ਅੱਜ ਸਕੂਲ ਦਾ ਪਹਿਲਾਂ ਦਿਨ ਸੀ ।ਪਤਾ ਨਹੀਂ ਚਾਅ ਸੀ ਜਾਂ ਫਿਕਰ ਕਿ ਮੈਂ ਪੌਣਾਂ ਘੰਟਾ ਪਹਿਲਾਂ ਈ ਸਕੂਲ ਪਹੁੰਚ ਗਈ । ਆਂਟੀ ਸਕੂਲ ਦੀ ਸਫ਼ਾਈ ਕਰ ਰਹੇ ਸੀ ।ਉਹਨਾਂ ਨੂੰ ਦੇਖਿਆ ਤਾਂ ਬਹੁਤ ਕਮਜ਼ੋਰ ਹੋਏ ਮਹਿਸੂਸ ਹੋਏ ।ਰੰਗ ਵੀ ਪੀਲਾ ਪਿਆ ਹੋਇਆ ਸੀ। ਮੈਂ ਉਹਨਾਂ ਨੂੰ ਪੁੱਛਿਆ ,” ਰਾਣੀ ਭੈਣ ਜੀ ਕੀ ਹੋ ਗਿਆ ਤੁਹਾਨੂੰ ?
ਉਹ ਬੋਲੇ,” ਮੈਡਮ ਜੀ ਤੁਸੀਂ ਬੈਠੋ ,ਪਾਣੀ ਪੀਓ ,ਮੈਂ ਕੰਮ ਨਬੇੜ ਕੇ ਤੁਹਾਡੇ ਨਾਲ ਗੱਲ ਕਰਦੀ ।
ਮੈਂ ਅੰਦਰ ਚਲੀ ਗਈ ।ਸੋਚਿਆ ਸਮਾਂ ਹੈ ਕੁੱਝ ਲਿਖ ਲੈਂਦੀ ਹਾਂ ।ਇੱਕਦਮ ਮਨ ਵਿੱਚ ਆਇਆ ਪੰਜਾਬ ਦੀ ਖੁਸ਼ਹਾਲੀ ਬਾਰੇ ਲਿਖਦੀ ਹਾਂ ਅੱਜ ਕੁੱਝ।
ਅਜੇ ਲਿਖਣ ਲਈ ਪੈੱਨ ਚੁੱਕਿਆ ਈ ਸੀ ਕਿ ਆਂਟੀ ਅੰਦਰ ਆ ਗਏ ।ਇੱਕ ਦਮ ਹੌਂਕੇ ਲੈ ਰੋਣ ਲੱਗ ਗਏ ।ਮੈਂ ਘਬਰਾ ਕਿ ਉਹਨਾਂ ਨੂੰ ਸੰਭਾਲਦੇ ਹੋਏ ਪੁੱਛਿਆ ,” ਕੀ ਹੋ ਗਿਆ ਰਾਣੀ ਭੈਣ ।ਕਿਉਂ ਇੰਝ ਰੋ ਰਹੀ ਏ।ਅਰਾਮ ਨਾਲ ਬੈਠ ਕੇ ਮੈਨੂੰ ਦੱਸੋ ।
ਉਸਦੇ ਅੱਥਰੂ ਰੋਕਿਆ ਨਾ ਰੁਕਦੇ । ਉਹ ਬੋਲੀ,” ਮੈਡਮ ਜੀ ਮੈਂ ਜਦੋਂ ਤਿੰਨ ਪੁੱਤਾਂ ਦੀ ਮਾਂ ਬਣੀ ਸੀ ਤਾਂ ਜ਼ਮੀਨ ‘ਤੇ ਪੈਰ ਨਹੀਂ ਸੀ ਲੱਗਦਾ ।ਸਾਰੇ ਸ਼ਰੀਕੇ ਵਿੱਚ ਮੇਰੀ ਚੜ੍ਹਤ ਸੀ ਪਰ ਮੈਡਮ ਜੀ ਕਿੱਥੇ ਸੋਚਿਆ ਸੀ ਇੰਝ ਦੇ ਦਿਨ ਵੀ ਆਉਣਗੇ । 6 -6 ਫੁੱਟ ਜਵਾਨ ਪੁੱਤ ਮੇਰੇ ਇਹਨਾਂ ਨਸ਼ਿਆਂ ਨੇ ਖਾ ਲਏ ਮੈਡਮ ਜੀ ।ਘਰ ਦੀ ਇੱਕ ਇੱਕ ਚੀਜ਼ ਵੇਚ ਦਿੱਤੀ ਏਨਾਂ ਚੰਦਰਿਆਂ ਨੇ ।ਕੀ ਦੱਸਾਂ ਮੈਡਮ ਜੀ ਆਪਣਾ ਝੱਗਾ ਚੁੱਕਦੀ ਹਾਂ ਤਾਂ ਢਿੱਡ ਆਪਣਾ ਈ ਨੰਗਾ ਹੁੰਦਾ । ਇਹਨਾਂ ਨੇ ਤਾਂ ਹੁਣ ਹੱਦ ਕਰ ਦਿੱਤੀ ਮੇਰੇ ਸੂਟ ਟਰੰਕਾਂ ਵਿੱਚੋਂ ਕੱਢ ਵੇਚ ਆਏ ਮੈਡਮ ਜੀ ,”।
ਉਸਦੀਆਂ ਧਾਹਾਂ ਨੇ ਮੈਨੂੰ ਅੰਦਰ ਤੱਕ ਹਲੂਣ ਦਿੱਤਾ ਮੈਂ ਉਸਨੂੰ ਕੀ ਹੌਂਸਲਾ ਦੇਣਾ ਸੀ ਮੇਰੇ ਤਾਂ ਆਪਣੇ ਅੱਥਰੂ ਨਹੀਂ ਰੁੱਕ ਰਹੇ ਸੀ । ਫਿਰ ਨਾ ਉਹ ਕੁੱਝ ਬੋਲੀ ਤੇ ਨਾ ਮੈਂ । ਹੌਲੀ ਹੌਲੀ ਸਭ ਆ ਗਏ ਅਸੀਂ ਦੋਵੇਂ...
