ਆਦਮੀ ਅਤੇ ਰਵੱਈਆ
ਇੱਕ ਬਾਦਸ਼ਾਹ ਕੋਲ ਕਾਫੀ ਹਾਥੀ ਸਨ। ਉਨ੍ਹਾਂ ਵਿੱਚ ਇੱਕ ਹਾਥੀ ਬਹੁਤ ਬਲਵਾਨ, ਸਮਝਦਾਰ ਤੇ ਆਗਿਆਕਾਰੀ ਸੀ। ਉਹ ਯੁੱਧ ਕਲਾ ਵਿੱਚ ਬਹੁਤ ਤੇਜ਼ ਸੀ। ਜਿਸ ਕਿਸੇ ਯੁੱਧ ਵਿੱਚ ਵੀ ਉਹ ਗਿਆ ਬਾਦਸ਼ਾਹ ਹਮੇਸ਼ਾ ਜਿੱਤ ਕੇ ਮੁੜਿਆ। ਬਾਦਸ਼ਾਹ ਨੂੰ ਉਹ ਹਾਥੀ ਬਹੁਤ ਪਿਆਰਾ ਸੀ।
ਸਮਾਂ ਗੁਜ਼ਰਿਆ ਤਾਂ ਇੱਕ ਵਕਤ ਐਸਾ ਆਇਆ ਕਿ ਉਹ ਹਾਥੀ ਬਿਮਾਰ ਪੈ ਗਿਆ। ਹੁਣ ਉਹ ਪਹਿਲਾਂ ਵਾਂਗ ਕੰਮ ਨਹੀਂ ਸੀ ਕਰ ਸਕਦਾ। ਬਾਦਸ਼ਾਹ ਹੁਣ ਉਸਨੂੰ ਲੜਾਈ ਵਿੱਚ ਵੀ ਲੈ ਕੇ ਨਹੀਂ ਸੀ ਜਾਂਦਾ।
ਇੱਕ ਦਿਨ ਉਹ ਸਰੋਵਰ ਵਿੱਚ ਪਾਣੀ ਪੀਣ ਲਈ ਉਤਰਿਆ ਤਾਂ ਚਿੱਕੜ ਵਿੱਚ ਉਸਦਾ ਪੈਰ ਧਸ ਗਿਆ। ਕਾਫੀ ਜ਼ੋਰ ਲਾਉਣ ਤੇ ਵੀ ਉਹ ਬਾਹਰ ਨਾ ਨਿਕਲ ਸਕਿਆ।
ਹਾਥੀ ਦੇ ਚਿੱਕੜ ਵਿੱਚ ਧਸਣ ਦੀ ਖਬਰ ਬਾਦਸ਼ਾਹ ਕੋਲ ਵੀ ਪਹੁੰਚੀ। ਬਾਦਸ਼ਾਹ ਸਮੇਤ ਕਾਫ਼ੀ ਲੋਕ ਇੱਕਠੇ ਹੋ ਕੇ ਹਾਥੀ ਨੂੰ ਕੱਢਣ ਦਾ ਜਤਨ ਕਰਦੇ ਰਹੇ ਪਰ ਸਭ ਬੇਕਾਰ।
ਭਲੇ ਵੇਲੇ ਨੂੰ ਗੌਤਮ ਬੁੱਧ ਵੀ ਉੱਧਰ ਨੂੰ ਘੁੰਮਦੇ ਹੋਏ ਨਿਕਲੇ ਤਾਂ ਬਾਦਸ਼ਾਹ ਤੇ ਉਸਦੇ ਅਹਿਲਕਾਰਾਂ ਨੇ ਮਹਾਤਮਾ ਬੁੱਧ ਨੂੰ ਆਪਣਾ ਮਾਰਗ ਦਰਸ਼ਨ ਲਈ ਬੇਨਤੀ ਕੀਤੀ।
ਬੁੱਧ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਬਾਦਸ਼ਾਹ ਨੂੰ ਸੁਝਾਅ ਦਿੱਤਾ ਕਿ...
ਸਰੋਵਰ ਦੇ ਚਾਰੇ ਪਾਸੇ ਯੁੱਧ ਦੇ ਨਗਾਰੇ ਬਜਾਏ ਜਾਣ।
ਸੁਣਨ ਵਾਲਿਆਂ ਨੂੰ ਬੜਾ ਅਟਪਟਾ ਲੱਗਿਆ ਕਿ ਭਲਾ ਨਗਾਰੇ ਬਜਾਣ ਨਾਲ ਚਿੱਕੜ ਵਿੱਚ ਫਸਿਆ ਹਾਥੀ ਕਿਵੇਂ ਬਾਹਰ ਨਿਕਲ ਸਕਦਾ ਹੈ।
ਜਿਵੇਂ ਹੀ ਯੁੱਧ ਦੇ ਨਗਾਰੇ ਵੱਜਣੇ ਸ਼ੁਰੂ ਹੋਏ ਤਾਂ ਹਾਥੀ ਦੇ ਹਾਵ ਭਾਵ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਪਹਿਲਾਂ ਉਹ ਹੌਲੀ ਹੌਲੀ ਖੜਿਆ ਹੋਇਆ ਫੇਰ ਸਭ ਨੂੰ ਹੈਰਾਨ ਕਰਦਿਆਂ ਖੁਦ ਚਿੱਕੜ ਤੋਂ ਬਾਹਰ ਨਿਕਲ ਆਇਆ।
ਬੁੱਧ ਨੇ ਸਪਸ਼ਟ ਕਰਦਿਆਂ ਆਖਿਆ ,’ ਹਾਥੀ ਵਿੱਚ ਸਰੀਰਕ ਤਾਕਤ ਦੀ ਕੋਈ ਘਾਟ ਨਹੀਂ ਸੀ। ਬਸ ਜ਼ਰੂਰਤ ਉਸ ਅੰਦਰ ਉਤਸ਼ਾਹ ਭਰਨ ਦੀ ਸੀ।
ਜ਼ਿੰਦਗੀ ਵਿੱਚ ਉਤਸ਼ਾਹ ਬਣਿਆ ਰੱਖਣ ਲਈ ਜ਼ਰੂਰੀ ਹੈ ਕਿ ਮਨੁੱਖ ਹਾਂ ਪੱਖੀ ਚਿੰਤਨ ਬਣਾ ਕੇ ਰੱਖੇ ਤੇ ਨਾ ਪੱਖੀ ਵਿਚਾਰਾਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇਵੇ।
ਕਦੇ ਕਦੇ ਲਗਾਤਾਰ ਮਿਲਣ ਵਾਲੀ ਹਾਰ ਕਾਰਨ ਆਦਮੀ ਇਹ ਮੰਨ ਬੈਠਦਾ ਹੈ ਕਿ ਹੁਣ ਫਲਾਣਾਂ ਕੰਮ ਉਹ ਨਹੀਂ ਕਰ ਸਕਦਾ, ਪਰ ਇਹ ਪੂਰਾ ਸੱਚ ਨਹੀਂ ਹੈ।
“ਹਾਂ ਪੱਖੀ ਰਵੱਈਆ ਹੀ ਆਦਮੀ ਨੂੰ ਅਸਲੀ ਆਦਮੀ ਬਣਾਉਂਦਾ ਹੈ।”
ਗੁਰਮਾਨ ਸੈਣੀ