ਪਤਾ ਹੀ ਨੀ ਲੱਗਾ ਨਿਆਣੇ ਕਦੋਂ ਵੱਡੇ ਹੋ ਗਏ ਅਤੇ ਜੁੰਮੇਵਾਰੀਆਂ ਵੱਧ ਜਿਹੀਆਂ ਗਈਆਂ..
ਵੱਡੀ ਧੀ ਦੀ ਯੂਨੀਵਰਸਿਟੀ ਦੀ ਐਡਮਿਸ਼ਨ ਲਈ ਲੋੜੀਂਦੇ ਪੈਸਿਆਂ ਵਿਚੋਂ ਅਜੇ ਵੀ ਤੀਹ ਹਜਾਰ ਥੁੜ ਰਹੇ ਸਨ..ਬਥੇਰੇ ਔੜ-ਪੌੜ ਕੀਤੇ ਪਰ ਕਿਤਿਓਂ ਵੀ ਗੱਲ ਨਾ ਬਣ ਸਕੀ..
ਅਖੀਰ ਨਾਲਦੀ ਨੇ ਸਲਾਹ ਦਿੱਤੀ ਕੇ ਪਿੰਡ ਹਿੱਸੇ ਆਉਂਦੀ ਜਮੀਨ ਦਾ ਅਡਵਾਂਸ ਠੇਕਾ ਹੀ ਮੰਗ ਕੇ ਦੇਖ ਲਵੋ..
ਆਥਣ ਵੇਲੇ ਪਿੰਡ ਅੱਪੜ ਗਿਆ..ਤੇ ਵੱਡੇ ਭਾਈ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਪਰ ਵੱਡੀ ਭਾਬੀ ਹਮੇਸ਼ਾਂ ਹੀ ਚੱਲਦੀ ਗੱਲਬਾਤ ਵਿਚ ਆਨੇ-ਬਹਾਨੇ ਆਣ ਵੜਿਆ ਕਰਦੀ ਅਤੇ ਵੱਡੇ ਭਰਾ ਨੂੰ ਮਜਬੂਰਨ ਵਿਸ਼ਾ ਬਦਲਣਾ ਪੈਂਦਾ!
ਫੇਰ ਸਾਰੀ ਰਾਤ ਇਸੇ ਉਧੇੜ ਬੁਣ ਵਿਚ ਹੀ ਲੰਘ ਗਈ ਕੇ ਹੁਣ ਇਸ ਬਾਰੇ ਕਿਸ ਨਾਲ ਗੱਲ ਕੀਤੀ ਜਾਵੇ?
ਸੁਵੇਰੇ ਮੂੰਹ ਹਨੇਰੇ ਹੀ ਮੇਰੀ ਜਾਗ ਖੁੱਲ ਗਈ..
ਬਾਰੀ ਚੋਂ ਦੇਖਿਆ ਤਾਂ ਬੀਜੀ ਦੂਰ ਉਗੇ ਬੂਟਿਆਂ ਨੂੰ ਮੱਗ ਨਾਲ ਪਾਣੀ ਦੇ ਰਹੀ ਸੀ..ਇਸ ਵਾਰ ਮੈਥੋਂ ਨਾ ਹੀ ਰਿਹਾ ਗਿਆ ਤੇ ਮੈਂ ਅੱਭੜਵਾਹੇ ਉੱਠ ਬਾਹਰ ਜਾ ਕੇ ਬੀਜੀ ਦੇ ਦਵਾਲੇ ਹੋ ਗਿਆ..
ਆਖਣ ਲੱਗਾ ਕੇ “ਏਡਾ ਵੱਡਾ ਟੱਬਰ ਅਤੇ ਸੁੱਖ ਨਾਲ ਏਨੇ ਜੀ..ਪਰ ਭਾਰੀ ਜਿਹੀ ਬਾਲਟੀ ਚੁੱਕ ਮੱਗਾਂ ਨਾਲ ਬੂਟਿਆਂ ਨੂੰ ਪਾਣੀ ਪਾਉਣ ਦਾ ਠੇਕਾ ਬੱਸ ਤੁਸੀ ਹੀ ਲੈ ਰੱਖਿਆ ਏ..ਨਾਲੇ ਸ਼ਹਿਰੋਂ ਪਾਣੀ ਦਾ ਨਵਾਂ ਲਿਆਂਦਾ ਪਲਾਸਟਿਕ ਦਾ ਪਾਈਪ ਕਦੋਂ ਕੰਮ ਆਵੇਗਾ?
