ਬਚਪਨ ਦੀ ਗੱਲ ਹੈ…ਮੈੰ ਉਦੋਂ 9 ਸਾਲ ਦੀ ਸੀ… ਅੰਮ੍ਰਿਤਸਰ ਵਿੱਚ ਇੱਕ ਸ਼ਕਸ ਸਨ ਸਰਦਾਰ ਸੋਭਾ ਸਿੰਘ ਜੀ…. ਜਿੰਨਾਂ ਨੇ ਇੱਕ ਧਾਰਮਿਕ ਸਤਸੰਗ ਦਾ ਗਰੁੱਪ ਬਣਾਇਆ ਹੋਇਆ ਸੀ… ਤੇ ਹਫਤੇ ਵਿੱਚ ਕਿਸੇ ਨਾ ਕਿਸੇ ਫਿਕਸ ਦਿਨ ਤੇ ਗਰੁੱਪ ਦੇ ਮੈਂਬਰਾਂ ਵਿੱਚੋਂ ਕਿਸੇ ਨਾ ਕਿਸੇ ਦੇ ਘਰ ਸੁਖਮਨੀ ਸਾਹਿਬ ਦਾ ਪਾਠ ਜਾਂ ਕੀਰਤਨ ਹੋਇਆ ਕਰਦਾ ਸੀ… ਜਿਹੜੇ ਲੋਕ ਪੱਕੇ ਮੈਂਬਰ ਨਹੀਂ ਵੀ ਸਨ, ਉਹ ਵੀ ਆਪਣੇ ਘਰ ਸੋਭਾ ਸਿੰਘ ਜੀ ਦੇ ਗਰੁੱਪ ਦਾ ਪਾਠ ਜਾਂ ਕੀਰਤਨ ਕਰਵਾ ਸਕਦੇ ਸਨ… ਪਰ ਇਸ ਲਈ ਵਾਰੀ ਲੈਣੀ ਪੈਂਦੀ ਸੀ ਤੇ ਇਸ ਕਤਾਰ ਵਿੱਚ ਬੜੇ ਨੰਬਰ ਲੱਗੇ ਰਹਿੰਦੇ ਸਨ… ਸਾਲ – ਡੇਢ ਸਾਲ ਵੀ ਲੱਗ ਜਾਂਦਾ ਸੀ ਨੰਬਰ ਆਣ ਤੇ… ਮੇਰੇ ਦਾਦਾ-ਦਾਦੀ ਜੀ ਪੱਕੇ ਤੌਰ ਤੇ ਦਿੱਲੀਓਂ ਅੰਮ੍ਰਿਤਸਰ ਆ ਗਏ ਤਾਂ ਮੇਰੇ ਦਾਦੀ ਜੀ ਦੀ ਇੱਛਾ ਹੋਈ ਸਰਦਾਰ ਸੋਭਾ ਸਿੰਘ ਦੇ ਗਰੁੱਪ ਦਾ ਸੁਖਮਨੀ ਸਾਹਿਬ ਦਾ ਪਾਠ ਕਰਵਾਣ ਦੀ ਤੇ ਕੀਰਤਨ ਕਰਵਾਣ ਦੀ …ਮੰਮੀ ਆਪ ਤਾਂ ਗਰੁੱਪ ਦੇ ਮੈਂਬਰ ਨਹੀਂ ਸਨ… ਤਾਂ ਵੀ ਓਨਾਂ ਨੇ ਪਤਾ ਕੀਤਾ ਤਾਂ ਇੱਕ ਸਾਲ ਬਾਅਦ ਦਾ ਨੰਬਰ ਲੱਗਾ… ਉਨ੍ਹਾਂ ਦਿਨਾਂ ਵਿੱਚ ਨਾ ਤਾਂ ਕਿੱਟੀਆਂ ਪਾਰਟੀਆਂ ਹੁੰਦੀਆਂ ਸਨ ਤੇ ਨਾ ਹੀ ਬਹੁਤੀਆਂ ਬਰਥਡੇ ਪਾਰਟੀਆਂ… ਘਰਾਂ ਵਿੱਚ ਸਤਸੰਗ ਹੋਣਾ ਹੀ ਕਿਸੇ ਖਾਸ ਤੇ ਸੁਨਹਿਰੇ ਮੌਕੇ ਵਰਗਾ ਹੁੰਦਾ ਸੀ… ਪਾਠ ਦੀ ਵਾਰੀ ਮਿਲਣ ਦੀ ਓਨੀ ਖੁਸ਼ੀ ਮੇਰੇ ਦਾਦੀ ਜੀ ਨੂੰ ਨਹੀਂ ਸੀ ਹੋਈ, ਜਿੰਨੀ ਮੈਨੂੰ ਖੁਸ਼ੀ ਚੜ੍ਹ ਗਈ ਤੇ ਮੈਂ ਪਾਠ ਦੀ ਬੁਕਿੰਗ ਵਾਲੇ ਦਿਨ ਤੋਂ ਹੀ ਆਪਣੇ ਘਰ ਸੋਭਾ ਸਿੰਘ ਜੀ ਦਾ ਪਾਠ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਣ ਲੱਗੀ… ਤੇ ਆਪਣੇ ਘਰ ਏਨੇ ਲੋਕਾਂ ਦਾ ਜਾਂ ਸੰਗਤ ਦਾ ਇਕੱਠਾ ਹੋਣ ਦਾ ਤਸੱਵੁਰ ਮੇਰੇ ਮਨ ਵਿੱਚ ਗੁਦਗੁਦੀ ਕਰਦਾ ਰਹਿੰਦਾ… ਮਸਾਂ-ਮਸਾਂ ਕਰਕੇ ਪਾਠ ਦਾ ਮਹੀਨਾ ਤੇ ਤਰੀਕ ਨੇੜੇ ਆਣ ਲੱਗੀ… ਮੈਂ ਸੋੰਦਿਆਂ-ਜਾਗਦਿਆਂ ਆਪਣੇ ਘਰ ਪਾਠ-ਕੀਰਤਨ ਕਰਕੇ ਰੌਣਕ ਦਾ ਅਹਿਸਾਸ ਕਰਦੀ ਰਹਿੰਦੀ… ਬਾਕੀ ਬੱਚਿਆਂ ਸਾਹਮਣੇ ਪੂਰੀਆਂ ਟੌਹਰਾਂ ਮਾਰਦੀ ਕਿ ਸਾਡੇ ਘਰ ਪਾਠ ਤੇ ਕੀਰਤਨ ਹੋਣ ਜਾ ਰਿਹਾ ਹੈ ….
ਕਰਦੇ-ਕਰਦੇ ਪਾਠ ਦੀ ਤਰੀਕ ਨੇੜੇ ਆ ਗਈ, ਜਿਹੜੀ ਬੁੱਧਵਾਰ ਨੂੰ ਪੈਂਦੀ ਸੀ ਤੇ ਪਾਠ ਦਾ ਸਮਾਂ ਦੁਪਹਿਰ ਤਿੰਨ ਤੋਂ ਸ਼ਾਮ ਪੰਜ ਵਜੇ ਤੱਕ ਦਾ ਹੁੰਦਾ ਸੀ… ਉਸਤੋਂ ਬਾਦ ਘੰਟਾ ਕੁ ਕੀਰਤਨ ਤੇ ਫੇਰ ਸੰਗਤ ਨੂੰ ਚਾਹ-ਪਾਣੀ ਪਿਲਾਇਆ ਜਾਂਦਾ ਸੀ… ਮੇਰੀਆਂ ਦੋ ਭੈਣਾਂ ਮੇਰੇ ਤੋਂ ਵੱਡੀਆਂ ਸਨ, ਪਰ ਮੰਮੀ ਨਾਲ ਬਜਾਰੋਂ ਸੌਦਾ ਲਿਆਉਣ ਦੇ ਸਾਰੇ ਕੰਮ ਮੈਂ ਹੀ ਕਰਦੀ ਸੀ… ਇਸ ਲਈ ਸੱਭ ਤੋਂ ਪਹਿਲੇ ਅਸੀਂ ਸਾਰਿਆਂ ਨੇ ਪਾਠ ਤੋਂ ਬਾਦ ਚਾਹ-ਪਾਣੀ ਦਾ ਮੀਨੂ ਤਿਆਰ ਕੀਤਾ… ਉਨ੍ਹਾਂ ਦਿਨਾਂ ਵਿੱਚ ਪਾਠ ਤੋਂ ਬਾਦ ਖਿਲਾਉਣ-ਪਿਲਾਉਣ ਦੇ ਮੀਨੂ ਵਿੱਚ ਸੱਭ ਤੋਂ ਪਹਿਲਾਂ ਤਾਂ ਪੀਪੇ ਵਾਲੇ ਬਿਸਕੁਟ ਹੁੰਦੇ ਸੀ… ਦੂਜੇ ਨੰਬਰ ਤੇ ਬੂੰਦੀ ਜਾਂ ਵੇਸਣ ਦੇ ਲੱਡੂ ਹੁੰਦੇ… ਛੋਟੀ ਨਮਕੀਨ ਮੱਠੀ ਤੇ ਸਮੋਸੇ ਹੁੰਦੇ.. ਅਸੀਂ ਨਾਲ ਡਰਾਈ ਪੇਠੇ ਦੀ ਮਿਠਾਈ ਵੀ ਐਡ ਕਰ ਦਿੱਤੀ… ਸੰਗਤ ਦੇ ਸਵਾਗਤ ਲਈ ਸਿਕੰਜਵੀਂ ਦਾ ਪ੍ਰੋਗਰਾਮ ਬਣਾਇਆ ਤੇ ਇਸ ਸਾਰੇ ਮੀਨੂ ਦੀ ਪਾਪਾ ਤੋਂ ਅਪਰੂਵਲ ਲਈ ਤੇ ਦੋ ਕੁ ਦਿਨ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ… ਘਰ ਦੀ ਸਾਫ-ਸਫਾਈ ਦਾ ਜ਼ਿੱਮਾ ਮੇਰੀਆਂ ਵੱਡੀਆਂ ਭੈਂਣਾ ਦਾ ਸੀ ਤੇ ਬਜ਼ਾਰ ਦਾ ਹਰੇਕ ਕੰਮ ਮੇਰੇ ਜਿੰਮੇ… ਮੰਮੀ ਮੇਰੇ ਨਾਲ ਜਾ ਕੇ ਦੋ ਬਜ਼ਾਰ ਪਰੇ ਪੈਂਦੇ ਹਲਵਾਈ ਨੂੰ ਸਾਰਾ ਆਰਡਰ ਸਮਝਾ ਆਏ ਤੇ ਮੇਰੀ ਸ਼ਕਲ ਵੀ ਦਿਖਾ ਆਏ ਕਿ ਉਸਦੀ ਦੁਕਾਨ ਦੇ ਸਾਰੇ ਚੱਕਰ ਮੈਂ ਹੀ ਲਗਾਵਾਂਗੀ… ਵਾਪਸੀ ਤੇ ਅਸੀਂ ਬਿਸਕੁਟਾਂ ਵਾਲੀ ਬੇਕਰੀ ਤੇ ਵੀ ਪੀਪਾ ਬਿਸਕੁਟਾਂ ਦਾ ਬਣਵਾਉਣ ਲਈ ਅਗਲੇ ਦਿਨ ਦਾ ਟਾਈਮ ਲਿਆ… ਅਗਲੇ ਦਿਨ ਮੰਗਲਵਾਰ ਨੂੰ ਸਕੂਲ ਤੋਂ ਬਾਦ ਮੈਂ ਬਿਸਕੁਟ ਬਣਵਾਉਣ ਲਈ ਚਲੀ ਗਈ … ਸ਼ਾਮ ਤੱਕ ਬਿਸਕੁਟ ਬਣ ਕੇ ਤਿਆਰ ਸਨ…ਹੁਣ ਅਗਲੇ ਦਿਨ ਬੁੱਧਵਾਰ ਦੀ ਮੈਂਨੂੰ ਸਕੂਲੋਂ ਛੁੱਟੀ ਲੈਣੀ ਪੈਣੀ ਸੀ, ਕਿਓੰਕੇ ਕੰਮ ਢੇਰ ਸਾਰੇ ਸਨ ਕਰਣ ਵਾਲੇ… ਮੈਂ ਸਵੇਰੇ ਹੀ ਜਾ ਕੇ ਹਲਵਾਈ ਨੂੰ ਕਿਰਿਆਨਾ ਬਜ਼ਾਰ ਤੋਂ ਕੱਚਾ ਸਮਾਨ ਲੈ ਕੇ ਪਹੁੰਚਾਇਆ ਤੇ ਹਲਵਾਈ ਨੂੰ ਪ੍ਰਸ਼ਾਦ ਦਾ ਵਧੀਆ ਸਮਾਨ ਤਿਆਰ ਕਰਣ ਲਈ ਕਿਹਾ… ਵਾਪਿਸ ਆ ਕੇ ਗੁਰਦਵਾਰਾ ਸਾਹਿਬ ਤੋਂ ਜ਼ਮੀਨ ਤੇ ਵਿਛਾਉਣ ਲਈ ਦਰੀਆਂ ਤੇ ਚਾਦਰਾਂ ਕਢਵਾਈਆਂ… ਤੇ ਰਿਕਸ਼ਿਆਂ ਤੇ ਲਦਵਾ ਕੇ ਘਰ ਪਹੁੰਚਾਈਆਂ…ਦੁੂਜੇ ਫੇਰੇ ਕੀਰਤਨ ਲਈ...
ਛੈਣੇ, ਲਾਉਡ ਸਪੀਕਰ ਤੇ ਪਾਠ ਲਈ ਗੁੱਟਕੇ ਲੈ ਕੇ ਆਈ… ਹਾਰਮੋਨੀਅਮ ਤੇ ਢੋਲਕੀ ਸਾਨੂੰ ਮਾਸੀ ਜੀ ਦੇ ਘਰੋਂ ਮਿਲ ਗਏ ਸਨ …ਏਨੇ ਵਿੱਚ ਯਾਦ ਆਇਆ ਕਿ ਬਰਤਨਾਂ ਬਾਰੇ ਤਾਂ ਸੋਚਿਆ ਹੀ ਨਹੀਂ ਸੀ… ਉਸੇ ਵੇਲੇ ਗੁਰਦਵਾਰੇ ਤੋਂ ਹੀ ਬਰਤਨ ਕੱਢਵਾਏ ਤੇ ਮੇਡ ਨੂੰ ਉਸਦੇ ਘਰੋਂ ਬੁਲਵਾ ਕੇ ਜਲਦੀ-ਜਲਦੀ ਚੰਗੀ ਤਰਾਂ ਨਾਲ ਧੁਲਵਾ ਕੇ ਮੰਝਿਆ ਉੱਤੇ ਸੁੱਕਣੇ ਪੁਆਏ… ਵਿੱਚ-ਵਿੱਚ ਮੇਰੇ ਤੋਂ ਘਰ ਸੰਗਤ ਆਣ ਦਾ ਚਾਓ ਨਾ ਝੱਲਿਆ ਜਾਂਦਾ ਤੇ ਖਾਸ ਕਰਕੇ ਮੈਂ ਸਰਦਾਰ ਸੋਭਾ ਸਿੰਘ ਜੀ ਨੂੰ ਜਰੂਰ ਵੇਖਣਾ ਚਾਹੰਦੀ ਸੀ, ਜਿੰਨਾ ਦੀ ਏਨਾ ਪ੍ਰੋਗਰਾਮਾਂ ਕਰਕੇ ਏਨੀ ਸੋਭਾ ਸੀ… ਵਿੱਚ-ਵਿੱਚ ਇੱਕ ਦੋ ਚੱਕਰ ਹਲਵਾਈ ਕੋਲੋਂ ਵੀ ਲਗਾਏ ਚੈਕ ਕਰਣ ਲਈ ਕਿ ਆਪਣੇ ਕੰਮ ਦੇ ਨਾਲ-ਨਾਲ ਉਹ ਸਾਡਾ ਆਰਡਰ ਵੀ ਤਿਆਰ ਕਰ ਰਿਹਾ ਸੀ ਕਿ ਨਹੀਂ … ਉਸਨੂੰ ਪ੍ਰੋਗਰਾਮ ਦੇ ਅਨੁਸਾਰ ਦੋ ਵਜੇ ਤੱਕ ਸੁੱਕਾ ਪ੍ਰਸ਼ਾਦ ਤੇ ਸਮੋਸੇ ਚਾਰ ਵਜੇ ਤੱਕ ਤਿਆਰ ਕਰਣ ਦਾ ਕਿਹਾ ਹੋਇਆ ਸੀ…ਪਰ ਉਸਦੀ ਤਿਆਰੀ ਵੇਖ ਕੇ ਸਾਰਾ ਕੰਮ ਢਿੱਲਾ ਲੱਗ ਰਿਹਾ ਸੀ… ਇਸ ਲਈ ਮੈਂ ਹਰ ਘੰਟੇ ਬਾਦ ਉਸ ਕੋਲੋਂ ਚੱਕਰ ਲਗਾ ਕੇ ਆਂਦੀ … ਬਰਫ ਵਾਲੇ ਕੋਲੋਂ ਸਾਈਕਲ ਤੇ ਦੋ ਚੱਕਰ ਲਗਾ ਕੇ ਬਰਫ ਵੀ ਲਿਆਂਦੀ ਤੇ ਮਸਾਂ ਹੀ ਦੋ ਵਜੇ ਤੱਕ ਹਲਵਾਈ ਨੇ ਮੱਠੀਆਂ, ਲੱਡੂ ਤੇ ਪੇਠਾ ਤਿਆਰ ਕਰ ਕੇ ਦਿੱਤੇ ਤੇ ਸਮੋਸੇ ਆਪ ਹੀ ਚਾਰ ਵਜੇ ਤੱਕ ਪਹੁੰਚਾਉਣ ਦਾ ਕਿਹਾ … ਘਰ ਦੋ ਵਜੇ ਤੱਕ ਹੋਰ ਸਾਰੀ ਤਿਆਰੀ ਹੋ ਚੁਕੀ ਸੀ …ਸ਼ਿਕੰਜਵੀ ਦਾ ਟੱਬ ਤਿਆਰ ਕੀਤਾ ਜਾ ਚੁੱਕਾ ਸੀ…ਹੁਣ ਮੇਰੇ ਸਬਰ ਦਾ ਅੰਤ ਹੋਣ ਲੱਗਾ ਤੇ ਲੱਗਦਾ ਕਿ ਕਿਸੇ ਤਰੀਕੇ ਛੇਤੀ ਹੀ ਤਿੰਨ ਵੱਜ ਜਾਣ ਤੇ ਮੈਂ ਸੰਗਤ ਨੂੰ ਸਿਕੰਜਵੀ ਪਿਅਾ ਕੇ ਓਨਾ ਦਾ ਸਵਾਗਤ ਕਰਾਂ..