More Punjabi Kahaniya  Posts
ਆਖ਼ਰੀ ਮਿਲਣੀ


ਆਖ਼ਰੀ ਮਿਲਣੀ”
ਅੱਜ ਮਹਿੰਦਰ ਸਿੰਘ ਲੰਬੜ ਦਾ ਭੋਗ ਤੇ ਅੰਤਿਮ ਅਰਦਾਸ ਸੀ।ਸਾਰਾ ਪਿੰਡ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਢੁੱਕੇ ਹੋਏ ਸਨ ।ਇਹ ਸੱਭ ਦੇਖ ਕੇ ਮੇਰੀ ਸੋਚ ਉਡਾਰੀ ਮਾਰ ਕੇ 30-35 ਸਾਲ ਪਿੱਛੇ ਪਹੁੰਚ ਗਈ। ਉਦੋਂ ਮਹਿੰਦਰ ਸਿੰਘ ਲੰਬੜ ਜਵਾਨ ਤੇ ਬਹੁਤ ਹੀ ਮਿਹਨਤੀ ਕਿਸਾਨ ਸੀ,ਉਸਦੇ ਦੋਨੋਂ ਮੁੰਡੇ ਪੜ੍ਹੇ ਤਾਂ ਨਹੀਂ ਸਨ ਪਰ ਆਪਣੇ ਪਿਓ ਨਾਲ਼ ਖੇਤਾਂ ਵਿੱਚ ਸਖ਼ਤ ਮਿਹਨਤ ਕਰਦੇ ਸਨ। ਉਸਨੇ ਆਪਣੇ ਵੱਡੇ ਪੁੱਤਰ ਜੀਤੇ ਦਾ ਵਿਆਹ ਕਰ ਦਿੱਤਾ । ਉਸਦੀ ਪਤਨੀ ਕਰਤਾਰ ਕੌਰ ਵੀ ਕੰਮਕਾਰ ਵਿੱਚ ਫੁਰਤੀਲੀ ਸੀ। ਸਮੇਂ ਸਿਰ ਖੇਤ ਵਿੱਚ ਰੋਟੀ ਪਾਣੀ ਪਹੁੰਚਾ ਦਿੰਦੀ ਸੀ। ਸਾਰੇ ਪਸ਼ੂਆਂ ਦਾ ਗੋਹਾ ਕੂੜਾ ਆਪ ਹੀ ਕਰਦੀ । ਉਪਰ ਥਲ਼ੀ ਉਸਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ । ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਆਪਣੇ ਦੋਨਾਂ ਪੋਤਰਿਆਂ ਨਾਲ਼ ਮਹਿੰਦਰ ਸਿੰਘ ਤੇ ਉਸਦੀ ਪਤਨੀ ਜੋਗਿੰਦਰ ਕੌਰ ਦਾ ਬਹੁਤ ਮੋਹ ਸੀ । ਮਹਿੰਦਰ ਸਿੰਘ ਦਾ ਛੋਟੇ ਪੁੱਤਰ ਵੀ ਵਿਆਹਿਆ ਗਿਆ। ਘੁੱਗ ਵਸਦਾ ਪਰਿਵਾਰ ਸੀ ਉਹਨਾਂ ਦਾ । ਸਾਰੇ ਪਿੰਡ ਵਿੱਚ ਠੁੱਕ ਵੱਜਦੀ ਸੀ । ਪਿੰਡ ਦੇ ਮੋਹਰੀ ਬੰਦਿਆਂ “ਚ ਨਾਂ ਬੋਲਦਾ ਸੀ ਲੰਬਰਦਾਰਾਂ ਦਾ। ਵੇਖਦੇ ਵੇਖਦੇ ਮਹਿੰਦਰ ਸਿੰਘ ਦੇ ਦੋਨੋਂ ਮੁੰਡੇ ਬਾਹਰ ਚਲੇ ਗਏ।ਛੋਟਾ ਇਟਲੀ ‘ਚ ਤੇ ਵੱਡਾ ਜੀਤਾ ਇੰਗਲੈਂਡ । ਛੋਟਾ ਤਾਂ ਇਟਲੀ “ਚ ਪੱਕਾ ਹੋ ਗਿਆ ਪਰ ਜੀਤਾ ਇੰਗਲੈਂਡ “ਚ ਪੱਕਾ ਨਾ ਹੋਇਆ । ਸਾਰੀ ਉਮਰ ਕਰਤਾਰ ਕੌਰ ਨੇ ਵੀ ਬਹੁਤ ਕੰਮ ਕੀਤਾ ।