More Punjabi Kahaniya  Posts
ਉਮਰਾਂ ਦੇ ਲੰਬੇ ਕਾਫਲੇ


ਉਮਰਾਂ ਦੇ ਲੰਬੇ ਕਾਫਲੇ – ਪਿਤਾ ਜੀ ਅਤੇ ਚਾਚਾ ਜੀ ਨੇ ਸ਼ੁਰੂ ਤੋਂ ਹੀ ਖੇਤੀ ਮਸਿਨਰੀ ਨਾਲ ਕੀਤੀ ਤੇ ਬਹੁਤ ਕਿਰਾਇਆ ਵਾਹਿਆ। 1974 ਵਿੱਚ ਸਾਡੇ ਕੋਲ ਨਵਾਂ ਫ਼ੋਰਡ 3000 ਸੀ।ਦਾਦਾ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਟਰੈਕਟਰ ਦੀਆਂ ਕਿਸ਼ਤਾਂ ਭਰਨ ਲਈ ਪੈਸੇ ਫ਼ਸਲ ਵਿੱਚੋਂ ਇੱਕ ਰੁਪਿਆ ਵੀ ਨਹੀਂ ਦੇਣਾ ਤੇ ਜੇ ਟਰੈਕਟਰ ਲੈਣਾ ਹੈ ਤਾਂ ਕਿਰਾਇਆ ਵਾਹੁਣਾ ਪਵੇਗਾ।ਭਾਵ ਆਪਣੀ ਖੇਤੀ ਕਰਨ ਦੇ ਨਾਲ-ਨਾਲ ਲੋਕਾਂ ਦੇ ਖੇਤਾਂ ਨੂੰ ਵਾਹੁਣਾ ਬੀਜਣਾ ਪਵੇਗਾ ਅਤੇ ਟਰੈਕਟਰ ਦੀ ਛਿਮਾਹੀ ਕਿਸ਼ਤ ਭਰਨੀ ਪਵੇਗੀ। ਪਿਤਾ ਜੀ ਨੇ ਇਹ ਸ਼ਰਤ ਮਨਜ਼ੂਰ ਕੀਤੀ ਅਤੇ ਸਾਡੇ ਤਿੰਨੇ ਚੱਕ, ਗਿੱਲ ਖੁਰਦ, ਝੰਡੂਕੇ ਅਤੇ ਮਾਨਸਾ ਖੁਰਦ ਦੇ ਖੇਤਾਂ ਵਿੱਚ ਦਿਨ ਰਾਤ ਟਰੈਕਟਰ ਚਲਾਉਣਾ, ਚਾਚਾ ਜੀ ਉਸ ਸਮੇਂ ਛੋਟੇ ਸਨ ਤੇ ਪੜ੍ਹਦੇ ਸਨ।1981 ਤੱਕ ਫੋਰਡ 3000 ਖੂਬ ਵਾਹਿਆ ਅਤੇ ਵੇਚ ਦਿੱਤਾ। ਇਸ ਸਮੇਂ ਪਿਤਾ ਜੀ ਨਵੀਂ ਪਾਰੀ ਸ਼ੁਰੂ ਕਰਨ ਦੇ ਰੌਂਅ ਵਿੱਚ ਸਨ, ਉਹ ਪਾਸਪੋਰਟ ਬਣਵਾ ਕੇ ਕੈਨੇਡਾ ਰਹਿੰਦੀ ਭੂਆ ਜੀ ਰਣਜੀਤ ਕੌਰ ਕੋਲ਼ ਪਹੁੰਚ ਗਏ। ਉਥੇ ਉਹ ਲੱਗਭੱਗ ਇੱਕ ਸਾਲ ਰਹੇ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰ ਘੁੰਮੇ , ਪਰ ਦਾਣਾ ਪਾਣੀ ਕਹਿ ਲਵੋ ਜਾਂ ਉਨ੍ਹਾਂ ਦਾ ਮਨ ਨਹੀਂ ਲੱਗਿਆ ਉਹ ਵਾਪਸ ਆ ਕੇ ਫਿਰ ਖੇਤੀਬਾੜੀ ਦੇ ਕੰਮ ਆ ਲੱਗੇ ।