ਹੋਇਆ ਏ!
ਮੈਂ ਰੋ ਪਈ..ਰਿਕਸ਼ੇ ਵਾਲਾ ਅੰਦਰ ਜਾ ਕੇ ਮੇਰੀ ਮਾਂ ਨੂੰ ਸੱਦ ਲਿਆਇਆ..ਉਹ ਮੈਨੂੰ ਅੰਦਰ ਇੰਝ ਲੁਕਾ ਕੇ ਲੈ ਗਈ ਜਿਦਾਂ ਮੈਥੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ!
ਉਸਨੇ ਇਸ ਗੱਲ ਦਾ ਮੇਰੇ ਬਾਪ ਅਤੇ ਭਰਾਵਾਂ ਤੋਂ ਓਹਲਾ ਰੱਖਿਆ..ਧਾਰਮਿਕ ਪਰਿਵਾਰ ਹੋਣ ਕਰਕੇ ਮੇਰੇ ਤੇ ਪੂਰੇ ਸੱਤ ਦਿਨ ਚੁੱਲ੍ਹੇ ਚੋਂਕੇ ਅਤੇ ਪੂਜਾ ਵਾਲੇ ਕਮਰੇ ਵਿਚ ਵੜਨ ਤੇ ਪਬੰਦੀ ਸੀ!
ਸਰੀਰਕ ਵਿਗਿਆਨ ਵਾਲਾ ਟੀਚਰ ਵੀ ਇਹ ਚੀਜ ਕਲਾਸ ਸਾਹਵੇਂ ਪੜਾਉਣ ਤੋਂ ਕੰਨੀ ਕਤਰਾਉਂਦਾ ਤੇ ਅਕਸਰ ਹੀ ਆਖਿਆ ਕਰਦਾ ਕੇ ਇਹ ਸਭ ਕੁਝ ਘਰੇ ਆਪੇ ਹੀ ਪੜ ਲਿਓ!
ਮੇਰੇ ਕੋਲ ਇੱਕੋ ਕਪੜਾ ਹੁੰਦਾ ਸੀ ਜਿਸਨੂੰ ਮੈਂ ਕਿਸੇ ਭੀੜੀ ਜਿਹੀ ਨੁੱਕਰ ਵਿਚ ਲੂਕਾ ਕੇ ਰੱਖਦੀ..ਜਦੋਂ ਮੈਂ ਇਸ ਵਰਤਾਰੇ ਵਿਚੋਂ ਗੁਜਰ ਰਹੀ ਹੁੰਦੀ ਤਾਂ ਮੈਨੂੰ ਓਸੇ ਕੱਪੜੇ ਨੂੰ ਹੀ ਵਾਰ-ਵਾਰ ਧੋ ਕੇ ਵਰਤਣਾ ਪੈਂਦਾ ਕਿਓੰਕੇ ਨਿੱਕੇ ਜਿਹੇ ਕਸਬੇ ਵਿਚ ਦੁਕਾਨ ਤੇ ਜਾ ਕੇ ਪੈਡ ਮੰਗਣੇ ਹਿਮਾਲਿਆ ਪਰਬਤ ਚੜਨ ਤੋਂ ਵੀ ਔਖਾ ਲੱਗਿਆ ਕਰਦਾ!
ਇਸ ਵਰਤਾਰੇ ਨਾਲ ਸਬੰਧਿਤ ਜਿਆਦਤਰ ਪਾਬੰਦੀਆਂ ਅਤੇ ਬੰਦਿਸ਼ਾਂ ਘਰ ਦੀਆਂ ਵੱਡੀ ਉਮਰ ਦੀਆਂ ਔਰਤਾਂ ਵੱਲੋਂ ਠੋਸੀਆਂ ਜਾਂਦੀਆਂ ਸਨ..ਮੈਂ ਇਸ ਕੁਦਰਤੀ ਹੁੰਦੇ ਵਰਤਾਰੇ ਨਾਲ ਸਬੰਧਿਤ ਸ਼ਰਮਿੰਦਗੀ ਵਾਲੀ ਪੰਡ ਸਿਰ ਤੇ ਚੁੱਕ ਹੈ ਜੁਆਨ ਹੋਈ!
ਇਸ ਬਾਰੇ ਖੁੱਲ ਕੇ ਚਰਚਾ ਓਦੋਂ ਸੰਭਵ ਹੋਈ ਜਦੋਂ ਮੇਰਾ ਬੋਰਡਿੰਗ ਸਕੂਲ ਵਿਚ ਪੜਾਉਣ ਗਈ ਦਾ ਵਿਆਹ ਇੱਕ ਆਧੁਨਿਕ ਵਿਚਾਰਾਂ ਵਾਲੇ ਇਨਸਾਨ ਨਾਲ ਹੋ ਗਿਆ!
ਜਦੋਂ ਉਸਨੂੰ ਮਾਂਹਵਾਰੀ ਬਾਰੇ ਔਰਤ ਜਾਤ ਤੇ ਲੱਗਦੀਆਂ ਇਸ ਤਰਾਂ ਦੀਆਂ ਪਬੰਦੀਆਂ ਬਾਰੇ ਪਤਾ ਲੱਗਾ ਤਾਂ ਉਹ ਹੱਕਾ ਬੱਕਾ ਰਹਿ ਗਿਆ!
ਫੇਰ ਅਸੀਂ ਦੋਹਾਂ ਨੇ ਮਾਂਹਵਾਰੀ ਨਾਲ ਸਬੰਧਿਤ ਇੱਕ ਕਾਮਿਕ ਸਟ੍ਰਿਪ ਤਿਆਰ ਕੀਤੀ ਜਿਹੜੀ ਜੁਆਨ ਹੁੰਦੀਆਂ ਬੱਚੀਆਂ ਨੂੰ ਇਸ ਵਰਤਾਰੇ ਸਬੰਦੀ ਅਨੇਕਾਂ ਸੁਆਲਾਂ ਦੇ ਜੁਆਬ ਦੀਆ ਕਰਦੀ!
ਮੈਨੂੰ ਅਜੇ ਤੱਕ ਇਸ ਸੁਆਲ ਦਾ ਸਪਸ਼ਟ ਜੁਆਬ ਨਹੀਂ ਮਿਲਿਆ...

ਕੇ ਮੈਨੂੰ ਇਸ ਕੁਦਰਤੀ ਵਰਤਾਰੇ ਬਾਰੇ ਏਨਾ ਚੁੱਪ ਰਹਿਣ ਲਈ ਕਿਓਂ ਮਜਬੂਰ ਕੀਤਾ ਗਿਆ ਜਦੋਂ ਕੇ ਔਰਤ ਅੰਦਰ ਹੁੰਦੇ ਇਸ ਮਾਸਿਕ ਚੱਕਰ ਤੋਂ ਬਗੈਰ ਇਨਸਾਨੀ ਪ੍ਰਜਾਤੀ ਦੀ ਪੀੜੀ ਦਰ ਪੀੜੀ ਹੁੰਦੀ ਉਤਪਤੀ ਅਤੇ ਵਿਕਾਸ ਬਿਲਕੁਲ ਵੀ ਸੰਭਵ ਹੀ ਨਹੀਂ ਹੋ ਸਕਦਾ ਸੀ!
ਗੌਰਤਲਬ ਹੈ ਕੇ ਕਨੇਡਾ ਦੇ ਸਕੂਲਾਂ ਵਿਚ ਪੰਜਵੀਂ ਜਮਾਤ ਤੋਂ ਹੀ ਸੈਕਸ ਜੀਵਨ ਦੇ ਸਾਰੇ ਖਾਸ ਖਾਸ ਪਹਿਲੂਆਂ ਬਾਰੇ ਅਤੇ ਇਨਸਾਨੀ ਸਰੀਰ ਵਿਚ ਸ਼ੁਰੂਆਤੀ ਪੱਧਰ ਤੇ ਹੁੰਦੀਆਂ ਸਾਰੀਆਂ ਤਬਦੀਲੀਆਂ ਬਾਰੇ ਚੰਗੀ ਤਰਾਂ ਪੜਾ ਦਿੱਤਾ ਜਾਂਦਾ ਹੈ!
