More Punjabi Kahaniya  Posts
ਭੋਲਾ ਪ੍ਰਧਾਨ


ਭੋਲਾ ਪ੍ਰਧਾਨ !
ਮੀਂਹ ਤੋਂ ਬਾਅਦ ਯੂਰੀਆ ਖਾਦ ਤੋਂ ਸੱਖਣੀ, ਪੀਲੀ ਪੈ ਰਹੀ ਕਣਕ ਭਾਵੇਂ ਭੋਲੇ ਨੂੰ ਵਾਜਾਂ ਮਾਰ ਰਹੀ ਸੀ ਪਰ ਦੋ ਕਿਲਿਆਂ ਦੇ ਮਾਲਕ ਭੋਲੇ ਨੂੰ ਅੱਜਕੱਲ੍ਹ ਟਾਈਮ ਹੀ ਕਿੱਥੇ ਸੀ। ਦਰਅਸਲ ਨਾਮ ਦਾ ਹੀ ਨਹੀਂ ਮੰਨ੍ਹ ਦਾ ਵੀ ਤਾਂ ਭੋਲਾ ਈ ਹੈ, ਭੋਲਾ। ਬੁੱਢੇ ਮਾਂ-ਬਾਪੂ ਤੇ ਘਰਵਾਲੀ ਤਾਂ ਉਹਨੂੰ ਰਾਜਨੀਤੀ ਤੋਂ ਪਾਸੇ ਹੋਣ ਤੇ ਘਾਗ ਲੀਡਰਾਂ ਮਗਰ ਲੱਗਣ ਤੋਂ ਰੋਜ ਹੀ ਵਰਜਦੇ ਰਹੇ ਪਰ ਵੱਡੀ ਪਾਰਟੀ ਦੇ ਐਮ ਐਲ ਏ ਉਮੀਦਵਾਰ ਜਰਨੈਲ ਸਿੰਘ ਵੱਲੋਂ ਨਿੱਤ ਹੀ ਭੋਲੇ ਦੇ ਮੋਬਾਈਲ ਤੇ ਪਰਸਨਲ ਫੋਨ ਆਉਣ ਨਾਲ ਭੋਲਾ ਆਪਣੇ-ਆਪ ਨੂੰ ਇੰਟਰਨੈਸ਼ਨਲ ਲੀਡਰ ਸਮਝਣ ਲੱਗ ਪਿਆ ਸੀ। ਭਾਵੇਂ ਆੜਤੀਏ ਦੀ ਲਾਲ ਵਹੀ ਤੇ ਟੁੱਟੀ ਜਿਹੀ ਪੰਜਾਬੀ ‘ਚ ਭੋਲਾ ਲਿੱਖ, ਉਹ ਦੋ ਵਾਰੀ ਦਸ-ਦਸ ਹਜ਼ਾਰ ਲੈ ਆਇਆ ਸੀ, ਪਰ ਜਰਨੈਲ ਸਿੰਘ ਵੱਲੋਂ ਉਹਨੂੰ ਪਾਰਟੀ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਦੇ ਦਿੱਤੇ ਹੋਏ ਅਹੁਦੇ ਦੀ ਗਰਮੀ ਅੱਗੇ ਭੋਲੇ ਨੂੰ ਆੜਤੀਏ ਦਾ ਤਿੰਨ ਰੁਪਈਆ ਸੈੰਕੜਾ ਵਿਆਜ ਮਾਮੂਲੀ ਹੀ ਜਾਪ ਰਿਹਾ ਸੀ। ਦਰਅਸਲ ਜਰਨੈਲ ਸਿੰਘ ਤੋਂ ਜਿਆਦਾ ਚੁਸਤ ਉਸਦਾ ਪੀ ਏ ਗੋਰਾ ਸੀ, ਗੋਰੇ ਨੂੰ ਪਤਾ ਸੀ ਕਿ ਪਿੰਡਾਂ ਦੇ ਜਿਆਦਾਤਰ ਸਰਪੰਚ ਤਾਂ ਪੰਜ ਸਾਲ ਗਰਾਂਟਾ ਖਾ ਕੇ ਪਾਰਟੀ ਬਦਲਣ ਨੂੰ ਫਿਰਦੇ ਨੇ, ਨਾਲੇ ਉਹ ਪੱਲਿਓਂ ਪੈਸੇ ਨਹੀਂ ਲਾਉਂਦੇ ਹੁੰਦੇ। ਗੋਰੇ ਨੇ ਇਸ ਤਿੰਨ ਮਹੀਨੇ ਦੇ ਚੋਣ ਪ੍ਰਚਾਰ ਲਈ ਹਰੇਕ ਪਿੰਡ ਚੋਂ ਲਾਲਚ ਦੇ ਕੇ ਮੁਰਗੀਆਂ ਲੱਭ ਲਈਆਂ, ਜੋ ਆਪਦਾ ਕੰਮਕਾਰ ਛੱਡ ਕੇ ਹਰ ਵੇਲੇ ਪੰਜ-ਸੱਤ ਬੰਦੇ ਨਾਲ ਲੈ ਕੇ ਜਰਨੈਲ ਸਿੰਘ ਦਾ ਪ੍ਰਚਾਰ ਕਰਨ ਤੇ ਇਸੇ ਲੜੀ ‘ਚ ਪਿੰਡ ਦੇ ਹੀ ਵਿਹਲੜ ਰੋਮੇ ਨੇ ਗੋਰੇ ਨਾਲ ਭੋਲੇ ਦੀ ਮਿਲਣੀ ਕਰਾ ਦਿੱਤੀ।
ਇਕ ਦੋ ਮਿਲਣੀਆਂ ‘ਚ ਤਾਂ ਭੋਲੇ ਨੂੰ ਕੁੱਝ ਖਾਸ ਨਹੀਂ ਲੱਗਿਆ। ਫੇਰ ਇਕ ਦਿਨ ਐਮ ਐਲ ਏ ਜਰਨੈਲ ਸਿੰਘ ਤੇ ਨਾਲ ਦੀ ਕੁਰਸੀ ਤੇ ਬੈਠੇ ਗੋਰੇ ਨੇਂ ਭੋਲੇ ਨੂੰ ਐਮ ਐਲ ਏ ਸਾਬ੍ਹ ਨਾਲ ਮਿਲਾਉਂਦਿਆਂ ਕਿਹਾ,”ਜਨਾਬ ਇਹ ਗੁਰਦੀਪ ਸਿੰਘ ਏ ਸਰਾਵਾਂ ਪਿੰਡ ਦਾ, ਬਹੁਤ ਹੀ ਮਿਹਨਤੀ ਵਰਕਰ ਏ”। ਘਾਗ ਸਿਆਸਤਦਾਨ ਜਰਨੈਲ ਸਿੰਘ, ਪੀ ਏ ਗੋਰੇ ਦਾ ਇਸ਼ਾਰਾ ਸਮਝ ਗਿਆ,”ਓ ਯਾਰ ਇਹ ਗੁਰਦੀਪ ਨਹੀਂ ਏ ਤਾਂ ਭੋਲਾ ਏ, ਮੇਰਾ ਛੋਟਾ ਵੀਰ। ਲੈ ਬਈ ਭੋਲੇ ਇਸ ਵਾਰ ਤਿਆਰ ਰਹੀਂ ਆਪਾਂ ਤੈਨੂੰ ਹੀ ਸਰਪੰਚ ਬਣਾਉਣਾ ਏ”। ਗੋਰੇ ਤੇ ਐਮ ਐਲ ਏ ਦਾ ਚਲਾਇਆ ਤੀਰ ਸਹੀ ਟਿਕਾਣੇ ਤੇ ਲੱਗਿਆ, ਭੋਲਾ ਸਰਪੰਚੀ ਦੇ ਸੁਪਨੇ ਲੈਣ ਲੱਗ ਪਿਆ, ਨਾਲ ਹੀ ਜਰਨੈਲ ਸਿੰਘ ਨੇ ਗਰਮ ਲੋਹੇ ਤੇ ਹਥੌੜਾ ਮਾਰਦਿਆਂ ਉਹਨੂੰ ਪਾਰਟੀ ਦੇ ਕਿਸਾਨ ਵਿੰਗ ਦਾ ਬਲਾਕ ਦਾ ਮੀਤ ਪ੍ਰਧਾਨ ਲਾ ਦਿੱਤਾ। ਹੁਣ ਸਟੈਂਡਰਡ ਤਾਂ ਬਣਾਉਣਾ ਹੀ ਸੀ, ਪ੍ਰਾਈਵੇਟ ਬੈਂਕ ‘ਚ ਕਿੱਲਾ ਗਹਿਣੇ ਧਰਿਆ ਤੇ ਪੰਜ ਲੱਖ ਦੀ ਸੈਕੰਡ ਹੈਂਡ ਗੱਡੀ ਖਰੀਦ ਲਈ, ਪੜ੍ਹਿਆ ਤਾਂ ਭਾਵੇਂ ਭੋਲਾ ਘੱਟ ਹੀ ਸੀ ਪਰ ਹੁਣ ਅਬੋਹਰ ਤੋਂ ਸਵਾਏ ਮਹਿੰਗੇ ਚਿੱਟੇ ਕੁੜਤੇ ਪਜਾਮਿਆਂ ‘ਚ ਫੱਬਦਾ ਪੂਰਾ ਸੀ। ਉਪਰੋਂ...

