More Punjabi Kahaniya  Posts
ਸੰਘਰਸ਼


“ਜਾਗੋ ਵਿੱਚੋਂ ਤੇਲ ਮੁੱਕਿਆ , ਕੋਈ ਪਾਊਗਾ ਨਸੀਬਾਂ ਵਾਲਾ”
ਅੱਧੀ ਕੁ ਰਾਤ ਨੂੰ ਏਅਰ ਇੰਡੀਆ ਦੀ ਫਲਾਈਟ ਉੱਤਰ ਕੇ ਜੀਵਨ ਟੈਕਸੀ ਲੈ ਕੇ ਪੰਜਾਬ ਨੂੰ ਤੁਰ ਰਿਹਾ ਸੀ ਤਾਂ ਉਸ ਦੀਆਂ ਨਜ਼ਰਾਂ ਕਿਸਾਨੀ ਸੰਘਰਸ਼ ਲਈ ਵਿੱਢੇ ਹਜੂਮ ਨੂੰ ਦੇਖਣ ਲਈ ਬੇਤਾਬ ਸਨ। ਟੈਕਸੀ ਵਾਲੇ ਸਰਦਾਰ ਪੰਜਾਬੀ ਡਰਾਈਵਰ ਨੂੰ ਉਸਨੇ ਕਹਿ ਦਿੱਤਾ ਸੀ ਕਿ ਪੂਰੇ ਦਿਨ ਦੀ ਬੁਕਿੰਗ ਹੈ, ਰੁਕਦੇ-ਰੁਕਾਉਂਦੇ ਕਈਆਂ ਥਾਵਾਂ ਤੇ ਹੋ ਕੇ ਜਾਣਾ ਹੈ। ਸਿੰਗੂ ਬਾਰਡਰ ਅਤੇ ਕੁੰਡਲੀ ਬਾਰਡਰ ਵੀ ਦਿਖਾਉਂਦਾ ਜਾਵੀਂ।
ਪਹੁ ਫੁੱਟ ਰਹੀ ਸੀ। ਸੂਰਜ ਦੇਵਤਾ ਅੰਬਰ ਦੀ ਹਿੱਕ ਵਿੱਚੋਂ ਚਾਨਣ ਵੰਡਦਾ ਨਜ਼ਰ ਆ ਰਿਹਾ ਸੀ। ਪੰਛੀ ਲੰਮੀਆਂ ਪਰਵਾਜ਼ਾਂ ਤੇ ਨਿੱਕਲ ਪਏ ਸਨ। ਪਿਛਲੀ ਸੀਟ ਤੇ ਬੈਠੇ ਜੀਵਨ ਨੇ ਕਾਰ ਦਾ ਸ਼ੀਸ਼ਾ ਥੱਲੇ ਕੀਤਾ | ਸੜਕ ਦੇ ਦੋਨੋ ਪਾਸੇ ਤੰਬੂ ਅਤੇ ਟਰਾਲੀਆਂ ਵਿੱਚੋਂ ਟਾਵੇਂ ਟਾਵੇਂ ਲੋਕ ਜਾਗਦੇ ਅਤੇ ਤੁਰੇ ਫਿਰਦੇ ਦਿਸਦੇ ਸਨ।
“ਆਹ ਏਰੀਆ ਮਾਲਕੋ , ਇਹ ਸੱਭ ਆਪਣੇ ਪੰਜਾਬੋਂ ਹੀ ਆਏ ਹੋਏ ਨੇ।”
ਜਿਉਂ ਹੀ ਡਰਾਈਵਰ ਨੇ ਕਿਹਾ ਤਾਂ ਜੀਵਨ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਢਾਬਿਆਂ ਦੇ ਬਾਹਰ ਬਜ਼ੁਰਗ ਮਰਦ ਨਹਾ ਧੋ ਰਹੇ ਸਨ। ਥਾਂਈਂ ਥਾਂਈਂ ਧੋਤੇ ਕਪੜੇ ਸੁੱਕਣੇ ਪਾਏ ਹੋਏ ਸਨ। ਪੰਜਾਬੀ ਲੋਕ ਸਿਗਲੀਗਰਾਂ ਵਰਗੀ ਜੂਨ ਹੰਢਾਉਂਦੇ ਲੱਗ ਰਹੇ ਸਨ। ਉਦਾਸ ਜੀਵਨ ਨੇ ਠੰਡਾ ਹਉਕਾ ਭਰਿਆ ਅਤੇ ਬੋਲਿਆ, “ਪਰ ਯਾਰ ਉਥੇ ਤਾਂ ਟੀ ਵੀ ਵਾਲੇ ਬੜੀਆਂ ਈ ਰੌਣਕਾਂ ਦਿਖਾਉਂਦੇ ਸੀ , ਪਰ ਐਥੇ ਤਾਂ ਹੁਣ ਉਹ ਗੱਲ ਹੀ ਨਹੀਂ ਲੱਗਦੀ। ਚੱਲ ਤੂੰ ਕਾਰ ਉਸ ਟਰਾਲੀ ਕੋਲ ਨੂੰ ਕਰਕੇ ਪਾਸੇ ਲਾ ਲੈ।”
“ਜਨਾਬ ਇਹ ਸਰਕਾਰ ਬੜੀ ਕੱਬੀ ਸ਼ੈਅ ਆ। ਵਿਚਾਰੇ ਹੰਭਾ ਰੱਖੇ ਨੇ। ਇਹ ਤਾਂ ਹੁਣ ਸਿਰੜੀ ਲੋਕਾਂ ਦੀ ਲੜਾਈ ਹੀ ਰਹਿ ਗਈ ਹੈ ਦੇਖੋ ਕੀ ਬਣਦਾ”
“ਬੱਸ ਕਰ ਯਾਰ ਕੁਝ ਚੱਜ ਦਾ ਬੋਲ, ਐਵੇਂ ਨਾ-ਉਮੀਦ ਨਹੀਂ ਹੋਈਦਾ।”
ਕਹਿੰਦੇ ਜੀਵਨ ਨੇ ਹੈਡਬੈਗ ਵਿੱਚੋਂ ਕੈਮਰਾ ਕੱਢਿਆ ਅਤੇ ਕਾਰ ਦੀ ਤਾਕੀ ਖੋਲ੍ਹ ਕੇ ਟਰਾਲੀ ਵੱਲ ਨੂੰ ਤੁਰ ਪਿਆ।
ਟਰਾਲੀ ਦੀ ਓਟ ਵਿੱਚ ਇੱਟਾਂ ਦੇ ਬਣੇ ਚੁੱਲੇ ਤੇ ਅੱਧ-ਖੜ ਉਮਰ ਦੇ ਬਜ਼ੁਰਗ ਕਿਰਸਾਨ ਨੇ ਚਾਹ ਵਾਲਾ ਪਤੀਲਾ ਰਿੰਨ੍ਹਣਾ ਰੱਖਿਆ ਹੋਇਆ ਸੀ। ਦੋ ਜੁਆਨ ਕੁੜੀਆਂ ਪਿਆਜ਼ ਛਿੱਲ ਰਹੀਆਂ ਸਨ ਅਤੇ ਬਜ਼ੁਰਗ ਮਾਤਾ ਆਟਾ ਗੁੰਨ ਰਹੀ ਸੀ |
“ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਿਹ” ਦਾ ਜੈਕਾਰਾ ਛੱਡਦਾ ਜੀਵਨ ਉਹਨਾਂ ਦੇ ਕੋਲ ਜਾ ਖੜਿਆ |
ਜੈਕਾਰੇ ਦਾ ਜੁਆਬ ਦਿੰਦਾ ਕਿਰਸਾਨ ਬੋਲਿਆ
“ਆ ਬਈ ਜੁਆਨਾਂ , ਅੱਜ ਕਿਮੇਂ ਕੈਮਰਾ ਚੱਕੀ ਫਿਰਦੈਂ ? ਹੁਣ ਤਾਂ ਬਾਈ ਇਹ ਢਕਵੰਜ ਵੀ ਬੰਦ ਈ ਐ, ਅਖੇ ਮੋਦੀ ਗੋਦੀ ਮੀਡੀਆ ਨੇ ਸਭ ਕੁਸ਼ ਬੈਨ ਕੀਤਾ ਹੋਇਆ | ਦੇਖੀ ਪਤੰਦਰਾ ਕਿਤੇ ਮੁਸੀਬਤ ਈ ਮੁੱਲ ਨਾ ਲੈ ਲਵੀਂ।”
