ਛੋਟੇ ਹੁੰਦਿਆਂ ਸੁਣਦੇ ਸੀ, ਕਿ ਦਿੱਲੀ ਤੋਂ ਅੱਗੇ ਪਾਣੀ ਮੁੱਲ ਮਿਲਦਾ ਹੈ, ਸੁਣ ਕੇ ਬੜੀ ਹੈਰਾਨਗੀ ਹੋਣੀ, ਗੱਲ ਝੂਠ ਲੱਗਣੀ।
ਹੋਸ਼ ਸੰਭਾਲੀ ਤਾਂ ਪਿੰਡ ਦੇ ਨੇੜਿਓਂ ਭਾਖੜਾ ਨਹਿਰ ਸੀ ਤੇ ਨਾਲ ਹੀ ਸੂਆ। ਪਿੰਡ ਦੀ ਅੱਧੀ ਵਾਹੀ ਨਹਿਰੀ ਪਾਣੀ ਨਾਲ ਤੇ ਬਾਕੀ ਖੂਹਾਂ ਦੇ ਪਾਣੀ ਨਾਲ। ਪਿੰਡ ਦੇ ਦੋਹੀਂ ਪਾਸੀਂ ਘਰ ਵਿੱਚ ਵਰਤਣ ਵਾਲੇ ਪਾਣੀ ਲਈ ਖੂਹ ਸਨ, ਠੱਠੀ ਵਾਲਿਆਂ ਦਾ ਆਪਣਾ ਖੂਹ ਸੀ, ਉਹ ਆਪਣੇ ਖੂਹ ਤੋਂ ਪਾਣੀ ਵਰਤਦੇ, ਕਿਉਂਕਿ ਉਹਨਾਂ ਨੂੰ ਦੂਜੇ ਖੂਹਾਂ ਤੋਂ ਪਾਣੀ ਕੱਢਣ ਦੀ ਇਜਾਜ਼ਤ ਨਹੀਂ ਸੀ।
ਵੱਡੇ ਜਿਮੀਂਦਾਰਾਂ ਦੇ ਘਰ ਮਹਿਰਾ (ਝਿਊਰ) ਵਹਿੰਗੀ ਤੇ ਮੱਟ ਪਾਣੀ ਦੇ ਭਰ ਕੇ ਪਹੁੰਚਾਇਆ ਜਾਂਦਾ।
ਪਿੰਡ ਦੇ ਆਲੇ ਦੁਆਲੇ ਤਿੰਨ ਛੱਪੜ ਸਨ, ਜੋ ਸਾਰੇ ਪਿੰਡ ਦੇ ਡੰਗਰ ਪਾਣੀ ਪੀਂਦੇ, ਨਹਾਉਂਦੇ, ਸਰਦੀਆਂ ਵਿੱਚ ਔਰਤਾਂ ਕੱਪੜੇ ਵੀ ਧੋਦੀਆਂਂ, ਛੱਪੜਾਂ ਦੇ ਕਿਨਾਰੇ, ਵੱਡੀਆਂ ਵੱਡੀਆਂ ਨਿੰਮਾਂ ਦੇ ਰੁੱਖ ਸਨ, ਗਰਮੀਆਂ ਵਿੱਚ ਸੌ ਸੌ ਡੰਗਰ ਛਾਵੇਂ ਬਹਿ ਜਾਂਦਾ ਸੀ, ਹਾਲੀਆਂ ਪਾਲੀਆਂ ਨੇ ਸਾਰੀ ਦੁਪਹਿਰ ਇਹਨਾਂ ਦੀ ਛਾਂ ਥੱਲੇ ਲੰਘਾਣੀ।
ਹੌਲੀ ਹੌਲੀ ਛੱਪੜਾਂ ਦੇ ਨੇੜਲੇ ਘਰਾਂ ਨੇ ਛੱਪੜਾਂ ਨੂੰ ਵੀ ਆਪਣੇ ਘਰਾਂ ਨਾਲ ਮਿਲਾ ਲਿਆ। ਘਰਾਂ ਵਿੱਚੋਂ ਹੁਣ ਹਰ ਘਰ ਘਰ ਸਬਮਰਸੀਬਲ ਮੋਟਰਾਂ ਲੱਗ ਗਈਆਂ ਹਨ।...
ਖੂਹਾਂ ਨੂੰ ਛੱਤਾਂ ਬਣਾ ਕੇ ਬੰਦ ਕਰ ਦਿੱਤਾ ਹੈ। ਛੱਪੜ ਵੀ ਪੂਰੇ ਜਾਣ ਕਰ ਕੇ ਪਿੰਡ ਵੜਦਿਆਂ ਹੀ ਗੰਦਗੀ ਨਾਲ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।
ਪਿੰਡ ਵਿੱਚ ਕਾਰਾਂ ਮੋਟਰਸਾਈਕਲ, ਵੱਧ ਗਏ ਹਨ, ਡੰਗਰ ਘੱਟ ਗਏ ਹਨ, ਵਿਰਲੇ ਘਰਾਂ ਵਿੱਚ ਦੁੱਧ ਦੇਣ ਵਾਲੇ ਪਸ਼ੂ ਹਨ। ਛੋਟੇ ਵੱਡੇ ਘਰ ਹੁਣ ਜਿਆਦਾ ਡੇਅਰੀ ਤੋਂ ਹੀ ਦੁੱਧ ਦਹੀ ਲੈ ਕੇ ਆਉਂਦੇ ਹਨ, ਨਵੀਂ ਪੀੜ੍ਹੀ ਨੇ ਲੱਸੀ ਪੀਣੀ ਬੰਦ ਕਰ ਦਿੱਤੀ ਹੈ।
ਕਹਿਣ ਨੂੰ ਪਿੰਡ ਹੈ, ਵੱਡੀਆਂ ਕੋਠੀਆਂ, ਏ ਸੀ ਲੱਗ ਗਏ ਹਨ। ਘਰਾਂ ਵਿੱਚੋਂ ਛਾਂਦਾਰ ਰੁੱਖ ਨਹੀਂ ਰਹੇ। ਹਰ ਘਰ ਵਿੱਚੋਂ ਤਿੰਨ ਚਾਰ ਮੈਂਬਰ ਵਿਦੇਸ਼ਾਂ ਵਿੱਚ ਗਏ ਹੋਏ ਹਨ।
ਹਰ ਘਰ ਵਿੱਚ ਬਜੁਰਗ, ਕੁੱਤਾ, ਇੱਕ ਦੋ ਨੌਕਰ ਰਹਿ ਗਏ ਹਨ। ਜਿੰਨਾ ਦੀ ਨਜ਼ਰ ਹਮੇਸ਼ਾ ਵੱਡਿਆਂ ਵੱਡਿਆਂ ਗੇਟਾਂ ਤੇ ਟਿਕੀਆਂ ਰਹਿੰਦੀਆਂ ਹਨ।
ਪਿੰਡ ਉਦਾਸ ਹੈ, ਘਰਾਂ ਵਿੱਚ ਰੁੱਖ ਨਹੀਂ ਰਹੇ, ਪੀਘਾਂ ਨਹੀਂ ਰਹੀਆਂ, ਛੋਟਾ ਛੱਪੜ ਵੀ ਬਦਬੂ ਮਾਰ ਰਿਹਾ ਹੈ।
ਗੁਰਮੀਤ ਕੌਰ ਬਾਜਵਾ।
19-5-2022