ਪਵਨ ਫ਼ਿਲਮੀ ਅੰਦਾਜ਼ ‘ਚ ਡਾਈਲਾਗ ਬੋਲਦਾ ਹੁੰਦਾ ਸੀ। ਹਰ ਵੇਲ਼ੇ ਪੈਂਟ ‘ਚ ਬੁਸ਼ਰਟ ਦੇ ਕੇ ਪੇਟੀ ਲਾਈ ਰੱਖਦਾ ਸੀ। ਪਿਛਲੀ ਜੇਬ ‘ਚੋਂ ਕੰਘੀ ਕੱਢਕੇ ਬੋਦੀਆਂ ਸਵਾਰਦਾ ਤਾਂ ਬਿਲਕੁਲ ਰਜਨੀਕਾਂਤ ਲੱਗਦਾ ਸੀ। ਗਲੀ ਦੇ ਜਵਾਕਾਂ ਨੂੰ ਟੌਫੀਆਂ ਵੰਡਕੇ ਕਹਿੰਦਾ ਹੁੰਦਾ ਸੀ,”ਜੇ ਅੱਗੇ ਤੋਂ ਵੀ ਖਾਣੀਆਂ ਨੇ ਮੈਨੂੰ ਸ਼ਾਹਰੂ ਖ਼ਾਨ ਆਖਿਆ ਕਰੋ!” ਉਹਦੀ ਹਾਜ਼ਰੀ ਵਿੱਚ ਜ਼ਿੰਦਗੀ ਹੌਲ਼ੀ ਫੁੱਲ ਜਾਪਣ ਲੱਗ ਪੈਂਦੀ ਸੀ। ਕੋਲ਼ੋਂ ਲੰਘਦਾ ਕੰਨ ‘ਚ ਸ਼ੇਅਰ ਬੋਲਕੇ ਵਗਦਾ ਬਣਦਾ ਸੀ,
“ਵੋ ਮੇਰੇ ਪਾਸ ਸੇ ਗੁਜ਼ਰੇ ਔਰ ਮੇਰਾ ਹਾਲ ਤਕ ਨਾ ਪੂਛਾ,
ਯੇਹ ਮੈਂ ਕੈਸੇ ਯਕੀਂ ਕਰ ਲੂੰ, ਵੋ ਦੂਰ ਜਾ ਕਰ ਰੋਯੇ!”
ਅੰਤ ਬਤੌਰ ਆਰ.ਐੱਮ.ਪੀ. ਡਾਕਟਰ ਪਿੰਡ ‘ਚ ਦੁਕਾਨ ਕਰ ਲਈ। ਜਦੋਂ ਘਰ ਦਿਆਂ ਨੇ ਦੇਖਿਆ ਕਿ ਕੁਝ ਖੱਟ-ਕਮਾ ਕੇ ਨੀ ਲਿਆਉਂਦਾ ਤਾਂ ਇੱਕ ਦਿਨ ਬਾਪੂ ਦੇਖਣ ਚਲਿਆ ਗਿਆ, ‘ਆਖ਼ਰ ਕਰਦਾ ਕੀ ਏ ਦੁਕਾਨ ‘ਤੇ?’
ਇੱਕ ਮਰੀਜ਼ ਆਇਆ ਤੇ ਇਹਨੇ ਟੀਕਾ ਲਾ ਕੇ ਬਿਨਾਂ ਪੈਸੇ ਵਸੂਲੇ ਤੋਰ ਦਿੱਤਾ। ਜਦੋਂ ਬਾਪੂ ਨੇ ਪੁੱਛਿਆ, “ਪੈਸੇ ਕਾਹਤੋਂ ਨੀ ਮੰਗੇ?”
ਅੱਗੋਂ ਬਣਾ-ਸਵਾਰ ਕੇ ਕਹਿੰਦਾ,”ਉਹਦੇ ਕੁੜਤੇ ਦੇ ਜੇਬ ਤਾਂ ਹੈਨੀ ਸੀ ਪੈਸੇ ਕਿੱਥੋਂ ਦੇ ਦਿੰਦਾ?”
ਇੱਕ ਬਜ਼ੁਰਗ ਮਾਤਾ ਨੂੰ ਅਕਸਰ ਹੱਥ ਫੜ੍ਹਕੇ ਰਸਤਾ ਪਾਰ ਕਰਵਾਉਂਦੇ ਨੂੰ ਪਤਾ ਨੀ ਕੀ ਥਿਆ ਜਾਂਦਾ ਸੀ! ਬੰਤੇ ਰਕਸ਼ੇ ਆਲ਼ੇ ਦਾ ਬੋਝਲ ਰਕਸ਼ਾ ਢਲਾਣ ਚੜ੍ਹਦਿਆਂ ਅਚਾਨਕ ਰੈਲ਼ਾ ਹੋ ਗਿਆ, ਮਗਰੋਂ ਪਤਾ ਲੱਗਿਆ ਜਿਸ ਸੰਕਟ ਮੋਚਨ ਨੇ ਭੱਜ ਕੇ ਪਿੱਛੋਂ ਧੱਕਾ ਲਾਇਆ ਸੀ ਉਹ ਪਵਨ ਸੀ।
ਜੱਗ ਦਾ ਦਸਤੂਰ ਏ ਅਜਿਹੇ ਬੰਦਿਆਂ ਨੂੰ ਝੱਲਾ ਜਾਂ ਸ਼ਦਾਈ ਸਮਝਣਾ ਪਰ ਦੁਨੀਆ ਇਹਨਾਂ ਦੇ ਈ ਸਿਰ ‘ਤੇ ਟਿਕੀ ਹੋਈ ਏ।
ਕੱਲ੍ਹ ਇੱਕ ਵੀਡੀਓ ਦੇਖੀ, ਦੁਨੀਆਂ...
ਦਾ ਇੱਕ ਵੱਡਾ ਭਲਵਾਨ ਇੱਕ ਮਾਸੂਮ ਬੱਚੇ ਜੀਹਨੂੰ ਬਲੱਡ ਕੈਂਸਰ ਏ ਤੇ ਜੀਹਨੇ ਵਰਲਡ ਚੈਂਪੀਅਨ ਨਾਲ਼ ਘੋਲ ਦੀ ਇੱਛਾ ਜਤਾਈ ਸੀ ਤੋਂ ਹਾਰ ਕੇ ਇੱਜ਼ਤਾਂ, ਅਸੀਸਾਂ, ਪਿਆਰਾਂ ਦਾ ਪਾਤਰ ਬਣ ਗਿਆ।
ਇੱਕ ਗਰਭਵਤੀ ਲੜਕੀ ਬੱਸ ਚੜ੍ਹੀ, ਕਿਸੇ ਨੇ ਵੀ ਉਹਦੇ ਲਈ ਸੀਟ ਨਾ ਛੱਡੀ। ਅੰਤ ਜੀਹਨੇ ਛੱਡੀ ਉਹ ਜਦੋਂ ਖੜ੍ਹਾ ਹੋਇਆ ਤਾਂ ਪਤਾ ਲੱਗਿਆ ਉਹ ਤਾਂ ਆਪ ਇੱਕ ਲੱਤ ਤੋਂ ਹੀਣਾ ਸੀ। ਇੱਛਾ ਹੋਵੇ ਤਾਂ ਵਸੀਲੇ ਬਣ ਈ ਜਾਂਦੇ ਨੇ।
ਪਤਾ ਨੀ ਕਿਹੜੀ ਮਜ਼ਬੂਰੀ ਹੈ ਕਿ ਨੱਬੇ ਸਾਲਾ ਬਜ਼ੁਰਗ ਗਲੀ-ਗਲੀ ਘੁੰਮ ਗੁਬਾਰੇ ਵੇਚਦਾ ਏ, ਇੱਕ ਨੌਜਵਾਨ ਨੇ ਉਹਦੇ ਸਾਰੇ ਗੁਬਾਰੇ ਦੁੱਗਣੇ ਰੇਟ ‘ਤੇ ਖਰੀਦ ਕੇ ਬਾਬੇ ਨੂੰ ਸੂਰਜ ਢਲਣ ਤੋਂ ਪਹਿਲਾਂ ਘਰ ਭੇਜ ਦਿੱਤਾ। ਜਿਹੜੇ ਲੋਕਾਂ ਨੂੰ ਇਉਂ ਸਕੂਨ ਮਿਲਦਾ ਏ ਉਹ ਮਸੀਹੇ ਨੇ, ਫਰਿਸ਼ਤੇ ਨੇ।
ਇੱਕ ਵਾਰ ਪਵਨ ਕਹਿੰਦਾ,”ਸਿਆਣੇ ਕਹਿੰਦੇ ਆ ਜੇ ਸਰਕਾਰੋਂ ਤੇਲ ਮਿਲੇ, ਜੁੱਤੀ ‘ਚ ਪਵਾ ਲਈਦਾ ਹੁੰਦੈ ਤਿਵੇਂ ਬੰਦਿਆਂ ਦੀ ਸੇਵਾ ਕਰਨ ਦਾ ਜੇਕਰ ਮੌਕਾ ਮਿਲੇ ਹੱਥੋਂ ਨੀ ਜਾਣ ਦੇਈਦਾ। ਪੁੱਛਣ ਵਾਲ਼ੇ ਤਾਂ ਜਾਨਵਰਾਂ ਦੀ ਵੀ ਬਾਤ ਪੁੱਛੀ ਜਾਂਦੇ ਆ!”
“ਫ਼ਲ਼ਾਂ ਵਾਲ਼ੀ ਰੇੜ੍ਹੀ ਹੇਠੋਂ ਗਲ਼ਿਆ ਅੰਬ ਚੁੱਕਦਾ ਫੜ੍ਹਿਆ ਗਿਆ ਪ੍ਰਵਾਸੀ ਮਜ਼ਦੂਰ ਦਾ ਬੱਚਾ…..ਚੋਰ ਅਖਵਾਕੇ…ਗਾਲ਼ਾਂ ਤੇ ਕੁੱਟ ਖਾਂਦਾ…ਜੇ ਤੈਨੂੰ ਗੋਲਗੱਪੇ ਜਾਂ ਫਲੂਦਾ ਖਾਂਦੇ ਨੂੰ ਝੰਜੋੜਦਾ ਨਹੀਂ ਤਾਂ ਸੰਮਥਿੰਗ ਮਿਸਿੰਗ, ਸੰਮਥਿੰਗ ਰੌਂਗ ਹੈ, ਮਾਈ ਡੀਅਰ!”
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ। ਚਾਰ ਅਪ੍ਰੈਲ, ਵੀਹ ਸੌ ਇੱਕੀ।