ਮੁੰਬਈ ਸ਼ਹਿਰ ਦੀਆਂ ਤਲਖ਼ ਹਕੀਕਤਾਂ ਤੇ ਬਣੀ ਇੱਕ ਫਿਲਮ..
ਨਵਾਂ ਵਿਆਹਿਆ ਜੋੜਾ..ਹਸਰਤਾਂ ਅਤੇ ਸੁਫ਼ਨੇ ਸੰਜੋਈ ਇਥੇ ਵੱਸਣ ਆਉਂਦਾ..
ਬਾਹਰੋਂ ਬੜੇ ਹੁਸੀਨ ਲੱਗਦੇ ਇਸ ਸ਼ਹਿਰ ਵਿਚ ਇੰਸ਼ੋਰੈਂਸ ਏਜੰਟ ਦਾ ਕੰਮ..
ਮਿੱਥੇ ਟੀਚੇ ਮੁਤਾਬਿਕ ਪਾਲਿਸੀਆਂ ਨਹੀਂ ਹੁੰਦੀਆਂ..ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ..
ਉੱਤੋਂ ਫਲੈਟ ਦਾ ਕਿਰਾਇਆ..ਨਵੀਂ ਕਾਰ ਦੀ ਕਿਸ਼ਤ..ਹੋਰ ਵੀ ਖਰਚੇ..!
ਨਵੀਂ ਵਿਆਹੀ ਜਿਥੇ ਕੰਮ ਕਰਦੀ..ਬੌਸ ਹਰ ਵੇਲੇ ਆਖਦਾ ਮੇਰੀ ਗੱਲ ਮੰਨ ਜਾ ਪ੍ਰੋਮੋਸ਼ਨ ਹੋ ਜਾਵੇਗੀ..
ਅਖੀਰ ਦੋਵੇਂ ਦਿਲ ਛੱਡ ਜਾਂਦੇ..
ਆਖਦੇ ਇਸ ਸ਼ਹਿਰ ਨੂੰ ਖਰੀਦਣ ਆਇ ਸਾਂ..ਉਲਟਾ ਇਸਨੇ ਸਾਨੂੰ ਖਰੀਦ ਲਿਆ!
ਇਕ ਦਿਨ ਮਰਨ ਦਾ ਫੈਸਲਾ ਕਰ ਲੈਂਦੇ..
ਘਰ ਵਾਲਾ ਜਹਿਰ ਵਾਲੀਆਂ ਗੋਲੀਆਂ ਵੀ ਲੈ ਆਉਂਦਾ..
ਪੀਣ ਤੋਂ ਪਹਿਲਾਂ ਸਲਾਹ ਕਰਦੇ..
ਅੱਜ ਆਖਰੀ ਵਾਰ ਬਾਹਰ ਖਾਣਾ ਖਾਂਦੇ ਹਾਂ..ਫੇਰ ਕਿੰਨਾ ਚਿਰ ਘੁੰਮਦੇ-ਫਿਰਦੇ..ਕਿੰਨੀਆਂ ਸਾਰੀਆਂ ਗੱਲਾਂ ਕਰਦੇ..ਇੱਕ ਦੂਜੇ ਦਾ ਹੱਥ ਫੜਦੇ..ਚੰਗੀ ਤਰਾਂ ਨਿਹਾਰਦੇ..ਬਹਿਰੇ ਨੂੰ ਵੱਡੀ ਸਾਰੀ ਟਿੱਪ ਦਿੰਦੇ..!
ਫੇਰ ਘਰ ਆ ਕੇ ਹਰ ਵੇਲੇ ਬੇਇੱਜਤੀ ਕਰਦੇ ਰਹਿੰਦੇ ਸੋਸਾਇਟੀ ਦੇ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਂਦੇ..
ਨਾਲਦੀ ਹਰ ਵੇਲੇ ਸੌਦੇ ਦੀ ਪੇਸ਼ਕਸ਼ ਕਰਦੇ ਰਹਿੰਦੇ ਆਪਣੇ ਬੌਸ ਨੂੰ ਅੱਧੀ ਰਾਤ ਫੋਨ ਲਾ ਕੇ ਆਪਣੀ ਭੜਾਸ ਕੱਢਦੀ..!
ਅਖੀਰ ਗਲਾਸ ਵਿਚ ਦਵਾਈ ਘੋਲ ਲੈਂਦੇ..ਖ਼ੁਦਕੁਸ਼ੀ ਨੋਟ ਵੀ ਲਿਖ ਲਿਆ ਜਾਂਦਾ..
ਫੇਰ ਗ੍ਰਿਹਸਥ ਜੀਵਨ ਦੇ ਅਖੀਰੀ ਨਜਦੀਕੀ ਪਲਾਂ ਦੌਰਾਨ ਕੋਲ ਰੱਖੇ ਜਹਿਰ ਵਾਲੇ ਗਲਾਸ ਨੂੰ ਪੈਰ ਵੱਜ ਜਾਂਦਾ..ਬਣੇ ਬਣਾਏ ਪਲੈਨ ਤੇ ਪਾਣੀ ਫੇਰ ਜਾਂਦਾ..
ਅਗਲੀ ਸੁਵੇਰ ਉਠਦੇ..
ਨਵਾਂ ਸੂਰਜ..ਨਵੀਆਂ ਕਿਰਨਾਂ ਅਤੇ ਨਵੀਂ ਸ਼ੁਰੂਆਤ..!