ਜਾਂਦੇ ਜਾਂਦੇ ਸਮੂਹਿਕ ਬਾਪੂਆਂ ਨੂੰ ਸਮਰਪਿਤ ਅੱਜ ਵਾਲੇ ਦਿਨ ਤੇ ਇੱਕ ਵਰਤਾਰਾ ਚੇਤੇ ਆ ਗਿਆ..ਨਿੱਕੇ ਨਿੱਕੇ ਦੋ ਬੱਚੇ ਅਤੇ ਇੱਕ ਜਵਾਨ ਹੁੰਦੀ ਧੀ ਛੱਡ ਉਸਦੇ ਨਾਲਦੀ ਰੱਬ ਨੂੰ ਪਿਆਰੀ ਹੋ ਗਈ..ਸੰਸਕਾਰ..ਭੋਗ..ਦਸਵੀਂ..ਫੁਲ..ਕੀਰਤਪੁਰ ਸਾਬ ਦੇ ਕਾਰ ਵਿਹਾਰ ਮੁਕਾ ਜਦੋਂ ਰਿਸ਼ਤੇਦਾਰੀ ਆਪੋ ਆਪਣੇ ਘਰਾਂ ਨੂੰ ਮੁੜ ਗਈ ਤਾਂ ਇੱਕ ਦਿਨ ਨਿੱਕੇ ਪੁੱਤ ਨੂੰ ਸਾਈਕਲ ਤੇ ਬਿਠਾ ਸੌਦਾ ਲੈਣ ਤੁਰ ਪਿਆ..ਸੌਦਾ ਤੁਲਾਉਣ ਮਗਰੋਂ ਨਿੱਕੇ ਪੁੱਤ ਨੇ ਬੋਝੇ ਵਿਚੋਂ ਇੱਕ ਪਰਚੀ ਕੱਢੀ..ਅਖ਼ੇ ਵੱਡੀ ਭੈਣ ਜੀ ਆਖਦੀ ਸੀ ਡੈਡੀ ਨੂੰ ਦੇ ਦੇਵੀਂ..ਪਰਚੀ ਪੜੀ ਫੇਰ ਨਾਲਦੀ ਨੂੰ ਚੇਤੇ ਕਰ ਰੋ ਪਿਆ..ਫੇਰ ਮਨ ਹੀ ਮਨ ਇੱਕ ਫੈਸਲਾ ਲਿਆ ਕੇ ਜੇ ਜਿੰਦਗੀ ਦੀ ਬੇੜੀ ਪਾਰ ਲਾਉਣੀ ਏ ਤਾਂ ਅੱਜ ਮਗਰੋਂ ਨਿਆਣਿਆਂ ਦੇ ਬਾਪ ਦੇ ਨਾਲ ਨਾਲ ਜਵਾਨ ਹੁੰਦੀ ਧੀ ਦੀ ਮਾਂ ਵੀ ਬਣਨਾ ਪੈਣਾ..ਫੇਰ ਅਖੀਰ ਤੱਕ ਮਾਂ ਬਣ ਵਿੱਚਰਿਆ ਵੀ..!
ਪਹਿਲੀ ਗੱਲ ਇਹ ਕੇ ਰੱਬ ਕਰੇ ਮਾਪੇ ਰਹਿੰਦੀ ਦੁਨੀਆਂ ਤੱਕ ਨਿਆਣਿਆਂ ਦੇ ਸਿਰ ਤੇ ਬਣੇ ਰਹਿਣ ਪਰ ਜੇ ਇਹਨਾਂ ਵਿਚੋਂ ਇੱਕ ਵਕਤੋਂ ਪਹਿਲਾਂ ਚਲਾ ਵੀ ਜਾਵੇ ਤਾਂ ਮਗਰ ਰਹਿ ਗਏ ਨੂੰ ਮਾਂ ਅਤੇ ਪਿਓ ਦੋਵੇਂ ਚੀਜਾਂ ਬਣਨ ਦੀ ਤੌਫ਼ੀਕ ਅਦਾ ਕਰੇ..ਮਾਂ ਧੀ ਅਤੇ ਪਿਓ ਪੁੱਤ ਦੇ ਲੱਖ ਸਦੀਵੀਂ ਓਹਲੇ ਹੁੰਦੇ ਜਿਹੜੇ ਤੀਜੀ ਧਿਰ ਨਾਲ ਸਾਂਝੇ ਕਰਨੇ ਓਨੇ ਹੀ ਔਖੇ ਹੁੰਦੇ ਜਿੰਨੇ ਅੱਗ ਦੇ ਸਮੁੰਦਰ ਨੂੰ ਲਗਾਤਾਰ ਤਾਰੀ ਲਾ ਕੇ ਵਾਰੋ ਵਾਰੀ ਪਾਰ ਕਰਨਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)