ਦਾਦਾ ਕਹਿੰਦਾ ਸੀ ਪੁੱਤਰ ‘ਬਾਣੀ ਕੰਠ ਤੇ ਪੈਸਾ ਗੰਠ’
ਤਾਇਆ ਵੀ ਆਖਦਾ ਸੀ ‘ਭਲਾ ਦੱਸ ਖਾਂ ! ਬੱਚਾ ਸਾਰੀ ਉਮਰ ਕਾਇਦਾ ਹੀ ਚੁੱਕੀ ਫਿਰੇ ਚੰਗਾ ਲੱਗੇਗਾ ? ਨਹੀਂ ਨਾ ? ਤਾਂ ਕਿਉਂ ਨਾ ਚੇਤੇ ਹੀ ਕਰ ਲਿਆ ਜਾਵੇ ?’
ਭਲੇ ਲੋਕ ਸੀ ਭਲਾ ਸਮਾਂ ਸੀ। ਲੋਕ ਭਾਂਵੇਂ ਘੱਟ ਪੜੇ ਸੀ ਪਰ ਗੁੜੇ ਬਹੁਤ ਸੀ। ਉਦੋਂ ਚੀਜਾਂ ਵਿੱਚ ਮਿਲਾਵਟ ਕਰਨ ਵਾਲਾ ਅੱਥਰਾ ਸਮਾਂ ਨਹੀਂ ਸੀ। ਦੁੱਧ ਨੂੰ ਤੇਰਵਾਂ ਰਤਨ ਕਿਹਾ ਜਾਂਦਾ ਸੀ। ਜਦੋਂ ਬੱਚੇ ਦੇ ਡਿਗਣ ਤੇ ਕੀੜੀ ਦਾ ਆਟਾ ਡੁੱਲ ਜਾਇਆ ਕਰਦਾ ਸੀ ਤੇ ਸੱਟ ਜਦੋਂ ਮਾਂ ਦੇ ਫੂਕ ਮਾਰਨ ਤੇ ਈ ਠੀਕ ਹੋ ਜਾਂਦੀ ਸੀ। ਸ਼ਰਧਾ ਅਤੇ ਭਾਵਨਾਵਾਂ ਦੇ ਕੂਲੇ ਕਚੂਰ ਹਰੇ ਨੂੰ, ਥੋਥੇ ਤਰਕ ਦੇ ਢੋਰ ਨੇ ਹਲੇ ਚਰਿਆ ਨਹੀਂ ਸੀ। ਨਫਰਤਾਂ ਦੀ ਗਾਜਰ ਬੂਟੀ ਹਲੇ ਚੁਫੇਰ ਨਹੀਂ ਫੈਲੀ ਸੀ। ਹਿੰਦੂ ਘਰਾਂ ਦਾ ਪਹਿਲਾਂ ਬੱਚਾ ਸਿੱਖ ਸਜਾਇਆ ਜਾਂਦਾ ਸੀ। ਮੁਸਲਿਮ ਵੀਰ ਸਿੱਖਾਂ ਨਾਲ ਬਾਬੇ ਨਾਨਕ ਦਾ ਗੁਰਪੁਰਬ ਰਲ ਕੇ ਮਨਾਉਂਦੇ ਸੀ। ਸਿੱਖ ਇਕਾਦਸ਼ੀ ਤੇ ਛਬੀਲਾਂ ਲਾਉਂਦੇ ਸੀ, ਗੁਰਦੁਆਰਿਆਂ ਵਿੱਚ ਘੜੇ ਅਤੇ ਪੱਖੀਆਂ ਦਾਨ ਕੀਤੇ ਜਾਂਦੇ ਸੀ ਅਤੇ ਈਦ ਤੇ ਰਲ ਬਹਿ ਕੇ ਸੇਵੀਆਂ ਖਾਧੀਆਂ ਜਾਂਦੀਆਂ ਸੀ। ਪਰ ਸਾਰੇ ਧਰਮ ਫੇਰ ਵੀ ਆਪੋ ਆਪਣੀ ਥਾਂ ਸੁਰਖਿਅਤ ਵੱਧ ਫੁਲ ਰਹੇ ਸੀ।
ਉਦੋਂ ਧਾਰਮਿਕ ਅਸਥਾਨਾਂ ‘ਚੋਂ ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਦੀ ਥਾਂ ਅਮ੍ਰਿਤ ਵੇਲੇ ਮਿੱਠੀ ਆਵਾਜ਼ ਆਇਆ ਕਰਦੀ ਸੀ। ਮੰਦਿਰਾਂ ‘ਚੋਂ ਆਰਤੀ ਨਾਲ ਵਜਦੀਆਂ ਟੱਲੀਆਂ …. ਮਸਜਿਦ ‘ਚੋਂ ਆਜ਼ਾਨ …. ਗੁਰਦੁਆਰੇ ‘ਚੋਂ ਰਾਗ ਆਸਾ ਦੀ ਮਿੱਠੀ ਧੁੰਨ ਮੱਲੋਮੱਲੀ ਉਧਰ ਜਾਣ ਲਈ ਮਜਬੂਰ ਕਰ ਦਿੰਦੀ ਸੀ। ਰਾਮ ਨੂੰ ਅੱਲਾਹ ਤੋਂ … ਅਤੇ ਵਾਹਿਗੁਰੂ ਨੂੰ ਰਾਮ ਤੋਂ ਉਦੋਂ ਕੋਈ ਖ਼ਤਰਾ ਨਹੀਂ ਸੀ। ਤਿੰਨੋਂ ਇੱਕ ਦੂਜੇ ਦੇ ਮੋਢੇ ਤੇ ਬਾਹਾਂ ਰੱਖ ਕੇ ਯਸੂ ਦੇ ਘਰ ਵੀ ਗੇੜਾ ਮਾਰ ਆਉਂਦੇ ਸੀ।
ਪਤਾ ਨਹੀਂ ਕਦੋਂ ਤੇ ਕਿਵੇਂ ਦੌਰ ਬਦਲ ਗਿਆ। ਬੱਚਿਆਂ ਲਈ ਅਮ੍ਰਿਤ ਨਾਲ ਭਰੀਆਂ ਛਾਤੀਆਂ ‘ਚੋਂ ਬੱਚਿਆਂ ਨੂੰ ਦੁੱਧ ਪਿਆਉਣ ਨਾਲ ਮਾਵਾਂ ਦੀ ਫਿਗਰ ਖ਼ਰਾਬ ਹੋਣ ਲੱਗ ਪਈ। ਸ਼ੇਰਾਂ ਨਾਲ ਲੜਣ ਵਾਲੇ ਨੰਗ ਧੜੰਗੇ ਮੂੰਹ ਜ਼ੋਰ ਯੋਧੇ ਹਊਇਆਂ ਬਿੱਲੀਆਂ ਤੋਂ ਡਰਨ ਲੱਗ ਪਏ। ਮੈਨੂੰ ਯਾਦ ਏ ਉਨਾਂ ਦਿਨਾਂ ਵਿੱਚ ਵੱਡੇ ਭਰਾ ਦੇ ਨਾਲ ਇੱਕ ਤਬਲਾ ਸਿੱਖਣ ਵਾਲਾ ਦੋਸਤ ਆਖਦਾ ਸੀ ਕਿ ਮੇਰਾ ਦਾਦਾ ਕਹਿੰਦਾ ਏ ਕਿ ਘਰ ਘਰ ਕੰਜਰੀਆਂ ਨੱਚਣਗੀਆਂ। ਉਦੋਂ ਅੰਞਾਣ ਮੱਤ ਵਿੱਚ...
ਅਸੀਂ ਹੱਸ ਪਈਦਾ ਸੀ, ਹਾਸੋਹੀਣੀ ਗੱਲ ਲਗਦੀ ਸੀ ਪਰ ਹੁਣ ਸਮਝ ਲਗਦੀ ਏ ਕਿ ਉਹ ਜ਼ਰੂਰ ਕੋਈ ਅਭਿਆਸੀ ਹੋਣਗੇ ਜੋ ਇਹ ਗੱਲ ਕਹਿ ਰਹੇ ਸੀ। ਅੱਜ ਬਹੁਤਿਆਂ ਘਰਾਂ ਵਿੱਚ ਟੀਵੀ ਜਾਂ ਮੋਬਾਇਲਾਂ ਵਿੱਚ ਅਸ਼ਲੀਲ ਪ੍ਰੋਗਰਾਮਾਂ ਵਿੱਚ ਘਰ ਘਰ ਕੰਜਰੀਆਂ ਹੀ ਨੱਚ ਰਹੀਆਂ ਨੇ, ਬੱਸ ‘ਕੋਈ ਹਰਿਆ ਬੂਟੁ ਰਹਿਓ ਰੀ’ । ਧਰਮ ਇੱਕ ਦੂਜੇ ਦੇ ਕੱਟੜ ਵਿਰੋਧੀ ਹੋ ਗਏ। ਇੱਥੋਂ ਤੱਕ ਕੇ ਗੱਲ ਧਰਮਾਂ ਦੀ ਨਫ਼ਰਤ ਤੋਂ ਵੀ ਅੱਗੇ ਵੱਧ ਕੇ, ਸੰਪ੍ਰਦਾਵਾਂ ਦੇ ਵਖਰੇਵੇਂ ਤੱਕ ਪਹੁੰਚ ਗਈ। ਦੋ ਅਮ੍ਰਿਤਧਾਰੀ ਵੀ ਇੱਕ ਦੂਜੇ ਨੂੰ ਸ਼ੱਕ ਨਾਲ ਵੇਖਦੇ ਨੇ।
