More Punjabi Kahaniya  Posts
ਭਟਕਣਾ ਦੀ ਦੌੜ


ਬਚਪਨ ਵਿੱਚ ਭੱਜੇ ਜਾਂਦੇ ਜੁਆਕਾਂ ਨੇ ਠੇਢਾ ਖਾ ਕੇ ਡਿੱਗ ਪੈਣਾ ਤਾਂ ਦਾਦੀਆਂ , ਨਾਨੀਆਂ ਨੇ ਕਹਿਣਾ “ਹਾਏ ਬੱਬਾ (ਰੱਬਾ)ਕੀੜੀ ਦਾ ਆਟਾ ਡੁੱਲ੍ਹ ਗਿਆ “
ਜਵਾਕਾਂ ਨੇ ਨੇ ਫੌਰੀ ਚੁੱਪ ਕਰ ਜਾਣਾ ਤੇ ਕੀੜੀ ਲੱਭਣ ਲੱਗ ਜਾਣਾ ।
ਉਦੋਂ ਵਿਹੜੇ ਕੱਚੇ ਹੋਣ ਕਰਕੇ ਠੇਡੇ ਵੀ ਲੱਗਦੇ ਰਹਿੰਦੇ ਸਨ ਤੇ ਜੇ ਜੁਆਕਾਂ ਨੇ ਕੀੜੇ-ਕੀੜੀਆਂ ਹੱਥਾਂ ਨਾਲ ਮਾਰ ਦੇਣੇ ਤਾਂ ਦਾਦੀਆਂ ਨੇ ਕਹਿਣਾ , “ਨਾ ਪੁੱਤ , ਕੀੜ੍ਹੇ-ਕੀੜੀਆਂ ਨੂੰ ਨੀਂ ਮਾਰੀਦਾ ਹੁੰਦਾ , ਪਾਪ ਲੱਗਦਾ !
ਰੱਬ ਦੇ ਜੀਅ ਐ .. ! “
ਉਦੋਂ ਤੋਂ ਪਾਪ ਅਤੇ ਪੁੰਨ ਦੇ ਪੂਰਨੇ ਬਚਪਨ ਦੇ ਕੋਰਿਆਂ ਵਰਕਿਆਂ ਤੇ ਪਾਏ ਜਾਂਦੇ ਸਨ ਤੇ ਵੱਡੇ ਹੋਣ ਤੱਕ ਉਹ ਆਦਤਾਂ ਦੇ ਰੂਪ ਵਿੱਚ ਪੱਕ ਜਾਂਦੇ ਸਨ ।
(ਕਿਸੇ ਨਾਲ ਸ਼ਪੈਸ਼ਲ ਮੱਥਾ ਨਹੀਂ ਖਪਾਉਣਾ ਪੈਂਦਾ ਸੀ ਚੰਗਾ ਸਿਖਾਉਣ ਲਈ ।)
ਜੇ ਕਿਸੇ ਗਰੀਬ ਮੰਗਤੇ ਨੇ ਰੋਟੀ ਲੈਣ ਆ ਜਾਣਾ ਤਾਂ ਪਹਿਲਾਂ ਇਹ ਗੱਲ ਸੁਣਨੀ , “ਕੁੜ੍ਹੇ ਵਿਚਾਰੇ ਨੂੰ ਰੋਟੀ ਫੜਾਓ , ਪੁੰਨ ਲੱਗੂਗਾ .. ਬੰਦਾ ਸੀਸਾਂ ਦਾ ਖੱਟਿਆ ਖਾਂਦਾ “
ਹਰੇਕ ਘਰਾਂ ਵਿੱਚ ਕੁੱਤਾ, ਬਿੱਲੀਆਂ , ਚਿੜੀਆਂ , ਪਾਲਤੂ ਪੰਛੀ ਜਾਨਵਰ ਆਮ ਸਨ ।
