More Punjabi Kahaniya  Posts
ਸਵੈ-ਜੀਵਨੀ


ਅੱਜ ਅਸੀਂ ਆਪ ਜੀ ਨੂੰ ਬੀਬਾ ਨਿਰਮਲ ਕੌਰ ਕੋਟਲਾ ਜੀ ਨਾਲ ਸਾਂਝ ਪੁਆਉਣ ਜਾ ਰਹੇ ਹਾਂ ਜਿਨਾ ਦਾ ਜਨਮ ਮਾਤਾ ਹਰਬੰਸ ਕੌਰ ਤੇ ਪਿਤਾ ਸ: ਦਲਬੀਰ ਸਿੰਘ ਰਿਟਾਇਰ ਆਰਮੀ ਅਫਸਰ ਦੇ ਘਰ 4/5/1969 ਨੂੰ ਪਿੰਡ: ਪੰਡੋਰੀ ਮਹਿੰਮਾ (ਅੰਮ੍ਰਿਤਸਰ) ਵਿੱਖੇ ਹੋਇਆ ਤੇ ਸ: ਜਗਤਾਰ ਸਿੰਘ ਜੀ ਨਾਲ ਪਿੰਡ: ਕੋਟਲਾ ਮੱਝੇਵਾਲ ਮਜੀਠਾ(ਅੰਮ੍ਰਿਤਸਰ) ਵਿਖੇ ਜੀਵਨ ਦਾ ਸਾਥ ਬਣਿਆ ! ਬੀਬਾ ਜੀ ਦਾ ਬਚਪਨ ਬੜੇ ਲਾਡਾਂ ਚਾਵਾਂ ਨਾਲ ਬੀਤਿਆ। ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਚੋਂ ਹਾਸਲ ਕੀਤੀ ਅਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਵਰਪਾਲ ਤੋਂ।
ਨਿਰਮਲ ਕੌਰ ਜੀ ਲਿਖਦੇ ਹਨ ਕਿ ਮੇਰੇ ਮਨ ਚ ਬੜੇ ਅਰਮਾਨ ਸਨ ਜਿੰਦਗੀ ਚ ਕੁਝ ਕਰ ਜਾਣ ਦੇ ਪਰ ਜਵਾਨੀ ਦੀ ਦਹਿਲੀਜ ਤੇ ਸੁਪਨੇ ਟੁੱਟੇ।ਸਭ ਖੇਰੂੰ ਖੇਰੂੰ ਹੋ ਗਿਆ।ਅਸੀਂ ਤਿੰਨ ਭੈਣਾਂ ਇੱਕ ਵੀਰ ਤੇ ਮਾਂ ਇਸ ਭਰੇ ਸੰਸਾਰ ‘ਚ ਇਕੱਲੇ ਰਹਿ ਗਏ।ਮੈਂ ਵੱਡੀ ਸੀ ਬਾਕੀ ਤਿੰਨੋਂ ਮੇਰੇ ਤੋਂ ਛੋਟੇ ਸਨ।ਪਿੰਡ ਦੀ ਗੰਦੀ ਰਾਜਨੀਤੀ ਨੇ ਸਾਡੇ ਪਿਤਾ ਜੀ ਨੂੰ ਸਾਡੇ ਤੋਂ ਖੋਹ ਲਿਆ।ਮੇਰੇ ਪਿਤਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ ਕਰਿਆ ਕਰਦੇ ਸਨ।