ਪੜ੍ਹਿਆ ਸੁਣਿਆਂ ਦੇਖਿਆ *
ਸਭਾ ਸ਼ਨੀਵਾਰ ਦੀ-4
……………………………………….
‘ਅਕਲ ਬਿਨਾਂ ਖੂਹ ਖਾਲੀ’ ਕਹਿਣ ਅਤੇ ‘ਚੰਦ ਚਾੜ੍ਹਨ’ ਵਾਲ਼ੇ !’
ਹਰੇਕ ਅਖਾਣ ਅਤੇ ਮੁਹਾਵਰੇ ਪਿੱਛੇ ਕੋਈ ਨਾ ਕੋਈ ਕਹਾਣੀ ਜਰੂਰ ਹੁੰਦੀ ਹੈ।ਇੱਥੇ ਇੱਕ ਅਖਾਣ ਤੇ ਇੱਕ ਮੁਹਾਵਰੇ ਪਿਛਲੇ ਦੋ ਕਿੱਸੇ ਬਿਆਨ ਕਰ ਰਿਹਾ ਹਾਂ।
ਕਹਿੰਦੇ ਸਾਧਾਂ ਦੇ ਚਲਦੇ-ਵਹੀਰ ਨੇ ਸ਼ਾਮ ਪਈ ਤੋਂ ਇੱਕ ਥਾਂਹ ਟਿਕਾਣਾ ਕੀਤਾ।ਮੰਡਲੀ ਦੇ ਮੁਖੀਏ ਨੇ ਇੱਕ ਜਣੇ ਨੂੰ ਭੇਜਿਆ ਕਿ ਜਾਹ ਖੂਹ ਤੋਂ ਪਾਣੀ ਦਾ ਡੋਲ ਭਰ ਲਿਆ।ਚੇਲੇ ਨੇ ਲੱਜ ਡੋਲ ਚੱਕੇ ਤੇ ਤੁਰ ਪਿਆ ਖੂਹ ਵੱਲ੍ਹ!
ਕੁੱਝ ਚਿਰ ਬਾਅਦ ਉਹ ਖਾਲੀ ਮੁੜ ਆਇਆ… ਕਹਿੰਦਾ ਖੂਹ ‘ਚ ਤਾਂ ਪਾਣੀ ਹੈ ਨੀ।
ਮੁਖੀਏ ਨੇ ਉਹਨੂੰ ਵੀ ਨਾਲ ਤੋਰ ਲਿਆ ਤੇ ਦੋ ਚਾਰ ਜਣੇ ਹੋਰ ਨਾਲ ਲੈ ਲਏ।ਜਾ ਪਹੁੰਚੇ ਖੂਹ ਉੱਤੇ।ਮੁਖੀਏ ਨੇ ਖੂਹ ‘ਚ ਨੂੰ ਝਾਕਿਆ ਤੇ ਉਹ ਤਾੜ ਗਿਆ ! ਉਸਨੇ ਆਪਣੀ ਪੱਗ ਖੋਲ੍ਹੀ ਤੇ ਉਹਨੂੰ ਰੱਸੇ ਵਾਂਗ ਵਟਾ ਦੇ ਕੇ ਲੱਜ ਨਾਲ ਬੰਨ੍ਹ ਲਿਆ! ਜਦ ਡੋਲ ਖੂਹ ‘ਚ ਫਰ੍ਹਾ ਕੇ ਉੱਪਰ ਖਿੱਚਿਆ ਤਾਂ ਉਹ ਠੰਢੇ ਠਾਰ ਪਾਣੀ ਨਾਲ਼ ਭਰਿਆ ਪਿਆ !
‘ਸੁੱਕਾ ਖੂਹ’ ਦੱਸਣ ਵਾਲ਼ੇ ਚੇਲੇ ਨੂੰ ਭਰਿਆ ਡੋਲ ਦਿਖਾ ਕੇ ਮੁਖੀਆ ਬਾਬਾ ਕਹਿੰਦਾ-‘ਦੇਖਿਆ ਬੱਚੂ,ਅਕਲ ਬਿਨਾਂ ਖੂਹ ਖਾਲੀ ਹੁੰਦੇ ਆ !!
ਏਦਾਂ ਦਾ ਹੀ ਕਿੱਸਾ ਹੈ ‘ਚੰਦ ਚਾੜ੍ਹਨ’ ਵਾਲੇ ਦਾ-
ਉਕਤ ਸਾਧ-ਮੰਡਲੀ ਵਰਗੇ ਟੋਲੇ ‘ਚੋਂ ਕੋਈ ਚੇਲਾ-ਬਾਲਕਾ ਰਾਤ ਪਈ...