ਬਿੱਲੀ ਦੇ ਬਲੂੰਗੜਿਆਂ ਨੂੰ ਕਦੇ ਦਾਦੀ ਕੌਲੀ ਵਿੱਚ ਦੁੱਧ ਪਾ ਕੇ ਧਰਦੀ ਨਜ਼ਰ ਆਉਂਦੀ ,
ਕਦੇ ਬਿੱਲ਼ੀ ਦੇ ਵਲੂੰਧਰੇ ਪੰਛੀ ..ਸਹਿਕਦੇ ਹੋਏ ਸਬਾਤਾਂ ਵਿੱਚੋਂ ਲੱਭ ਜਾਂਦੇ ਤਾਂ ਦਾਦੀਆਂ , ਮਾਵਾਂ ਹਲਦੀ ਤੇ ਸਰੋਂ ਦਾ ਤੇਲ ਲਾਉਦੀਆਂ ਫਿਰਦੀਆਂ .. ਨਾਲੇ ਕਹਿੰਦੀਆਂ , “ਵਾਖਰੂ ਇਹਨਾਂ ਦੇ ਕਿਹੜਾ ਮਾਂ ਨੇ ਪੱਟੀ ਕਰ ਦੇਣੀ ਐ , ਵਿਚਾਰੇ ਪੀੜ ਨਾਲ ਮਰਦੇ ਹੋਣੇ ਐ ਰੱਬ ਦੇ ਜੀਅ ,
ਜੀਅ ਦਇਆ ਪ੍ਰਵਾਨ ਹੋਣੀ ਐ ਅੰਤ “
ਕਹਿ ਕੇ ਟੋਕਰੇ ਹੇਠ ਤਾੜ ਦੇਣਾ ਤੇ ਨਾਲ ਚੋਗ ਤੇ ਪਾਣੀ ਰੱਖ ਦੇਣਾ ।
ਇੱਕ ਤੰਦੂਰ ਤੇ ਕਈ ਘਰਾਂ ਦੀਆਂ ਰੋਟੀਆਂ ਦਾ ਪੱਕਣਾ ਆਮ ਜਿਹੀ ਗੱਲ ਸੀ ਨਾ ਬਾਲਣ ਦਾ ਹਿਸਾਬ ਕਰਨਾ ਤੇ ਨਾ ਕੀਹਨੇ ਕੀਹਦੀਆਂ ਪਕਾ ਦਿੱਤੀਆਂ ਇਹ ਸੋਚਣਾ ,
ਦੁਆਲੇ ਫਿਰਦੇ ਜੁਆਕਾਂ ਨੇ ਆਂਢ ਗੁਆਂਢ ਨਾਲ ਸਬਜ਼ੀ ਵਟਾ ਕੇ ਰੋਟੀ ਖਾ ਲੈਣੀ .. !!
ਘਰ ਵਿੱਚ ਆਈ ਥੋੜ੍ਹੀ ਵੀ ਚੀਜ਼ ਸਾਰਿਆਂ ਵਿੱਚ ਬਰਾਬਰ ਵੰਡ ਕੇ ਖਾਣੀ ਜਿਹੜੀ ਬੱਚਿਆਂ ਨੂੰ ਸਿਦਕਵਾਨ ਬਣਾਉਂਦੀ ਸੀ ਤੇ ਥੋੜ੍ਹੀ ਚੀਜ਼ ਵੀ ਸਬਰ ਪ੍ਰਦਾਨ ਕਰਦੀ ਸੀ ਅੱਜਕੱਲ੍ਹ ਹਰ ਘਰ ਵਿੱਚ ਖਾਣ ਵਾਲੇ ਬੇਸ਼ੁਮਾਰ ਪਦਾਰਥ ਨੀਤ੍ਹਾਂ ਭੁੱਖੀਆਂ ਦੀ ਬਾਤ ਪਾਉਂਦੇ ਹਨ ਕਿਉਕੇ ਘਰ ਵਿੱਚ ਬੈਠੇ ਬਜੁਰਗਾਂ ਤੋਂ ਉਹਲੇ ਕੀਤੇ ਜਾਂਦੇ ਹਨ …।
ਅਨਪੜ੍ਹ ਹੋਣ ਦੇ ਬਾਵਜੂਦ ਵੀ ਰੱਬ ਨੂੰ ਹਰ ਜਗ੍ਹਾ ਮੌਜੂਦ ਸਮਝਦੇ ਸਨ ਤੇ ਹਮਦਰਦੀ ਭਰੇ ਲਹਿਜੇ ਨਾਲ ਹਮੇਸ਼ਾ ਵਿਚਰਦੇ ।
ਪਿੰਡ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਹੋਣਾ ਤਾਂ ਸਭ ਨੇ ਆਪੋ ਆਪਣੇ ਘਰੋਂ ਸੂਟ ਬਿਸਤਰਾ ਦੇ ਕੇ ਆਉਣਾ ਤੇ ਕਹਿਣਾ
” ਧੀ ਧਿਆਣੀ ਐ , ਪੁੰਨ ਲੱਗੂਗਾ .. ! “
ਜੇ ਕਿਸੇ ਦੇ ਘਰ ਦੁੱਧ ਨਾ ਹੋਣਾ ਤਾਂ ਜਿੰਨਾ ਚਿਰ ਅਗਲੇ ਘਰ ਲਵੇਰਾ ਨਾ ਹੋ ਜਾਣਾ ਫਰੀ ਦੁੱਧ ਦੇਣਾ ਤੇ ਕਹਿਣਾ “ਵੰਡ ਕੇ ਖਾਣਾ ਚਾਹੀਦਾ , ਨੀਤ ਤਾਂ ਰੱਜਣੀਂ ਨੀਂ !
“ਰੱਬ ਦੀ ਡੈਰੀ ਚ ਤਾ ਸਾਬ੍ਹ ਹੋਉਗਾ ਈ ਚੰਗੇ ਕੰਮਾਂ ਦਾ “
ਲੰੜਵੰਦ ਬਜ਼ੁਰਗ ਦੇ ਘਰ ਰੱਬਤਰਸੀ ਕਰ ਦੋ ਵੇਲੇ ਰੋਟੀ ਭੇਜਣੀ ਤੇ ਕਹਿਣਾ “ਕੀ ਪਤਾ ਰੱਬ , ਕੀਹਦੇ ਭਾਗਾਂ ਦਾ ਦਿੰਦਾ ਐ , ਦਾਣੇ ਦਾਣੇ ਤੇ ਮੋਰ੍ਹ ਹੁੰਦੀ ਐ ! “ ਅਸੀਂ ਕੌਣ ਆਂ ਇਹਨਾਂ ਨੂੰ ਖਵਾਉਣ ਵਾਲੇ ਇਹ ਤਾਂ ਆਵਦੇ ਭਾਗਾਂ ਦਾ ਖਾਂਦੇ ਆ .. “
(ਅੱਜ ਵਾਂਗ ਮੈਂ ਮੈਂ ਨਹੀਂ ਸੀ ਹੁੰਦੀ )
ਪੰਛੀਆਂ ਨੂੰ ਚੋਗ ਖਿਲ੍ਹਾਰਨਾਂ, ਕੀੜਿਆਂ ਦੇ ਭੌਣ ਤੇ ਸਤਨਾਜਾ ਪਾਉਣਾ ਤੇ ਆਖਣਾ ਇਹਨਾਂ ਦੇ ਭਾਗਾਂ ਦਾ ਵੀ ਤਾਂ ਰਿਜਕ ਰੱਬ ਖੇਤਾਂ ਚ ਈ ਉਗਾਉਂਦਾ , ਅਸੀਂ ਇਹਨਾਂ ਦਾ ਕਿਉਂ ਖਾਈਏ …?
ਬੇ-ਜ਼ੁਬਾਨਿਆਂ ਦਾ ਖਾ ਕੇ ਕਿੱਥੇ ਲੇਖਾ ਦੇਣਾ .. ?