ਪਿੰਡ ਦੇ ਉਸਾਰੂ ਕੰਮਾਂ ਚ ਵੱਧ ਚੜ੍ਹਕੇ ਭਾਗ ਲੈਂਦੇ ਸਨ।ਖਾੜਕੂਵਾਦ ਲਹਿਰ ਦੀ ਆੜ ਹੇਠ ਪਿੰਡ ਦੇ ਹੀ ਲੁਟੇਰੇ ਨੇ ਮੇਰੇ ਪਿਤਾ ਜੀ ਨੂੰ 2 ਨਵੰਬਰ 1986 ਪਿੰਡ ਪੰਡੋਰੀ ਵਿਖੇ ਕਤਲ ਕਰ ਦਿੱਤਾ ਸੀ।ਮੇਰੇ ਪਿਤਾ ਜੀ ਸਮਾਜ ਸੇਵੀ ਸਨ।ਉਸ ਸਮੇਂ ਮੇਰੀ ਉਮਰ 16 ਸਾਲ ਸੀ। ਪਿਤਾ ਜੀ ਦੀ ਮੌਤ ਤੋ ਬਾਅਦ ਮੈਨੂੰ ਪਹਿਲ ਦੇ ਆਧਾਰ ਤੇ 1988 ‘ਚ ਸਰਕਾਰੀ ਨੌਕਰੀ ਬਤੌਰ ਐਸ ਐਲ ਏ ਸਰਕਾਰੀ ਸੈਕੰਡਰੀ ਸਕੂਲ ਅਟਾਰੀ ਵਿਖੇ ਮਿਲ ਗਈ।ਕਿਉਂਕਿ ਮੈਂ ਵੱਡੀ ਸੀ ਤੇ ਭਰਾ ਉਦੋਂ ਸਿਰਫ 9 ਸਾਲ ਦਾ ਸੀ।18 ਸਾਲ ਦੀ ਛੋਟੀ ਉਮਰੇ ਹੀ ਵਿਆਹ ਹੋ ਗਿਆ।,ਦੋ ਧੀਆਂ ਇੱਕ ਪੁਤਰ ਨੇ ਜਨਮ ਲਿਆ।ਜਵਾਨੀ ਉਮਰ ‘ਚ ਹੀ ਪਤੀ ਨਸ਼ਿਆਂ ਚ ਪੈ ਗਿਆ। ਮੇਰੀ ਜਿੰਦਗੀ ਦਾ ਸੰਘਰਸ਼ਮਈ ਦੌਰ ਸੀ।ਬਹੁਤਿਆ ਨੇ ਸਲਾਹ ਦਿੱਤੀ ਕਿ ਤੂੰ ਇਹਨੂੰ ਛੱਡ ਕੇ ਚਲੀ ਜਾਹ! ਤੂੰ ਨੌਕਰੀ ਕਰਦੀ ਕਿਤੇ ਵੀ ਵਧੀਆ ਜਿੰਦਗੀ ਗੁਜਾਰ ਲਵੇਗੀ। ਪਰ ਮੇਰੇ ਸਾਹਮਣੇ ਮੇਰੇ ਬਾਬਲ ਦੀ ਪੱਗ ਤੇ ਮਾਂ ਵੱਲੋ ਦਿੱਤੇ ਸੰਸਕਾਰ ਸਨ ਕਿ ਧੀਏ ਸਬਰ ਸਿੱਦਕ ਦੇ ਬੇੜੇ ਸਦਾ ਹੀ ਪਾਰ ਲੱਗਦੇ ਨੇ।ਕੁੱਝ ਨੌਕਰੀ ਦੌਰਾਨ ਚੰਗੇ ਸਹਿਕਰਮੀ ਮਿਲੇ ,ਜਿੰਨਾ ਮੇਰਾ ਹੌਸਲਾ ਕਦੇ ਨਹੀ ਟੁੱਟਣ ਦਿੱਤਾ।