More Punjabi Kahaniya  Posts
ਹੱਡ ਬੀਤੀ


ਪਰਾਇਮਰੀ ਸਕੂਲ ਵੇਲੇ ਦੀ ਗੱਲ ਹੈ, ਤੀਜੀ ਜਮਾਤ ‘ਚ ਬੈਠੇ ਸੀ, ਸਾਰੇ ਬੱਚੇ ਆਰਾਮ ਨਾਲ ਆਪੋ ਆਪਣੀਆਂ ਸਲੇਟਾਂ ਤੇ ਗਾਚੀ ਖਾ ਰਹੇ ਸਨ ਕਿ ਉਹ ਕੀ? ਤਿੰਨ ਚਾਰ ਚਿੱਟੇ ਜਿਹੇ ਕੱਪੜੇ ਪਾਈ ਮਰਦ ਔਰਤਾਂ ਸਾਵਧਾਨ ਵੀਸ਼ਰਾਮ ਕਰਦੇ ਸਿੱਧਾ ਦਫਤਰ ਜਾ ਵੜੇ. ਕਦੇ ਕਦੇ ਹੀ ਅਜਿਹਾ ਵਰਤਾਰਾ ਹੁੰਦਾ ਸੀ ਜਦੋਂ ਬੱਚਿਆਂ ਨੂੰ ਸਮਝ ਨਹੀਂ ਸੀ ਆਉਂਦਾ ਕਿ ਕੀ ਕਹਿਰ ਵਰਤਣਾ ਹੈ. ਪਰ ਪੰਜਵੀਂ ਆਲੇ ਸੀਨੀਅਰਾਂ ਨੂੰ ਸਭ ਪਤਾ ਸੀ.
ਕਹਿੰਦੇ ਬਈ ਲੈਣਾ ਲਾ ਕੇ ਬਹਿ ਜੋ, ਸਾਰਾ ਸਕੂਲ ਕੰਧ ਜਿਹੀ ਨਾਲ, ਝੋਲੇ ਘੁੱਟ ਕੇ ਬਹਿ ਗਿਆ। ਇੱਕ ਨਿਆਣਾ ਜੋ ਸਭ ਤੋਂ ਮੂਹਰੇ ਬੈਠਾ ਸੀ, ਨੂੰ ਪੰਜਾਬੀ ਆਲੀ ਭੈਣਜੀ ਅੰਦਰ ਲੈ ਗਈ, ਦੋ ਕੁ ਮਿੰਟ ਬਾਅਦ ਦਫਤਰ ਚੋਂ ਚਘਿਆੜਾਂ ਪੈਣ ਲੱਗੀਆਂ, ਨਿਆਣੇ ਇੱਕ ਦੂਜੇ ਦੇ ਮੋਢਿਆਂ ਉਪਰੋਂ ਹੋ ਹੋ ਝਾਕਣ, ਕਦੇ ਦਫਤਰ ਵੱਲ ਤੇ ਕਦੇ ਇੱਕ ਦੂਜੇ ਵੱਲ, ਪੰਜਵੀਂ ਆਲੇ ਕਹਿੰਦੇ ਬੱਚੂ ਥੋਡੀ ਵੀ ਵਾਰੀ ਆਉਣ ਵਾਲੀ ਹੀ ਹੈ. ਨਿਆਣੇ ਹੋਰ ਡਰ ਗਏ. ਸਿਲਸਿਲਾ ਚਲਦਾ ਰਿਹਾ, ਬਹੁਤੇ ਨਿਆਣੇ ਚੰਘਿਆੜਾਂ ਮਾਰ ਮਾਰ ਨਿੱਕਲਦੇ ਸੀ, ਪਰ ਕੁਝ ਘੈਂਟ ਜਿਹੇ ਚੌਥੀ ਆਲੇ ਥਾਪੀਆਂ ਮਾਰ ਮਾਰ ਨਿੱਕਲਣ. ਸਾਨੂੰ ਸਮਝ ਨਾਂ ਆਵੇ ਬਈ ਕੀ ਹੋ ਰਿਹਾ ਹੈ. ਸਾਰੇ ਇੱਕ ਦੂਜੇ ਨੂੰ ਵਿਚਾਰੇ ਜਿਹੇ ਮੂੰਹ ਦਿਖਾਉਣ, ਲਾਈਨ ਛੋਟੀ ਹੁੰਦੀ ਜਾਵੇ, ਚੀਕਾਂ, ਕਿਲਕਾਰੀਆਂ, ਅੱਤਿਆਚਾਰ, ਖੂਨੋ ਖੂਨ, ਆਂਏ ਲੱਗਦਾ ਸੀ ਬਈ ਪਰਲੋ ਆ ਗੀ. ਤੀਜੀ ਬੀ ਆਲੇ ਵੀ ਗਏ, ਹੁਣ ਸਾਡੀ ਏ ਆਲਿਆਂ ਦੀ ਵਾਰੀ ਸੀ, ਮੇਰੇ ਮੂਹਰੇ ਸਿਰਫ ਦੋ ਜਾਣੇ ਰਹਿ ਗਏ, ਹਾਏ ਉਏ ਰੱਬਾ ਕੀ ਕਰੀਏ, ਹੁਣ ਸਿਰਫ ਇੱਕ ਹੋਰ ਰਹਿ ਗਿਆ ਸੀ ਮੇਰੇ ਮੂਹਰੇ, ਮੇਰੇ ਸਬਰ ਦਾ ਬੰਨ ਟੁੱਟ ਗਿਆ, ਤੇ ਮੇਰੇ ਅੰਦਰਲੇ ਕਾਇਰ ਨੇ ਹੰਭਲਾ ਮਾਰਿਆ, ਇੱਕ ਹੱਥ ਝੋਲਾ, ਇੱਕ ਹੱਥ ਫੱਟੀ, ਝੌਲਾ ਝੌਲਾ ਦਿਸੇ, ਪਰ ਭੈਣਜੀ ਨੂੰ ਪਤਾ ਈ ਨੀ ਲੱਗਿਆ ਕਿ ਕਦੋਂ ਉਹ ਗਿਆ ਉਹ ਗਿਆ. ਪਰ ਆਂਏ ਕਿਵੇਂ ਛੱਡਦੇ ਆ, ਕਹਿੰਦੀ ਭੋਲਿਆ ਫੜੀਂ ਉਹ ਭੱਜ ਚੱਲਿਆ, ਭੋਲਾ ਮੇਰੀ ਜਮਾਤ ਚ ਸਭ ਤੋਂ ਲੰਬਾ ਲੰਝਾ ਸਾਢੇ ਸੱਤ ਕੁ ਸਾਲ ਦਾ ਜਵਾਨ ਸਰੀਰ, ਭੱਜ ਲਿਆ ਮੇਰੇ ਮਗਰ, ਮੈ ਖੋ ਖੋ ਆਲਾ ਮੈਦਾਨ ਟੱਪ ਗਿਆ ਸੀ ਜਦੋਂ ਭੋਲੇ ਦੀ ਪੈੜਚਾਲ ਨੇੜੇ, ਹੋਰ ਨੇੜੇ ਸੁਣਨ ਲੱਗੀ, ਜਦੋਂ ਚੋਰ ਸ਼ਪਾਹੀ ਖੇਡਦੇ...

ਸੀ, ਭੋਲਾ ਠਾਣੇਦਾਰ ਬਣਦਾ ਹੁੰਦਾ ਸੀ, ਮੇਰੀ ਫੱਟੀ ਹੱਥੋਂ ਛੁੱਟ ਗਈ, ਇੱਕ ਸੈਂਡਲ ਲਹਿ ਗਿਆ, ਜਮੈਟਰੀ ਬਾਕਸ ਵੀ ਨਿੱਕਲ ਕੇ ਡਿੱਗ ਪਿਆ, ਭੋਲਾ ਕਰੇ ਉਏ ਖੜਜਾ, ਖੜਜਾ, ਮੈਂ ਨੀ ਰੁਕਿਆ, ਪਰ ਫੁੱਟਬਾਲ ਦੇ ਗਰਾਉਂਡ ਵਿੱਚ ਉਸਨੇ ਮੇਰੇ ਮੋਢੇ ਫੜ ਕੇ ਖੜਾ ਲਿਆ. ਉਹ ਵੀ ਸਾਹੋ ਸਾਹੀ, ਮੈਂ ਡਿੱਗਣ ਆਲਾ ਹੋ ਗਿਆ ਸੀ. ਭੋਲਾ ਮੇਰੀ ਫੱਟੀ ਤੇ ਹੋਰ ਸਮਾਨ ਵੀ ਚੱਕ ਲਿਆਇਆ ਸੀ, ਮੈਨੂੰ ਕਹਿੰਦਾ ਡਰ ਨਾਂ ਮੈਂ ਤਾਂ ਆਪ ਘਰ ਨੂੰ ਭੱਜ ਜਾਣਾ ਆਹ ਫੜ ਆਵਦਾ ਸਮਾਨ, ਫੜਾ ਕੇ ਭੋਲਾ ਕੰਧ ਟੱਪ ਗਿਆ. ਮੈਂ ਸ਼ੁਕਰ ਮਨਾਇਆ ਤੇ ਤਰਿੰਹਦਾ ਤਰਿੰਹਦਾ ਹਾਈ ਸਕੂਲ ਪਹੁੰਚ ਗਿਆ, ਮੇਰੇ ਡੈਡੀ ਉੱਥੇ ਪੜਾਉਂਦੇ ਸੀ, ਉੱਥੇ ਮੈਂ ਇੱਕ ਦਰਖਤ ਤੇ ਚੜ ਕੇ ਲੁਕਿਆ ਰਿਹਾ ਸਾਰੀ ਛੁੱਟੀ ਤੱਕ, ਨੌਂਵੀ ਦਸਵੀਂ ਆਲੇ ਮੈਨੂੰ ਟਿੱਚਰਾਂ ਕਰਦੇ ਰਹੇ ਦੇਖ ਕੇ, ਪਰ ਇੱਥੇ ਨਹੀਂ ਸੀ ਮੈਂ ਗੌਲਦਾ ਕਿਸੇ ਨੂੰ, ਇਸ ਤਰਾਂ ਭਾਈ ਉਸ ਦਿਨ ਮਸਾਂ ਲੋਦੇ ਲਵਾਉਣ ਤੋਂ ਬਚਿਆ, ਜਦੋਂ ਅੱਜ ਕਰੋਨਾਂ ਆਲੀ ਵੈਕਸੀਨ ਲੁਆਉਣ ਕੁਰਸੀਆਂ ਦੀ ਲਾਈਨ ‘ਚ ਬੈਠਾ, ਉਹੀ ਖਿਆਲ ਆਵੇ ਬਾਰ ਬਾਰ, ਸੂਈ ਤੋਂ ਮੈਂ ਅੱਜ ਵੀ ਉਨਾਂ ਹੀ ਡਰਦਾਂ, ਸਲੇਟੀ ਦੀ ਜਗਾ ਆਈ ਫੋਨ ਸੀ ਹੱਥ ਚ, ਜਦੋਂ ਮੂਹਰੇ ਲਾਇਨ ਘਟਦੀ ਜਾਵੇ, ਘਟਦੀ ਜਾਵੇ, ਜੀ ਕਰੇ ਚੱਕਾਂ ਝੋਲਾ ਤੇ ਭੱਜ ਜਾਵਾਂ ਸ਼ੂੰ ਕਰਕੇ. ਪਰ ਅੱਜ ਤਾਂ ਨੀ ਭੱਜਣ ਦਿੱਤਾ, ਸੂਈ ਦਾ ਮੱਛਰ ਦੀ ਦੰਦੀ ਜਿੰਨਾਂ ਹੀ ਦਰਦ ਸੀ, ਪਰ ਯਾਰ ਸੂਈ ਦੇ ਦਰਦ ਤੋਂ ਨੀ ਮੈਂ ਉਨਾਂ ਡਰਦਾ, ਜਿੰਨਾਂ ਕੇਵਲ ਡਾਕਟਰ ਜਦੋਂ ਦਵਾਈ ਜਿਹੀ ਭਰਕੇ, ਹਵਾ ਜਿਹੀ ਕੱਢਕੇ ਟਿੱਕ ਟਿੱਕ ਜਿਹੀ ਕਰਦਾ ਸੀ, ਉਹ ਸਮਾਂ ਜਿਆਦਾ ਭਿਆਨਕ ਹੁੰਦਾ ਸੀ, ਚਲੋ ਜੀ ਰੱਬ ਰੱਬ ਕਰਕੇ, ਆਪਾਂ ਤਾਂ ਫਾਈਜਰ ਲੁਆ ਲੀ, ਭਰਾਵੋ ਤੁਸੀਂ ਵੀ ਲੁਆ ਲਿਉ ਛੇਤੀ ਛੇਤੀ, ਕਰੋਨਾਂ ਤੋਂ ਬਚੋ. ਤੇ ਸੱਚ ਭੋਲੇ ਨਾਲ ਉਸਤੋਂ ਬਾਅਦ ਮੇਰੀ ਪੱਕੀ ਆੜੀ ਪੈ ਗਈ, ਤੇ ਦਸਵੀਂ ਤੱਕ ਮੈਂ ਉਹਦੀ ਬੋਰੀ ਤੇ ਬਹਿ ਕਿ ਪੜਿਆ.
ਲਿਖਤ- ਗੋਲਡੀ ਢਿੱਲੋਂ ਸਰਕਾਰੀ ਪਰਾਇਮਰੀ ਸਕੂਲ ਬੱਧਣੀ ਕਲਾਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)