ਉਦੋਂ ਮੰਦਰਾਂ , ਗੁਰਦਵਾਰਿਆਂ ਵਿੱਚ ਸਿੱਖਿਆ ਉਪਦੇਸ਼ਿਕ ਕਥਾਵਾਂ ਨਹੀਂ ਹੁੰਦੀਆਂ ਸਨ ਨਾਂ ਹੀ ਪ੍ਰਚਾਰ ...

ਕੀਤਾ ਜਾਂਦਾ ਸੀ ਪਰ ਅਨਪੜ੍ਹ ਹੋਣ ਦੇ ਨਾਤ੍ਹੇ ਵੀ ਇਨਸਾਨੀਅਤ ਦੇ ਬੀਜ ਘਰ ਘਰ ਬੀਜੇ ਜਾਂਦੇ ਸਨ ਤੇ ਇਨਸੀਅਤ ਵੰਡੀ ਜਾਂਦੀ ਸੀ ।
ਹਰ ਘਰ ਦਾ ਵਿਹਾਰ ਇਸ ਤਰ੍ਹਾਂ ਦਾ ਹੁੰਦਾ ਸੀ .. ਰੱਬ ਨੂੰ ਹਰ ਸ਼ੈਅ ਵਿੱਚ ਮੌਜੂਦ ਤੇ ਅੰਗ ਸੰਗ ਸਮਝਿਆ ਜਾਂਦਾ ਸੀ।
ਹਰ ਕਦਮ ਰੱਬ ਦੇ ਖੌਫ਼ ਨੂੰ ਧਿਆਨ ਵਿੱਚ ਰੱਖ ਚੁਕਿਆ ਜਾਂਦਾ ਸੀ ।
ਕੀ ਮਜਾਲ ਹੁੰਦੀ ਸੀ ਘਰ ਦਾ ਕੋਈ ਮੈਂਬਰ ਨਾਂਹ ਨੁੱਕਰ ਕਰਦਾ
ਕਿਸੇ ਗੱਲ ਨੂੰ ਲੈ ਕੇ ??
ਇੱਕ ਵਾਰ ਮੇਰੇ ਤਾਏ ਨੇ ਬੁੱਢੀ ਮੱਝ ਜੋ ਦੁੱਧ ਨਹੀਂ ਦਿੰਦੀ ਸੀ ਕੱਟਿਆਂ ਵਾਲਿਆਂ ਨੂੰ ਵੇਚ ਦਿੱਤੀ , ਜਿਉਂ ਹੀ ਦਾਦੀ ਨੂੰ ਪਤਾ ਲੱਗਿਆ ਤਾਂ ਤਾਏ ਨੂੰ ਮੰਦਾ ਬੋਲਣ ਲੱਗੀ , “ਸ਼ਰਮ-ਹਯਾ ਨੂੰ ਹੱਥ ਮਾਰ ਪੁੱਤ ..?
ਦੁੱਧ ਪੀ ਕੇ ਹੁਣ ਬੁੱਢੀ ਹੋਈ ਨੂੰ ਘਰੋਂ ਕੱਢਦਾ ਐਂ , ਰੱਬ ਤੋਂ ਕੀ ਭਾਲਦੈ.. ??
“ਹੁਣ ਕੰਮ ਦੀ ਨਹੀਂ ਰਈ ਤਾਂ ਘਰੋਂ ਕੱਡ ਦੇ ਨਖਾਫਣਿਆ”
(ਨਾ ਕਫ਼ਨਾਂ )
ਬਦਸੀਸਾਂ ਲੈਣ ਨੂੰ …ਓਦਰ ਜੂ ਚੰਦਰਿਆ …ਢਿੱਡ ਬਦਸੀਸਾਂ ਦੇਉ ਉਹਦਾ …?”