“ਓ ਨਹੀਂ ਅੰਕਲ ਜੀ ਮੈਂ ਮੀਡੀਏ ਦਾ ਬੰਦਾ ਨਹੀਂ ਹਾਂ। ਮੈਂ ਤਾਂ ਕਨੇਡਾ ਤੋਂ ਆਇਆ ਅੱਜ ਹੀ ਜਹਾਜ਼ੋਂ ਉੱਤਰਿਆਂ ਹਾਂ ਸੋਚਿਆ ਕਿ ਤੁਹਾਡੀ ਸੱਭ ਦੀ ਖ਼ਬਰ-ਸਾਰ ਹੀ ਲੈਂਦਾ ਜਾਵਾਂ।”
“ਜਿਉਂਦਾ ਵੱਸਦਾ ਰਹਿ ਮੱਲਾ | ਖਬਰਸਾਰ ਲੈਣ ਤਾਂ ਉੱਪੜਿਆਂ ਯਾਰ। ਹੁਣ ਤਾਂ ਸੰਘਰਸ਼ ਲੱਗਦਾ ਠੰਡੇ ਬਸਤੇ ਹੀ ਪੈ ਗਿਆ। ਬਾਕੀ ਦੇਖੋ ਕੀ ਬਣਦੈ ?”
ਚੁੱਲੇ ਵਿੱਚ ਝੋਕਾ ਲਾਉਂਦੇ ਕਿਰਸਾਨ ਨੇ ਆਪਦੀਆਂ ਧੁਆਖੀਆਂ ਅੱਖਾਂ ਪਰਨੇ ਦੀ ਨੁੱਕਰ ਨਾਲ ਪੂੰਝਦਿਆਂ ਕਿਹਾ।
“ਫੇਰ ਕੀ ਕਹਿੰਦੇ ਨੇ ਥੋਡੇ ਲੀਡਰ ਅਤੇ ਜਥੇਬੰਦੀਆਂ ? ਕੋਈ ਹੋਰ ਏਜੰਡਾ ਉਜੰਡਾ ਨਹੀਂ ਬਣਾਇਆ?”
ਜੀਵਨ ਕੋਲ ਪਈ ਇੱਟ ਤੇ ਬੈਠਦਾ ਬੋਲਿਆ।
“ਯਾਰ ਕਿਹੜੇ ਲੀਡਰ , ਕਿਹੜੇ ਏਜੰਡੇ ? ਭੈਣ ਦੇਣੇ ਦਾ ਕਿਹੜਾ ਇੱਕ ਦੁੱਖ ਐ ਜੋ ਤੇਰੇ ਨਾਲ ਫਰੋਲਾਂ ? ਹੁਣ ਤਾਂ ਸਹੁੰ ਗੁਰੂ ਦੀ ਪਰਛਾਵੇਂ ਤੇ ਵੀ ਸ਼ੱਕ ਹੁੰਦਾ ਕਿ ਯਕੀਨ ਕਰੀਏ ਕਿ ਨਾ । ਅਸੀਂ ਕਿਹੜਾ ਰਾਜਨੀਤਕ ਲੋਕ ਆਂ ਯਾਰ? ਸਿੱਧੇ-ਸਾਧੇ ਹਾਂ। ਕੁਸ਼ ਨੀ ਪਤਾ ਲਗਦਾ ਕਿ ਕੀਹਦੀ ਨੀਤ ਸਾਫ ਐ ਤੇ ਕੀਹਦੀ ਖਰਾਬ।” ਸਤਿਆ ਸਤਾਇਆ ਬਜ਼ੁਰਗ ਬੋਲਿਆ।
“ਫੇਰ ਜੇ ਕੁਝ ਬਣਦਾ ਨਹੀਂ ਦਿਸਦਾ ਤਾਂ ਇਥੇ ਬੈਠਣ ਦਾ ਕੀ ਆਈਡਿਆ ? ਉੱਤੋਂ ਮਹਾਮਾਰੀ ਦੀ ਕਰੋਪੀ ਦੇਖੋ ਅੰਕਲ ਜੀ | ਜੇ ਜਾਨ ਐ ਤਾਂ ਜਹਾਨ ਐ । ਮੇਰਾ ਮਤਲਬ ਸਾਨੂੰ ਤੁਹਾਡੀਆਂ ਜਾਨਾਂ ਦਾ ਵੀ ਫ਼ਿਕਰ ਐ।”
“ਕਾਕਾ ਤੂੰ ਸਾਡਾ ਫ਼ਿਕਰ ਛੱਡ ਜੇ ਲੰਗਰ ਪਾਣੀ ਛਕਣ ਦੀ ਜਰੂਰਤ ਐ ਤਾਂ ਗੱਲ ਕਰ।”
ਕੋਲ ਬੈਠੀ ਮਾਤਾ ਬੋਲੀ |
“ਨਹੀਂ ਬੀਜੀ ਬਹੁਤ ਬਹੁਤ ਸ਼ੁਕਰੀਆ ਜੀ”
ਜੀਵਨ ਹੱਥ ਜੋੜਦਾ ਬੋਲਿਆ।
“ਪਹਿਲਾਂ ਆਲੀ ਗੱਲ ਤਾਂ ਨਹੀਂ ਬਈ ਕਈ ਪਕਵਾਨ ਮਿਲਣਗੇ। ਚਾਹ ਨਾਲ ਪਰਾਉਂਠਾ ਅਤੇ ਅਚਾਰ ਅਸੀਂ ਦਸਾਂ ਮਿੰਟਾਂ ਵਿੱਚ ਤਿਆਰ ਕਰ ਦਿੰਦੀਆਂ ਹਾਂ ਜੇ ਤੂੰ ਆਖੇਂ।”
ਬਜ਼ੁਰਗ ਮਾਤਾ ਨੇ ਕਿਹਾ |
“ਬੀਜੀ ਭੁੱਖ ਹੁੰਦੀ ਤਾਂ ਛਕ ਲੈਂਦਾ , ਮੈਂ ਤਾਂ ਅੰਕਲ ਜੀ ਤੋਂ ਕੁਝ ਗੱਲਾਂ ਪੁੱਛਣੀਆਂ ਚਾਹੁੰਦਾ ਹਾਂ” ਜੀਵਨ ਨੇ ਕਿਹਾ |
“ਅੰਕਲ ਨੇ ਤੇਰੇ ਕੁਝ ਨੀ ਪੱਲੇ ਪਾਉਣਾ , ਆ ਤੂੰ ਮੈਨੂੰ ਪੁੱਛ ਜੋ ਪੁੱਛਣਾ ਮੈਨੂੰ ਡੂਢ ਮਹੀਨਾ ਹੋ ਗਿਆ ਆਈ ਨੂੰ ਇਹ ਤਾਂ ਪਰਸੋਂ ਹੀ ਆਇਆ।
“ਬੀਜੀ ਜੇ ਸੰਘਰਸ਼ ਕਿਸੇ ਰਾਹ ਨਹੀਂ ਪਿਆ ਤਾਂ ਇਥੇ ਬੈਠ ਕੇ ਦੋਜਕ ਕਿਉਂ ਭਰਦੇ ਹੋ? ਕੋਈ ਹੋਰ ਹੀਲਾ ਕਰੋ। ਕਿੰਨੀਆਂ ਜਾਨਾਂ ਜਾ ਚੁੱਕੀਆਂ ਨੇ। ਬਿਨਾ ਵਜ੍ਹਾ ਨੁਕਸਾਨ ਕਰਾਉਣ ਦੀ ਤਾਂ ਕੋਈ ਤੁਕ ਨਹੀਂ ਨਾ ਬਣਦੀ।”
“ਜਾਹ ਪਰੀ ਕਮਲਾ ਪੁੱਤ ਤੂੰ ਅਜੇ ਨਿਆਣਾ ਮੱਲਾ। ਸਾਡੇ ਵਿੱਚ ਅਸਲੋਂ ਸਿਰੜ ਦੀ ਘਾਟ ਐ ਜਦ ਸੰਘਰਸ਼ ਜੋਰਾਂ ਤੇ ਸੀ ਤਾਂ ਬਥੇਰੇ ਵਗਦੀ ਗੰਗਾ ਵਿੱਚ ਨਹਾ ਗਏ , ਖੱਟ ਗਏ , ਮਸ਼ਹੂਰੀਆਂ ਕਰਾ ਗਏ ਸਾਨੂੰ ਉਦੋਂ ਵੀ ਪਤਾ ਸੀ ਕਿ...