ਕਈ ਵਾਰ ਹਾਲਾਤ ਏਨੇ ਮਾੜੇ ਹੋ ਜਾਂਦੇ ਸਨ ਕਿ ਛੇ ਛੇ ਮਹੀਨੇ ਬੱਚਿਆਂ ਦੀ ਫੀਸ ਵੀ ਨਾ ਦਿੱਤੀ ਜਾਣੀ।ਘਰੇ ਖਾਣ ਨੂੰ ਆਟਾ ਵੀ ਨਹੀ ਸੀ ਹੁੰਦਾ।ਮੇਰਾ ਭਰਾ ਰਾਸ਼ਨ ਦੇਕੇ ਜਾਂਦਾ ਸੀ।ਕੁਝ ਪੈਸਾ ਨਸ਼ੇ ਚ ਬਰਬਾਦ ਹੋਇਆ ਤੇ ਕੁੱਝ ਨਸ਼ਾ ਛਡਾਊ ਸੈਂਟਰਾਂ ‘ਚ। ਰਹਿੰਦਾ ਖੁਹੰਦਾ ਮਾੜੀ ਬਿਮਾਰੀ ਕਾਲਾ ਪੀਲੀਆ ਨੇ ਝੰਭ ਸੁੱਟਿਆ ।ਹਫਤੇ ਬਾਅਦ 10,000 ਹਜਾਰ ਦਾ ਟੀਕਾ ਲੱਗਦਾ ਸੀ ਕਾਲੇ ਪੀਲੀਏ ਦਾ।24 ਟੀਕੇ ਲੱਗੇ।ਤੇ ਸਰਦਾਰ ਜੀ ਨੂੰ ਮੌਤ ਮੂੰਹੋ ਮੋੜ ਲਿਆਂਦਾ ਮੇਰੇ ਸਬਰ ਅਤੇ ਸਿੱਦਕ ਨੇ। ਮਾੜੇ ਹਾਲਾਤਾਂ ਚ ਬੱਚਿਆਂ ਨੂੰ ਪੜਾਇਆ ਲਿਖਾਇਆ।ਇਕ ਧੀ ਮੇਰੀ ਡਾਇਟੀਸ਼ਨ ਡਾ:ਹੈ।ਦੂਜੀ ਧੀ ਟੀਚਰ ਹੈ।ਬੇਟਾ ਨੇ 2 ਸਾਲ ਦਾ ਡਿਪਲੋਮਾ ਕੀਤਾ ਹੈ।ਤੇ ਅੱਜਕਲ ਖੇਤੀਬਾੜੀ ਕਰ ਰਿਹਾ ਹੈ।ਸਰਦਾਰ ਜੀ ਵੀ ਪਹਿਲਾਂ ਨਾਲੋ ਕੁਝ ਬਿਹਤਰ ਹਨ।ਸਭ ਠੀਕ ਠਾਕ ਚੱਲ ਰਿਹਾ ਸੀ ਕਿ ਰੱਬ ਨੇ ਫਿਰ ਬਹੁਤ ਵੱਡਾ ਸਦਮਾ ਦਿੱਤਾ ਕਿ ਮੇਰਾ ਕੱਲਾ ਕੱਲਾ ਭਰਾ ਆਤਮ ਦੇਵ ਸਿੰਘ ਸਾਡੇ ਤੋਂ ਖੋਹ ਲਿਆ।ਜੋ ਕਦੇ ਨਾ ਭਰਨ ਵਾਲਾ ਜ਼ਖਮ ਹੈ।
ਆਪਣੇ ਆਪ ਨੂੰ ਰੁੱਝੇ ਰੱਖਣ ਲਈ ਕਲਮ ਦਾ ਸਹਾਰਾ ਲੈਂਦੀ ਹਾਂ। ਜੇ ਮੈਂ ਸਹਿਤ ਦੀ ਗੱਲ ਕਰਾਂ ਤਾਂ ਮੈਨੂੰ ਬਚਪਨ ਤੋਂ ਹੀ ਪੜਨ ਲਿਖਣ ਦੀ ਚੇਟਕ ਸੀ।ਉਸਦਾ ਕਾਰਣ ਇਹ ਕਿ ਮੇਰੇ ਪਿਤਾ ਜੀ ਨੂੰ ਕਿਤਾਬਾਂ ਨਾਲ ਪਿਆਰ ਸੀ।