ਆਪਣੇ ਸੱਸ ਸਹੁਰੇ ਦੀ ਬਹੁਤ ਸੇਵਾ ਕੀਤੀ ਤੇ ਆਪਣੇ ਬੱਚਿਆਂ ਨੂੰ ਵੀ ਪਾਲਿਆ । ਉਸਦੀ ਸਾਰੀ ਜਵਾਨੀ ਆਪਣੇ ਪਤੀ ਦੇ ਵਾਪਸ ਆਉਣ ਦੀ ਆਸ ਵਿੱਚ ਬੀਤ ਗਈ । ਪਰ ਆਪਣੇ ਬੱਚਿਆਂ ਨੂੰ ਵੇਖ ਕੇ ਪਤੀ ਦਾ ਵਿਛੋੜਾ ਕੁਝ ਸਮੇਂ ਲਈ ਭੁੱਲ ਜਾਂਦੀ। ਪੈਸੇ ਦੀ ਘਰ ਵਿੱਚ ਕੋਈ ਕਮੀ ਨਹੀਂ ਸੀ। ਮਹਿੰਦਰ ਸਿੰਘ ਦਾ ਛੋਟਾ ਮੁੰਡਾ ਆਪਣੇ ਪਰਿਵਾਰ ਨਾਲ਼ ਇਟਲੀ ਹੀ ਰਹਿ ਰਿਹਾ ਸੀ। ਜੀਤਾ ਕੰਮ ਕਰ ਕਰ ਕੇ ਪੈਸੇ ਭੇਜੀ ਜਾ ਰਿਹਾ ਸੀ। ਘਰ ਵਿੱਚ ਲਹਿਰਾਂ ਬਹਿਰਾਂ ਸਨ । ਮਹਿੰਦਰ ਸਿੰਘ ਨੇ ਕਹਿੰਦੀ ਕਹਾਉਂਦੀ ਕੋਠੀ ਪਾਈ ਸਾਰੇ ਪਿੰਡ ਤੇ ਸਕੀਰੀਆਂ ਨੂੰ ਪਾਠ ਤੇ ਬੁਲਾ ਕੇ ਕੋਠੀ ਦੀ ਚੱਠ ਕੀਤੀ । ਸਮਾਂ ਬੀਤਦਾ ਗਿਆ। ਜੀਤੇ ਦਾ ਕਹਿਣਾ ਸੀ ਕਿ ਉਹ ਪੱਕਾ ਹੋ ਕੇ ਹੀ ਵਾਪਸ ਆਵੇਗਾ ।ਜੀਤੇ ਦੇ ਦੋਨੋਂ ਪੁੱਤਰ ਵੀ ਵਿਆਹੇ ਗਏ ਪਰ ਜੀਤਾ ਆਪ ਕਦੇ ਆਪਣੇ...

ਪਰਿਵਾਰ ਕੋਲ਼ ਵਾਪਸ ਨਾ ਮੁੜਿਆ । ਜੀਤਾ ਪੋਤਰੇ ਪੋਤਰੀਆਂ ਵਾਲ਼ਾ ਵੀ ਹੋ ਗਿਆ ਸੀ। ਮਹਿੰਦਰ ਸਿੰਘ ਹੁਣ ਬੁੱਢਾ ਹੋ ਚੁੱਕਾ ਸੀ । ਉਸਦੇ ਪੋਤੇ ਮਿਲ਼ ਕੇ ਖੇਤੀਬਾੜੀ ਕਰ ਰਹੇ ਸਨ। ਜਦੋਂ ਕਰਤਾਰ ਕੌਰ ਆਪਣੇ ਨੂੰਹਾਂ ਪੁੱਤਾਂ ਨੂੰ ਦੇਖਦੀ ਤਾਂ ਆਪਣੇ ਬਾਰੇ ਸੋਚ ਕੇ ਹਉਕਾ ਭਰਦੀ ਤੇ ਆਪਣੀ ਜਵਾਨੀ ਤੋਂ ਬੁਢਾਪੇ ਤੱਕ ਦਾ ਸਫ਼ਰ ਉਸਦੀਆਂ ਅੱਖਾਂ ਸਾਹਮਣੇ ਰੀਲ ਵਾਂਗ਼ ਘੁੰਮ ਜਾਂਦਾ । ਇੱਕ ਦਿਨ ਜੀਤੇ ਦਾ ਫ਼ੋਨ ਆਇਆ ਕਿ ਉਹ ਪੱਕਾ ਹੋ ਗਿਆ ਆ । ਹੁਣ ਉਸਦਾ ਆਉਣਾ ਜਾਣਾ ਖੁੱਲ੍ਹ ਗਿਆ ਸੀ । ਉਸਨੇ ਜਲਦੀ ਟਿਕਟ ਲਈ ਤੇ ਆਉਣ ਲਈ ਤਿਆਰ ਹੋ ਗਿਆ। ਏਨੇ ਵਰ੍ਹੇ ਬੀਤਣ ਤੋਂ ਬਾਦ ਆਖ਼ਰ ਜੀਤਾ ਆਪਣੇ ਦੇਸ਼, ਘਰ ਤੇ ਪਰਿਵਾਰ ਵਿੱਚ ਵਾਪਸ ਆ ਰਿਹਾ ਸੀ। ਸ਼ਾਇਦ ਪੈਸੇ ਦਾ ਲਾਲਚ ਢੱਲ਼ਦੀ ਉਮਰ ਦੇ ਅੱਗੇ ਦਮ ਤੋੜ ਚੁੱਕਾ ਸੀ । ਘਰ ਵਿੱਚ ਵਿਆਹ ਵਰਗਾ ਮਾਹੌਲ ਸੀ। ਸਾਰੀ ਕੋਠੀ ਨੂੰ ਦੁਲਹਨ ਵਾਂਗ ਸਜਾਇਆ ਗਿਆ । ਘਰ ਦਾ ਹਰ ਮੈਂਬਰ ਖੁਸ਼ ਸੀ । ਮਾਂ ਪਿਓ ਆਪਣੇ ਪੁੱਤਰ ਨੂੰ ਮਿਲਣ ਲਈ,ਬੱਚੇ ਆਪਣੇ ਪਿਓ ਨੂੰ ਮਿਲਣ ਲਈ ਕਾਹਲ਼ੇ ਸਨ ਤੇ ਉਸਦੀ ਪਤਨੀ ਨੂੰ ਲੱਗ ਰਿਹਾ ਸੀ ਜਿਵੇਂ ਉਸਦਾ ਬਣਵਾਸ ਅੱਜ ਖਤਮ ਹੋ ਰਿਹਾ ਸੀ । ਸਾਰੇ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ । ਜੀਤੇ ਦਾ ਫ਼ੋਨ ਆਇਆ ਬਸ ਦੋ ਘੰਟੇ ਤੱਕ ਉਸਨੇ ਘਰ ਪੁੱਜ ਜਾਣਾ ਹੈ। ਅਚਾਨਕ ਮਹਿੰਦਰ ਸਿੰਘ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਈ ਤਾਂ ਪੋਤ ਨੂੰਹਾਂ ਨੇ ਜਲਦੀ ਪਾਣੀ ਪਿਲਾਇਆ ਪਰ ਮਹਿੰਦਰ ਸਿੰਘ ਦੀ ਸਿਹਤ ਹੋਰ ਵਿਗੜਦੀ ਗਈ। ਦੇਖਦੇ ਦੇਖਦੇ ਮਹਿੰਦਰ ਸਿੰਘ ਦੇ
ਪ੍ਰਾਣ ਪੰਖੇਰੂ ਉੱਡ ਗਏ । ਜਿੱਥੇ ਪਹਿਲਾਂ ਵਿਆਹ ਵਰਗਾ ਮਾਹੌਲ ਉੱਥੇ ਗੀਤਾਂ ਦੀ ਜਗ੍ਹਾ ਕੀਰਨਿਆਂ ਨੇ ਲੈ ਲਈ। ਮਹਿੰਦਰ ਸਿੰਘ ਬਜ਼ੁਰਗ ਸੀ ਉਹਦੀ ਉਮਰ ਹੋ ਚੁੱਕੀ ਸੀ ਜਾਣ ਦੀ ਪਰ ਸੱਭ ਨੂੰ ਦੁੱਖ ਇਸ ਗੱਲ ਦਾ ਸੀ ਕਿ ਉਹ ਜਾਂਦੀ ਵਾਰ ਆਪਣੇ ਪੁੱਤਰ ਨੂੰ ਵੀ ਦੇਖ ਨਾ ਸਕਿਆ । ਪਰ ਕਿਸੇ ਨੂੰ ਕੀ ਪਤਾ ਸੀ ਕਿ ਤੀਹ ਸਾਲ ਪਹਿਲਾਂ ਹੋਈ ਪਿਓ ਪੁੱਤਰ ਦੀ ਮਿਲਣੀ ਹੀ ਆਖਰੀ ਮਿਲਣੀ ਸੀ ।
ਕਿਰਨ ਸੰਧੂ
12 ਜੂਨ 2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)