ਮੰਮੀ ਨੇ ਮੈਂਨੂੰ ਰੋਟੀ ਪਾ ਕੇ ਦਿੱਤੀ ਤੇ ਰੋਟੀ ਖਾਣ ਤੋਂ ਬਾਅਦ ਮੈਂਨੂੰ ਇੱਕ ਦਮ ਬੜੀ ਥਕਾਵਟ ਮਹਿਸੂਸ ਹੋਣ ਲੱਗੀ ਤੇ ਮੈਂਨੂੰ ਉਬਾਸੀਆਂ ਤੇ ਉਬਾਸੀਆਂ ਆਣ ਲੱਗੀਆਂ…ਮੰਮੀ ਨੇ ਮੈਂਨੂੰ ਘੰਟਾ ਕੁ ਰੈਸਟ ਕਰਣ ਲਈ ਸੌਣ ਲਈ ਕਿਹਾ… ਮੇਰਾ ਮਨ ਤਾਂ ਬਿਲਕੁਲ ਵੀ ਨਹੀਂ ਸੀ ਸੌਣ ਤੇ ਪਰ ਥਕਾਵਟ ਅੱਗੇ ਮੇਰੀ ਪੇਸ਼ ਨਾ ਗਈ …ਮੈਂ ਮੰਮੀ ਨੂੰ ਬੜਾ ਪੱਕਾ ਕੀਤਾ ਕਿ ਮੈਨੂੰ ਪੋਣੇ ਤਿੰਨ ਵਜੇ ਜਰੂਰ ਉਠਾ ਦੇਣ ਤਾਂਕਿ ਮੈਂ ਨਵੀਂ ਫਰਾਕ ਪਾ ਕੇ ਤਿਆਰ ਹੋ ਸਕਾਂ…ਤੇ ਫੇਰ ਮੈਂ ਸਕਿੰਟਾਂ ਵਿੱਚ ਹੀ ਗੂੜੀ ਨੀਂਦ ਦੀ ਆਗੋਸ਼ ਵਿੱਚ ਜਾ ਬਿਰਾਜੀ…ਉੱਧਰ ਦੂਸਰੇ ਕਮਰੇ ਤੇ ਬਾਹਰ ਦੇ ਵੱਡੇ ਵੇਹੜੇ ਵਿੱਚ ਲਾਊਡਸਪੀਕਰ ਦੀ ਉੱਚੀ ਅਵਾਜ਼ ਵਿੱਚ ਕਦੋਂ ਪਾਠ ਹੋਇਆ, ਕਦੋਂ ਕੀਰਤਨ ਹੋਇਆ ਤੇ ਕਦੋਂ ਸਾਰੀ ਸੰਗਤ ਚਾਹ ਤੇ ਪ੍ਰਸ਼ਾਦ ਗ੍ਰਹਿਣ ਕਰਕੇ ਘਰਾਂ ਨੂੰ ਵਾਪਸ ਵੀ ਚਲੀ ਗਈ, ਮੈਨੂੰ ਬਚਪਨ ਦੀ ਕੁੰਭਕਰਣੀ ਨੀਂਦ ਵਿੱਚ ਕੁੱਝ ਹੋਸ਼ ਨਾ ਰਹੀ…ਵਿੱਚੋਂ ਮੈਨੂੰ ਕਿਸੇ ਨੇ ਉਠਾਣ-ਜਗਾਣ ਲਈ ਵੀ ਕਿਹਾ ਤਾਂ ਮੰਮੀ ਨੇ ਏਹ ਕਹਿ ਕੇ ਮਨਾ ਕਰ ਦਿੱਤਾ ਕਿ ਸੌਣ ਦਿਓ ਵਿਚਾਰੀ ਨੂੰ …ਸਵੇਰ ਦੀ ਭੱਜ-ਭੱਜ ਕੇ ਕੰਮ ਕਰਦੀ ਥੱਕੀ ਪਈ ਹੈ…ਸ਼ਾਮੀ ਸੱਤ ਵਜੇ ਜਦੋਂ ਮੈਨੂੰ ਜਾਗ ਅਾਈ ਤਾਂ ਮੈਂ ਸਾਰਾ ਰੌਣਕ ਮੇਲਾ ਖਤਮ ਹੋਇਆ ਵੇਖ ਕੇ ਰੋਣਹਾਕੀ ਹੋ ਗਈ ਤੇ ਆਪਣੇ ਘਰ ਪਹਿਲੀ ਵਾਰ ਪਾਠ-ਕੀਰਤਨ ਹੁੰਦਾ ਨਾ ਵੇਖ ਸਕੀ..ਮੰਮੀ ਦੀ ਮਮਤਾ ਬੜੀ ਮਹਿੰਗੀ ਪੈ ਗਈ..ਤੇ ਮੈਂ ਰੁੱਸ ਕੇ ਨਾ ਪ੍ਰਸ਼ਾਦ ਖਾਧਾ ਨਾ ਰਾਤ ਦੀ ਰੋਟੀ…ਅਗਲੇ ਦਿਨ ਮੰਮੀ ਨੇ ਜਲਦੀ ਹੀ ਫੇਰ ਸਰਦਾਰ ਸੋਭਾ ਸਿੰਘ ਜੀ ਦਾ ਕੀਰਤਨ ਕਰਵਾਉਣ ਦਾ ਕਹਿ ਕੇ ਮੈਨੂੰ ਮਨਾ ਲਿਆ…ਪਰ ਫੇਰ ਕਦੀ ਵੀ ਸਾਡੇ ਘਰ ਸੋਭਾ ਸਿੰਘ ਜੀ ਦੇ ਗਰੁੱਪ ਦਾ ਕੀਰਤਨ ਨਾ ਹੋ ਸਕਿਆ ਤੇ ਮੈਂ ਹੁਣ ਤੱਕ ਉਸ ਸਮੇਂ ਨੂੰ ਨਾ ਮਾਣ ਸਕਣ ਦਾ ਅਫਸੋਸ ਕਰਦੀ ਹਾਂ … ਇੰਨੀ ਤਿਆਰੀ ਕਰ-ਕਰ ਕੇ ਮੇਰੇ ਕੰਨਾਂ ਵਿੱਚ ਪਾਠ ਦੀ ਜਾਂ ਕਿਸੇ ਵੀ ਸ਼ਬਦ ਦੀ ਇੱਕ ਵੀ ਤੁੱਕ ਨਾ ਪਈ ਤੇ ਨਾ ਹੀ ਮੈਂ ਸੋਭਾ ਸਿੰਘ ਜੀ ਨੂੰ ਵੇਖ ਸਕੀ ਤੇ ਨਾ ਹੀ ਆਈ ਹੋਈ ਸੰਗਤ ਦਾ ਰੌਣਕ ਮੇਲਾ ਹੀ ਵੇਖ ਸਕੀ…ਮੇਰੇ ਸਾਰੇ ਕਜ਼ਨਜ਼ ਇਸ ਮੋੌਕੇ ਦਾ ਪੂਰਾ ਅਨੰਦ ਉਠਾ ਕੇ ਗਏ ਤੇ ਮੈਂ ਸੁੱਤੀ ਹੀ ਰਹਿ ਗਈ…ਅੱਜ ਵੀ ਓਹ ਉਤਸੁਕਤਾ ਮੈਨੂੰ ਬੜੀ ਖੱਲਦੀ ਵੀ ਹੈ ਤੇ ਮੈੰ ਯਾਦ ਕਰਕੇ ਹੱਸਦੀ ਵੀ ਹਾਂ …
✍ਗੁਰਮੀਤ ਸਚਦੇਵਾ