ਇੱਕ ਦੂਜੇ ਨੂੰ ਆਖਦੇ ਨੇ ਕੇ ਜਿੰਦਗੀ ਦਾ ਆਖਰੀ ਦਿਨ ਕਿੰਨਾ ਖੁਲ ਕੇ ਮਾਣਿਆ..ਕਿੰਨੀ ਬੇਫਿਕਰੀ ਸੀ..!
ਫੇਰ ਦੋਵੇਂ ਸਲਾਹ ਕਰਦੇ ਕੇ ਹੁਣ ਮਰਨ ਬਾਰੇ ਕਦੀ ਵੀ...
ਨੀ ਸੋਚਣਾ ਸਗੋਂ ਬਾਕੀ ਰਹਿੰਦੀ ਜਿੰਦਗੀ ਦਾ ਹਰ ਦਿਨ ਆਖਰੀ ਦਿਨ ਸਮਝ ਕੇ ਮਾਣਿਆ ਕਰਨਾ!
ਦੋਸਤੋ ਇੱਕ ਪਲ ਮਾੜਾ ਹੋ ਸਕਦਾ ਪੂਰੀ ਜਿੰਦਗੀ ਨਹੀਂ..
ਮਨ ਜਿਆਦਾਤਰ ਅਤੀਤ ਦੇ ਪਛਤਾਵੇਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਵਾਲੇ ਸਮੁੰਦਰ ਵਿਚ ਗੋਤੇ ਖਾਂਦਾ ਰਹਿੰਦਾ..
ਕੱਲ ਨੂੰ ਪਤਾ ਨੀ ਬੋਸ ਕੀ ਆਖੂ..ਪੇਪਰ ਪਤਾ ਨੀ ਔਖਾ ਹੋਊ ਕੇ ਸੌਖਾ..
ਜੇ ਇੰਝ ਕੀਤਾ ਹੁੰਦਾ ਤਾਂ ਅੱਜ ਕੋਲ ਪੈਸੇ ਹੁੰਦੇ..
ਇਸ ਸਾਰੀ ਉਧੇੜ ਬੁਣ ਵਿਚ ਵਰਤਮਾਨ ਦੇ ਕਿੰਨੇ ਸਾਰੇ ਪਲ ਅਤੀਤ ਬਣੀ ਜਾਂਦੇ..!
ਦੱਸਦੇ ਇੱਕ ਵਾਰ ਨਿੱਜੀ ਨੌਕਰ ਨੇ ਰਾਜੇ ਦੇ ਕੰਨ ਵਿਚ ਫੂਕ ਮਾਰ ਦਿੱਤੀ ਕੇ ਜਨਾਬ ਰਾਤੀ ਸੁੱਤੇ ਪਿਆ ਤੁਸੀਂ ਸੱਪ ਨਿਗਲ ਲਿਆ..
ਰਾਜਾ ਸੋਚ ਸੋਚ ਦਿਨਾਂ ਵਿਚ ਸੁੱਕ ਕੇ ਤੀਲਾ ਹੋ ਗਿਆ..!
ਅਖੀਰ ਇੱਕ ਜੋਗੀ ਨੂੰ ਲਿਆਂਦਾ..ਸਾਰੀ ਗੱਲ ਦੱਸੀ..ਫੇਰ ਯੋਜਨਾ ਮੁਤਾਬਿਕ ਉਹ ਇਕ ਰਾਤ ਰਾਜੇ ਦੇ ਸੌਣ ਵਾਲੇ ਕਮਰੇ ਵਿਚ ਰਿਹਾ..
ਅਗਲੀ ਸੁਵੇਰ ਰਾਜੇ ਦੀ ਅੱਖ ਖੁੱਲੀ ਤਾਂ ਚਾਰੇ ਪਾਸੇ ਖੁਸ਼ੀਆਂ ਵਾਲਾ ਮਾਹੌਲ..ਸ਼ਹਿਨਾਈਆਂ ਵੱਜ ਰਹੀਆਂ ਹੁੰਦੀਆਂ..
ਹੈਰਾਨ ਹੋ ਕੇ ਪੁੱਛਦਾ ਕੀ ਹੋਇਆ..?
ਅੱਗੋਂ ਆਖਦੇ ਜੀ ਕੁਝ ਦਿਨ ਪਹਿਲਾਂ ਜਿਹੜਾ ਸੱਪ ਤੁਸੀਂ ਨਿਗਲ ਲਿਆ ਸੀ ਲੰਗੀ ਰਾਤ ਸੁੱਤੇ ਪਿਆਂ ਤੁਹਾਡੇ ਅੰਦਰੋਂ ਨਿੱਕਲ ਬਾਹਰ ਜੰਗਲ ਨੂੰ ਤੁਰ ਗਿਆ..
ਰਾਜਾ ਕੁਝ ਘੰਟਿਆਂ ਵਿਚ ਹੀ ਮੁੜ ਪੈਰਾਂ ਸਿਰ ਹੋ ਗਿਆ..
ਆਓ ਅਸੀਂ ਵੀ ਓਹਨਾ ਸੱਪਾਂ ਦਾ ਫਿਕਰ ਕਰਨਾ ਛੱਡੀਏ..ਜਿਹੜੇ ਅਸਾਂ ਕਦੀ ਨਿਗਲੇ ਹੀ ਨਹੀਂ!
ਹਰਪ੍ਰੀਤ ਸਿੰਘ ਜਵੰਦਾ