ਅਸਲੀ ਮਾਰ ਤਾਂ ਅਸੀਂ ਹੀ ਝੱਲਣੀ ਐ | ਇਹ ਮਾਰ – ਕੁੱਟ ਤਾਂ ਧੁਰੋਂ ਹੀ ਧਰਤੀ ਦੇ ਪੁੱਤਾਂ ਦੇ ਹਿੱਸੇ ਆਈ ਐ। ਆਹ ਦੋਨੋ ਕੁੜੀਆਂ ਮੇਰੀਆਂ ਪੋਤੀਆਂ ਨੇ। ਮੇਰਾ ਪੁੱਤ , ਜਾਣੀ ਇਨ੍ਹਾਂ ਦਾ ਪਿਉ ਚਾਰ ਮਹੀਨੇ ਏਥੇ ਬੈਠਾ ਰਿਹਾ ਤੇ ਅਖੀਰ ਨੂੰ ਸ਼ਹੀਦੀ ਪਾ ਗਿਆ | ਆਪਦੇ ਬਾਪੂ ਜੀ ਦੀ ਮੌਤ ਬਾਅਦ ਕੁੜੀਆਂ ਨੇ ਛੋਟੇ ਦੋਨੋ ਭਰਾਵਾਂ ਦੀ ਸਹੁੰ ਖਾ ਕੇ ਕਿਹਾ ਸੀ ਕਿ ਬਾਪੂ ਜੀ ਅਸੀਂ ਤੇਰੀ ਮੌਤ ਦਾ ਮੁੱਲ ਪਵਾ ਕੇ ਮੁੜਾਂਗੀਆਂ। ਖਾਲੀ ਹੱਥ ਘਰ ਨਹੀਂ ਆਵਾਂਗੀਆਂ। ਪੁੱਤ ਫ਼ੇਰ ਮੈਂ ਇੰਨਾਂ ਨੂੰ ਲੈ ਕੇ ਆਈ ਹਾਂ। ਹੁਣ ਤੂੰ ਹੀ ਦੱਸ ਜਿਨ੍ਹਾਂ ਦੇ ਘਰ ਉੱਜੜ ਗਏ , ਉਹ ਕਿਮੇਂ ਪਿੱਛੇ ਮੁੜਨ? ਮੂਹਰੇ ਖੂਹ ਪਿੱਛੇ ਖਾਤਾ।” ਕਹਿੰਦੀ ਮਾਤਾ ਦੀਆਂ ਅੱਖੀਆਂ ਵਿੱਚੋਂ ਨੀਰ ਛਲਕ ਪਿਆ ਜੋ ਝੱਟ ਮਲ ਮਲ ਦੀ ਚੁੰਨੀ ਨੇ ਸੋਕ ਲਿਆ |
“ਹਾਂਜੀ ਬੀਜੀ ਹੁਣ ਅਸਲ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਗਿਆ ਹੈ । ਅਸਲੀ ਲੜਾਈ ਵਾਲੇ ਲੋਕ ਹੀ ਮੈਦਾਨ ਵਿੱਚ ਡਟੇ ਹੋਏ ਹਨ । ਬਾਕੀ ਸੱਭ ਤਾਂ ਮੇਲਾ ਹੀ ਸੀ। ਕਿਥੇ ਗਏ ਵੱਡੇ ਵੱਡੇ ਨੇਤਾ , ਫਿਲਮ ਸਟਾਰ , ਸਿੰਗਰ ਅਤੇ ਲੇਖਕ ? ਮੇਰਾ ਪੰਜਾਬ ਸਦਾ ਹੀ ਭੋਲਾ ਭੰਡਾਰਾ ਰਿਹਾ ਹੈ, ਬਿਲਕੁਲ ਧੰਨੇ ਜੱਟ ਦੀ ਔਲਾਦ | ਇਹਨੂੰ ਰਾਜਸੀ ਤਿਕੜਮਬਾਜ਼ੀਆਂ ਕਦੇ ਰਾਸ ਨਹੀਂ ਆਈਆਂ ਤੇ ਨਾ ਹੀ ਸਮਝ ਆਈਆਂ ਨੇ।”
