More Punjabi Kahaniya  Posts
ਬੇਸਿਰੇ ਬਾਘੜ੍ਹ


ਬੇਸਿਰੇ ਬਾਘੜ੍ਹ
***********
“ਸਿਰ ਤੇ ਪੱਲਾ ਲੈ ਕੇ ਬਾਹਰ ਨਿਕਲਿਆ ਕਰ ਕੁੜੀਏ, ਬਾਹਰ ਮੈਲੀਆਂ ਅੱਖਾਂ ਵਾਲੇ, ਇੱਜਤਾਂ ਤਾਰ ਤਾਰ ਕਰਨ ਵਾਲੇ ਬਾਘੜ੍ਹ ਤੁਰੇ ਫਿਰਦੇ ਨੇ ”
“ਚੁਕੰਨੀ ਹੋ ਕੇ ਜਾਣਾ ਹੈ ਬਾਹਰ, ਵੇਖੀ ਕਿਤੇ ਬਾਪ ਦੀ ਪੱਗ ਨੂੰ ਦਾਗ਼ ਨਾਂ ਲੱਗ ਜਾਵੇ!”
ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, ਆਪਣੀ ਇੱਜਤ ਆਪ ਸਾਂਭਣੀ ਆਉਣੀ ਚਾਹੀਦੀ ਹੈ!
ਭਰਾਵਾਂ ਨੂੰ ਸੱਥ ਵਿੱਚ ਛਾਤੀ ਚੌੜੀ ਕਰਕੇ ਤੁਰਨ ਜੋਗਾ ਰਹਿਣ ਦੇਵੀਂ, ਵੇਖੀਂ ਸੰਭਲ ਕੇ ਤੁਰੀ ਮੇਰਾ ਪੁੱਤ,
“ਸਮਾਜ ਵਿੱਚ ਜਿਉਂਦੇ ਲੋਕ ਬਹੁਤ ਘੱਟ ਹਨ ਬਹੁਤੇ ਤਾਂ ਬਿਨਾਂ ਸਿਰਾਂ ਤੋਂ ਹੀ ਤੁਰੇ ਫਿਰਦੇ ਹਨ, ਕਿਸੇ ਦੀ ਇੱਜਤ ਦੀ ਪਰਵਾਹ ਨਹੀਂ ਕਰਦੇ”…
“ਅੱਖਾਂ ਨੀਵੀਆਂ ਕਰਕੇ ਤੁਰਿਆ ਕਰ ਪੁੱਤ, ਮਸ਼ਕਰੀ ਕਰਨ ਵਾਲੇ ਨੂੰ ਪਰਤ ਕੇ ਜਵਾਬ ਨਾਂ ਦੇਵੀਂ, ਪੁੱਤ ਸਮਾਜ ਦੀ ਦਾਤਰੀ ਦੇ ਦੋਹੇ ਪਾਸੇ ਦੰਦੇ ਹੁੰਦੇ ਨੇ”
“ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਹੈ, ਜੇ ਆਪ ਚੰਗੇ ਹੋਵੋ ਤਾਂ ਕੋਈ ਜੁਅਰਤ ਨਹੀਂ ਕਰ ਸਕਦਾ ”
ਬਾਪੂ ਅੰਮੜੀ ਤੇ ਦਾਦੀ ਦੀਆਂ ਇਹ ਨਸੀਹਤਾਂ ਸੁਣਦੀ, ਆਪਣੇ ਮੋਢਿਆਂ ਤੇ ਆਪਣੇ ਮਨ ਤੇ, ਅਤੇ ਆਪਣੇ ਸੰਪੂਰਨ ਵਜੂਦ ਤੇ ਅੰਤਾਂ ਦਾ ਭਾਰ ਚੁਕਦੀ ਮਲੂਕ ਜਿਹੀ ਕਰਮੋ ਬੋਚ ਬੋਚ ਕੇ ਪੈਰ ਧਰਦੀ ਤੁਰਦੀ ਜਾਂਦੀ! ਘਰ ਤੋਂ ਕਾਲਜ ਤੱਕ ਦਾ ਸਫ਼ਰ ਇੰਝ ਲਗਦਾ ਜਿਵੇਂ ਅੱਗ ਦਾ ਦਰਿਆ ਪਾਰ ਕਰਨਾ ਹੋਵੇ, ਤੇ ਕਾਲਜ ਪਹੁੰਚ ਕੇ ਇੰਝ ਵਿਹਾਰ ਕਰਨਾ ਹੁੰਦਾ ਜਿਵੇਂ ਰੇਸ਼ਮ ਦਾ ਕੀੜਾ ਆਪਣੇ ਦੁਆਲੇ ਰੇਸ਼ਮ ਦਾ ਕੋਕੂਨ ਵੱਲ ਲੈਂਦਾ ਹੈ! ਕਾਲਜ ਵਿੱਚ ਦੂਜੇ ਮੁੰਡਿਆਂ ਕੁੜੀਆਂ ਦਾ ਹਸਣਾ ਖੇਡਣਾ, ਬੇਝਿਜਕ ਹੋ ਕੇ ਗੱਲ ਕਰਨਾ ਉਸਨੂੰ ਇੰਝ ਲਗਦਾ ਜਿਵੇਂ ਉਹ ਕਿਸੇ ਹੋਰ ਦੁਨੀਆਂ ਦੇ ਲੋਕ ਹੋਣ, ਕਿਸੇ ਮੁੰਡੇ ਵਲੋਂ ਉਸਨਾਲ ਗੱਲ ਕਰਨ ਦਾ ਸਹਿਜ ਜਿਹਾ ਵਰਤਾਰਾ ਵੀ ਉਸਨੂੰ ਪਹਾੜ ਦੀ ਚੋਟੀ ਸਰ ਕਰਨ ਵਰਗਾ ਲਗਦਾ! ਅਕਸਰ ਉਸਦੇ ਕੰਨਾਂ ਵਿੱਚ ਅਵਾਜ਼ਾਂ ਚੀਕ ਚਿਹਾੜਾ ਪਾਉਂਦੀਆਂ,” ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਹੈ, ਕਿਸ ਗੱਲ ਦਾ ਏਨਾ ਮਾਣ ਹੈ ਇਸਨੂੰ, ਇਸ ਦਾ ਗਰੂਰ ਤੋੜਨਾ ਹੈ, ਏਡੇ ਕਿਹੜੇ ਸੁਰਖ਼ਾਬ ਦੇ ਪਰ ਲੱਗੇ ਨੇ ਇਸਨੂੰ…. ਤੇ ਪਤਾ ਨਹੀਂ ਹੋਰ ਕੀ ਕੀ ਸੁਣਦੀ ਆਪਣੇ ਕੰਨ ਵਲੇਟ, ਨੀਵੀਂ ਪਾਈ ਤੁਰਦੀ ਜਾਂਦੀ!
ਅੱਜ ਫੇਰ ਇੱਕ ਬਾਘੜ੍ਹ ਰਾਹ ਰੋਕ ਕੇ ਖਲੋ ਗਿਆ ਸੀ, ਪਰ ਕਰਮੋ ਨਿਮਾਣੀ ਦੀ ਰੂਹ ਬੋਝਲ ਸੀ, ਉਸਦੇ ਹਰ ਵਰਤਾਰੇ ਤੇ ਅੰਕੁਸ਼ ਸੀਂ, ਉਸਦੀ ਨਜ਼ਰ ਚ ਮਾਪਿਆਂ ਦੀ ਤਰਬੀਅਤ ਦਾ, ਉਸਦੇ ਪਹਿਰਾਵੇ ਚ ਪਿਓ ਦੀ ਪੱਗ ਦਾ, ਉਸਦੀ ਬੋਲੀ ਵਿੱਚ ਮਾਂ ਦੀ ਨਸੀਹਤ ਦਾ ਤੇ ਉਸਦੇ ਸੰਪੂਰਨ ਵਜੂਦ ਵਿੱਚ ਸਮਾਜ ਦੀ ਦਾਤਰੀ ਦਾ..ਤੇ ਇਸ ਦੇ ਉਲਟ, ਉਸ ਬਾਘੜ੍ਹ ਦੀ ਨਜ਼ਰ, ਆਵਾਜ਼ ਤੇ ਹਰਕਤ ਤੇ ਕੋਈ ਅੰਕੁਸ਼ ਨਹੀਂ!