ਬਹੁਤ ਸਾਰੇ ਮੈਗਜੀਨ ਜਿਵੇਂ ਕੌਮੀ ਸਚਿੱਤਰ,ਇੰਡੀਅਨ ਟਾਈਮਜ,ਅਖਬਾਰ ਅੰਗਰੇਜੀ ਟ੍ਰਿਬਿਊਨ, ਤੇ ਇੰਡੀਅਨ ਐਕਸਪ੍ਰੈਸ ਆਉਂਦੀ ਸੀ।ਗੁਰਮਤਿ ਪ੍ਰਕਾਸ਼ ਤਾਂ ਲਾਈਫ ਟਾਈਮ ਹੀ ਲੱਗਿਆ ਹੋਇਆ ਸੀ।ਅਤੇ ਭਗਤ ਪੂਰਨ ਸਿੰਘ ਜੀ ਕਿਤਾਬਚੇ ਵੀ ਅਕਸਰ ਮੈ ਪੜਦੀ ਰਹਿੰਦੀ ਸੀ।ਮੈਨੂੰ ਯਾਦ ਹੈ ਮੈ ਨੌਵੀ ਜਮਾਤ ਚ ਪੜਦਿਆ ਕੁੱਝ ਲਿਖਿਆ ਸੀ।ਪਰ ਮੇਰੀ ਮਾਂ ਨੇ ਪੜ ਕੇ ਉਹ ਕਾਪੀ ਦਾ ਪੇਜ ਪਾੜ ਦਿੱਤਾ ਸੀ।ਫਿਰ ਦੁਬਾਰਾ ਕਲਮ ਚੁੱਕਣ ਲਈ ਮੈਨੂੰ 25 ਸਾਲ ਦਾ ਸਮਾਂ ਲੱਗਿਆ।45 ਸਾਲ ਦੀ ਉਮਰ ਚ ਲਿਖਣਾ...

ਸ਼ੁਰੂ ਕੀਤਾ।ਜਦੋ ਧੀਆਂ ਸਹੁਰੇ ਚਲੇ ਗਈਆਂ ਤੇ ਮੈ ਇੱਕਲੀ ਰਹਿ ਗਈ ਸੀ।ਫਿਰ ਮੈਂ ਕਲਮ ਨੂੰ ਆਪਣਾ ਸਾਥੀ ਬਣਾਇਆ।2016 ਤੋਂ ਲਿਖਣਾ ਸ਼ੁਰੂ ਕੀਤਾ ਮੇਰੀ ਪਹਿਲੀ ਰਚਨਾ ਆ! ਸੱਜਣਾਂ ਜਰਾ ਬਹਿ ਸੱਜਣਾ ਪੰਜਾਬੀ ਇੰਨ ਹਾਲੈਂਡ ਵਿੱਚ ਛਪੀ।ਤੇ ਫਿਰ ਉਸ ਤੋ ਬਾਅਦ ਚੱਲ ਸੋ ਚੱਲ ਦਿਨ ਰਾਤ ਲਿਖਣ ਦੇ ਜਨੂੰਨ ਨੇ 2 ਸਾਲ ‘ਚ ਕਿਤਾਬ ਸਿਸਕਦੇ ਹਰਫ਼ ਦੀ ਸਿਰਜਨਾ ਕਰ ਦਿੱਤੀ।ਮੇਰੀਆ ਰਚਨਾਵਾ ਸਾਂਝੇ ਕਾਵਿ ਸੰਗਰਿਹਾਂ ਵਿੱਚ ਵੀ ਛੱਪ ਚੁੱਕੀਆਂ ਹਨ। ਜਿੰਨਾ ਚ ਕਲਮ ਪੰਜਾਬ ਦੀ ਕਿਤਾਬ ‘ਚ,ਕਾਵਿਕ ਵੰਗਾਂ,ਸਾਂਝਾ ਕਾਵਿ ਸੰਗ੍ਰਹਿ,ਤੇ ਵੱਖ ਵੱਖ ਮੈਗਜੀਨ ਅਖਬਾਰਾਂ ਵਿੱਚ ਵੀ ਮੇਰੀਆਂ ਰਚਨਾਵਾਂ ਨੂੰ ਛੱਪਣ ਦਾ ਮਾਣ ਹਾਸਲ ਹੋਇਆ ਹੈ। 2018 ਪਲੇਠਾ ਕਾਵਿ ਸੰਗ੍ਰਹਿ ਸਿਸਕਦੇ ਹਰਫ਼ ਪਾਠਕਾਂ ਦੀ ਝੋਲੀ ਪਾ ਚੁੱਕੀ ਹਾਂ।ਦੂਜਾ ਕਾਵਿ ਸੰਗ੍ਰਹਿ ਵੀ ਜਲਦੀ ਛਾਪ ਰਹੀ ਹਾਂ।ਵੱਖ ਵੱਖ ਸਹਿਤ ਸਭਾਵਾਂ ਤੋਂ ਇਲਾਵਾ ਵੱਖ ਵੱਖ ਰੇਡੀਓਜ ਵੱਲੋ ਵੀ ਮਾਣ ਸਨਮਾਨ ਦਿੱਤਾ ਗਿਆ।ਡੀ ਡੀ ਪੰਜਾਬੀ ਤੇ ਕਵੀ ਦਰਬਾਰ ਚ ਜਾਣ ਦਾ ਸੁਭਾਗ ਪ੍ਰਾਪਤ ਕਰ ਚੁੱਕੀ ਹਾਂ
30 ਸਾਲ ਦੀ ਨੌਕਰੀ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਸਕੂਲ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਮਾਨ ਸਨਮਾਨ ਹਾਸਲ ਹੋਇਆ।ਕਿਤਾਬ “ਸਿਸਕਦੇ ਹਰਫ” ਨੂੰ ਵੱਖ ਵੱਖ ਸਹਿਤ ਸਭਾਵਾਂ ਵੱਲੋਂ ਰਿਲੀਜ਼ ਕੀਤਾ ਗਿਆਂ।ਸਹਿਤ ਸਭਾ ਬਰਨਾਲਾ ਵੱਲੋਂ 2018 ਚ ਸਨਮਾਨ ਚਿੰਨ ਨਾਲ ਨਿਵਾਜਿਆ ਗਿਆ।ਐਸ ਡੀ ਐਮ,ਡੀ ਈ ਓ ਸੈਕੰਡਰੀ ਅੰਮ੍ਰਿਤਸਰ ਵੱਲੋ ਵੀ ਸਨਮਾਨਿਤ ਕੀਤਾ। ਮਾਂ ਬੋਲੀ ਪੰਜਾਬੀ ਦੇ ਹੱਕ ਚ ਚੇਤਨ ਹਾਂ।
ਪਰਮਾਤਮਾ ਨੇ ਮੈਨੂੰ ਔਰਤ ਨਿਵਾਜ ਕੇ ਕੁਦਰਤ ਨੂੰ ਅਨਮੋਲ ਤੋਹਫਾ ਦਿੱਤਾ ਹੈ।ਸਹਿ ਵਿਦਿਅਕ ਸੰਸਥਾ ਚ ਸੇਵਾਵਾਂ ਨਿਭਾਉਦਿਆ ਬੱਚੀਆਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਪ੍ਰੇਰਿਤ ਕਰਦੀ ਹਾਂ।ਉਹਨਾ ਨੂੰ ਸਵੈਮਾਣ ਤੇ ਸਵੈ ਰਖਿਆ ਲਈ ਚੇਤਨ ਕਰਦੀ ਹਾਂ।