ਜੀਵਨ ਭਾਵੁਕ ਹੁੰਦਾ ਬੋਲਿਆ |
“ਪੁੱਤ ਹਰਿਆਣਾ ਵੀ ਨਿਰਾ ਸਿਉਨੇ ਦੀ ਖਾਣ ਐ ਬਾਹਲੇ ਸਿਰੜੀ ਤੇ ਸਾਫ ਲੋਕ ਨੇ। ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਹੁਣ ਤਾਈਂ। ਸਹੁੰ ਗੁਰੂ ਦੀ ਖਾਸਾ ਸਹਾਰਾ ਰਿਹਾ ਇਨ੍ਹਾਂ ਵੀਰਾਂ ਦਾ ਵੀ।”
ਕੱਪਾਂ ਵਿੱਚ ਚਾਹ ਪਾਉਂਦੀ ਮਾਤਾ ਬੋਲੀ ਜਾ ਰਹੀ ਸੀ |
“ਲੈ ਵੀਰੇ, ਚਾਹ ਨਾਲ ਮੱਠੀਆਂ ਖਾ ਲੈ ਜੇ ਰੋਟੀ ਨਹੀਂ ਕਹਾਣੀ ਤਾਂ।”
ਕੋਲ ਫਿਰਦੀ ਮਾਤਾ ਦੀ ਜੁਆਨ ਪੋਤੀ ਨੇ ਸਤਿਕਾਰ ਸਹਿਤ ਕਿਹਾ |
“ਜਿਉਂਦੀ ਵੱਸਦੀ ਰਹਿ ਭੈਣੇ , ਤੇਰੇ ਵੀਰਾਂ ਦੀ ਜੋੜੀ ਜਿਊਵੇਂ”
ਕਹਿੰਦੇ ਜੀਵਨ ਦਾ ਪਿਆਰ ਨਾਲ ਗੱਚ ਭਰ ਆਇਆ।
ਏਨੇ ਨੂੰ ਕੋਲ ਦੀ ਇੱਕ ਟਰਾਲੀ ਲੰਘੀ ਜਿਸ ਵਿੱਚ ਪੰਜ ਸੱਤ ਕੁ ਬੰਦੇ ਕਿਰਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾਉਂਦੇ ਜਾ ਰਹੇ ਸਨ | ਟਰੈਕਟਰ ਤੇ ਗੀਤ ਵੱਜ ਰਿਹਾ ਸੀ |
“ਕਿਤੇ ਸੁੱਤੇ ਨਾ ਘਰਾਂ ‘ਚ ਰਹਿ ਜਾਇਉ ਕਿ ਦਿੱਲੀ ‘ਚ ਪੰਜਾਬ ਬੁੱਕਦਾ …”
ਜੀਵਨ ਦਾ ਰੋਮ ਰੋਮ ਜਨੂਨ ਅਤੇ ਸਰੂਰ ਨਾਲ ਭਰ ਗਿਆ। ਬਜ਼ੁਰਗ ਕਿਰਸਾਨ ਦੇ ਚਿਹਰੇ ਤੇ ਤਾਜ਼ੀ ਮੁਸਕਾਨ ਆ ਗਈ ਅਤੇ ਉਹ ਪਰਨੇ ਨੂੰ ਠੀਕ ਕਰਦਾ ਮੁੱਛਾਂ ਤੇ ਹੱਥ ਫੇਰਦਾ ਬੋਲਿਆ, ” ਕੁਸ਼ ਨਾ ਕੁਸ਼ ਤਾਂ ਜ਼ਰੂਰ ਬਣੂ, ਇਹ ਪਤੰਦਰ ਕਾਹਨੂੰ ਟਿਕ ਕੇ ਬੈਠਣ ਵਾਲੇ ਨੇ।”
