More Punjabi Kahaniya  Posts
ਜੱਗ ਜੰਕਸ਼ਨ ਰੇਲਾਂ ਦਾ


ਬਾਈ ਸਾਲ ਪਹਿਲਾਂ ਦੋਵੇਂ ਮਿਲੇ ਸਨ..
ਕਿਸੇ ਪਾਰਟੀ ਵਿੱਚ ਹਿੱਸਾ ਲੈਣ ਅਮ੍ਰਿਤਸਰ ਆਏ ਸਨ..
ਅਮਰ ਨੂਰੀ ਨੂੰ ਦਲੀਪ ਕੌਰ ਟਿਵਾਣਾ ਵਾਲੇ “ਇਹੋ ਹਮਾਰਾ ਜੀਵਣਾ” ਦੀ ਭਾਨੋਂ ਯਾਦ ਕਰਵਾਈ ਤਾਂ ਹੱਸ ਪਈ..!
ਅੱਜ ਭਾਨੋ ਫੇਰ ਕੱਲੀ ਰਹਿ ਗਈ
ਤੇਰਾ ਸਾਲ ਦੀ ਹੋਟਲ ਦੀ ਨੌਕਰੀ..
ਕਿੰਨਿਆਂ ਨਾਲ ਵਾਹ ਪਿਆ..ਕਈਆਂ ਦਿਲ ਤੇ ਉਕਰੀ ਤਸਵੀਰ ਤੋੜ ਸੁੱਟੀ ਤੇ ਕਈ ਕਸਵੱਟੀ ਤੇ ਪੂਰੇ ਉੱਤਰੇ!
ਪਾਕਿਸਤਾਨ ਤੋਂ ਮਦੀਹਾ ਗੌਹਰ..ਨਨਕਾਣੇ ਸਾਬ ਬਾਰੇ ਹੀ ਗੱਲਾਂ ਕਰਦੀ ਰਹੀ..
ਰਾਜ ਬੱਬਰ ਦੀ ਧੀ ਜੂਹੀ ਬੱਬਰ ਅਤੇ ਵਹੁਟੀ ਨਾਦਿਰਾ ਬੱਬਰ ਦੀ ਪਾਕਿਸਤਾਨੋਂ ਮੁੜਦਿਆਂ ਦੀ ਪੰਜਾਬੀ ਦਾ ਲਹਿਜਾ ਲਾਹੌਰੀ ਲੱਗਾ!
ਜੂਹੀ ਚਾਵਲਾ ਅਤੇ ਪੂਨਮ ਢਿੱਲੋਂ ਦਾ ਪੰਜਾਬੀ ਬੋਲਣ ਦਾ ਅੰਦਾਜ ਅਜੇ ਵੀ ਨਹੀਂ ਭੁੱਲਦਾ..!
ਅਜੇ ਦੇਵਗਨ ਦਾ ਬਾਪ ਵੀਰੂ ਦੇਵਗਨ..
ਪਰਿਵਾਰ ਸਣੇ ਅਮ੍ਰਿਤਸਰ ਆਇਆ ਤਾਂ ਬੰਬਈ ਵਿੱਚ ਪਲੀਆਂ ਧੀਆਂ ਦਾ ਹਰ ਸ਼ੈ ਨੂੰ ਸੁੰਘ ਸੁੰਘ ਖਾਣਾ ਅਜੀਬ ਜਿਹਾ ਲੱਗਾ..
ਅਖੀਰ ਬਾਪ ਦਾ ਇਹ ਆਖਣਾ ਕੇ ਕੁੜੀਓ ਤੁਹਾਡਾ ਬਾਪ ਇਸੇ ਸ਼ਹਿਰ ਵਿੱਚ ਜੰਮਿਆ ਪਲਿਆ ਏ!
ਦਾਰਾ ਸਿੰਘ ਦਾ ਧਰਮੂ ਚੱਕ ਦੇ ਲੋਕਾਂ ਸਣੇ ਇਥੇ ਆਉਣਾ..
ਫੇਰ ਪੰਜਾਬੀ ਸਟਾਈਲ ਵਿੱਚ ਉੱਠਣਾ ਬੈਠਣਾ ਬੜਾ ਪ੍ਰਭਾਵਿਤ ਕੀਤਾ ਪਰ ਕੇ ਪੀ ਐੱਸ ਗਿੱਲ ਨਾਲ ਫੋਟੋ ਅਤੇ ਫੇਰ ਉਸਦੀਆਂ ਸਿਫਤਾਂ..ਮੇਰੇ ਕਿੰਨਾ ਕੁਝ ਅੱਖਾਂ ਅੱਗੋਂ ਲੰਘ ਗਿਆ!