ਆਪਣੀ ਆਪਣੀ ਡਿਊਟੀ ਨਿਭਾਉਣ ਲੱਗ ਗਈਆਂ।
ਛੁੱਟੀ ਸਮੇਂ ਵੀ ਮਨ ਬੇਹੱਦ ਉਦਾਸ ਸੀ ਸੋਚਿਆ ਗੁਰੂ ਘਰ ਜਾਂਦੀ ਹਾਂ ।ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਇਹਨਾਂ ਬੱਚਿਆਂ ਨੂੰ ਸਹੀ ਸੇਧ ਦੇਣ ਤਾਂ ਜੋ ਮਨ ਨੂੰ ਕੁੱਝ ਸ਼ਾਤੀ ਮਿਲ ਜਾਵੇ।
ਜਦੋਂ ਮੱਥਾ ਟੇਕ ਬਾਹਰ ਵਾਪਿਸ ਆਈ ਤਾਂ ਸੂਰਜ ਆਪਣੇ ਸਿਖ਼ਰ ‘ਤੇ ਸੀ ।ਅੰਤਾਂ ਦੀ ਗਰਮੀ । ਇੱਕ ਬਹੁਤ ਈ ਮਾਸੂਮ ਤੇ ਛੋਟਾ ਬੱਚਾ ਜੋ ਸੜ੍ਹਦੀ ਸੜਕ ਉੱਤੇ ਨੰਗੇ ਪੈਰੀਂ ਖੜ੍ਹਾ ਮੇਰੇ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ।ਮੈਂ ਉਸਨੂੰ ਇੰਝ ਦੇਖ ਤੜਫ ਉੱਠੀ ,” ਤੇਰੀ ਚੱਪਲ ਕਿੱਥੇ ਏ ਬੱਚੇ,ਤੇਰੇ ਮੰਮੀ ਕਿੱਥੇ ” ਮੈਂ ਉਸੇ ਤੜਫ ਵਿੱਚ ਪੁੱਛਿਆ ।
ਉਹ ਪਤਾ ਨਹੀਂ ਉਸ ਤਪਦੀ ਸੜਕ ‘ਤੇ ਨਾਜ਼ੁਕ ਪੈਰ ਕਿਵੇਂ ਟਿਕਾ ਕੇ ਖੜ੍ਹਾ ਸੀ ।ਉਸਨੇ ਛਾਂ ਹੇਠਾਂ ਬੋਰੀ ਉੱਤੇ ਆਰਾਮ ਨਾਲ ਸੁੱਤੀ ਹੋਈ ਆਪਣੀ ਮਾਂ ਵੱਲ ਇਸ਼ਾਰਾ ਕੀਤਾ । ਮੈਂ ਉਸ ਬੱਚੇ ਨੂੰ ਕਿਹਾ ਪਹਿਲਾਂ ਚੱਪਲ ਪਾ ਕੇ ਆ ਫਿਰ ਤੈਨੂੰ ਅਈਸਕਰੀਮ ਲੈ ਕੇ ਦੇਵਾਂਗੀ ।ਮੇਰੀ ਏਨੀ ਗੱਲ ਸੁਣ ਉਹ ਆਪਣੀ ਮਾਂ ਵੱਲ ਦੌੜਿਆ ਤੇ ਹੌਲੀ ਜਿਹੀ ਬਿਨਾਂ ਆਪਣੀ ਮਾਂ ਨੂੰ ਦੱਸਿਆ ਉਸਦੀ ਬੋਰੀ ਥੱਲਿਉਂ ਚੱਪਲਾਂ ਕੱਢ ਪਾ ਕੇ ਮੇਰੇ ਕੋਲ ਆ ਗਿਆ । ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਇੱਕ ਮਾਂ ਏਨੀ ਕਰੂਰ ਕਿਵੇਂ ਹੋ ਸਕਦੀ ਜੋ ਆਪਣੇ ਮਤਲਬ ਲਈ ਆਪਣੇ ਬੱਚੇ ਨੂੰ ਤਸੀਹੇ ਦੇ ਰਹੀ ਏ ।ਮਨ ਹੁਣ ਹੋਰ ਉਦਾਸ ਤੇ ਬੈਚੇਨ ਸੀ ।ਮੈਂ ਉਸ ਬੱਚੇ ਨੂੰ ਆਈਸਕਰੀਮ ਖਵਾ ਘਰ ਵਾਪਸ ਆਉਂਦੀ ਹੋਈ ਸੋਚ ਰਹੀ ਸੀ ਕਿ ਕਿਵੇਂ ਲਿਖਿਆ ਜਾ ਸਕਦਾ ਪੰਜਾਬ ਦੀ ਖੁਸ਼ਹਾਲੀ ਬਾਰੇ ।ਪਰਮਾਤਮਾ ਮੇਰੇ ਪੰਜਾਬ ਵੱਲ ਨਜ਼ਰ ਸਵੱਲੀ ਕਰੇ ।ਸਾਡੀਆਂ ਗਲਤੀਆਂ ਨੂੰ ਬਖਸ਼ੇ ।ਪੰਜਾਬ ਨੂੰ ਮੁੜ ਚੜ੍ਹਦੀ ਕਲਾ ਵਿੱਚ ਕਰੇ।