ਆਉਂਦੇ ਸਾਰ 1982 ਵਿੱਚ ਚਿੱਟਾ ਐਸਕੌਰਟ ਅੰਦਰ ਲਾਈਟਾਂ ਵਾਲਾ ਲਿਆ ਜਿਨ੍ਹਾਂ ਕੁ ਮੈਨੂੰ ਯਾਦ ਹੈ ਉਦੋਂ ਪਿੰਡ ਵਿੱਚ ਇਕੱਠੇ ਹੀ ਕੲੀ ਐਸਕੌਰਟ ਟਰੈਕਟਰ ਆਏ ਸੀ। ਵੀਇਸ ਸਮੇਂ ਚਾਚਾ ਜੀ ਵੀ ਅੱਠਵੀਂ ਪਾਸ ਕਰਕੇ ਸਕੂਲੋਂ ਹਟ ਗਏ ਤੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮ ਵਿੱਚ ਲੱਗ ਗਏ। ਫਿਰ ਟਰੈਕਟਰ ਤੇ ਚੱਲਣ ਵਾਲੀ ਕਣਕ ਕੱਢਣ ਵਾਲ਼ੀ ਡਰੰਮੀ ਲਿਆਂਦੀ ਗਈ।ਉਸ ਸਮੇਂ ਸਾਰੇ ਲੋਕ ਹੱਥੀਂ ਕਣਕ ਵੱਢ ਕੇ ਪਹਿਲਾਂ ਸੱਥਰੀਆਂ ਤੋਂ ਥੱਬੇ ਬਣਾਉਂਦੇ ਫਿਰ ਕੁੱਝ ਦਿਨਾਂ ਬਾਅਦ ਖੇਤ ਵਿੱਚ ਲੱਗਭੱਗ ਅੱਧੇ ਕਿਲੇ ਦੀ ਕਣਕ ਦੀ ਇੱਕ ਮੰਡਲੀ ਲਗਾਉਂਦੇ ਸਨ।ਸਾਰੀ ਕਣਕ ਵੱਢਣ ਤੋਂ ਬਾਅਦ ਅੱਧੇ ਅੱਧੇ ਕਿੱਲੇ ਤੇ ਲੱਗੀਆਂ ਮੰਡਲੀਆਂ ਨੂੰ ਇੱਕ ਜਗ੍ਹਾ ਇਕੱਠੇ ਕਰ ਲੈਂਦੇ ਇਸ ਜਗ੍ਹਾ ਨੂੰ ਪਿੜ ਕਹਿੰਦੇ ਸਨ । ਫਿਰ ਪਿੜ ਵਿੱਚ ਡਰੰਮੀ ਨਾਲ ਕਣਕ ਕੱਢਦੇ।ਇਸ ਸਿਸਟਮ ਵਿੱਚ ਲਗਾਤਾਰ ਸੁਧਾਰ ਹੁੰਦਾ ਗਿਆ ਉਸ ਤੋਂ ਬਾਅਦ ਡਰੰਮੀ ਦੀ ਥਾਂ ਹੜੰਭੇ ਨੇ ਲੈ ਲਈ, ਰਾਮਪੁਰਾ ਫੂਲ ਤੋਂ ਪੰਜਾਬ ਵਾਲਿਆਂ ਦਾ ਬਣਿਆ ਹੜੰਭਾ ਲਿਆਂਦਾ , ਜੋ ਕੰਮ ਨੂੰ ਬਹੁਤ ਤੇਜ਼ੀ ਨਾਲ ਨਬੇੜਦਾ ਸੀ।1988 ਐਸਕੌਰਟ ਟਰੈਕਟਰ ਵੇਚ ਕੇ ਮੈਸੀ ਫਰਗੂਸਨ 245 ਲਿਆਂਦਾ ਗਿਆ ਨਾਲ ਹੀ ਨੌ ਹਲਾਂ ਦੀ ਥਾਂ ਗਿਆਰਾਂ ਹਲ਼ ਬਣਾ ਲੲੇ।1992 ਵਿੱਚ ਦਸਮੇਸ਼ ਵਾਲਿਆਂ ਦਾ ਹੜੰਭਾ ਲਿਆਂਦਾ ਜੋ ਮੈਸੀ ਤੇ ਚਲਦਾ ਸੀ ਕੰਮ ਬਹੁਤ ਹੀ ਤੇਜ਼ੀ ਨਾਲ ਨਿਬੜਦਾ ਸੀ । ਅਸੀਂ ਪਹਿਲੀ ਵਾਰ 1993 ਵਿੱਚ ਕਣਕ ਦੀਆਂ ਭਰੀਆਂ ਬੰਨ੍ਹਣ ਵਾਲਾ ਬਾਣ ਦੇ ਰੱਸੇ ਖ਼ਰੀਦੇ ਜਿਨ੍ਹਾਂ ਨੂੰ ਪਹਿਲਾਂ ਖੇਤ ਪਾਣੀ ਵਾਲੀ ਡਿੱਗੀ ਵਿੱਚ ਭਿਓਂ ਲੈਂਦੇ ਤੇ ਫਿਰ ਦਾਤੀ ਨਾਲ ਵੱਢ ਵੱਢ ਕੇ ਟੋਟੇ ਬਣਾਉਂਦੇ ਹੁਣ ਮੰਡਲੀਆਂ ਇਕੱਠੀਆਂ ਕਰਨ ਦੀ ਥਾਂ ਰੱਸਿਆਂ...

