ਛੀਨੇ ਟੇਸ਼ਨ ਦੀ ਪੂਰਬੀ ਬਾਹੀ ਤੇ ਸਾਡੇ ਸਰਕਾਰੀ ਕੁਆਟਰ ਕੋਲ ਦੀ ਵਗਦੇ ਰਾਹ ਤੇ ਮਿਲੀ ਰੇਲਵੇ ਦੀ ਜਮੀਨ ਤੇ ਪਿਤਾ ਜੀ ਨੇ ਕਿੰਨੀ ਸਾਰੀ ਸਬਜੀ ਲਾਈ ਹੁੰਦੀ ਸੀ..!
ਉਹ ਕੱਲੀ ਕੱਲੀ ਸਬਜੀ ਦੀ ਬਿੜਕ ਰਖਿਆ ਕਰਦੇ..ਪੁੱਛ ਕੇ ਭਾਵੇਂ ਕੋਈ ਝੋਲਾ ਭਰ ਲੈ ਜਾਵੇ ਪਰ ਚੋਰੀ ਬਿਲਕੁਲ ਵੀ ਨਹੀਂ ਸਨ ਕਰਨ ਦਿਆ ਕਰਦੇ..!
ਇੱਕ ਵੇਰ ਤਿੰਨ ਖੀਰੇ ਚੋਰੀ ਹੋ ਗਏ..ਫੇਰ ਅਗਲੀ ਵੇਰ ਕੋਈ ਕਿੰਨੇ ਸਾਰੇ ਟਮਾਟਰ ਤੋੜ ਕੇ ਲੈ ਗਿਆ..ਪਰ ਪਤਾ ਨਾ ਲੱਗਾ..!
ਕਿਸੇ ਦੱਸਿਆ ਕੇ ਮੂੰਹ ਹਨੇਰੇ ਧਾਰੀਵਾਲ ਵਾਲੇ ਪਾਸਿਓਂ ਆਉਂਦੀ ਸਵਾਰੀ ਗੱਡੀ ਵਿਚੋਂ ਇੱਕ ਬੁੱਢੀ ਮਾਤਾ ਉੱਤਰਦੀ ਏ..ਇਹ ਉਸਦਾ ਹੀ ਕੰਮ ਏ..!
ਇੱਕ ਵੇਰ ਪਿਤਾ ਜੀ ਨੇ ਰੋਕ ਲਿਆ..ਅੱਗਿਓਂ ਰੋ ਪਈ..ਅਖ਼ੇ ਇਥੇ ਕੋਲ ਹੀ ਨਿੱਕੇ ਘੁੰਮਣੀ ਧੀ ਵਿਆਹੀ ਏ..ਢਿੱਲੀ ਮੱਠੀ ਰਹਿੰਦੀ ਏ..ਅਕਸਰ ਪਤਾ ਲੈਣ ਆਉਣਾ ਪੈਂਦਾ..ਚਾਰ ਕੂ ਸਾਲਾਂ ਦਾ ਦੋਹਤਾ ਹਰ ਵੇਰ ਖਹਿੜੇ ਪੈ ਜਾਂਦਾ ਅਖ਼ੇ ਨਾਨੀ ਮੇਰੇ ਕੇਲੇ ਕਿਥੇ ਨੇ?
ਕੋਲ ਮਸੀਂ ਕਿਰਾਏ ਜੋਗੇ ਹੀ ਹੁੰਦੇ..ਨਾਲੇ ਏਡੀ ਸਵਖਤੇ ਕੋਈ ਰੇਹੜੀ ਵੀ ਨਹੀਂ ਹੁੰਦੀ..ਆਹ ਸਭ ਕੁਝ...
ਬੱਸ ਓਸੇ ਜਿਊਣ ਜੋਗੇ ਲਈਂ ਹੀ ਕਰਨਾ ਪੈਂਦਾ..ਲੂਣ ਲਾ ਕੇ ਦੇ ਦੇਵਾਂ ਤਾਂ ਵਰਚ ਜਾਂਦਾਂ ਏ!
ਪਿਤਾ ਜੀ ਕੋਲੋਂ ਪੂਰੀ ਕਹਾਣੀ ਨਾ ਸੁਣੀ ਗਈ ਤੇ ਚੋਰੀ ਚੋਰੀ ਅੱਖੀਆਂ ਪੂੰਝਦੇ ਹੋਇਆਂ ਓਹਨਾ ਕੋਲ ਖਲੋਤੀ ਨੂੰ ਕਲਾਵੇ ਵਿਚ ਲੈ ਲਿਆ..ਮਗਰੋਂ ਸਬਜੀ ਦਾ ਝੋਲਾ ਭਰ ਤੋਰ ਦਿੱਤਾ..ਆਖਣ ਲੱਗੇ ਨਿੱਕੇ ਨੂੰ ਆਖੀਂ ਇਹ ਸਾਰਾ ਕੁਝ ਉਸਦੇ ਮਾਮੇ ਨੇ ਘੱਲਿਆ ਏ..!
ਇੱਕ ਵੇਰ ਨਾਲ ਕੰਮ ਕਰਦੇ ਹਿਮਾਚਲੀ ਨੇ ਪੁੱਛ ਲਿਆ..ਸਰਦਾਰ ਜੀ ਖਾਦ ਮੈਂ ਵੀ ਪਾਉਂਦਾ..ਪਾਣੀ ਵੀ ਲਾਉਂਦਾ ਹਾਂ ਪਰ ਖੀਰਿਆਂ ਦੀਆਂ ਵੱਲਾਂ ਪਤਾ ਨੀ ਕਿਓਂ ਸੁੱਕ ਜਾਂਦੀਆਂ..ਦੱਸੋ ਕੀ ਕਰਾਂ!
ਅੱਗੋਂ ਹੱਸ ਪਏ ਤੇ ਆਖਣ ਲੱਗੇ..ਨਾਨੀਆਂ ਨੂੰ ਉਡੀਕਦੇ ਨਿੱਕੇ ਨਿੱਕੇ ਦੋਹਤਿਆਂ ਨੂੰ ਓਹਨਾ ਦਾ ਬਣਦਾ ਹਿੱਸਾ ਵੀ ਜਰੂਰ ਘੱਲਣਾ ਪੈਂਦਾ..ਵਰਨਾ ਜਿੰਨੀ ਮਰਜੀ ਖਾਦ ਪਾਈ ਜਾਓ..ਵੱਲਾਂ ਸੁੱਕਦੀਆਂ ਹੀ ਰਹਿੰਦੀਆਂ!
ਹਰਪ੍ਰੀਤ ਸਿੰਘ ਜਵੰਦਾ