ਜਸਨੂਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਾਓਣ ਆਈ ਸੀ। ਜਸਨੂਰ ਦਾ ਆਪਣਾ ਪਿੰਡ ਦੂਰ ਰਹਿ ਜਾਂਦਾ ਸੀ। ਰੋਜ ਤਾਂ ਵਾਪਸ ਘਰ ਜਾਇਆ ਨਹੀਂ ਸੀ ਜਾਣਾ, ਇਸ ਲਈ ਸਕੂਲ ਕੋਲ ਹੀ ਇਕ ਘਰ ਕਿਰਾਏ ਉਪਰ ਲੈ ਲਿਆ। ਦੋ ਪਤੀ-ਪਤਨੀ ਰਹਿੰਦੇ ਸਨ। ਇਕੱਲੇ ਹੀ ਸਨ। ਉਪਰ ਚੁਬਾਰੇ ਤੇ ਕਮਰਾ ਖਾਲੀ ਸੀ। ਕਿਰਾਇਆ ਵੀ ਜਿਆਦਾ ਨਹੀਂ ਸੀ।
ਬਾਪੂ ਜੀ ਜੀਤ ਸਿਉਂ ਹੁਰੀਂ ਵੀ ਬਹੁਤ ਮਿੱਠ ਬੋਲੜੇ ਸਨ। ਓਨਾ ਦੀ ਪਤਨੀ ਬੇਅੰਤ ਕੌਰ ਅੰਦਰ ਆਰਾਮ ਕਰਦੀ ਰਹਿੰਦੀ ਸੀ। ਓਹ ਜਿਆਦਾ ਬਾਹਰ ਨਹੀਂ ਸੀ ਨਿਕਲਦੀ। ਪਿੰਡ ਵਿੱਚ ਸੁਣਿਆ ਸੀ ਲੋਕਾਂ ਨੂੰ ਕਹਿੰਦੇ ਕਿ ਬਿਮਾਰ ਹੈ।
ਜਸਨੂਰ ਚਲੋ ਆਪਣਾ ਕੰਮ ਕਰਦੀ ਰਹੀ। ਸਕੂਲੋਂ ਸਭ ਕੰਮ ਨਬੇੜ ਕੇ ਵਾਪਸ ਆਂਓਦਿਆ ਉਸਨੂੰ ਸ਼ਾਮ ਦੇ ਪੰਜ ਵੱਜ ਜਾਇਆ ਕਰਦੇ। ਆਣ ਕੇ ਉਹ ਚਾਹ ਪੀ ਕੇ ਆਰਾਮ ਕਰਨ ਲੱਗ ਜਾਂਦੀ।
ਬਾਪੂ ਜੀ ਨਾਲ ਕਦੇ ਕੋਈ ਗੱਲ ਖਾਸ ਨਹੀਂ ਸੀ ਹੋਈ। ਬੱਸ ਮਹੀਨੇ ਬਾਅਦ ਤੈਅ ਤਰੀਕ ਤੇ ਕਿਰਾਇਆ ਫੜਾ ਦਿਆ ਕਰਦੀ। ਉਸਨੇ ਕਦੇ ਦੋਵੇਂ ਬਜੁਰਗਾਂ ਦੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਲਈ। ਬੇਅੰਤ ਕੌਰ ਹਮੇਸ਼ਾਂ ਆਪਣੇ ਕਮਰੇ ਅੰਦਰ ਹੀ ਰਹੀ।
ਸਰਦੀਆਂ ਦੇ ਦਿਨ ਸਨ। ਸਕੂਲੋਂ ਤੁਰਦੀ ਆਂਓਦੀ ਦੇ ਜਸਨੂਰ ਦੇ ਹੱਥ ਠਰ ਗਏ। ਅੰਦਰ ਆਈ ਤਾਂ ਮਾਤਾ ਜੀ ਬਾਹਰ ਬੈਠੇ ਸਨ। ਜਸਨੂਰ ਇਕਦਮ ਡਰ ਗਈ। ਕਦੇ ਦੇਖਿਆ ਨਹੀਂ ਸੀ ਮਾਤਾ ਨੂੰ ਬਾਹਰ ਉਸਨੇ। ਮਾਤਾ ਜਸਨੂਰ ਵੱਲ ਦੇਖੀ ਗਈ। ਜਸਨੂਰ ਕੋਲੋਂ ਲੰਘਦੀ ਸਤ ਸ੍ਰੀ ਅਕਾਲ ਬੁਲਾ ਕੇ ਪੌੜੀਆਂ ਚੜ ਗਈ।
ਮਾਤਾ ਬੇਅੰਤ ਕੌਰ ਵੀ ਮਗਰ ਹੀ ਚਲੀ ਗਈ। ਆਪਣੇ ਪਿੱਛੇ ਆਈ ਮਾਤਾ ਨੂੰ ਦੇਖ ਜਸਨੂਰ ਬੋਲੀ,
“ਹਾਂਜੀ ਮਾਂ? ਕੁੱਛ ਚਾਹੀਦਾ ਤੁਹਾਨੂੰ?”