ਮੇਰੀ...
ਝਿੜਕ ਨੂੰ ਨਜਰਅੰਦਾਜ ਕਰਦੀ ਹੋਈ ਬੀਜੀ ਨੇ ਪਹਿਲਾਂ ਏਧਰ ਓਧਰ ਦੇਖਿਆ..ਫੇਰ ਬਾਲਟੀ ਹੇਠਾਂ ਰੱਖੀ ਅਤੇ ਮੁੜ ਛੇਤੀ ਨਾਲ ਰੁਮਾਲ ਵਿਚ ਬੰਨੇ ਕਿੰਨੇ ਸਾਰੇ ਨੋਟਾਂ ਦੇ ਬੰਡਲ ਖੋਹਲ ਮੇਰੇ ਕੁੜਤੇ ਦੀ ਜੇਬ ਵਿਚ ਤੁੰਨ ਦਿੱਤੇ..!
ਟੋਹ ਕੇ ਦੇਖਿਆ ਤਾਂ ਦਸ ਦਸ ਹਜਾਰ ਦੀਆਂ ਸ਼ਾਇਦ ਤਿੰਨ ਥਹੀਆਂ ਸਨ..
ਕੁਝ ਪੁੱਛਣ ਹੀ ਲੱਗਾ ਸਾਂ ਕੇ ਏਨਾ ਆਖ ਚੁੱਪ ਕਰਵਾ ਦਿੱਤਾ ਕੇ “ਪੁੱਤ ਜਿਸ ਬੂਟੇ ਤੱਕ ਪਾਣੀ ਵਾਲੀ ਪਾਈਪ ਨਾ ਅੱਪੜੇ ਓਥੇ ਮੱਗਾਂ ਨਾਲ ਪਾਣੀ ਦੇਣਾ ਮਾਲੀ ਦੀ ਮਜਬੂਰੀ ਬਣ ਜਾਂਦੀ ਏ..ਦੂਰ ਉੱਗੇ ਦਾ ਵੀ ਤਾਂ ਓਨਾ ਹੀ ਹੱਕ ਏ ਜਿੰਨਾ ਕੋਲ ਉੱਗੇ ਦਾ..!
ਮੈਨੂੰ ਸਮਝ ਨਹੀਂ ਸੀ ਆ ਰਹੀ ਕੇ ਬੀਜੀ ਮੇਰੇ ਕੀਤੇ ਗਿਲੇ-ਸ਼ਿਕਵਿਆਂ ਦਾ ਜੁਆਬ ਦੇ ਰਹੀ ਸੀ ਕੇ ਕੋਲ ਹੀ ਕਨਸੋਵਾਂਂ ਲੈਂਦੀ ਮੇਰੀ ਵੱਡੀ ਭਾਬੀ ਨੂੰ ਕੁਝ ਸਮਝਾਉਣਾ ਚਾਹ ਰਹੀ ਸੀ..
ਹੱਲ ਹੋ ਗਈ ਪਹਾੜ ਜਿੱਡੀ ਮੁਸ਼ਕਲ ਨਾਲੋਂ ਮੈਨੂੰ ਇਸ ਗੱਲ ਦੀ ਖੁਸ਼ੀ ਕਿਤੇ ਵੱਧ ਹੋ ਰਹੀ ਸੀ ਕੇ ਵਡੇਰੀ ਉਮਰ ਵਿਚ ਅੱਪੜ ਚੁਕੀ ਮੇਰੀ ਬੀਜੀ ਅਜੇ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਫੁੰਡਣ ਦੀ ਮੁਹਾਰਤ ਰੱਖਦੀ ਸੀ!
ਹਰਪ੍ਰੀਤ ਸਿੰਘ ਜਵੰਦਾ