ਡੈਡੀ ਦਾ ਕਮੀਜ਼-ਪਜਾਮਾ ਪ੍ਰੈਸ ਕਰਦਿਆਂ ਅਤੇ ਉਹਨਾਂ ਦੀ ਰਕਾਬੀ ਪਾਲਿਸ਼ ਕਰਦਿਆਂ ਬਹੁਤ ਚੰਗਾ ਲੱਗਦਾ ਹੁੰਦਾ ਸੀ। ਬੀਬੀ ਵੀ ਸਾਲ਼ ‘ਚ ਦੋ ਕੁ ਵਾਰੀ, ਉਹ ਵੀ ਕਿਤੇ ਵਾਂਢੇ ਜਾਣ ਵੇਲ਼ੇ, ਆਪਣੇ ਮਲਮਲ ਦੇ ਦੁਪੱਟੇ ‘ਚੋਂ ਵਲ਼ ਕੱਢਣ ਲਈ ਆਖ ਦਿਆ ਕਰਦੀ ਸੀ। ਉਹ ਕਮੀਜ਼-ਪਜਾਮੇ ਅਤੇ ਚੁੰਨੀਆਂ-ਦੁਪੱਟੇ ਕਿਤੇ ਮੌਤ-ਵਾਦੀ ਵਿੱਚ ਗਵਾਚ ਗਏ। ਪਰ ਯਾਦ, ਜ਼ਿਕਰ, ਵਿਰਦ, ਫ਼ਿਕਰ ਚੱਲਦਾ ਰਹਿੰਦਾ ਏ।
ਕੁਝ ਬੰਦੇ ਹੁੰਦੇ ਨੇ ਨਾ? ਜੋ ਮੋਏ ਮਾਪਿਆਂ ਦੇ ਜਨਾਜ਼ੇ ਨੂੰ ਸਾਰੀ ਉਮਰ ਮੋਢਿਆਂ ‘ਤੇ ਚੁੱਕੀ ਰੱਖਦੇ ਨੇ, ਜੋਗੀ ਵਾਂਗ ਗਵਾਚੇ ਲਾਲਾਂ ਲਈ ਮਿੱਟੀ ਫਰੋਲ਼ਦੇ ਰਹਿੰਦੇ ਨੇ।
ਹੁਣ ਜਦੋਂ ਵੇਲ਼ਾ ਹੱਥੋਂ ਖੁੱਸ ਗਿਆ ਏ ਲੱਗਦਾ ਏ, ਆਪਣੀ ਬੇਬੇ-ਬਾਪੂ ਦੇ ਕੋਲ਼ ਬਹਿਣ, ਉਹਨਾਂ ਨਾਲ਼ ਗੱਲਾਂ ਕਰਨ ਅਤੇ ਲੱਤਾਂ ਘੁੱਟਣ ‘ਚ ਜੀਹਨੂੰ ਵੀ ਅਨੰਦ ਆਉਂਦਾ ਏ ਉਹ ਵਡਭਾਗਾ ਏ।
ਮਕਾਨ ਦੀ ਖ਼ੂਬਸੂਰਤੀ ਨੂੰ ਹਰ ਕੋਈ ਸਲਾਹੁੰਦਾ ਹੈ ਪਰ ਜਿੰਨ੍ਹਾਂ ਨੀਹਾਂ ‘ਤੇ ਉਹ ਉੱਸਰਿਆ ਹੁੰਦਾ ਏ ਉਹਨਾਂ ਦਾ ਜ਼ਿਕਰ ਘੱਟ ਹੁੰਦਾ ਏ। ਨੀਹਾਂ ਜ਼ਮੀਨ ‘ਚ ਦਬ ਜਾਂਦੀਆਂ...
ਨੇ, ਦਿਸਦੀਆਂ ਨਹੀਂ ਪਰ ਉਹ ਹੁੰਦੀਆਂ ਜ਼ਰੂਰ ਨੇ।
ਜੇਕਰ ਨੀਹਾਂ ਦੀ ਚਰਚਾ ਚੱਲੇ ਤਾਂ ਸਦਾ ਮਜ਼ਬੂਤੀ ਦੀ ਗੱਲ ਹੁੰਦੀ ਏ।
ਮਾਪੇ ਵੀ ਨੀਹਾਂ ਹਨ ਅਤੇ ਔਲਾਦ ਉਹਨਾਂ ‘ਤੇ ਉੱਸਰਿਆ ਮਕਾਨ। ਉਹ ਧੀਆਂ-ਪੁੱਤਾਂ ਨੂੰ ਪੈਰਾਂ ਸਿਰ ਕਰਕੇ, ਉਹਨਾਂ ਦੀਆਂ ਜੜ੍ਹਾਂ ਲਾ ਕੇ, ਜ਼ਿੰਦਗੀ ਲਈ ਤਿਆਰ ਕਰਕੇ ਅਤੇ ਆਪਣੀਆਂ ਜ਼ਿੰਮੇਦਾਰੀਆਂ ਸੌਂਪ ਕੇ ਆਪ ਰੁਖ਼ਸਤ ਹੋ ਜਾਂਦੇ ਨੇ।
ਉਹ ਦਿਸਣੋਂ ਜ਼ਰੂਰ ਹਟ ਜਾਂਦੇ ਨੇ ਪਰ ਉਹ ਹੁੰਦੇ ਹਨ ਏਥੇ ਹੀ ਨੇੜੇ ਕਿਤੇ, ਸਾਡੀ ਪਿੱਠ ਪਿੱਛੇ, ਸਾਡੇ ਨਾਲ਼-ਨਾਲ਼ ਜਾਂ ਸਾਡੇ ਵਿੱਚ ਈ ਕਿਤੇ ਵਿਦਮਾਨ।
ਉਹ ਮਰ ਕੇ ਵੀ ਨਹੀਂ ਮਰਦੇ।
ਉਹ ਸੱਚੀਂ ਮਰ ਜਾਂਦੇ ਨੇ ਜੇ ਉਹਨਾਂ ਦੇ ਉੱਚੇ ਸੰਸਕਾਰਾਂ, ਮਹਾਨ ਪ੍ਰੰਪਰਾਵਾਂ ਅਤੇ ਫ਼ਲਸਫ਼ਿਆਂ ਨੂੰ ਵਿਸਾਰ ਦਿੱਤਾ ਜਾਵੇ।
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ।