“ਰੱਬ ਦੀ ਕਾਰਾਗਿਰੀ।”
ਹੁਣੇਂ-ਹੁਣੇਂ ਮੈਂ ਟਰੈਫਿਕ ਲਾਈਟਾਂ ਤੇ ਖੜਾ ਸੀ, ਕਿਤੇ ਦੂਰੋਂ ਹਵਾ ਵਿੱਚ ਉੱਡਦਾ ਕਿਸੇ ਅਣਜਾਣ ਪੰਛੀ ਦਾ ਸਵਾ ਕੁ ਇੰਚ ਦਾ ਇਹ ਨਿੱਕਾ ਜਿਹਾ ਖੰਭ ਡਰਾਇਵਰ ਸਾਈਡ ਵਾਲੇ ਸ਼ੀਸ਼ੇ ਨਾਲ ਬਾਹਰ ਵਾਲੇ ਪਾਸੇ ਆਣ ਲੱਗਿਆ। ਮੈਂ ਸਹਿਜੇ ਜਿਹੇ ਸ਼ੀਸ਼ਾ ਥੱਲੇ ਕਰਕੇ ਖੰਭ ਫੜ ਕੇ ਗੱਡੀ ਦੇ ਵਿੱਚ ਰੱਖ ਲਿਆ। ਨਾਲ ਦੀ ਗੱਡੀ ਵਾਲਾ ਦੇਖਦਾ ਸੀ, ਸੋਚਦਾ ਹੋਣੈਂ, ਹਿੱਲ ਗਿਆ।
ਮੈਂ ਸੋਚਦਾ ਸੀ,ਕਿ ਇਹ ਨਿੱਕਾ ਜਿਹਾ ਖੰਭ ਕਿਸੇ ਪੰਛੀ ਦੇ ਸਰੀਰ,ਵਜ਼ਨ ਜਾਂ ਤਾਕਤ ਮੁਤਾਬਿਕ ਕਈ ਹਜ਼ਾਰਵਾਂ ਹਿੱਸਾ ਹੋਵੇਗਾ। ਉੜੇ ਜਾਂਦਿਆਂ ਖੁਦ ਪੰਛੀ ਨੂੰ ਵੀ ਟੁੱਟ ਕੇ ਡਿੱਗਦੇ ਦਾ ਪਤਾ ਨਹੀਂ ਲੱਗਾ ਹੋਏਗਾ, ਪਰ ਕਿੰਨੀ ਮਿਹਨਤ ਅਤੇ...
ਕਾਰਾਗਿਰੀ ਕੀਤੀ ਹੈ ਰੱਬ ਨੇਂ ਇਸ ਨਿੱਕੇ ਜਿਹੇ ਪਾਰਟ ਤੇ।
ਇਸੇ ਤਰਾਂ ਅਸੀਂ, ਪੈਰ ਦੇ ਅੰਗੂਠੇ ਤੋਂ ਸਿਰ ਦੇ ਵਾਲਾਂ ਤੱਕ ਇੱਕ-ਇੱਕ ਅੰਗ ਤੇ ਕਿ੍ਸ਼ਮੇਂ ਵਰਗੀ ਕਾਰਾਗਿਰੀ ਅਤੇ “ਜਿਨ ਤੂੰ ਸਾਜ ਸੰਵਾਰ ਸਿੰਗਾਰਿਆ” ਨੂੰ ਭੁੱਲ ਕੇ ਨਿੱਕੀ-ਨਿੱਕੀ ਗੱਲ ਤੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੇ ਹਾਂ। ਸਾਡੀ ਜ਼ਿੰਦਗੀ ਵੀ ਹਵਾ ਵਿੱਚ ਉੱਡਦੇ ਏਸ ਖੰਭ ਵਰਗੀ ਹੈ, ਜਿਸ ਦਾ ਪਤਾ ਨਹੀਂ ਹਵਾ ਦੇ ਕਿਸ ਬੁੱਲੇ ਨਾਲ ਕਿੱਧਰ ਨੂੰ ਜਾਣਾਂ ਹੈ।
ਸਕੱਤਰ ਸਿੰਘ ਸੰਧੂ,
ਸਿਆਟਲ।