ਮੋਹਲੇਧਾਰ ਮੀਂਹ..ਗੱਜਦੇ ਬੱਦਲ..ਲਿਸ਼ਕਦੀ ਹੋਈ ਬਿਜਲੀ..ਅਤੇ ਡਿੱਗਦੇ ਹੋਏ ਪਰਨਾਲੇ ਵੱਲ ਵੇਖ ਸੋਚ ਰਹੀ ਸਾਂ ਜੇ ਕੁਦਰਤ ਕਦੀ ਆਪਣੀ ਆਈ ਤੇ ਆ ਜਾਵੇ ਤਾਂ ਕਿਸੇ ਤੋਂ ਨਹੀਂ ਹਾਰਦੀ..!
ਏਨੇ ਨੂੰ ਬਾਹਰ ਘੰਟੀ ਵੱਜੀ..!
ਅਖਬਾਰ ਵਾਲਾ ਸੀ..ਪਾਣੀ ਵਿਚ ਗੜੁੱਚ..ਪਰ ਅਖਬਾਰ ਬਿਲਕੁਲ ਸੁੱਕੇ..ਦੁੱਖੜੇ ਫਰੋਲਣ ਲੱਗਾ..ਅਖ਼ੇ ਅੱਗੇ ਤਾਂ ਬਾਹਰੋਂ ਹੀ ਸੁੱਟ ਦੀਆ ਕਰਦਾ ਸਾਂ..ਪਰ ਅੱਜ ਅੰਦਰ ਆ ਕੇ ਖੁਦ ਫੜਾਉਣਾ ਪੈ ਰਿਹਾ ਏ..ਗਿੱਲਾ ਹੋ ਜਾਵੇ ਤਾਂ ਪੈਸੇ ਕੱਟ ਹੋ ਜਾਂਦੇ..ਉੱਤੋਂ ਸ਼ਿਕਾਇਤ ਵੱਖਰੀ ਕਰਦੇ!
ਉਹ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਮੈਂ ਉਸਦੇ ਮੂੰਹ ਵੱਲ ਵੇਖੀ ਜਾ ਰਹੀ ਸਾਂ..!
ਮਜਬੂਰੀ,ਚਿੰਤਾ,ਫਿਕਰ ਅਤੇ ਕਾਹਲ ਦੇ ਇਹਸਾਸ ਅਤੇ ਉੱਤੋਂ ਠੰਡ ਨਾਲ ਵੱਜਦੇ ਉਸਦੇ ਦੰਦ..ਉਹ ਲਗਾਤਾਰ ਰੁਮਾਲ ਨਾਲ ਆਪਣਾ ਨੱਕ ਵੀ ਸਾਫ ਕਰੀ ਜਾ ਰਿਹਾ ਸੀ..!
ਮੈਂ ਉਸਨੂੰ ਧੱਕੇ ਨਾਲ ਅੰਦਰ ਸੱਦ ਲਿਆ..ਆਖਿਆ ਪੁੱਤ ਦੋ ਘੜੀਆਂ ਕੋਲ ਬੈਠ ਜਾ..ਮੀਂਹ ਘਟ ਲੈਣ ਦੇ..ਅੱਗੇ ਦੋ ਤਿੰਨ ਐਕਸੀਡੈਂਟ ਵੀ ਹੋਏ ਬੜੇ ਭੈੜੇ..ਧਿਆਨ ਨਾਲ ਚਲਾਵੀਂ..!
ਪਰ ਉਹ ਬੜਾ ਕਾਹਲਾ ਸੀ!
ਗੱਲਾਂ ਕਰਦੀ ਨੇ ਹੀ ਮੈਂ ਅਧਰਕ ਅਤੇ ਸ਼ੱਕਰ ਵਾਲੀ ਚਾਹ ਦਾ ਗਰਮ ਗਰਮ ਕੱਪ ਉਸਨੂੰ ਫੜਾ ਦਿੱਤਾ..ਪਰ ਉਹ ਅਜੇ ਵੀ ਘੜੀ ਵੱਲ...
ਹੀ ਵੇਖੀ ਜਾ ਰਿਹਾ ਸੀ..!
ਫੇਰ ਆਖਿਆ ਪੁੱਤ ਜਿੰਦਗੀ ਇੰਝ ਹੀ ਚੱਲਦੀ ਰਹਿੰਦੀ ਏ..ਫੇਰ ਵੀ ਜਦੋਂ ਕਦੀ ਹਾਲਾਤ ਸਾਜਗਾਰ ਨਾ ਹੋਣ ਤਾਂ ਦੋ ਘੜੀਆਂ ਆਰਾਮ ਕਰ ਲੈਣ ਵਿਚ ਕੋਈ ਹਰਜ ਨਹੀਂ!
ਏਨੀ ਗੱਲ ਸੁਣ ਫੇਰ ਉਸਨੇ ਤਸੱਲੀ ਨਾਲ ਕੋਲ ਬੈਠ ਚਾਹ ਦੇ ਇੱਕ ਇੱਕ ਘੁੱਟ ਦਾ ਪੂਰਾ ਲੁਤਫ਼ ਉਠਾਇਆ..ਕਿੰਨੀਆਂ ਸਾਰੀਆਂ ਗੱਲਾਂ ਵੀ ਕੀਤੀਆਂ..ਫੇਰ ਮੀਂਹ ਦਾ ਜ਼ੋਰ ਘਟਦਿਆਂ ਹੀ ਮੇਰੇ ਗੋਡੀਂ ਹੱਥ ਲਾ ਕੇ ਬਾਹਰੀ ਰੁਝੇਵਿਆਂ ਵਿੱਚ ਕਿਧਰੇ ਅਲੋਪ ਹੋ ਗਿਆ..!
ਉਸਨੂੰ ਦੂਰ ਤੁਰੇ ਜਾਂਦੇ ਨੂੰ ਵੇਖ ਇੰਝ ਮਹਿਸੂਸ ਹੋ ਰਿਹਾ ਸੀ..ਜਿੱਦਾਂ ਅੱਜ ਕੁਦਰਤ ਪਹਿਲੀ ਵੇਰ ਸੱਚ-ਮੁੱਚ ਹੀ ਹਾਰ ਗਈ ਹੋਵੇ..ਉਹ ਵੀ ਇੱਕ ਅਧਰਕ ਵਾਲੀ ਚਾਹ ਵਿਚ ਘੁਲੀ ਹੋਈ ਥੋੜੀ ਜਿਹੀ ਸ਼ੱਕਰ ਤੋਂ..!
ਅਤੇ ਹਾਰੀ ਹੋਈ ਨੂੰ ਅਖੀਰ ਮੁਆਵਜੇ ਦੇ ਤੌਰ ਤੇ ਮੇਰਾ ਵਿੱਛੜ ਗਿਆ ਪੁੱਤ ਅੱਜ ਮੇਰੇ ਸਾਮਣੇ ਲਿਆਉਣਾ ਪੈ ਹੀ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