“ਵਾਖਰੂ , ਭਲੀ ਕਰੂ ਦਾਤਾ, ਸੱਭ ਦੇਖਦਾ ਉਹ ਨੀਲੀ ਛਤਰੀ ਆਲਾ। ਆਥਣ ਤੜਕੇ ਬਥੇਰੀਆਂ ਅਰਦਾਸਾਂ ਹੁੰਦੀਆਂ ਨੇ। ਗੁਰਬਾਣੀ ਕਹਿੰਦੀ ਐ
ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ।
ਕਹਿੰਦੀ ਮਾਤਾ ਅੰਦਰੋਂ ਇੱਕ ਅਜਬ ਜਿਹੇ ਸਕੂਨ ਨਾਲ ਭਰੀ ਜਾਪਦੀ ਸੀ |
“ਬੱਲੇ ਬੱਲੇ ਜੀਵਨਾ…ਦੇਖ ਲੈ ਸ਼ਬਦਾਂ ਦੀ ਤਾਕਤ !!”
ਗੀਤ ਦੀਆਂ ਦੋ ਕੁ ਲਾਈਨਾਂ ਹੀ ਸਾਡੇ ਵਿੱਚ ਨਵੀਂ ਨਰੋਈ ਰੂਹ ਫੂਕ ਗਈਆਂ , ਜਾਣੋ ਡਿੱਗੇ ਢਹੇ ਅਸੀਂ ਸਾਰੇ ਉੱਠ ਖੜੋਤੇ ਹਾਂ। ਆਸਾਂ ਉਮੀਦਾਂ ਨੇ ਵੀ ਫੇਰ ਸਿਰੀ ਚੁੱਕ ਲਈ ਲੱਗਦੀ ਹੈ।”
ਸਵੈਂ – ਸੰਵਾਦ ਰਚਾਉਂਦਾ ਜੀਵਨ ਜਾ ਕੇ ਗੱਡੀ ਵਿੱਚ ਬੈਠ ਗਿਆ ਅਤੇ ਡਰਾਈਵਰ ਨੂੰ ਤੁਰਨ ਲਈ ਕਿਹਾ | ਸਾਰੇ ਰਾਹ ਉਹਨੂੰ ਮਾਤਾ ਦੀਆਂ ਜੁਆਨ ਕੁੜੀਆਂ , ਉਸਦੇ ਤੁਰ ਗਏ ਪੁੱਤ ਅਤੇ ਪੋਤਿਆਂ ਦੀ ਜੋੜੀ ਦਾ ਖਿਆਲ ਆਉਂਦਾ ਹੀ ਨਾ ਰਿਹਾ ਬਲਕਿ ਲੱਖਾਂ ਹਜਾਰਾਂ ਗਰੀਬ ਜੱਟਾਂ ਦੇ ਕਰਜ਼ੇ ਅਤੇ ਖੁਦਕਸ਼ੀਆਂ ਦੇ ਦਿਲ ਕੰਬਾਊ ਖਿਆਲ ਵੀ ਆਉਂਦੇ ਰਹੇ। ਕਿਰਸਾਨੀ ਸੰਕਟ ਦਾ ਦਰਦ ਉਸਦੀ ਰਗ ਰਗ ਵਿੱਚ ਟਸ ਟਸ ਕਰਨ ਲੱਗਿਆ ।
“ ਮੋਦੀ ਅਤੇ ਮਹਾਮਾਰੀ ਦੋਨੋਂ ਹੀ ਢੀਠ ਹੋਏ ਹਨ। ਮੇਰਾ ਪੰਜਾਬ ਤਾਂ ਦੂਹਰੀ ਲੜਾਈ ਲੜ ਰਿਹਾ ਹੈ | ਹਾਏ ਰੱਬਾ ! ਮੈਂ ਕੀ ਕਰਾਂ? ਮੇਰੇ ਹੱਥ ਵੱਸ ਕੀ ਹੈ ?”