ਪੈਸੇ ਅਤੇ ਨਿੱਜੀ ਸਵਾਰਥਾਂ ਦਾ ਅਜਿਹਾ ਝੱਖੜ ਝੁੱਲਿਆ ਏ ਕਿ ਅਸੀਂ ਕਿਵੇਂ … ਕਿਸ ਤਰਾਂ … ਕਿਥੋਂ-ਕਿੱਥੋਂ ਤੇ ਕਿੰਨਾ-ਕਿੰਨਾ ਰਟ ਕੇ … ਪੈਸਾ ‘ਗੰਠ’ ਦੀ ਥਾਂ ‘ਕੰਠ’ ਕਰ ਲਿਐ ਤੇ ਬਾਣੀ ਨੂੰ ‘ਕੰਠ’ ਕਰਨ ਦੀ ਅਤੇ ਮੰਨਣ ਥਾਂ ਸਿਰਫ ਮੱਥਾ ਟੇਕਣ ਅਤੇ ਮਹਿੰਗੇ ਰੁਮਾਲਿਆਂ ਵਿੱਚ ‘ਗੰਠ’ ਕਰ ਦਿੱਤੈ।
ਕਿਉਂਕਿ ਜੇ ਬਾਣੀ ਪੜਾਂਗੇ ਤਾਂ ਮਨ ਨੂੰ ਚੋਟ ਵੱਜੇਗੀ … ਚੋਟ ਵੱਜੇਗੀ ਤਾਂ ਯਾਦ ਹੋ ਜਾਏਗੀ … ਯਾਦ ਹੋ ਜਾਏਗੀ ਤਾਂ ਮਾੜਾ ਕੰਮ ਕਰਦਿਆਂ ਗੁਰੂ ਦੀ ਤੁਕ ਅੱਗੇ ਆ ਕੇ ਖੜ ਜਾਏਗੀ … ਅੱਗੇ ਆ ਕੇ ਖੜ ਜਾਏਗੀ ਤਾਂ ਧਰਮ ਸੰਕਟ ਖੜਾ ਹੋ ਜਾਏਗਾ … ਗੁਰੂ ਦਾ ਕਿਹਾ ਮੰਨਣਾ ਪਏਗਾ ਤੇ ਉਸ ਤੇ ਤੁਰਨਾ ਪਏਗਾ … ਜਾਂ ਕੌੜਾ ਘੁੱਟ ਭਰ ਕੇ ਗੁਰੂ ਵੱਲ ਪਿੱਠ ਕਰ ਕੇ ਪਾਸੇ ਹੋ ਕੇ ਲੰਘਣਾ ਪਏਗਾ, ਜਿਸ ਨਾਲ ਆਤਮਾ ਤੇ ਬੋਝ ਮਹਿਸੂਸ ਹੋਵੇਗਾ। ….. ਸੋ ਸਾਡੇ ਲਈ ਇਹੀ ਸੌਖਾ ਕੰਮ ਏ ਕਿ ਬਾਣੀ ਨੂੰ ਸੋਨੇ ਜੜੇ ਮਹਿੰਗੇ ਰੁਮਾਲਿਆਂ ਵਿੱਚ ‘ਗੰਠ’ ਕਰ ਕੇ ਅੱਗੇ ਵੱਧ ਜਾਇਏ। ਲੋਕਾਈ ਵਿੱਚ ਵੀ ‘ਵਾਹ ਵਾਹ’ ਅਤੇ ਆਪਣਾ ਵੀ ਕੰਮ ਸਰ ਗਿਆ।
ਨਾ ਪੜਾਂਗੇ ਤੇ ਨਾ ਧਰਮ ਸੰਕਟ ਪਏਗਾ ਤੇ ਨਾ ਆਤਮਾ ਤੇ ਬੋਝ ਪਏਗਾ। ਜੀਵਨ ਦਾ ਕੀ ਏ ਦੁਬਾਰਾ ਫੇਰ ਜੂਨਾਂ ਭੋਗ ਕੇ ਜੰਮ ਪਵਾਂਗੇ … ਅੱਗੇ ਬਥੇਰੇ ਬੇਅਰਥ ਗਏ ਇਹ ਵੀ ਚਲਾ ਗਿਆ ਤਾਂ ਕੀ ਏ ???
“ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਬਾਅਦ ‘ਚ ਈ ਪਤਾ ਲਗਦੈ।”
“ਗੁਰਮੀਤ ਸਿੰਘ ਮੀਤ”