ਫਿਰ ਉਸ ਮੱਝ ਨੂੰ ਇੱਕ ਸਾਲ ਘਰ ਸਾਂਭਿਆ , ਕਦੇ ਖੜੀ ਕਰਨਾ , ਕਦੇ ਧੂਣੀ ਸੁਕਾਉਣੀ ਤੇ ਕਦੇ ਬੈਠੀ ਨੂੰ ਮੂਹਰੇ ਪੱਠੇ ਧਰਨੇ , ਕਦੇ ਚੁੱਕ ਕੇ ਅੰਦਰ ਬਾਹਰ ਕਰਨਾ …।
ਜਦੋਂ ਅੱਜ ਤੇ ਉਸ ਵੇਖੇ ਬੀਤੇ ਜ਼ਮਾਨੇ ਵੱਲ ਨਿਗ੍ਹਾ ਮਾਰਦੇ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ …ਅਸੀਂ ਕਿੱਥੋਂ ਚੱਲੇ ਸੀ ??
ਤੇ ਵੇਖਦੇ ਵੇਖਦੇ ਕਿੱਥੇ ਪਹੁੰਚ ਗਏ ਹਾਂ .. ?
ਜ਼ਮੀਨ ਅਸਮਾਨ ਦਾ ਫ਼ਰਕ ਪੈਂਤੀ ਚਾਲੀ ਸਾਲਾਂ ਦਰਮਿਆਨ ਨੈਤਿਕਤਾ ਵਿੱਚ ਪੈ ਗਿਆ ।
ਅਸੀਂ ਪੜ੍ਹੇ ਲਿਖ ਗਏ ਹਾਂ ।
ਰੋਜਾਨਾਂ ਘਰਾਂ ਗੁਰੂਦੁਆਰਿਆਂ ਵਿੱਚ ਚੌਵੀ ਘੰਟੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਹਨ , ਸਨਮਾਨ ਸਿਰੋਪਾਓ ਦਿੱਤੇ ਜਾਂਦੇ ਹਨ , ਪਰ ਜੋ ਸਾਡੇ ਪੁਰਖੇ ਸਨ ਉਹ ਕਿਉਂ ਨਹੀਂ ਬਣ ਸਕੇ …??
ਸਰਦੀਆਂ ਵਿੱਚ ਸੜਕਾਂ ਤੇ ਮਰੀਆਂ ਗਾਵਾਂ , ਹੱਕ ਪਰਾਏ ਖਾਣੇ , ਇੱਜ਼ਤਾਂ ਰੋਲਣੀਆਂ , ਪਦਾਰਥ ਵੇਖ ਰਿਸ਼ਤੇ ਬਣਾਉਣੇ , ਫੋਕੀ ਸ਼ਾਨ ਸ਼ੌਕਤ , ਪੰਛੀਆਂ ਜਾਨਵਰਾਂ ਨੂੰ ਘਰੋਂ ਨਿਕਾਲਾ , ਬਜ਼ੁਰਗਾਂ ਨਾਲ ਦੁਰਵਿਵਹਾਰ , ਗਰੀਬਾਂ ਦੇ ਹਿੱਸੇ ਦੀਆਂ ਸਹੂਲਤਾਂ ਨਾਲ ਧਨਾਢਾਂ ਵੱਲੋਂ ਢਿੱਡ ਭਰਨੇ , ਹਰ ਕੰਮ ਵਿੱਚ ਲਾਲਚ , ਦਾਅ ਲਾਉਣਾ ,ਤਕੜੇ ਦੀ ਹਮਾਇਤ ਤੇ ਸੱਚ ਨੂੰ ਕੁਚਲਣਾ , ਖੂਨ ਦੇ ਰਿਸ਼ਤਿਆਂ ਦੇ ਕਤਲ , ਪਤਾ ਹੀ ਨਹੀਂ ਕੀ ਕੁਝ ਮੰਦਾ ਹੀ ਅਪਣਾ ਲਿਆ ਹੈ .. ??
ਜਿਹੜੇ ਪੂਰਨੇ ਸਾਡੇ ਪੁਰਖੇ ਪਾ ਗਏ ਸਨ ਸਾਡੇ ਲਈ …ਅਸੀਂ ਉਹਨਾਂ ਦਾ ਮੁੱਦਾ ਮਲੀਆਮੇਟ ਕਰ ਦਿੱਤਾ ਹੈ .. ।
ਬਸ ਸਾਰੇ ਪਾਸੇ ਹਲਕਿਆਂ ਵਾਂਗ ਭੱਜੇ ਫਿਰਦੇ ਹਾਂ ਕਿਤ੍ਹੇ ਸਕੂਨ ਨਹੀਂ , ਭਟਕਣਾ ਵਿੱਚ ਕਦੇ ਬੀਪੀ ਹਾਈ , ਕਦੇ ਹਰਟ ਅਟੈਕ , ਕਦੇ ਧੜਕਨ ਦਾ ਵੱਧਣਾ , ਕਦੇ ਨੀਂਦ ਦੀਆਂ ਗੋਲੀਆਂ , ਅਸਲ ਰਾਹ ਤੋਂ ਭਟਕੇ ਜੀਅ ਰਹੇ ਹਾਂ ।
ਪੜ੍ਹਾਈ ਦਾ ਮਤਲਬ ਇਨਸਾਨ ਬਣਕੇ ਸੁਚੱਜੀ ਜੀਵਨ ਜਾਂਚ ਤੋਂ ਸੀ ਨਾ ਕੇ ਸਿਆਣਪ ਗਵਾ ਕੇ ਚਤੁਰ ਹੋਣ ਤੋਂ ਸੀ ।
ਪੜ੍ਹਾਈ ਦੀ ਹੋੜ੍ਹ ਵਿੱਚ ਆਧੁਨਿਕਤਾ ਦੀ ਪੌੜੀ ਕੀ ਚੜ੍ਹੇ ਕੇ ਕੁਝ ਕੁ ਸਾਲਾਂ ਵਿੱਚ ਬਜ਼ੁਰਗਾਂ ਦੀ ਜੀਵਨ ਜਾਚ ਦਾ ਸਰਮਾਇਆ ਲੀਰੋ ਲੀਰ ਕਰ ਦਿੱਤਾ ਤੇ ਅੰਤ ਪਛਤਾਵੇ ਦੀ ਤਸਵੀਰ ਸਾਹਮਣੇ ਆ ਗਈ । ਪਤਾ ਨਹੀਂ ਸੀ ਐਨੀ ਜਲਦੀ ਆਪਣੇ ਹੱਥੀਂ ਆਪਣੀ ਹੋਂਦ ਗਵਾ ਕੇ ਬੀਤੇ ਨੂੰ ਯਾਦ ਕਰ ਕਰ ਹੰਝੂ ਵਹਾਵਾਂਗੇ ਤੇ ਇਕੱਲਤਾ ਦਾ ਸੰਤਾਪ ਭੋਗਣ ਲਈ ਮਜਬੂਰ ਹੋ ਜਾਵਾਂਗੇ .. ਆਪਣੇ ਅਮੀਰ ਵਿਰਸੇ ਤੋਂ ਐਨੀ ਛੇਤੀ ਹੱਥ ਝਾੜ ਲਵਾਂਗੇ ….!!
ਚੰਗਾ ਹੋਵੇ ਜੇ ਸਾਰੇ ਲਾਲਚ ਤਿਆਗ ਕਰਕੇ ਥੋੜ੍ਹਾ ਥੋੜ੍ਹਾ ਮੁੜ੍ਹਨਾ ਸ਼ੁਰੂ ਕਰੀਏ .. ਭਟਕਣਾ ਦੀ ਦੌੜ ਤੋ ਬਾਹਰ ਨਿਕਲੀਏ ..!!
(✍️ਰਾਜਵਿੰਦਰ ਕੌਰ ਵਿੜਿੰਗ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)