ਰੋਮੇ ਨੇ ਪਿੰਡ ਦੇ ਚਾਰ ਕੁ ਵਿਹਲੜ ਹੋਰ ਜੋੜ ਲਏ, ਲਓ ਜੀ ਹੁਣ ਭੋਲਾ, ਭੋਲਾ ਨਾਂ ਹੋ ਕੇ ਸਰਦਾਰ ਗੁਰਦੀਪ ਸਿੰਘ ਖੋਸਾ, ਪ੍ਰਧਾਨ ਕਿਸਾਨ ਵਿੰਗ ਬਣ ਗਿਆ। ਵੋਟਾਂ ਪੈ ਗਈਆਂ ਤੇ ਜਰਨੈਲ ਸਿੰਘ ਐਮ ਐਲ ਏ ਬਣ ਗਿਆ, ਭੋਲੇ ਨੂੰ ਇੰਝ ਜਾਪਦਾ ਕਿ ਉਹ ਆਪ ਹੀ ਐਮ ਐਲ ਏ ਬਣ ਗਿਆ ਹੋਵੇ, ਜਿੱਤ ਦੇ ਜਸ਼ਨ ਲਈ ਵੀ ਆੜਤੀਏ ਦਾ ਇਕ ਹੋਰ ਗੇੜਾ ਵੱਜਿਆ। ਸਰਕਾਰ ਵੀ ਬਣ ਗਈ ਤੇ ਜਰਨੈਲ ਸਿੰਘ ਨੇ ਮੰਤਰੀ ਦੇ ਅਹੁਦੇ ਦੀ ਸੌਂਹ ਵੀ ਚੁੱਕ ਲਈ। ਹੁਣ ਮੰਤਰੀ ਬਣਨ ਤੋਂ ਬਾਅਦ ਭੋਲੇ ਦੇ ਕੀਤੇ ਫੋਨ ਕਦੇ-ਕਦਾਈਂ ਈ ਚੁੱਕੇ ਜਾਂਦੇ। ਇੱਧਰ ਲੋਨ ਦੀਆਂ ਕਿਸ਼ਤਾਂ ਵੱਧਦੀਆਂ ਗਈਆਂ ਪਰ ਭੋਲੇ ਨੂੰ ਯਕੀਨ ਸੀ ਕਿ ਸਰਪੰਚੀ ਦੀ ਚੋਣ ‘ਚ ਮੰਤਰੀ ਸਾਬ੍ਹ ਫੁਲ ਸਪੋਰਟ ਨਾਲ ਉਹਨੂੰ ਸਰਪੰਚ ਬਣਾ ਦੇਵੇਗਾ, ਫੇਰ ਸਾਰਾ ਕਰਜੇ ਆਲਾ ਜੂੜ ਵੱਢਿਆ ਈ ਜਾਣਾ ਏ।
ਸਰਪੰਚੀ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆਉਣ ਲੱਗੀਆਂ, ਮੰਤਰੀ ਸਾਬ੍ਹ ਭੋਲੇ ਤੋਂ ਦੂਰ ਈ ਹੁੰਦੇ ਗਏ, ਹੁਣ ਤਾਂ ਗੋਰਾ ਪੀ ਏ ਵੀ ਫੋਨ ਨਾਂ ਚੁੱਕਦਾ। ਭੋਲੇ ਕੋਲ ਤੰਗੀ ਆਉਂਦਿਆਂ ਈ, ਹੁਣ ਰੋਮੇ ਹੁਰਾਂ ਨੇ ਵੀ ਦੂਰੀ ਬਣਾ ਲਈ। ਅਖੀਰ ਮੰਤਰੀ ਸਾਬ੍ਹ ਨੇ ਸਰਪੰਚੀ ਲਈ ਪਿੰਡ ਦੇ ਹੀ ਧਨਾਢ ਜਿਮੀਂਦਾਰ ਲੰਬੜਾਂ ਦੇ ਦਲੀਪ ਨੂੰ ਖੁੱਲੀ ਸਪੋਰਟ ਦੇ ਦਿੱਤੀ। ਇੱਧਰ ਲੋਨ ਦੀਆਂ ਕਿਸ਼ਤਾਂ ਕਰਕੇ ਗੱਡੀ ਵੀ ਵਿਕ ਗਈ, ਆੜਤੀਏ ਵੱਲੋਂ ਵੀ ਦਬਾਅ ਪੈਣਾ ਸ਼ੁਰੂ ਹੋ ਗਿਆ, ਉਪਰੋਂ ਫਸਲ ਵੀ ਮਾੜੀ, ਭੋਲਾ ਆਪਣੇ-ਆਪ ਨੂੰ ਬੁਰੀ ਤਰਾਂ ਠੱਗਿਆ ਮਹਿਸੂਸ ਕਰ ਰਿਹਾ ਸੀ ਪਰ ਹੁਣ ਸਭ ਕੁਝ ਲੁਟਾ ਕੇ ਉਹ ਕਰ ਵੀ ਕੀ ਸਕਦਾ ਸੀ। ਅੱਜ ਸਰਪੰਚੀ ਲਈ ਪਿੰਡ ‘ਚ ਦਲੀਪ ਦਾ ਜਲਸਾ ਸੀ, ਮੰਤਰੀ ਜਰਨੈਲ ਸਿੰਘ ਜਦੋਂ ਸੰਬੋਧਨ ਕਰਨ ਲੱਗਾ ਤਾਂ ਸਾਹਮਣੇ ਲੋਕਾਂ ‘ਚ ਖੜੇ ਭੋਲੇ ਦਾ ਸਬਰ ਟੁੱਟ ਗਿਆ। ਉਹ ਮੰਤਰੀ ਨੂੰ ਠੱਗ, ਧੋਖੇਬਾਜ ਤੇ ਲੁਟੇਰਾ ਕਹਿ ਕੇ ਸ਼ਰੇਆਮ ਖਰੀਆਂ-ਖਰੀਆਂ ਸੁਣਾਉਣ ਲੱਗ ਪਿਆ। ਮੰਤਰੀ ਸਾਬ੍ਹ ਦੇ ਕੋਲ ਖੜੇ ਪੀ ਏ ਗੋਰੇ ਨੇਂ ਇਸ਼ਾਰਾ ਕੀਤਾ ਤੇ ਸਕਿਓਰਟੀ ‘ਚ ਤੈਨਾਤ ਪੁਲਿਸ ਪ੍ਰਸ਼ਾਸਨ ਨੇ ਗਰੀਬ ਭੋਲੇ ਨੂੰ ਉੱਥੇ ਹੀ ਢਾ ਲਿਆ। ਜਿਸ ਮੰਤਰੀ ਲਈ ਭੋਲੇ ਦਾ ਸਭ ਕੁੱਝ ਲੁੱਟਿਆ ਗਿਆ ਸੀ, ਅੱਜ ਉਸੇ ਮੰਤਰੀ ਵੱਲੋਂ ਭੋਲੇ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਸੀ। ਮੰਤਰੀ ਸਾਬ੍ਹ ਨੇ ਸਟੇਜ ਤੋਂ ਇਸ ਘਟਨਾ ਨੂੰ ਵਿਰੋਧੀਆਂ ਦੀ ਚਾਲ ਤੇ ਭੋਲੇ ਨੂੰ ਵਿਰੋਧੀਆਂ ਦਾ ਬੰਦਾ, ਸ਼ਰਾਬੀ, ਗੁੰਡਾ ਘੋਸ਼ਿਤ ਕਰਦਿਆਂ, ਆਪਣਾ ਪੱਲਾ ਝਾੜ ਲਿਆ ਸੀ, ਬੁਰੀ ਤਰਾਂ ਕੁੱਟ ਖਾਣ ਤੋਂ ਬਾਅਦ ਪੁਲਸ ਆਲੀ ਗੱਡੀ ‘ਚ ਥਾਣੇ ਜਾ ਰਹੇ ਭੋਲੇ ਦੇ ਕੰਨਾਂ ‘ਚ ਰੋਮੇ ਹੁਰਾਂ ਦੇ ਨਾਅਰੇ ਗੂੰਜ ਰਹੇ ਸਨ,
ਮੰਤਰੀ ਸਾਬ੍ਹ ਜਿੰਦਾਬਾਦ।
ਅਸ਼ੋਕ ਸੋਨੀ , ਕਾਲਮਨਵੀਸ
ਖੂਈ ਖੇੜਾ, ਫਾਜ਼ਿਲਕਾ
9872705078

...
...



Related Posts

Leave a Reply

Your email address will not be published. Required fields are marked *

One Comment on “ਭੋਲਾ ਪ੍ਰਧਾਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)