ਰੇਸ਼ਮ ਸਿੰਘ ਅਤੇ ਪਿਆਰ ਕੌਰ..
ਨੁੱਕਰ ਵਾਲੇ ਖੁੱਲੇ ਘਰ ਵਿਚ ਕੱਲੇ ਰਹਿੰਦੇ ਸਨ..!
ਸਾਰੀਆਂ ਗਰਮੀਆਂ ਬੱਸ ਬਾਹਰਲੀ ਕੰਧ ਨਾਲ ਲਾਏ ਕਾਗਜੀ ਨਿੰਬੂਆਂ ਦੇ ਰੁੱਖ ਕੋਲ ਮੰਜੀ ਡਾਹ ਕੇ ਬੈਠੇ ਰਹਿੰਦੇ..!
ਖਾਸ ਮੋਹ ਸੀ ਇਸ ਰੁੱਖ ਨਾਲ..ਫਲ ਵੀ ਅੰਤਾਂ ਦਾ ਪੈਂਦਾ..ਕੋਈ ਨਾ ਕੋਈ ਤੁਰਿਆ ਹੀ ਰਹਿੰਦਾ..ਮਾਂ ਬਿਮਾਰ ਏ ਸਕੰਜਵੀਂ ਬਣਾਉਣੀ..ਅੱਗਿਓਂ ਕਦੀ ਨਾਂਹ ਨਾ ਕਰਦੇ..!
ਅਗਲਾ ਇੱਕ ਮੰਗਦਾ ਇਹ ਅੱਗੋਂ ਪੂਰਾ ਲਫਾਫਾ ਭਰ ਦਿਆ ਕਰਦੇ..ਲੈਣ ਆਏ ਨਾਲ ਗੱਲਾਂ ਮਾਰਦੇ..ਕਦੇ ਚਾਹ ਧਰ ਲੈਂਦੇ..ਅਜੀਬ ਜਿਹਾ ਲਗਾਓ ਸੀ ਇਸ ਰੁੱਖ ਨਾਲ..ਬਾਕੀ ਦੁਨੀਆਂ ਨਾਲ ਰਿਸ਼ਤੇ ਬਣਾਉਂਦਾ ਇਹ ਰੁੱਖ ਔਲਾਦ ਨਾਲੋਂ ਵੀ ਵੱਧ ਸੰਭਾਲਿਆ ਹੋਇਆਂ ਸੀ..!
ਇੱਕ ਵੇਰ ਰੇਸ਼ਮ ਸਿੰਘ ਨੂੰ ਦਿਲੀ ਜਾਣਾ ਪੈ ਗਿਆ..ਨਾਲਦੀ ਦੇ ਕੈਂਸਰ ਦੇ ਸਿਲਸਿਲੇ ਵਿਚ..ਮੈਨੂੰ ਤਸੱਲੀ ਹੋਈ..ਮੁੰਡਾ ਓਥੇ ਹੀ ਨੌਕਰੀ ਕਰਦਾ..ਆਪੇ ਸਾਂਭ ਲਵੇਗਾ..ਪਰ ਪਤਾ ਲੱਗਾ ਕੇ ਬੰਗਲਾ ਸਾਬ ਰਹੇ ਨੇ..ਪੁੱਤ ਨਾਲ ਕੋਈ ਗੱਲਬਾਤ ਹੋ ਗਈ ਸੀ..!
ਮਿਲਿਆ ਤਾਂ ਆਖਣ ਲੱਗਾ ਦਸ ਲੱਖ ਦਾ ਖਰਚਾ ਹੈ..ਪਰ ਕੋਲ ਕੁਝ ਵੀ ਨਹੀਂ..ਮੁੰਡੇ ਨੇ ਵੀ ਸਾਫ ਆਖ ਦਿੱਤਾ ਕੇ ਦਿੱਲੀ ਵਰਗੇ ਸ਼ਹਿਰ...
ਵਿੱਚ ਬੱਚਤ ਕਿਥੇ ਹੁੰਦੀ..!
ਆਖਿਆ ਕੁਝ ਪੈਸੇ ਮੈਂ ਦੇ ਦਿੰਨਾ..ਕੁਝ ਲੋਨ ਤੇ ਕੁਝ ਰਿਸ਼ਤੇਦਾਰੀ ਤੋਂ ਫੜ ਲੈਂਦੇ ਹਾਂ..ਪਰ ਉਧਾਰੇ ਲੈਣਾ ਨਾ ਮੰਨਿਆ ਅਖ਼ੇ ਏਡੇ ਵੱਡੇ ਘਰ ਦਾ ਕੀ ਕਰਨਾ..ਅੱਧਾ ਵੇਚ ਦੇਣਾ..ਸਾਡੇ ਦੋਹਾ ਜੋਗਾ ਅੱਧਾ ਘਰ ਹੀ ਬਹੁਤ ਏ..ਬੜਾ ਜ਼ੋਰ ਦਿੱਤਾ ਕੇ ਨਾ ਵੇਚ ਅਖੀਰ ਜਦੋਂ ਨਾ ਹੀ ਮੰਨਿਆ ਤਾਂ ਆਖਣਾ ਪਿਆ ਕੇ ਮੈਂ ਹੀ ਲੈ ਲੈਂਦਾ ਹਾਂ..ਵਿਧਵਾ ਧੀ ਸ਼ਹਿਰ ਰਹਿ ਕੇ ਬੱਚੇ ਪੜਾ ਲਵੇਗੀ..!
ਰਜਿਸਟਰੀ ਵਾਲੇ ਦਿਨ ਕਾਰਵਾਈ ਮਗਰੋਂ ਘਰੇ ਪਰਤਣ ਲਗਿਆ ਤਾਂ ਪਿੱਛਿਓਂ ਵਾਜ ਮਾਰ ਲਈ ਅਖ਼ੇ ਬੰਤ ਸਿਆਂ ਇੱਕ ਗੱਲ ਸੁਣਦਾ ਜਾਵੀਂ..!
ਪਹਿਲੀ ਵੇਰ ਗਿੱਲੀਆਂ ਅੱਖਾਂ ਨਾਲ ਵੇਖਦਾ ਹੋਇਆਂ ਆਖਣ ਲੱਗਾ ਭਾਵੇਂ ਜੋ ਮਰਜੀ ਹੋ ਜਾਵੇ..ਆਪਣੇ ਹਿੱਸੇ ਆਇਆ ਕਾਗਜੀ ਨਿੰਬੂਆਂ ਵਾਲਾ ਰੁੱਖ ਕਦੇ ਕਿਸੇ ਨੂੰ ਵੱਢਣ ਨਾ ਦੇਵੀਂ..!
ਹਰਪ੍ਰੀਤ ਸਿੰਘ ਜਵੰਦਾ