ਸ਼ਹਿਰੋਂ ਆਏ ਕੁਝ ਵਿਓਪਾਰੀਆਂ ਨੇ ਜੰਗਲ ਲਾਗੇ ਇੱਕ ਪਿੰਡ ਵਿਚੋਂ ਸਾਰੇ ਬਾਂਦਰ ਖਰੀਦ ਲਏ..ਇੱਕ ਬਾਂਦਰ ਦਾ ਦੋ-ਦੋ ਸੋ ਦਿੱਤਾ!
ਪਿੰਡ ਵਾਲੇ ਬੜੇ ਖੁਸ਼..!
ਵਿਓਪਾਰੀ ਜਾਂਦੇ ਜਾਂਦੇ ਆਖ ਗਏ ਕੇ ਪੰਦਰਾਂ ਦਿਨਾਂ ਬਾਅਦ ਫੇਰ ਪਰਤਣਗੇ ਤੇ ਅੱਜ ਵਾਲੇ ਰੇਟ ਤੋਂ ਵੀ ਵੱਧ ਦੇ ਰੇਟ ਤੇ ਹੋਰ ਬਾਂਦਰ ਮੁੱਲ ਲੈ ਲੈਣਗੇ..!
ਇਲਾਕੇ ਵਿਚ ਹਾਹਾਕਾਰ ਮੱਚ ਗਈ..ਲੋਕਾਂ ਬਾਂਦਰ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ..ਆਪੋ ਵਿਚ ਲੜਾਈਆਂ ਵੀ ਪੈ ਗਈਆਂ..!
ਵਿਓਪਾਰੀ ਵਾਕਿਆ ਹੀ ਪੰਦਰਾਂ ਦਿਨਾਂ ਬਾਅਦ ਫੇਰ ਪਰਤੇ ਅਤੇ ਤਿੰਨ ਸੋ ਰੁਪਈਏ ਪ੍ਰਤੀ ਬਾਂਦਰ ਦੇ ਹਿਸਾਬ ਨਾਲ ਬਾਕੀ ਬਚੇ ਸਾਰੇ ਬਾਂਦਰ ਖਰੀਦ ਲਏ..!
ਇਸ ਵੇਰ ਵੀ ਜਾਂਦੇ ਜਾਂਦੇ ਆਖ ਗਏ ਕੇ ਪੰਦਰਾਂ ਦਿਨਾਂ ਬਾਅਦ ਫੇਰ ਆਵਾਂਗੇ..ਬਾਂਦਰ ਇਕੱਠੇ ਕਰ ਰਖਿਓ..ਅਗਲੀ ਵੇਰ ਇੱਕ ਬਾਂਦਰ ਦਾ ਰੇਟ ਪੰਜ ਸੌ ਰੁਪਈਆ ਹੋਵੇਗਾ..!
ਇਸ ਵੇਰ ਸਭ ਸੋਚੀਂ ਪੈ ਗਏ..ਇਲਾਕੇ ਵਿਚ ਬਾਂਦਰ ਤੇ ਕੋਈ ਬਚਿਆ ਹੀ ਨਹੀਂ ਸੀ..ਹੁਣ ਕੀ ਕਰੀਏ..?
ਅਗਲੇ ਦਿਨ ਸ਼ਹਿਰੋਂ ਇੱਕ ਦਲਾਲ ਆਇਆ..ਆਖਣ ਲੱਗਾ ਚਾਰ ਸੌ ਦੇ ਹਿੱਸਾਬ ਜਿੰਨੇ...
ਬਾਂਦਰ ਚਾਹੀਦੇ ਮੈਂ ਦਿਆਂਗਾ..ਤੁਹਾਨੂੰ ਤੇ ਸ਼ਹਿਰੋਂ ਆਏ ਵਿਓਪਾਰੀਆਂ ਨੇ ਪੰਜ ਸੌ ਦੇ ਹੀ ਦੇਣਾ..!
ਪਿੰਡ ਵਾਲਿਆਂ ਨੇ ਹੁਣ ਤੱਕ ਜਿੰਨੇ ਵੀ ਬਾਂਦਰ ਵੇਚੇ ਸਨ..ਸਾਰੇ ਚਾਰ ਸੌ ਪ੍ਰਤੀ ਬਾਂਦਰ ਦੇ ਹਿਸਾਬ ਨਾਲ ਵਾਪਿਸ ਮੁੱਲ ਲੈ ਲਏ..ਪਰ ਇਸ ਵੇਰ ਪੰਦਰਾਂ ਦਿਨਾਂ ਬਾਅਦ ਕੋਈ ਵਿਓਪਾਰੀ ਵੀ ਨਾ ਆਇਆ..!
ਲੋਕ ਕਦੀ ਸ਼ਹਿਰੋਂ ਆਉਂਦੇ ਰਾਹ ਵੱਲ ਵੇਖੀ ਜਾਂਦੇ ਤੇ ਕਦੀ ਕੋਲ ਬਿਠਾਏ ਬਾਂਦਰਾਂ ਵੱਲ!
ਵਰ੍ਹਿਆਂ ਤੋਂ ਏਹੀ ਵਰਤਾਰਾ ਵਾਪਰ ਰਿਹਾ ਏ..ਵੋਟਾਂ ਤੋਂ ਪਹਿਲੋਂ ਚੰਡੀਗੜ ਦਿੱਲੀਓਂ ਆਏ ਕਿੰਨੇ ਸਾਰੇ ਦਲਾਲ ਢੇਰ ਸਾਰੇ ਲਾਰੇ ਲਾ ਸਾਡੀਆਂ ਜੁੱਤੀਆਂ ਸਾਡੇ ਹੀ ਸਿਰ ਮੜੀ ਜਾਂਦੇ ਰਹੇ ਨੇ ਪਰ ਮਗਰੋਂ ਕੋਈ ਨਹੀਂ ਪਰਤਿਆ..!
ਹਮਾਤੜ ਮਹਿੰਗੇ ਭਾਅ ਖਰੀਦੇ ਬਾਂਦਰ ਫੜ ਆਉਂਦੀਆਂ ਫਲਾਈਟਾਂ ਸ਼ਤਾਬਦੀਆਂ ਦੇ ਡੱਬੇ ਹੀ ਫਰੋਲਦੇ ਰਹਿੰਦੇ!
ਹਰਪ੍ਰੀਤ ਸਿੰਘ ਜਵੰਦਾ