ਨਿੱਕੇ ਹੁੰਦਿਆਂ ਕਿਧਰੇ ਰਗੜ ਲੱਗ ਜਾਣੀ ਤਾਂ ਤਾਈ ਨੇ ਸਰ੍ਹੋਂ ਦਾ ਤੇਲ ਲਾ ਕੇ ਫੂਕ ਮਾਰ ਦੇਣੀ। ਦਰਦ ਦਾ ਨਾਂ ਨਿਸ਼ਾਨ ਹੀ ਪਤਾ ਨਹੀਂ ਕਿੱਥੇ ਉੱਡ ਜਾਂਦਾ ਸੀ।
ਬਾਂਦਰ ਕੀਲਾ ਖੇਡਦੇ-ਖੇਡਦੇ ਕਿਧਰੇ ਤਿੱਕ ਉੱਤੇ ਜ਼ੋਰ ਨਾਲ ਚੱਪਲ ਵੱਜ ਜਾਣੀ ਤਾਂ ਹਾਂਢੀਆਂ ਨੇ ਆਪੇ ਹੀ ਸੇਕ ਦੇ ਕੇ ਠੀਕ ਕਰ ਦੇਣਾ। ਤਿੱਕ ਸੇਕਣਾ ਵੀ ਉਹਨਾਂ ਨੇ ਆਪ ਹੀ ਤੇ ਮਗਰੋਂ ਆਪ ਹੀ ਸੇਕ ਦੇ ਕੇ ਠੀਕ ਕਰ ਵੀ ਕਰ ਦੇਣਾ।
ਲੜਦਿਆਂ ਨੇ ਝੱਗਿਆਂ ਦੇ ਬਟਨ ਤੋੜ ਦੇਣੇ, ਕਾਲਰ ਖਿੱਚ-ਖਿੱਚ ਕੇ ਕੁੱਟਣਾ ਇੱਕ ਦੂਜੇ ਨੂੰ। ਬਾਬਿਆਂ ਦੀ ਸਹੁੰ ਖਾ ਕੇ ਆ ਜਾਣਾ ਬਈ ਜਾਹ ਅੱਜ ਤੋਂ ਤੇਰੇ ਨਾਲ ਕੱਚੀ ਆ। ਔਖੇ-ਸੌਖੇ ਵੇਲੇ ਦਿੱਤੀਆਂ ਖੱਟੀਆਂ ਮਿੱਠੀਆਂ ਟੌਫੀਆਂ ਵੀ ਸੁਣਾ ਦੇਣੀਆਂ। ਇਹ ਵੀ ਕਹਿ ਆਉਣਾ ਕਿ ਜਾਹ ਮੰਗੀਂ ਅੱਗੇ ਤੋਂ ਮੇਰੇ ਤੋਂ ਟੌਫੀਆਂ।
ਫੱਟੀ ਆਲੀ ਗਾਚਣੀ ਮੁੱਕ ਜਾਣੀ ਤਾਂ ਨਾਲ ਦੇ ਕੋਲੋਂ ਮੰਗ ਲੈਣੀ। ਬੀਬੀ ਨੇ ਸਕੂਲ ਵਾਸਤੇ ਜਿਹੜੀ ਨਿੱਕੀ ਜਿਹੀ ਪਰੌਂਠੀ ਅੰਬ ਦੇ ਅਚਾਰ ਨਾਲ ਸਟੀਲ ਦੀ ਡੱਬੀ ਵਿੱਚ ਪਾ ਕੇ ਦੇਣੀ, ਅੱਧੀ ਛੁੱਟੀ ਵੇਲੇ ਉਸਦੇ ਵੀ ਪਤਾ ਕਿੰਨੇ ਹਿੱਸੇ ਹੁੰਦੇ ਸੀ। ਸੋਨੂੰ, ਲੱਡੂ, ਜਸਵੀਰ, ਅਮਨਾ ਤੇ ਪਤਾ ਨਹੀਂ ਹੋਰ ਕਿੰਨੇ ਜਮਾਤੀਆਂ ਨੇ ਰਲ-ਮਿਲ ਖਾਣੀ।
ਆਪ ਵੀ ਬਿਨ੍ਹਾਂ ਪੁੱਛੇ ਅਗਲੇ ਦੇ ਝੋਲੇ ਵਿੱਚੋਂ ਰੋਟੀ ਕੱਢ ਕੇ ਖਾ ਜਾਣੀ। ਸ਼ਾਮਾਂ ਤੱਕ ਹੱਥ ਨਾ ਧੋਣੇ, ਹੱਥਾਂ ਵਿਚੋਂ ਸੌਣ ਵੇਲੇ ਵੀ ਉਹੀ ਅੰਬ ਦੇ ਅਚਾਰ ਅਤੇ ਘਿਉ ਦੀ ਮਹਿਕ ਆਈ ਜਾਣੀ।
ਗਲੀ ਗੁਆਂਢ ਦੀਆਂ ਕੁੜੀਆਂ ਨੇ ਨਿੱਕੇ ਵੀਰਾਂ ਵਾਂਗ ਸਾਂਭਣਾ, ਖੇਡਣਾ ਤੇ ਰੋਟੀ ਖਵਾਉਣੀ। ਮਾਣੀ, ਚੀਕੂ, ਅਮਰਜੀਤ, ਸਾਬੇ, ਨਿੱਕੀ ਤੇ ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਆਪਣੀਆਂ ਹੀ ਸਕੀਆਂ ਭੈਣਾਂ ਵਾਂਗ ਜਾਪਣੀਆਂ।
ਕਿਧਰੇ ਛੁੱਟੀਆਂ ਵਿੱਚ ਛੋਟੀ ਜਾਂ ਵੱਡੀ...
