ਅੱਧੀ ਰਾਤ ਫੋਨ ਖੜਕਿਆ..
ਵੇਖਿਆ ਇੰਡੀਆ ਤੋਂ ਇੱਕ ਮਿੱਤਰ ਪਿਆਰੇ ਦਾ ਸੀ..
ਆਖਣ ਲੱਗਾ “ਸਾਢੇ ਤਿੰਨ ਲੱਖ ਚਾਹੀਦੇ ਨੇ..ਭਾਪਾ ਜੀ ਗੁਸਲਖਾਨੇ ਗਏ ਡਿੱਗ ਪਏ..ਸਿਰ ਵਿਚ ਸੱਟ ਵੱਜ ਗਈ..ਓਪਰੇਸ਼ਨ ਵਾਸਤੇ ਖੜੇ ਪੈਰ ਲੋੜ ਪੈ ਗਈ”
ਨਾਲ ਹੀ ਜਜਬਾਤੀ ਹੋ ਗਿਆ!
ਖੈਰ ਸੁਵੇਰੇ ਉੱਠ ਪੈਸੇ ਭੇਜ ਦਿੱਤੇ..ਕੋਡ ਦੱਸਣ ਲਈ ਜਦੋਂ ਫੋਨ ਕੀਤਾ ਤਾਂ ਇੱਕ ਗੱਲ ਪੁੱਛ ਲਈ..
ਆਖਿਆ ਯਾਰ ਜੇ ਤੇਰੀ ਇਹੋ ਅਸਲੀਅਤ ਹੈ ਤਾਂ ਫੇਰ ਉਹ ਨਵੀਂ ਕਾਰ..ਕੋਠੀ..ਮਹਿੰਗਾ ਫਰਨੀਚਰ..ਸਿੰਗਾਪੁਰ ਮਲੇਸ਼ੀਆ ਦੇ ਟਰਿੱਪ ਅਤੇ ਸ਼ੋਸ਼ਲ ਮੀਡਿਆ ਤੇ ਫੋਟੋਆਂ..ਕੀ ਸੀ ਉਹ ਸਾਰਾ ਕੁਝ..”?
ਆਖਣ ਲੱਗਾ “ਯਾਰ ਤੈਥੋਂ ਕਾਹਦਾ ਓਹਲਾ..ਬੱਸ ਹਵਾ ਹੀ ਸੀ..ਲੋਨ ਤੇ ਸੀ ਉਹ ਸਾਰਾ ਕੁਝ..ਸੋਸ਼ਲ ਸਟੇਟਸ ਬਰਕਰਾਰ ਰੱਖਣ ਲਈ ਇਹ ਸਭ ਕੁਝ ਕਰਨਾ ਪੈਂਦਾ..
ਨਾ ਕਰੋ ਤਾਂ ਔਲਾਦ ਹੀ ਨਹੀਂ ਟਿਕਣ ਦਿੰਦੀ..ਮੇਰਾ ਰੋਮ ਰੋਮ ਕਰਜੇ ਵਿਚ ਡੁਬਿਆ ਹੋਇਆ ਏ..ਸਟਰੈਸ ਬਲੱਡ ਪ੍ਰੈਸ਼ਰ..ਯੂਰਿਕ ਐਸਿਡ ਅਤੇ ਹੋਰ ਵੀ ਕਿੰਨਾ ਕੁਝ..ਬੱਸ ਇਸੇ ਸਾਰੇ ਦੀ ਵਜਾ ਕਰਕੇ ਹੀ ਤਾਂ ਹੈ..”
ਇਸ ਮਗਰੋਂ ਨਾ ਤੇ ਮੈਂ ਕੁਝ ਆਖ ਸਕਿਆ ਤੇ ਨਾ ਹੀ ਉਸਤੋਂ ਕੋਈ ਗੱਲ ਹੋਈ..
ਪਰ ਫੋਨ ਬੰਦ ਕਰਨ ਮਗਰੋਂ ਇੱਕ ਗੱਲ ਹਥੌੜੇ...
ਵਾਂਙ ਲਗਾਤਾਰ ਦਿਮਾਗ ਤੇ ਵੱਜ ਰਹੀ..
“ਮੇਰੀ ਕੌਮ ਨਿੱਕੀਆਂ ਨਿੱਕੀਆਂ “ਮੋਮਬੱਤੀਆਂ” ਖਾਤਿਰ ਆਪਣੀ ਜਿੰਦਗੀ ਦੇ ਵੱਡੇ ਵੱਡੇ ਕੀਮਤੀ ਸੂਰਜ ਵੇਚਣੇ ਕਦੋਂ ਬੰਦ ਕਰੇਗੀ?
ਸੂਰਜ ਦਾ ਹਵਾਲਾ ਆਉਂਦਿਆਂ ਹੀ ਸੋਹਣ ਸਿੰਘ ਮੀਸ਼ੇ ਦੇ ਆਖੇ ਬੋਲ ਚੇਤੇ ਆ ਗਏ..
“ਤੂੰ ਜੋ ਸੂਰਜ ਚੋਰੀ ਕੀਤਾ ਮੇਰਾ ਸੀ..ਮੇਰਾ ਸੀ..ਤੂੰ ਜਿਸ ਘਰ ਵਿਚ ਨੇਰਾ ਕੀਤਾ..ਮੇਰਾ ਸੀ..ਮੇਰਾ ਸੀ”
ਫੇਰ ਕਿਸੇ ਪਾਸਿਓਂ ਅਵਾਜ ਆਈ..
ਘੜੀ ਕੂ ਪਹਿਲਾਂ ਹੀ ਜ਼ਿਹਨ ਵਿਚ ਉਭਰ ਆਏ ਇੱਕ ਔਖੇ ਸਵਾਲ ਦਾ ਜਵਾਬ ਦਿੰਦਾ ਹੋਇਆ ਕੋਈ ਆਖ ਰਿਹਾ ਸੀ..ਪੁੱਤਰਾ..ਇਹ ਕਿੰਨੇ ਸਾਰੇ ਕੀਮਤੀ “ਸੂਰਜ” ਉੱਨੀ ਦੇਰ ਤੱਕ ਵਿਕਦੇ ਅਤੇ ਚੋਰੀ ਵੀ ਹੁੰਦੇ ਰਹਿਣਗੇ ਜਿੰਨੀ ਦੇਰ ਤੱਕ ਇਸਦੀਆਂ ਕੀਮਤੀ ਕਿਰਨਾਂ ਨੂੰ “ਲੋਕ ਕੀ ਆਖਣਗੇ” ਵਾਲੇ ਪਿੰਜਰੇ ਵਿਚ ਕੈਦ ਕਰ ਹੋਰ ਕਿੰਨੀਆਂ ਸਾਰੀਆਂ ਬਨਾਉਟੀ ਮੋਮਬੱਤੀਆਂ ਨੂੰ ਉਭਾਰਦੀ ਹੋਈ ਇੱਕ ਘਟੀਆ ਸੋਚ ਤੁਹਾਡੀ ਜਿੰਦਗੀ ਵਿਚੋਂ ਮਨਫ਼ੀ ਨਹੀਂ ਹੋ ਜਾਂਦੀ”
ਹਰਪ੍ਰੀਤ ਸਿੰਘ ਜਵੰਦਾ
mandeep kaur
bhut bhut vadia ji