ਰੋਜ਼ਾਨਾ ਵਾਂਗ ਸਵੇਰੇ ਸਵੇਰੇ ਬੱਚਿਆਂ ਨੂੰ ਫੋਨ ਕਰ ਕੇ ਯਾਦ ਕਰਵਾਇਆ ਕਿ ਪਿਆਰੇ ਬੱਚਿਓ ਕਲਾਸ ਜਰੂਰ ਲਗਾਉਣੀ ਹੈ।
ਉਹਨਾਂ ਦੇ ਮਾਂ ਬਾਪ ਤੋਂ ਪੂਰਨ ਭਰੋਸਾ ਲੈ ਕੇ ਮੈਂ ਪੂਰੇ ਸਮੇਂ ਤੇ ਕਲਾਸ ਸ਼ੁਰੂ ਕਰ ਦਿੱਤੀ ।
ਪੰਜ ਮਿੰਟ ਉਡੀਕਣ ਪਿਛੋਂ ਇਕ ਮਾਈ ਦਾ ਲਾਲ ਮੈਦਾਨ ਵਿੱਚ ਆਇਆ ।
ਦੋ ਤਿੰਨ ਮਿੰਟ ਪਿਛੋਂ ਇਕ ਹੋਰ ਜੁੜ ਗਿਆ ਨਾਲ ।
ਉਹਨਾਂ ਨੂੰ ਪੜਾਉਣਾ ਸ਼ੁਰੂ ਕੀਤਾ ।
ਫੇਰ ਤਾਂ ਚਾਰ ਇਕੱਠੇ ਹੀ ਆ ਗਏ ।
ਮਹਾਰਾਜ ਦਾ ਸ਼ੁਕਰ ਕੀਤਾ ।
ਫੇਰ ਸ਼ੁਰੂ ਤੋਂ ਪਾਠ ਪੜਾਉਣਾ ਸ਼ੁਰੂ ਕੀਤਾ ।
ਪੂਰੀ ਮਗਨ ਹੋ ਕੇ “ਤੱਤਾਂ ਦਾ ਵਰਗੀਕਰਨ ” ਪੜਾਉਣਾ ਸ਼ੁਰੂ ਕੀਤਾ ।
ਡਾਬਰਨੀਅਰ ਤਿੱਕੜੀ,ਨਿਊਲੈਂਡ ਦਾ ਅਸ਼ਟਕ ਸਿਧਾਂਤ, ਮੈਂਡਲੀਵ ਦੀ ਆਵਰਤੀ ਸਾਰਣੀ।
ਕਾਪੀ ਤੋਂ ਪੈਨਸਿਲ ਚੁੱਕੀ ਤਾਂ ਦੇਖਿਆ ਕਿ ਚਾਰ ਛੱਡ ਕੇ ਜਾ ਚੁੱਕੇ ਸਨ ।
ਕਹਿੰਦੇ ਹੋਣਗੇ ਕਿ ਅਸੀਂ ਕੀ ਲੈਣਾ ਡਾਬਰਨੀਅਰ ਤੋਂ ।
ਗੋਲੀ ਮਾਰੋ ਮੈਂਡਲੀਵ ਨੂੰ ।
ਤਿੰਨ ਨਾਲ ਸਨ ,ਜਿੰਨਾ ਵੀਡੀਓ ਬੰਦ ਕੀਤੀ ਹੋਈ ਸੀ।
ਮੈਂ ਬੜੀ ਢੀਠਤਾ ਤੇ ਬੇਸ਼ਰਮੀ ਨਾਲ ਪੜਾਉਣਾ...
ਜਾਰੀ ਰੱਖਿਆ ।
ਮੈਨੂੰ ਪਤਾ ਸੀ ਕਿ ਜੇ ਝਿੜਕਿਆ ਤਾਂ ਇਹਨਾਂ ਵੀ ਛੱਡ ਜਾਣਾ ।
ਵੈਸੇ ਸਹੀ ਗੱਲ ਆ ਉਹਨਾਂ ਲੈਣਾ ਵੀ ਕੀ ਆ ਮੈਂਡਲੀਵ ਪੜ ਕੇ ।
ਨੰਬਰ ਤਾ 100% ਆ ਹੀ ਜਾਣਗੇ।
ਭਾਰਤ ਦੇ ਭਵਿੱਖ ਵਾਂਗ ਕੋਈ ਆਸ ਨਾ ਦਿਸਦਿਆਂ ਹੋਇਆ ਵੀ, ਲੋਕਾਂ ਦੇ ਅੰਨੇ ਵਾਹ ਵੋਟਾਂ ਪਾਉਣ ਵਾਂਗ, ਮੈਂ ਵੀ ਪੜਾਉਣਾ ਜਾਰੀ ਰੱਖਿਆ ਹੋਇਆ ਹੈ ਬੱਚੇ ਭਾਵੇਂ ਰਾਜ ਨੇਤਾਵਾਂ ਵਾਂਗੂੰ ਛਲ ਕਪਟ ਕਰੀ ਜਾਣ।
ਕੀ ਕਰੀਏ ਇਥੇ ਜੰਮੇ ਪਲੇ ਹਾਂ, ਆਦੀ ਹੋ ਗਏ ਹਾਂ ਇਸ ਲਾਪਰਵਾਹ ਮਾਹੌਲ ਦੇ ਸਦੀਆਂ ਤੋਂ ।
ਕੱਲ੍ਹ ਨੂੰ ਇਕ ਕਾਲਪਨਿਕ ਆਸ ਦੀ ਕਿਰਨ ਨਾਲ ਫੇਰ ਕਲਾਸ ਲਾਵਾਂ ਗੀ, ਦੇਸ਼ ਦਾ ਭਵਿੱਖ ਸੰਵਾਰਨ ਲਈ, ਜਿਸਦਾ ਹਸ਼ਰ ਮੈਨੂੰ ਪਤਾ ਹੈ ।
ਦੇਖੋ ਕੀ ਬਣਦਾ ਅੱਜ ? ਕੱਲ੍ਹ ਤਾਂ
ਬੜੇ ਬੇਆਬਰੂ ਹੋ ਕਰ ਤੇਰੇ ਕੂਂਚੇ ਸੇ ਨਿਕਲੇ ਹਮ।
ਕਿਰਨ ਪੂਨੀਆ ਬਰਾੜ