ਕਰਮੋ ਕੀ ਕਰੇ,ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, ਪਰ ਬਾਘੜ੍ਹ ਦੀਆਂ ਹਰਕਤਾਂ ਜੋ ਦੇਖ ਕੇ ਅਣਦੇਖਿਆਂ ਕਰ ਰਹੇ ਸਨ, ਉਹ ਕਿਸੇ ਨਾਂ ਕਿਸੇ ਕਰਮੋ, ਮਿੰਦੋ, ਸੀਰਤ, ਦੇ ਪਿਓ ਭਰਾ ਨੇ, ਜੋ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, ਪਰ ਇਥੇ ਤੇ ਮੌਜੂਦ ਨੇ… ਆਪਣੀ ਧੀ ਭੈਣ ਕੋਲ ਨਹੀਂ ਪਰ ਕਿਸੇ ਦੀ ਧੀ ਭੈਣ ਕੋਲ ਤੇ ਪਹੁੰਚ ਸਕਦੇ ਨੇ? ਉਸਦੇ ਸਿਰ ਤੇ ਸ਼ਫ਼ਕਤ ਦਾ ਹੱਥ ਰੱਖ ਸਕਦੇ ਨੇ, ਜਾ ਧੀਏ ਬੇਖੌਫ ਹੋ ਕੇ ਜਾ ਤੇ ਖੁਲ ਕੇ ਜੀਅ ਤੇਰੀ ਵ੍ਹਆ ਵੱਲ ਕੋਈ ਨਹੀਂ ਵੇਖ ਸਕਦਾ ” ਤੇ ਦੂਜੇ ਹੀ ਪਲ ਸੋਚਦੀ “ਇਹ ਬਾਘੜ੍ਹ ਵੀ ਤਾਂ ਕਿਸੇ ਦੇ ਪਿਓ ਭਰਾ ਤੇ ਪੁੱਤਰ ਹੋਣਗੇ ਇਹਨਾਂ ਦੀ ਕਰਮੋ ਵੀ ਘਰੋਂ ਬਾਹਰ ਜਾਣ ਤੋਂ ਡਰਦੀ ਹੋਵੇਗੀ? ਇਹ...

ਵੀ ਆਪਣੀ ਕਰਮੋ ਨੂੰ ਇਹੀ ਨਸੀਹਤਾਂ ਕਰਦੇ ਹੋਣਗੇ, ਕੀ ਇਹਨਾਂ ਦੀ ਕਰਮੋਂ ਨੂੰ ਵੀ ਡਰ ਲਗਦਾ ਹੋਵੇਗਾ?
ਕੀ ਕਰੇ ਹੁਣ ਕਰਮੋ ਕੀ ਕਰੇ, ਬਾਘੜ੍ਹ ਉਸਦੇ ਡਰ ਨਾਲ ਕੰਬਦੇ ਵਜੂਦ ਤੇ ਹਸ ਰਿਹਾ ਸੀ, ਬਾਪੂ ਦੀ ਪੱਗ ਨੂੰ ਦਾਗ਼ਦਾਰ ਕਰਨਾ ਚਾਹੁੰਦਾ ਸੀਂ, ਤੇ ਉਸ ਚੋਰਾਹੇ ਤੇ ਖੜ੍ਹੇ ਬਾਕੀ ਕਰਮੋਆਂ ਦੇ ਪਿਓ ਭਰਾ ਦਰਸ਼ਕ ਬਣ ਕੇ ਖੜ੍ਹੇ ਸੀ, ਕੋਈ ਬਾਘੜ੍ਹ ਨੂੰ ਰੋਕਣ ਦੀ ਜੁਅਰਤ ਨਹੀਂ ਕਰ ਰਿਹਾ ਸੀ, ਫਿਰ ਕਰਮੋ ਕੀ ਕਰਦੀ, ਪਿਓ ਦੀ ਪੱਗ, ਭਰਾ ਦੀ ਚੌੜੀ ਛਾਤੀ, ਸਮਾਜ ਦੀ ਦਾਤਰੀ ਸਭ ਉਸਨੂੰ ਡਰਾ ਰਹੀਆਂ ਸੀਂ, ਤੇ ਬਾਘੜ੍ਹ ਨੂੰ ਹੋਰ ਤਾਕਤਵਰ ਕਰ ਰਹੀਆਂ ਸੀਂ… ਮਰਦੀ ਕਰਮੋ ਕੀ ਕਰਦੀ, ਉਸਨੇ ਪਿਓ ਦੀ ਪੱਗ ਦਾ ਕਮਰਕੱਸਾ ਕਰ ਲਿਆ, ਮਾਂ ਦੀ ਨਸੀਹਤ ਤੋਂ ਉਲਟ ਬਾਘੜ੍ਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ,ਐਸੀ ਅੱਗ ਵਰਸਾਈ, ਅਗਨ ਭਾਂਬੜ ਮਚਾ ਦਿੱਤੇ, ਤੇ ਸਮਾਜ ਦੀ ਦਾਤਰੀ ਨੂੰ ਪੈਰਾਂ ਵਿੱਚ ਮਿੱਧਕੇ ਬੇਸ਼ਕ ਪੈਰ ਜ਼ਖਮੀ ਕਰ ਲਏ, ਪਰ ਬਾਘੜ੍ਹ ਨੂੰ ਪੂਰੀ ਤਾਕਤ ਨਾਲ ਧੱਕਾ ਮਾਰਿਆ, ਬਾਘੜ੍ਹ ਧਰਾਸ਼ਾਈ ਹੋ ਗਿਆ ਤੇ ਕਰਮੋ ਇੱਕ ਯੋਧੇ ਦੀ ਤਰ੍ਹਾਂ ਧੌਣ ਉੱਚੀ ਕਰਕੇ ਓਥੋਂ ਤੁਰ ਪਈ, ਅੱਜ ਉਸਦੀਆਂ ਅੱਖਾਂ ਵਿੱਚ ਅੰਤਾਂ ਦਾ ਰੋਹ ਤੇ ਆਤਮਵਿਸ਼ਵਾਸ ਸੀਂ, ਉਸਨੇ ਪਿਓ ਦੀ ਪੱਗ ਨੂੰ ਦਾਗ ਲੱਗਣ ਤੋਂ ਬਚਾ ਲਿਆ ਤੇ ਹਾਂ ਹੁਣ ਉਸਦਾ ਭਰਾ ਸੱਥ ਵਿੱਚ ਛਾਤੀ ਚੌੜੀ ਕਰ ਕਰਕੇ ਤੁਰ ਸਕੇਗਾ..ਤੇ ਸਮਾਜ ਦੀ ਦਾਤਰੀ ਖੇਰੂੰ ਖੇਰੂੰ ਹੋ ਕੇ ਨੋਕੀਲੇ ਦੰਦ ਬਣ ਗਈਆਂ, ਤੇ ਸਮਾਜ ਦੀਆਂ ਦੂਜੀਆਂ ਕਰਮੋਆਂ ਦੇ ਪਿਓ ਭਰਾ ਬਾਘੜ੍ਹ ਤੇ ਹੱਸਣਾ ਸ਼ੁਰੂ ਹੋ ਗਏ, ਤੇ ਕੁਝ ਕਹਿਣ ਲੱਗੇ ਸ਼ਾਬਾਸ਼ ਧੀਏ, ਤੇ ਕੰਧਾਂ ਪਿੱਛੇ ਲੁਕ ਕੇ ਖੜ੍ਹੀਆਂ ਬਾਕੀ ਕਰਮੋਆਂ ਨੂੰ ਜਿਵੇਂ ਸੁਖ ਸਾ ਸਾਹ ਆਇਆ ਹੋਵੇ, ਕਹਿ ਰਹੀਆਂ ਸਨ, ਸ਼ਾਬਾਸ਼ ਇਸ ਬਾਘੜ੍ਹ ਨੇ ਬਹੁਤ ਦੁਖੀ ਕਰ ਰੱਖਿਆ ਸੀ, ਅੱਜ ਸਮਝ ਆਈ ਕਿ ਬਾਪੂ ਦਾਦੀ ਤੇ ਮਾਂ ਦੀਆਂ ਨਸੀਹਤਾਂ ਦੇ ਕੁਝ ਗੁੱਝੇ ਭੇਦ ਸੀਂ, ਉਹ ਠੀਕ ਕਹਿੰਦੇ ਸੀਂ ਕਿ ਪਿਓ ਭਰਾ ਹਰ ਜਗ੍ਹਾ ਨਹੀਂ ਪਹੁੰਚ ਸਕਦੇ, ਸਮਾਜ ਵਿੱਚ ਪੈਰ ਪੈਰ ਤੇ ਖੜ੍ਹੇ ਬਾਘੜ੍ਹਾ ਨਾਲ ਦੋ ਦੋ ਹੱਥ ਕਰਨ ਦੀ ਜੁਅਰਤ ਆਪ ਹੀ ਪੈਦਾ ਕਰਨੀ ਪੈਂਦੀ ਹੈ, ਮਾਂ ਠੀਕ ਕਹਿੰਦੀ ਸੀਂ ਕਿ ਆਪਣੀ ਇੱਜਤ ਆਪਣੇ ਹੱਥ ਹੁੰਦੀ ਹੈ, ਪਤਾ ਹੋਣਾ ਚਾਹੀਦਾ ਹੈ ਕਿਵੇਂ ਬਚਾਉਣੀ ਹੈ, ਸਮਾਜ ਦੀ ਦਾਤਰੀ ਦੇ ਦੰਦੇ ਬਾਘੜ ਲਈ ਵੀ ਓਨੇ ਹੀ ਨੋਕੀਲੇ ਨੇ.. ਬਸ ਤੁਹਾਡੀ ਨੀਅਤ ਤੇ ਸਖਸ਼ੀਅਤ ਉੱਚੀ ਹੋਣੀ ਚਾਹੀਦੀ ਹੈ, ਤੇ ਇੱਕ ਗੁੱਝਾ ਭੇਦ ਤੇ ਵਰਤਾਰਾ ਹੋਰ ਵੀ ਸਮਝ ਆਇਆ, ਜੋ ਬਾਪੂ ਅੰਮੜੀ ਤੇ ਦਾਦੀ ਨੇ ਨਹੀਂ ਬਲਕਿ ਇਸ ਸਮਾਜ ਦੇ ਸਕੂਲ ਨੇ ਸਿਖਾਇਆ ਕਿ :
“ਸਰੀਰਾਂ ਦਾ ਜਿਉਣਾ ਤੇ ਜ਼ਮੀਰਾਂ ਦਾ ਜਿਉਣਾ ਦੋ ਵੱਖ ਵੱਖ ਵਰਤਾਰੇ ਨੇ, ਚੰਗੇ ਭਲੇ ਸਰੀਰਾਂ ਵਾਲੇ ਤੰਦਰੁਸਤ ਲੋਕ ਆਪਣੇ ਜ਼ਮੀਰ ਦੀ ਅਰਥੀ ਆਪਣੇ ਹੀ ਮੋਢਿਆਂ ਤੇ ਚੁੱਕੀ ਫਿਰਦੇ ਦੇਖੇ ਨੇ” ਇਸੇ ਲਈ ਉਹ ਇਨਸਾਨ ਨਹੀਂ ਬਲਕਿ ਬੇਸਿਰੇ ਬਾਘੜ੍ਹ ਬਣ ਜਾਂਦੇ ਨੇ, ਇਹ ਬਾਘੜ੍ਹ ਵੀ ਕਿਸੇ ਨਾਂ ਕਿਸੇ ਕਰਮੋ ਦੀ ਕੁੱਖੋਂ ਪੈਦਾ ਹੁੰਦੇ ਨੇ, ਜੋ ਇਹਨਾਂ ਦੀ ਚੰਗੀ ਤਰਬੀਅਤ ਕਰਨਾ ਭੁੱਲ ਜਾਂਦੀ ਹੈ ਤੇ ਜਾਂ ਸ਼ਾਇਦ ਇਹ ਬਾਘੜ੍ਹ ਉਸਦੀ ਸੁਣਦੇ ਹੀ ਨਹੀਂ… ਕਿਉਂਕਿ ਉਹ ਕਰਮੋ ਵੀ ਸ਼ਾਇਦ ਕਿਸੇ ਨਾ ਕਿਸੇ ਅੰਕੁਸ਼ ਦੀ ਜਕੜ ਵਿੱਚ ਹੈ…
ਸੁਰਚਨਾ ਕੌਰ
14-12-2012

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)