“ਬੀਬੀ! ਮੱਥਾ ਟੇਕਦਾ”
“ਔਂਤਰਿਆ !ਹੁਣ ਕਿਹੜੀ ਨਵੀਂ ਭਸੂੜੀ ਪੈ ਗਈ”
ਚੁੱਲੇ ਮੋਹਰੇ ਬੈਠੀ ਨੇ ਫੋਨ ਚੁੱਕਿਆ।
“ਬੀਬੀ ਮੇਰਾ ਜੀਅ ਨੀ ਲਗਦਾ”
“ਮੁੜ ਘਿੜ ਓਹੀ ਗਲ ਦੀ ਮੁਹਾਰਨੀ ਪੜ੍ਹੀ ਜਾਂਦਾ ਰੋਜ। ਦੋ ਮਹੀਨੇ ਹੋਏ ਨੀ ਗਏ ਨੂੰ”
“ਭਾਪੇ ਨੂੰ ਕਹਿ ਮੈਨੂੰ ਵਾਪਸ ਬੁਲਾ ਲਵੇ।”
“ਜਦ ੳਹ ਕਹਿੰਦਾ ਸੀ ਬਈ ਮੰਡੀਰ ਨਾਲ ਨਾ ਫਿਰ ।ਹੋਰ ਨੀ ਪੜ੍ਹਨਾ ਤਾ ਖੇਤੀ ਚ ਹੱਥ ਵਟਾ ਤਾਂ ਤੈਨੂੰ ਕਨੇਡਾ ਦਾ ਭੂਤ ਸਵਾਰ ਸੀ। ਤੇਰੇ ਪਿੱਛੇ ਰੋਜ ਮੈਨੂੰ ਤਾਹਨੇ ਦਿੰਦਾ ਸੀ ਜੇ ਇਕ ਜੰਮਿਆਂ ਉਹਵੀ ਨਿਕੰਮਾ।
ਹੁਣ ਜੀ ਲਾਕੇ ਟਿਕਿਆ ਰਹਿ।”
“ਬੀਬੀ!ਕੀ ਕਰਾਂ ਮੈਥੋਂ ਨੀ ਦੋਨੋਂ ਕੰਮ ਹੁੰਦੇ, ਪੜ੍ਹਨਾ ਵੀ ਤੇ ਟਰੱਕਾਂ ਚ ਸਬਜੀਆਂ ਲੱਦਣੀਆਂ। ਆਪੇ ਰੋਟੀ ਵੀ ਨੀ ਪਕਦੀ।ਬੀਬੀ! ਕਮਾਈਆਂ ਕਰਨ ਲੋਕੀ ਇਧਰ ਆਂਦੇ ਮੈਂ ਆਪਣੇ ਦੇਸ਼ ਚ ਕਰ ਲਊਂ।ਭਾਪਾ ਮੈਨੰ ਕਹਿੰਦਾ ਹੁੰਦਾ ਸੀ ਲੁਧਿਆਣੇ ਐਗਰੀਕਲਚਰਲ ਯੂਨੀਵਰਸਿਟੀ ਤੋਂ 2-4 ਛੋਟੇ ਛੋਟੇ ਕੋਰਸ ਕਰਕੇ ਨਵੇਂ ਤਰੀਕੇ ਨਾਲ ਖੇਤੀ ਕਰੀਏ। ਬੀਬੀ! ਹੁਣ ਕਰ ਲਊਂ ਆਕੇ।”
“ਐਨਾ ਜਿਹੜਾ ਕਰਜਾ ਚਾੜ ਲਿਆ। ਉਹਦਾ ਕਈ ਬਣੂ?”
...
“ਬੀਬੀ! ਤੇਰੀ ਸੌਂਹ ਉਹ ਮੈਂ ਹੀ ਲਾਹੂਂਗਾ ਦਿਨ ਰਾਤ ਇਕ ਕਰਕੇ, ਆਪਣੇ ਪਿੰਡ ਆਪਣੀ ਮਾਂ ਦੀਆਂ ਪੱਕੀਆਂ ਖਾਕੇ।”
” ਆਪਣੇ ਪਿਓ ਨਾਲ ਈ ਗਲ ਕਰੀਂ ਜਦ ਘਰ ਆਊ।”
“ਬੀਬੀ! ਹੁਣ ਤਾਂ ਕਿਸਾਨਾ ਦੀ ਸੁਣੀ ਵੀ ਗਈ। ਨਵੀਂ ਸਰਕਾਰ ਵੀ ਬਣ ਜਾਣੀ। ਜਰੂਰ ਸੋਚੂਗੀ ਪੰਜਾਬ ਦੀ ਜਵਾਨੀ ਵਾਰੇ।”
“ਉਹਨਾਂ ਆਪਣਿਆਂ ਲਈ ਸੋਚਣਾ ਜਾਂ ਤੇਰੇ ਵਰਗੇ ਨਖੱਟੂਆਂ ਲਈ? ਮੈਨੂੰ ਨਾ ਸਮਝਾਅ ਬਹੁਤਾ। ਹੁਣ ਜਿੱਥੇ ਹੈਗਾਂ ਜੀਅ ਲਾਕੇ ਪੜ੍ਹ ਤੇ ਕੰਮ ਕਰ।”
ਹਿਝਕੀਆਂ ਲੈਂਦੇ ਦੇ ਬੋਲ ਸੁਣ ਮਾਂ ਦਾ ਦਿਲ ਵਲੂੰਦਰਿਆ ਗਿਆ
“ਬੀਬੀ! ਤੂੰ ਆਪਣਾ ਪੁੱਤ ਗੁਆ ਲੈਣਾ।”
ਆਟੇ ਦਾ ਪੇੜਾ ਹੱਥੋਂ ਛੁੱਟ ਗਿਆ ਤੇ ਬਿਨਾਂ ਸਿਰ ਤੇ ਚੁੰਨੀ ਭੱਜ ਪਈ ਖੇਤਾਂ ਨੂੰ ਘਰਵਾਲੇ ਕੋਲੋਂ ਪੁੱਤ ਦੀ ਖੈਰ ਮੰਗਣ।
ਹਰਜੀਤ ਸੈਣੀ