“ਵੀਰ ਜਾਰਾ” ਦੀ ਸ਼ੂਟਿੰਗ ਵੇਲੇ ਬੀ.ਆਰ.ਚੋਪੜਾ ਟੀਮ ਦਾ ਪੰਜਾਬੀ ਵਿੱਚ ਗੱਲ ਕਰਨਾ ਪਰ ਮਗਰੋਂ ਸਾਰਾ ਕਰੂ ਕਿਸੇ ਦੂਜੇ ਹੋਟਲ ਵਿੱਚ ਠਹਿਰਾ ਦੇਣਾ ਸਾਡੇ ਮਾਲਕਾਂ ਦੇ ਗਲੇ ਦੀ ਹੱਡੀ ਬਣ ਗਿਆ!
ਅਮਰੀਸ਼ ਪੂਰੀ ਗਦਰ ਵੇਲੇ ਜਿੰਨੀ ਦੇਰ ਵੀ ਰਿਹਾ..ਆਮ ਵਿਚਰਦਿਆਂ ਪੰਜਾਬੀ ਦਾ ਪੱਲਾ ਨਹੀਂ ਛੱਡਿਆ..!
ਪੂਰਾਣੀਆਂ ਫ਼ਿਲਮਾਂ ਦਾ ਹੀਰੋ ਰਜਿੰਦਰ ਕੁਮਾਰ..
ਜਦੋਂ ਅਮ੍ਰਿਤਸਰ ਆਇਆ ਤਾਂ ਬੜਾ ਉਤੇਜਿਤ..ਮੂਹੋਂ ਹਿੰਦੀ ਨਿੱਕਲਣ ਪੈਂਦੀ ਪਰ ਪੂਰਾਣੀ ਪੰਜਾਬੀ ਵਿੱਚ ਗੱਲਬਾਤ ਨੇ ਬੜਾ ਪ੍ਰਭਾਵਿਤ ਕੀਤਾ!
ਮੇਹਰ ਮਿੱਤਲ ਦਾ ਫੁੱਲਾਂ ਦੀ ਕਿਆਰੀ ਨੂੰ ਪਾਣੀ ਲਈ ਲਾਇਆ ਪਾਈਪ ਚੁੱਕ ਪਾਣੀ ਪੀ ਲੈਣਾ ਤੇ ਫੇਰ ਲੇਟ ਪਾਣੀ ਲੈ ਕੇ ਆਏ ਇੱਕ ਵੇਟਰ ਬਾਰੇ ਆਖਣਾ ਕੇ ਹੁਣ ਇਹਨੂੰ ਨੌਕਰੀ ਤੋਂ ਨਾ ਕੱਢ ਦੇਣਾ..ਬੜਾ ਚੰਗਾ ਲੱਗਾ!
ਇਹੋ ਗੱਲ ਇੱਕ ਵਾਰ ਜਗਜੀਤ ਸਿੰਘ ਗ਼ਜ਼ਲ ਗਾਇਕ ਨਾਲ ਹੋਈ..
ਕਾਫੀ ਸ਼ੋਪ ਵਿੱਚ ਨਾਸ਼ਤਾ ਕਰਨ ਆਏ ਦੇ ਕੁੜਤੇ ਤੇ ਵੇਟਰ ਕੋਲੋਂ ਕੁਝ ਡੁੱਲ ਗਿਆ..
ਆਖਣ ਲੱਗਾ ਕੋਈ ਗੱਲ ਨੀ ਬੇਟਾ..ਗਲਤੀ ਹਰੇਕ ਕੋਲੋਂ ਹੋ ਜਾਂਦੀ..ਜਿਉਂਦਾ ਵੱਸਦਾ ਰਹਿ..!
ਮੇਰੇ ਜਨਮ ਤੋਂ ਪਹਿਲਾਂ ਦੀ ਬਣੀ ਹਿੰਦੀ ਫਿਲਮ..ਧਰਮ ਕਰਮ..
ਰਿਸ਼ੀ ਕਪੂਰ ਦੇ ਬਾਪ ਰਾਜ ਕਪੂਰ ਦਾ ਗਾਇਆ ਗੀਤ..”ਇੱਕ ਦਿਨ ਬਿਕ ਜਾਏਗਾ ਮਾਟੀ ਕੇ ਮੋਲ..ਜਗ ਮੇਂ ਰਹਿ ਜਾਏਗੇ ਪਿਆਰੇ ਤੇਰੇ ਬੋਲ”..ਅਕਸਰ ਸੁਨ ਲੈਂਦਾ ਹਾਂ!
ਵਾਕਿਆ ਹੀ ਬੰਦੇ ਦੀ ਬੋਲ ਪਾਣੀ ਹੀ ਮਗਰੇ ਰਹਿ ਜਾਂਦੀ ਏ..!
ਪੰਜਾਬੀ ਫਿਲਮ “ਮਨਜੀਤੇ ਜਗਜੀਤ”ਵਾਲਾ ਘੋੜੇ ਤੇ ਚੜਿਆ ਡਕੈਤ ਅਤੇ ਸੰਜੇ ਦੱਤ ਦਾ ਬਾਪ ਸੁਨੀਲ ਦੱਤ..
2004 ਵਿੱਚ ਲੌਬੀ ਵਿੱਚ ਡੰਡਾ ਫੜ ਕੇ...

ਤੁਰਿਆ ਆਉਂਦਾ ਵੇਖਿਆ ਤਾਂ ਮਹਿਸੂਸ ਹੋਇਆ ਕੇ ਹਰੇਕ ਦੀ ਦੁਪਹਿਰ ਆਖਿਰ ਢਲ ਹੀ ਜਾਂਦੀ ਏ!
ਗੁਰਦਾਸਪੁਰ ਤੋਂ ਐਮ ਪੀ..ਵਿਨੋਦ ਖੰਨੇ ਦੀ ਆਖਰੀ ਵੇਲੇ ਦੀ ਹੱਡੀਆਂ ਦੀ ਮੁੱਠ ਹੋਏ ਦੀ ਫੋਟੋ ਵੇਖੀ ਤਾਂ ਹੋਟਲ ਵਿੱਚ ਆਪਣੇ ਤੋਂ ਅੱਧੀ ਉਮਰ ਦੀ ਦੂਜੀ ਵਹੁਟੀ ਕਵੀਤਾ ਖੰਨਾ ਨਾਲ ਹੋਈ ਮੁਲਾਕਾਤ ਚੇਤੇ ਆ ਗਈ..ਇਸ ਪਿੰਜਰੇ ਵਿੱਚ ਕੋਈ ਨੀ ਬਚ ਸਕਿਆ!
ਪ੍ਰੀਤਿ ਸਪਰੂ..ਜਦੋਂ ਯਾਰੀ ਜੱਟ ਦੀ ਬਣੀ ਸੀ ਤਾਂ ਇੱਛਾ ਸੀ ਕੇ ਇੱਕ ਵਾਰ ਮਿਲਾਂ..ਫੇਰ ਜਦੋਂ ਮਿਲੀ ਤਾਂ ਠੇਠ ਪੰਜਾਬੀ ਵਿੱਚ ਗੱਲਬਾਤ..ਹਾਲਾਂਕਿ ਬੋਲਾਂ ਤੇ ਕਸ਼ਮੀਰੀ ਪੁੱਠ ਚੜੀ ਸੀ!
ਅੱਸੀ-ਕਿਆਸੀ ਵਿੱਚ ਬਣੀ ਫਿਲਮ “ਪੁੱਤ ਜੱਟਾਂ ਦੇ”..ਉਸਦਾ ਕਲਾਕਾਰ ਬਲਦੇਵ ਖੋਸਾ..ਮੈਂ ਚਾਅ ਨਾਲ ਦੱਸਿਆ..ਤਕਰੀਬਨ ਦਸ ਵਾਰ ਵੇਖੀ ਏ ਤੁਹਾਡੀ ਫਿਲਮ..ਪਰ ਹਿੰਦੀ ਦੇ ਲਹਿਜੇ ਤੋਂ ਪਤਾ ਲੱਗਾ ਬੰਦਾ ਮਰਾਠੀ ਰਾਜਨੀਤੀ ਦੇ ਨਾਲ ਨਾਲ ਓਥੋਂ ਦੇ ਕਲਚਰ ਵਿੱਚ ਪੂਰੀ ਤਰਾਂ ਰੰਗਿਆ ਗਿਆ!
ਵੈਸੇ ਤੇ ਦੱਸਦੇ ਰਾਜੇਸ਼ ਖੰਨਾ,ਜੀਤਿੰਦਰ ਅਤੇ ਮੋਦੀ ਭਗਤ ਅਕਸ਼ੇ ਵੀ ਅਮ੍ਰਿਤਸਰ ਤੋਂ ਹੈ..
ਪੂਰਾਣੀਆਂ ਫ਼ਿਲਮਾਂ ਦਾ ਖਲਨਾਇਕ ਰਣਜੀਤ ਜੰਡਿਆਲਾ ਗੁਰੂ ਤੋਂ..
ਜਿੰਦਗੀ ਵਿੱਚ ਚਾਰ ਵਿਆਹ ਕਰਵਾਉਣ ਵਾਲਾ ਕਬੀਰ ਬੇਦੀ ਡੇਰਾ ਬਾਬਾ ਨਾਨਕ ਤੋਂ ਹੈ ਤਾਂ ਹੈਰਾਨੀ ਹੋਈ..ਪਰ ਮੁਲਾਕਾਤ ਨਹੀਂ ਹੋਈ!
ਵਾਹਗਿਓਂ ਮੁੜਦਾ ਰਜਾ ਮੁਰਾਦ..
ਸਾਰੇ ਅਮ੍ਰਿਤਸਰ ਵਿੱਚ ਕਿਧਰੇ ਵੀ ਕਮਰਾ ਨਾ ਮਿਲਿਆ..
ਫੇਰ ਮੈਂ ਖੁਦ ਦਾ ਆਪਣਾ ਕਮਰਾ ਦੇ ਦਿੱਤਾ..ਸੁਵੇਰੇ ਵੇਖਿਆ ਭੁੰਜੇ ਫਲੋਰ ਤੇ ਸੁੱਤਾ ਪਿਆ..
ਪੁੱਛਣ ਤੇ ਆਖਣ ਲੱਗਾ..ਭਾਈ ਹੁਣ ਤੇ ਇਸ ਪਵਿੱਤਰ ਨਗਰੀ ਵਿੱਚ ਜਮੀਨ ਉੱਪਰ ਬਿਸਤਰਾ ਮਿਲ ਗਿਆ..ਮਰਨ ਮਗਰੋਂ ਪਤਾ ਨੀ ਅਗਲਿਆਂ ਜਮੀਨ ਅੰਦਰ ਕਿੱਡਾ ਡੂੰਗਾ ਦੱਬਣਾ..!
ਵਿਰਲੇ ਹੀ ਚੇਤੇ ਰੱਖਦੇ ਇਸ ਸ਼ੈ ਨੂੰ..ਪਰ ਜਿਹੜੇ ਰੱਖਦੇ ਨੇ..ਆਖਰੀ ਵੇਲੇ ਸੌਖੇ ਰਹਿੰਦੇ!
ਨਿੱਕੇ ਹੁੰਦਿਆਂ ਬਾਪ ਦੇ ਸਾਈਕਲ ਦੇ ਡੰਡੇ ਤੇ ਲਪੇਟੇ ਤੌਲੀਏ ਤੇ ਬੈਠੇ ਨੂੰ ਖੁਦ ਦਾ ਵਜੂਦ ਕਿਸੇ ਸ਼ਹਿਜ਼ਾਦੇ ਤੋਂ ਘੱਟ ਨਾ ਲੱਗਦਾ..!
ਪਿੱਛਿਓਂ ਆਉਂਦੇ ਟਰੱਕਾਂ ਮਗਰ ਅਕਸਰ ਹੀ ਇਹ ਲਿਖਿਆ ਮਿਲਦਾ ਕੇ “ਰੱਬ ਨੂੰ ਤੇ ਮੌਤ ਨੂੰ ਹਮੇਸ਼ਾਂ ਯਾਦ ਰੱਖੋਂ”..
ਪੁੱਛ ਲੈਂਦਾ..ਡੈਡੀ ਮੌਤ ਨੂੰ ਕਿਓਂ ਯਾਦ ਰੱਖਣਾ ਚਾਹੀਦਾ!
ਆਖਦੇ ਪੁੱਤਰ ਅਜੇ ਛੋਟਾ ਏਂ..ਵੱਡਾ ਹੋਵੇਗਾ ਤਾਂ ਆਪੇ ਪਤਾ ਲੱਗ ਜੂ..!
ਅੱਜ ਵਾਕਿਆ ਹੀ ਪਤਾ ਲੱਗਾ ਕੇ ਮੌਤ ਨੂੰ ਇਸ ਲਈ ਯਾਦ ਰੱਖਣਾ ਚਾਹੀਦਾ ਕਿਓੰਕੇ ਜਦੋਂ ਦੇਰ ਸੁਵੇਰ ਵਾਜ ਪੈਂਦੀ ਏ ਤਾਂ ਨਿੱਕ ਸੁੱਕ ਸਾਂਭਣ ਦੀ ਭੋਰਾ ਜਿੰਨੀ ਵੀ ਮੋਹਲਤ ਨਹੀਂ ਮਿਲਦੀ..
ਭਾਵੇਂ ਸਾਰੀ ਜਿੰਦਗੀ ਦੀ ਪੁੱਠ-ਸਿੱਧ ਕਰਕੇ ਕਮਾਈ ਹੋਈ ਵੀ ਅਗਲੇ ਦੀ ਸਾਹਵੇਂ ਢੇਰੀ ਕਰ ਦਿਓ!
ਜੱਗ ਜੰਕਸ਼ਨ ਰੇਲਾਂ ਦਾ..ਗੱਡੀ ਇੱਕ ਆਵੇ ਇੱਕ ਜਾਵੇ..ਜੱਗ ਵਾਲਾ ਮੇਲਾ ਯਾਰੋ..ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)