“ਤੇਰੇ ਹੱਥ ਵੱਸ? ਤੇਰੇ ਹੱਥ ਕਲਮ ਹੈ। ਤਲਵਾਰ ਬਣਾ ਕੇ ਚਲਾ , ਇਹੀ ਸਮੇ ਦੀ ਮੰਗ ਹੈ।”
ਉਹਦੇ ਅੰਦਰੋਂ ਆਵਾਜ਼ ਆਈ |
“ਹਾਂ ਮੈਂ ਜਰੂਰ ਇੱਕ ਗੀਤ ਲਿਖਾਂਗਾ , ਜੋ ਸੁੱਤੀ ਅਲਖ ਜਗ੍ਹਾ ਦੇਵੇਗਾ |
ਲੋਕਾਂ ਵਿੱਚ ਜਨੂੰਨ ਭਰੇਗਾ। ਮੇਰੇ ਦਸਮ ਪਿਤਾ ਨੇ ਵੀ ‘ਚੰਡੀ ਦੀ ਵਾਰ’ ਰਾਹੀਂ ਲੋਕਾਂ ਨੂੰ ਅਥਾਹ ਬਲ ਬਖਸ਼ਿਆ ਸੀ। ਮੇਰੇ ਗੁਰੂ ਨੇ ਵੀ ਤਲਵਾਰ ਅਤੇ ਕਲਮ ਦਾ ਉਪਯੋਗ ਕੀਤਾ ਸੀ | ਇਹੀ ਵੇਲਾ ਹੈ ਜਦ ਕਲਮ ਚਲਾਉਣੀ ਬਣਦੀ ਐ ਜੀਵਨਾ।”
ਜੇਬ ਤੇ ਟੰਗਿਆ ਪੈਂਨ ਉਤਾਰ ਕੇ ਉਸਨੇ ਹੈਂਡਬੈਗ ਵਿੱਚੋਂ ਡਾਇਰੀ ਕੱਢੀ ਅਤੇ ਲਿਖਣ ਲੱਗਿਆ |
ਧਰਤੀ ਦੇ ਪੁੱਤ ਹਾਂ ਦਿੱਲੀਏ
ਅਣਖਾਂ ਦੇ ਜਾਏ
ਮਾਵਾਂ ਦੇ ਲਾਲ ਚੰਦਰੀਏ
ਡੈਣੇ ਤੈਂ ਖਾਏ
ਲਗਦਾ ਤੂੰ ਜੰਮੀ ਜਿੱਦਾਂ
ਅਹਿਮਦ ਦੇ ਸ਼ਾਹੇ
ਢਿੱਡੋਂ ਤੂੰ ਜੰਮੇ ਵੈਰਨੇ
ਵਖਤਾਂ ਨੂੰ ਪਾਏ
ਝੰਡੇ ਤੂੰ ਦੇਖੀ ਝੂਲਦੇ
ਹੁਣ ਅਸੀਂ ਝੁਕਦੇ ਨਹੀਉ
ਫੁੱਟੇ ਹਾਂ ਵਾਂਗ ਗੁਲਾਬ ਦੇ
ਹੁਣ ਸੁੱਕਦੇ ਨਹੀਉਂ…
ਹਰਕੀਰਤ ਕੌਰ ਚਹਿਲ

...
...



Related Posts

Leave a Reply

Your email address will not be published. Required fields are marked *

One Comment on “ਸੰਘਰਸ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)