ਨਾਲ ਥਾਂ ਥਾਂ ਤੇ ਕਣਕ ਦੀਆਂ ਭਰੀਆਂ ਬਣਾ ਕੇ ਵਿਚਕਾਰ ਜਿਹੇ ਹੜੰਭਾ ਫਿੱਟ ਕਰ ਲੈਂਦੇ ਤੇ ਆਸੇ ਪਾਸੇ ਤੋਂ ਉਸ ਸੈਂਟਰਲ ਜਗਾ ਤੇ ਭਰੀਆਂ ਚੁੱਕੀ ਆਉਂਦੇ ਤੇ ਤਿੰਨ ਚਾਰ ਬੰਦੇ ਰੁੱਗ ਲਗਾਉਂਦੇ ਇੱਕ ਬੰਦਾ ਦਾਣੇ ਚੁੱਕਣ ਤੇ ਲਗਦਾ ।ਆਪਣੀ ਕਣਕ ਕੱਢਣ ਦੇ ਨਾਲ ਨਾਲ ਹੜੰਭੇ ਨਾਲ ਲੋਕਾਂ ਦੀ ਕਣਕ ਕੱਢਣ ਜਾਣਾ ਟਰੈਕਟਰ ਦੀ ਛਤਰੀ ਨਾਲ ਲਮਕਦੀ ਰੱਸੀ ਨੂੰ ਗੰਢਾਂ ਦੇ ਦੇ ਕੇ ਕਣਕ ਦੇ ਪੀਪੇ ਗਿਣਨੇ ਤੇ ਜਿਹੜਾ ਕਣਕ ਕੱਢਣ ਦਾ ਹਿੱਸਾ ਚਲਦਾ ਹੁੰਦਾ ਉਹ ਪੀਪਾ ਆਪਣੀ ਬੋਰੀ ਵਿੱਚ ਉਲਟਾ ਲੈਣਾ, ਟੋਕੇ ਬਦਲਣੇ , ਟੋਕੇ ਲਵਾਂ ਕੇ ਲਿਆਉਣੇ। ਦਿਨ ਰਾਤ ਇੱਕ ਹੋਰ ਜਾਣੀ। ਇਸੇ ਸਮੇਂ ਦੌਰਾਨ ਮਾਨਸਾ ਸ਼ਹਿਰ ਤੋਂ ਟਰੈਕਟਰ ਦੇ ਅੱਗੇ ਫਿੱਟ ਹੋਣ ਵਾਲ਼ਾ ਕਣਕ ਕੱਟਣ ਵਾਲ਼ਾ ਰੀਪਰ ਲਿਆਂਦਾ ਜਿਸ ਨਾਲ ਕਣਕ ਵੱਢਣ ਦਾ ਕੰਮ ਹੋਰ ਸੌਖਾ ਹੋ ਗਿਆ ਸੀ।
ਪਿਤਾ ਜੀ ਅਤੇ ਚਾਚਾ ਜੀ ਦੀ ਮਿਹਨਤ ਦਾ ਸਿੱਟਾ ਸੀ ਪਹਿਲਾਂ ਦਸ ਕਿੱਲੇ ਨਹਿਰੀ ਅਤੇ ਦਸ ਕਿੱਲੇ ਮੋਟਰ ਦੇ ਪਾਣੀ ਨਾਲ ਸਿੰਜਦੇ ਸਨ।1992 ਤੋਂ ਲੈਕੇ 2000 ਤੱਕ ਅੱਠ ਕਿਲੇ ਹੋਰ ਨਹਿਰੀ ਪਾਣੀ ਵਾਲੇ ਕਰ ਦਿੱਤੇ।
1992 ਵਿੱਚ ਗੁਰਦੁਆਰਾ ਮਾਈ ਵੀਰੋ ਭਾਈ ਭਗਤੂ ਜੀ ਵਿਖੇ ਨੀਵੀਂ ਜਗ੍ਹਾ ਉੱਪਰ ਭਰਤ ਪਾਉਂਣੀ ਸ਼ੁਰੂ ਕੀਤੀ । ਅਸੀਂ ਉਦੋਂ ਆਪਣੇ ਇਲਾਕੇ ਵਿੱਚ ਪਹਿਲੀ ਵਾਰ ਝਿਰੀ ਵਾਲਾ ਖੱਡਾ ਲਗਾਇਆ ਜਿਸ ਉਪਰ ਨਹਿਰੀ ਕੋਠੀ ਤੋਂ ਚੌੜੇ ਗਾਡਰ ਲਿਆ ਕੇ ਰੱਖੇ ਹੋਏ ਸਨ। ਟਰਾਲੀ ਵਾਲਾ ਟਰੈਕਟਰ ਹੇਠਾਂ ਝਿਰੀ ਵਿੱਚ ਟਰਾਲੀ ਲਗਾ ਕੇ ਖੜ ਜਾਂਦਾ ਤੇ ਸਾਡੇ ਮੈਸੀ ਟਰੈਕਟਰ ਮਗਰ ਕਰਾਹਾ ਹੁੰਦਾ ਸੀ। ਮਿੱਟੀ ਨਾਲ ਭਰੇ ਕਰਾਹੇ ਸਮੇਤ ਟਰੈਕਟਰ ਗਾਡਰਾਂ ਤੇ ਚੜ੍ਹਦਾ ਮਿੱਟੀ ਹੇਠਾਂ ਖੜੀ ਟਰਾਲੀ ਵਿੱਚ ਡਿੱਗ ਪੈਂਦੀ ਅੱਜ ਕੱਲ ਤਾਂ ਇਹ ਆਮ ਹੋ ਗੲੇ ਉਦੋਂ ਦੂਰੋਂ ਦੂਰੋਂ ਲੋਕ ਵੇਖਣ ਆਉਂਦੇ ਸਨ।10-12 ਟਰੈਕਟਰ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਭਰਤ ਪਾਈ ਜਾਂਦੇ। ਕਿਉਂਕਿ ਅੱਜ ਦੋ ਮੋਟਰਾਂ ਹਨ, ਨਹਿਰੀ ਤੇ ਟਿਊਬਵੈੱਲ ਦਾ ਪਾਣੀ ਵਾਧੂ ਹੈ, ਨਜ਼ਾਰੇ ਲੈਂਦੇ ਹਾਂ ਨਾਲੇ ਉਹਨਾਂ ਤੁਰ ਗਿਆ ਨੂੰ ਚੇਤੇ ਕਰ ਲੈਂਦੇ ਹਾਂ।
ਥੋਡਾ ਸਾਥ ਬਿਆਨਣ ਲੲੀ,
ਜਿਵੇਂ ਹਾਲੇ ਵੀ ਮਾੜੀ ਜਿਹੀ ਕੱਚ ਬਾਕੀ ਹੈ।
ਇਹ ਸ਼ਾਹੀ ਸ਼ਬਦ, ਨਿਰਾਲੇ ਅੱਖਰ,
ਸੰਦਲੀ ਸਤਰ, ਕਥਾਵਾਂ ਕਿੱਸੇ
ਅੱਜ ਫਿਰ ਮਾਰ ਖਾ ਗਏ। ~ ਰਾਣੀ ਤੱਤ
(ਸਮਰਪਿਤ ਪਿਤਾ ਸਰਦਾਰ ਜਗਵੰਤ ਸਿੰਘ ਅਤੇ ਚਾਚਾ ਸਰਦਾਰ ਬਸੰਤ ਸਿੰਘ ਨੂੰ) ਅਗਲੀ ਬਾਤ ਕੱਲ੍ਹ ਪਾਵਾਂਗੇ।
ਪਰਮਿੰਦਰ ਸਿੰਘ ਸਿੱਧੂ
MD cum Principal
Victorious Convent school
Chak Ram Singh Wala

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)