‘ਤੇ ਖੂਹ ਤੋਂ ਪਾਣੀ ਲੈਣ ਗਿਆ।ਸਹਿਵਨ ਹੀ ਉਸਨੇ ਖੂਹ ‘ਚ ਨੂੰ ਨਜਰ ਮਾਰੀ ਤਾਂ ਪਾਣੀ ਵਿੱਚ ਉਸ ਨੂੰ ਚੰਦ ਦਾ ਪ੍ਰਛਾਵਾਂ ਦਿਸਿਆ। ਉਹ ਸੋਚਣ ਲੱਗਾ-‘ਓ ਹੋ! ਚੰਦ ਤਾਂ ਖੂਹ ਵਿੱਚ ਡਿਗ ਗਿਆ ਐ ਬਈ !! ….ਪਾਣੀ ਤਾਂ ਮਗਰੋਂ ਕੱਢੂੰ, ਪਹਿਲਾਂ ਖੂਹ ‘ਚੋਂ ਚੰਦ ਕੱਢਣਾ ਚਾਹੀਦਾ !’
ਲਉ ਜੀ,ਉਸਨੇ ਲੱਜ ਨਾਲ਼ੋਂ ਡੋਲ ਤਾਂ ਖੋਲ੍ਹ ਕੇ ਪਰੇ ਰੱਖ ਦਿੱਤਾ…… ਤੇ ਚੁੱਪ ਚੁਪੀਤਾ ਆਪਣੇ ਟਿਕਾਣੇ ਤੋਂ ਉਹ ਜਿੰਦਾ ਲੈ ਆਇਆ ਜਿਹਦੇ ਨਾਲ ਖੂਹ ‘ਚ ਡਿੱਗੇ ਹੋਏ ਡੋਲ-ਬਾਲਟੀਆਂ ਕੱਢੇ ਜਾਂਦੇ ਨੇ। ਲੱਜ ਨਾਲ ਜਿੰਦਾ ਬੰਨ੍ਹਕੇ ਖੂਹ ‘ਚ ਫਰ੍ਹਾਇਆ।ਪੁਰਾਣਾ ਖੂਹ ਹੋਣ ਕਰਕੇ ਜਿੰਦੇ ਦਾ ਕੁੰਡਾ ਕਿਤੇ ਟੁੱਟੀ ਇੱਟ ‘ਚ ਫੱਸ ਗਿਆ। ਉਹ ਹੋ ਗਿਆ ਖੁਸ਼ ! ਕਿ ਚੰਦ ਫੱਸ ਗਿਆ ਐ ਜਿੰਦੇ ਵਿੱਚ !!
ਲੱਗ ਪਿਆ ‘ਤਾਂਹ ਨੂੰ ਖਿੱਚਣ….! ਪਰ ਕੁੰਡਾ ਨਿੱਕਲ਼ੇ ਨਾ !! ਖੂਹ ‘ਚੋਂ ਚੰਦ ਕੱਢਣ ਦੇ ਜੋਸ਼ ਵਿੱਚ ਉਸਨੇ ਪੂਰਾ ਤਾਣ ਲਾ ਕੇ ਧੜੱਕਾ ਜਿਹਾ ਮਾਰਿਆ ! ਇੱਟ ‘ਚ ਫਸਿਆ ਹੋਇਆ ਕੁੰਡਾ ਤਾਂ ਨਿਕਲ਼ ਗਿਆ ਪਰ ਉਹ ਧੜੰਮ ਕਰਦਾ ਪਿੱਛੇ ਨੂੰ ਡਿੱਗ ਪਿਆ ! ਏਨੇ ਨੂੰ ਉਹਦੇ ਨਾਲ ਦੇ ਸਾਧ ਖੂਹ ‘ਤੇ ਆ ਗਏ ! ਉਨ੍ਹਾਂ ਭੱਜ ਕੇ ਡਿੱਗੇ ਪਏ ਨੂੰ ਚੁੱਕਿਆ ਤੇ ਪੁੱਛਿਆ ਕਿ ਸੱਟ ਤਾਂ ਨ੍ਹੀ ਲੱਗੀ ?
ਟੋਟਰ ਮਲ਼ਦਾ ਹੋਇਆ ਉਹ ਆਕਾਸ਼ ਵੱਲ੍ਹ ਦੇਖ ਕੇ ਬੋਲਿਆ-
‘ਸੱਟ ਦਾ ਤਾਂ ਸੁੱਖ ਐ….. ਚੰਦ ਤਾਂ ਚਾੜ੍ਹ ਹੀ ਦਿੱਤਾ ਐ ਮੈਂ !!’
-ਤਰਲੋਚਨ ਸਿੰਘ ‘ਦੁਪਾਲ ਪੁਰ’