ਭੂਆ ਦੇ ਪਿੰਡ ਜਾਣਾ ਤਾਂ ਛੁੱਟੀਆਂ ਦਾ ਕੰਮ ਕਰਨ ਨੂੰ ਚਿੱਤ ਨਾ ਕਰਨਾ। ਕਿਸੇ ਜਮਾਤੀ ਨੂੰ ਹੀ ਕਾਪੀ ਫੜਾ ਜਾਣੀ ਵੀ ਤੂੰ ਆਪੇ ਕਰ ਦਈਂ ਕੰਮ ਪੂਰਾ ਯਾਰ, ਆਪਾਂ ਭੂਆ ਦੇ ਪਿੰਡ ਜਾਣਾ ਆ।
ਕਦੀ ਕਿਸੇ ਮੱਥੇ ਵੱਟ ਨਹੀਂ ਸੀ ਪਾਇਆ। ਰੱਖੜੀ ਵਾਲੇ ਦਿਨ ਜੇਬ ਚ ਪੰਜ ਰੁਪਏ ਵੀ ਨਹੀਂ ਸੀ ਦੇਣ ਨੂੰ ਤਾਂ ਗੁੱਸੇ ਵਿੱਚ ਨਿੱਕੀ ਨੇ ਬੰਨ੍ਹੀ ਹੋਈ ਰੱਖੜੀ ਵੀ ਲੁਹਾ ਕੇ ਵਾਪਿਸ ਲੈ ਲਈ।
ਕਿੰਨੇ ਸੋਹਣੇ ਤੇ ਕਿੰਨੇ ਪਾਕ ਸਾਫ਼ ਸਨ ਉਹ ਦਿਨ। ਕੋਈ ਗੁੱਸਾ ਨਹੀਂ ਸੀ ਕਰਦਾ। ਸਭ ਆਪਣੇ ਜਾਪਦੇ ਸੀ। ਲੜਾਈ ਕਰਕੇ ਨਾ ਬੁਲਾਉਣ ਦੀ ਸਹੁੰ ਵੀ ਖਾ ਲੈਣੀ ਪਰ ਸਵੇਰੇ ਸਭ ਭੁੱਲ ਜਾਣਾ। ਪਹਿਲਾਂ ਵਾਂਗ ਹੀ ਮਿਲਣਾ, ਖੇਡਣਾ, ਲੜਨਾ।
ਲੋਕ ਲੜ ਰਹੇ ਨੇ, ਮੁਲਕ ਬੰਬ ਸੁੱਟ ਰਹੇ ਨੇ ਇੱਕ ਦੂਜੇ ਉੱਤੇ। ਸਰਹੱਦਾਂ ਲਈ ਜੰਗਾਂ ਹੋ ਰਹੀਆਂ ਨੇ। ਕਤਲੋ ਗਾਰਤ ਹੋ ਰਹੀ ਹੈ। ਬੰਬ ਨੇ ਤਾਂ ਆਪਣਾ ਫਰਜ਼ ਪੂਰਾ ਕਰਨਾ ਹੈ, ਜਿੱਥੇ ਡਿੱਗਦਾ ਹੈ ਬੱਸ ਸਭ ਸਾਫ਼ ਕਰ ਦਿੰਦਾ ਹੈ। ਉਸ ਰੁੜ੍ਹ ਜਾਣੇ ਨੂੰ ਕੀ ਪਤਾ ਕੌਣ ਕਿਸਦਾ ਮਿੱਤਰ ਹੈ? ਕੌਣ ਕਿਸ ਨਾਲ ਕਿੰਨੀ ਮੁਹੱਬਤ ਕਰਦਾ ਹੈ? ਕਿਸਨੇ ਕਿਸ ਨਾਲ ਰੋਟੀ ਸਾਂਝੀ ਕੀਤੀ? ਕਿਸਦੀ ਮਾਂ ਨੇ ਬੇਗਾਨੇ ਪੁੱਤ ਨੂੰ ਆਪਣੇ ਪੁੱਤ ਨਾਲੋਂ ਵੀ ਵੱਧ ਤੇਹ ਕੀਤਾ?
ਬਸ਼ੀਰ ਬਦਰ ਨੇ ਲਿਖਿਆ ਹੈ….
ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ
ਲਿਖਤ : ਸ਼ਹਿਬਾਜ਼ ਖ਼ਾਨ
(26 ਫ਼ਰਵਰੀ 2022)