ਸਮਾਜ ਨੂੰ ਸਹੀ ਸੇਧ ਦੇਣ ਦਾ ਸਕੰਲਪ ਕਰਦੀ ਹਾਂ।ਮੌਜੂਦਾ ਸਮੇਂ ਮੈਂ ਇਕ ਸੰਗਠਨ “ਪੰਜਾਬੀ ਨਾਰੀ ਸਹਿਤਕ ਮੰਚ” ਦੀ ਰਹਿਨੁਮਾਈ ਕਰ ਰਹੀ ਹਾਂ।ਇਸ ਸੰਗਠਨ ਰਚਨਾਵਾਂ ਦੀ ਸਿਰਜਨਾ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਵਜੋ ਲੋੜਵੰਦਾਂ ਦੀ ਮਦਦ ਵੀ ਕਰਦਾ ਹੈ। ਇਕ ਸੰਕਲਪ ਲੈ ਕੇ ਚੱਲੇ ਹਾਂ ਕਿ ਕਲਮ ਦੇ ਨਾਲ ਨਾਲ ਹੈਲਪਿੰਗ ਹੈਂਡ ਵੀ ਬਣਾਂਗੇ ਲੋੜਵੰਦਾਂ ਲਈ।
ਸਮਾਜ ਚ ਵਿਚਰਦਿਆਂ ਨੌਜਵਾਨ ਵਰਗ ਨੂੰ ਨਸ਼ਿਆ ਤੋ ਰਹਿਤ ਲਈ ਸੁਚੇਤ ਕਰਦੀ ਹਾ।ਵਹਿਮ ਭਰਮ,ਛੂਆਛਾਤ,ਨਿਰਪੱਖਤਾ ਵਾਲਾ ਜੀਵਨ ਜਿਉਣ ਚ ਵਿਸਵਾਸ ਰੱਖਦੀ ਹਾਂ।ਸੰਕਲਪ ਕਰਦੀ ਹਾਂ ਜੋ ਦਰਦ ਮੈਂ ਹੰਡਿਆਇਆ ਉਹ ਕਿਸੇ ਧੀ ਦੇ ਹਿੱਸੇ ਨਾ ਆਵੇ।ਦਾਜ,ਨਸ਼ਾ,ਭਰੁਣ ਵਰਗੀਆਂ ਅਲਾਮਤਾਂ ਦੂਰ ਕਰਾਂਗੀ।ਰੱਬ ਅੱਗੇ ਦੂਆ ਕਰਦੀ ਹਾਂ ਕਿ ਪੰਜਾਬ ਵਿੱਚ ਮਾਰੂ ਲਹਿਰਾਂ ਨਾ ਵਗਣ।ਨਾ ਮਾਂਵਾਂ ਦੇ ਪੁੱਤ ਮਰਨ।ਅਖੀਰ ਚ ਮੈਂ ਆਪਣੀਆਂ ਧੀਆਂ ਭੈਣਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ।ਜੋ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਦੇ ਨੇ ਕਾਮਯਾਬੀ ਉਹਨਾਂ ਦੇ ਹਮੇਸ਼ਾ ਕਦਮ ਚੁੰਮਦੀ ਹੈ।ਬਸ ਆਪਣੀਆਂ ਕਦਰਾਂ ਕੀਮਤਾਂ ਨਾ ਭੁਲਿੱਓ! ਜਿਓਦੇ ਵੱਸਦੇ ਰਹੋ! ਮੁਹੱਬਤਾਂ ਜਿੰਦਾਬਾਦ ਜਿੰਦਗੀ ਜਿੰਦਾਬਾਦ!
ਅਖੀਰ ਵਿੱਚ ਅੱਜ ਇੱਥੇ ਮੈਂ ਇਹ ਦੱਸਦਿਆ ਫਖ਼ਰ ਮਹਿਸੂਸ ਕਰਦੀ ਹਾਂ ਮੈ 8 ਅਪਰੈਲ 2018 ਤੋ “ਕਲਮ 5ਆਬ ਦੀ” ਗਰੁੱਪ ਦੀ ਮੈਂਬਰ ਹਾਂ।ਇਸ ਪਰਿਵਾਰ ਵਿੱਚ ਸ਼ਾਮਲ ਹੋ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਸਰਦਾਰ ਸੁਰਜੀਤ ਸਿੰਘ ਤੇ ਹੋਰ ਐਡਮਿਨਜ ਦੀ ਰਹਿਨੁਮਾਈ ਹੇਠ ਚੱਲਦੇ ਇਸ ਗਰੁੱਪ ਵਿਚ ਮੈਨੂੰ ਬਹੁਤ ਮਿਆਰੀ ਸਹਿਤ ਪੜਨ ਨੂੰ ਮਿਲਿਆ।ਇਸ ਪਰਿਵਾਰ ਵੱਲੋ ਫਰਵਰੀ2020 ਕਰਾਏ ਸਮਾਗਮ “ਚ ਵੀ ਬਹੁਤ ਸਾਰਾ ਮਾਣ ਸਨਮਾਨ ਮਿਲਿਆ ਜਿਸ ਨੂੰ ਮੈਂ ਹਮੇਸ਼ਾ ਹਿੱਕੜੀ ‘ਚ ਸਦਾ ਸੰਭਾਲ ਕੇ ਰੱਖਾਂਗੀ।ਜੇ ਮੈਂ ਆਪਣੀ ਲੇਖਣੀ ਦੀ ਗੱਲ ਕਰਾਂ ਤਾਂ ਮੈਨੂੰ ਇੱਥੇ ਪਾਠਕਾਂ ਵੱਲੋ ਬਹੁਤ ਸੋਹਣਾ ਹੁੰਗਾਰਾ ਮਿਲਿਆ ਹੈ।ਪਾਠਕਾਂ ਵੱਲੋਂ ਦਿੱਤੀਆ ਟਿੱਪਣੀਆਂ ਚ ਸੁਝਾਅ ਵੀ ਬੇਸ਼ਕੀਮਤੀ ਹੋ ਨਿਬੜਦੇ ਨੇ ਮੇਰੇ ਵਰਗੀ ਸਿਖਾਂਦਰੂ ਲਈ।ਅੱਜ ਮੈ ਆਪਣੇ ਬਾਰੇ ਪਾਠਕਾਂ ਨਾਲ ਜਿੰਦਗੀ ਦੇ ਸੰਘਰਸ਼ ਭਰੇ ਰਾਹਾਂ ਬਾਰੇ ਕੁਝ ਹਰਫ਼ ਸਾਂਝੇ ਕੀਤੇ ਹਨ ਤੇ ਉਮੀਦ ਕਰਦੀ ਹਾਂ ਤੁਸੀਂ ਪਹਿਲਾਂ ਵਾਂਗ ਹੀ ਮੇਰੇ ਹਰਫ਼ਾ ਨੂੰ ਮੋਹ ਦਿਓਗੇ
ਆਪ ਸਭ ਦੀ ਨਿਮਾਣੀ ਲੇਖਕ
ਨਿਰਮਲ ਕੌਰ ਕੋਟਲਾ

...
...



Related Posts

Leave a Reply

Your email address will not be published. Required fields are marked *

One Comment on “ਸਵੈ-ਜੀਵਨੀ”

  • ਹਰਪ੍ਰੀਤ ਸਿੰਘ ਢਿੱਲੋੁ

    ਤੁਸੀ ਬਹੁਤ ਦਲੇਰ ਤੇ ਬਹਾਦੁਰ ਅੋਰਤ ਹੋ ਭੈਣ ਜੀ ਵਾਹਿਗੁਰੂ ਚੜਦੀਕਲਾ ਕਲਾ ਚ ਰੱਖੇ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜੀ ਪੜਨ ਤੇ ਲਿਖਣ ਦਾ ਬਹੁਤ ਸ਼ੋਕ ਹੈ ਮੈਨੂੰ ਵੀ ਫਾਰਮਰ ਹਾਂ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)