“ਚਾਹੀਦਾ ਤਾਂ ਕੁੱਛ ਨੀ ਧੀਏ। ਸੁੱਖ ਨਾਲ ਪਰਮਾਤਮਾ ਦਾ ਦਿੱਤਾ ਸਭ ਕੁੱਛ ਐ। ਮੁੰਡਾ ਮੇਰਾ ਕੈਨੇਡਾ ਚ ਪੱਕਾ ਹੋਇਆ ਪਰਸੋਂ। ਫੂਨ ਆਇਆ ਸੀ ਓਦਾ। ਕਹਿੰਦਾ ਸੀ ਮਾਂ ਮੈਂ ਮੰਗਾਊਗਾ ਹੁੱਣ ਥੋਨੂੰ। ਮੈਂ ਕਿਹਾ ਪੁੱਤ ਏਸ ਉਮਰੇ ਮੈਂ ਕਿੱਥੇ ਆਊਂ। ਤੂੰ ਈ ਆ ਜਾ!! ਓਥੇ ਓਨੇ ਵਿਆਹ ਕਰਵਾ ਲਿਆ ਚਾਰ ਸਾਲ ਹੋਏ। ਸਾਡਾ ਇਕ ਪੋਤਾ ਹੈ। ਓਹ ਸਭ ਆ ਰਹੇ ਆ ਹੁੱਣ। ਏਸ ਲਈ ਧੀਏ ਤੂੰ ਇਹ ਕਮਰਾ ਖਾਲੀ ਕਰ ਦੇ ਹਫਤੇ...
ਤੱਕ”। ਮਾਤਾ ਬੇਅੰਤ ਕੌਰ ਦੀ ਗੱਲ ਸੁੱਣ ਜਸਨੂਰ ਹੈਰਾਨ ਹੋਈ।
ਇੰਨੀ ਛੇਤੀ ਕਮਰਾ ਕਿੱਥੋਂ ਮਿਲੇਗਾ ਹੁੱਣ!? ਪਰ ਚਲੋ! ਜੇ ਅਗਲੇ ਦਾ ਪੁੱਤ ਆ ਰਿਹਾ ਤਾਂ ਛੱਡਣਾ ਤਾਂ ਪਵੇਗਾ ਹੀ। ਜਸਨੂਰ ਨੇ ਔਖੀ ਹੋ ਕੇ ਕਮਰਾ ਲੱਭ ਲਿਆ। #ਗੁਰਪ੍ਰੀਤਸਿੰਘਭੰਬਰ
ਆਖਰੀ ਦਿਨ ਜਦੋਂ ਓਹ ਬਾਪੂ ਜੀ ਜੀਤ ਸਿਉਂ ਨੂੰ ਬਕਾਇਆ ਬਚਿਆ ਕਿਰਾਇਆ ਦੇਣ ਗਈ ਤਾਂ ਓਹ ਹੈਰਾਨ ਹੋਏ।
“ਕੀ ਹੋਇਆ ਧੀਏ?”
“ਬਾਪੂ ਜੀ ਓਹ ਮਾਂ ਜੀ ਕਹਿ ਰਹੇ ਸਨ ਕਿ ਘਰ ਤੁਹਾਡਾ ਬੇਟਾ ਆ ਰਿਹਾ ਕਮਰਾ ਖਾਲੀ ਕਰਨਾ!?” ਜਸਨੂਰ ਬੋਲੀ।
“ਬੇਅੰਤ ਬਾਰੇ ਤੈਨੂੰ ਸਭ ਪਤਾ ਤਾਂ ਹੈ ਧੀਏ। ਤੂੰ ਕਿਉਂ ਓਦੀ ਗੱਲ ਗੰਭੀਰ ਲੈ ਗਈ?”
“ਮਤਲਬ?”
“ਸਾਡਾ ਪੁੱਤ ਤਾਂ ਚਾਰ ਸਾਲ ਪਹਿਲਾਂ ਇੱਥੇ ਨਾਲ ਦੇ ਪਿੰਡ ਐਕਸੀਡੈਂਟ ਚ ਮਾਰਿਆ ਗਿਆ। ਟਰੱਕ ਵਾਲਾ ਓਨੂੰ ਰੌਂਦ ਗਿਆ। ਇਹ ਵਿਚਾਰੀ ਓਦੋਂ ਤੋਂ ਈ ਸਿੱਧਰੀ ਹੋ ਗਈ। ਆਵਦੇ ਪੁੱਤ ਬਾਰੇ ਨਿੱਤ-ਨਵੀਆਂ ਕਹਾਣੀਆਂ ਘੜਦੀ ਰਹਿੰਦੀ ਹੈ। ਕਦੇ ਕਹਿੰਦੀ ਹੈ ਓਹ ਕਨੇਡਾ ਤੋਂ ਆ ਰਿਹਾ, ਕਦੇ ਕਹਿੰਦੀ ਹੈ ਓਦਾ ਰਿਸ਼ਤਾ ਪੱਕਾ ਕਰਤਾ! ਓਦੇ ਵਿਆਹ ਦਾ ਸੱਦਾ ਪਿੰਡ ਚ ਦਿੰਦੀ ਫਿਰਦੀ ਹੈ! ਕੀ ਦੱਸਾਂ ਧੀਏ! ਬੜਾ ਕੁੱਛ ਕਰਦੀ ਆ। ਸਮਝਾਉਂਦਾ ਇਨੂੰ ਬਹੁਤ ਵਾਰ ਕਿ ਆਪਣਾ ਪੁੱਤ ਮਰ ਚੁੱਕਿਆ! ਪਰ ਇਹ ਸਮਝਦੀ ਹੀ ਨੀ! ਮੰਨਣ ਲਈ ਤਿਆਰ ਈ ਨੀ ਹੁੰਦੀ!!”
“ਆ ਗਿਆ ਪੁੱਤ!! ਥੱਕ ਗਿਆ ਹੋਏਗਾ ਦੁੱਧ ਬਣਾ ਦਵਾਂ!? ਪੀ ਲੈ! ਬਹਿ ਜਾ ਦੋ ਘੜੀ!!” ਅੰਦਰੋਂ ਨਿਕਲੀ ਬੇਅੰਤ ਕੌਰ ਇਕੱਲੀ ਹੀ ਗੱਲਾਂ ਮਾਰੀ ਜਾਂਦੀ ਸੀ।
“ਇਹ ਆਪਣੇ ਭਰਮ ਚੋਂ ਨਿਕਲਣ ਲਈ ਤਿਆਰ ਨਹੀਂ ਧੀਏ। ਇਸਦਾ ਇਹ ਭਰਮ ਕਿ ਇਦਾ ਪੁੱਤ ਜਿਓਂਦਾ ਹੈ! ਇਹ ਭਰਮ ਇਦੇ ਜਿਓਣ ਦੀ ਵਜਾ ਹੈ!!” ਜੀਤ ਸਿਉਂ ਬੋਲਿਆ, “ਸਮਝ ਲਾ ਇਦੇ ਸਾਹ ਲੈਣ ਦਾ ਕਿਰਾਇਆ ਹੈ ਇਹ ਭਰਮ!!”
ਜਸਨੂਰ ਕਦੇ ਆਪਣੇ ਹੱਥ ਵਿੱਚ ਫੜੇ ਕਿਰਾਏ ਨੂੰ ਦੇਖਦੀ ਸੀ ਤੇ ਕਦੇ ਇਕੱਲੀ ਹਵਾ ਵਿੱਚ ਹੀ ਗੱਲ ਕਰਦੀ……..ਓਸ ਮਾਂ ਨੂੰ ਦੇਖਦੀ ਸੀ!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