ਘਰੇ ਪਏ ਵੰਡ ਵੰਡਾਈ ਦੇ ਵੱਡੇ ਕਲੇਸ਼ ਦਾ ਉਸ ਦਿਨ ਸ਼ਾਇਦ ਆਖਰੀ ਪੜਾਅ ਸੀ..ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸ਼ੈਵਾਂ ਦੀ ਇੱਕ ਲੰਮੀ ਚੋੜੀ ਲਿਸਟ ਬਣਾਈ ਆਪਣੇ ਹਮਾਇਤੀਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵੱਖਰੀ..!
ਪਿੰਡ ਦੀ ਪੰਚਾਇਤ..ਰਿਸ਼ਤੇਦਾਰੀ..ਪਟਵਾਰੀ..ਗਰਦੌਰ..ਇਲਾਕੇ ਦੇ ਕਿੰਨੇ ਸਾਰੇ ਮੋਤਬੇਰ..ਸਭ ਵਿਹੜੇ ਵਿੱਚ ਆਸਣ ਲਾਈ ਬੈਠੇ ਹੋਏ ਸਨ..ਇਲਾਕੇ ਵਿੱਚ ਭਾਰੀ ਖਦਸ਼ਾ ਸੀ ਕੇ ਕਿਧਰੇ ਦੋਵੇਂ ਭਰਾ ਲੜ ਹੀ ਨਾ ਪੈਣ..!
ਅਪਾਹਿਜ ਕੁਰਸੀ ਤੇ ਪਾਸੇ ਜਿਹੇ ਹੋ ਕੇ ਬੈਠੀ ਹੰਝੂ ਵਹਾਉਂਦੀ ਮਾਂ ਵਾਹਿਗੁਰੂ ਅਗੇ ਕਿਸੇ ਕਰਾਮਾਤ ਲਈ ਅਰਜੋਈਆਂ ਕਰੀ ਜਾ ਰਹੀ ਸੀ..!
ਦੋਹਾਂ ਭਰਾਵਾਂ ਦੇ ਨਿਆਂਣੇ ਇਸ ਸਭ ਕੁਝ ਤੋਂ ਅਣਜਾਣ ਕੰਧ ਤੋਂ ਬਾਹਰ ਉਗੇ ਰੁੱਖਾਂ ਹੇਠ ਇੱਕਠੇ ਖੇਡ ਰਹੇ ਸਨ..ਅਚਾਨਕ ਦੋਵੇਂ ਗੁੱਥਮ-ਗੁੱਥਾ ਹੋ ਪਏ..ਲੜਾਈ ਦੀ ਵਜਾ ਸ਼ਾਇਦ ਧਰੇਕ ਹੇਠਾਂ ਡਿੱਗੇ ਧਰਕੋਨਿਆਂ ਦੀ ਇੱਕ ਮੁੱਠ ਸੀ..ਇੱਕ ਆਖ ਰਿਹਾ ਸੀ ਇਹ ਮੇਰੇ ਨੇ ਤੇ ਦੂਜਾ ਮੀਚੀ ਹੋਈ ਮੁੱਠ ਵਿਚੋਂ ਵੱਧ ਲੈਣ ਲਈ ਜੱਦੋਜਹਿਦ ਕਰ ਰਿਹਾ ਸੀ..!
ਕੋਲੋਂ ਲੰਘਦੇ ਇੱਕ ਬਾਬਾ ਜੀ ਦੋਹਾ ਨੂੰ ਇੰਝ ਲੜਦਿਆਂ ਵੇਖ ਖਲੋ ਗਏ..ਕਿੰਨਿਆਂ ਵਰ੍ਹਿਆਂ ਤੋਂ ਠੀਕ ਇਸੇ ਵੇਲੇ ਹਰ ਰੋਜ ਆਟੇ ਦੀ ਲੱਪ ਮੰਗਣ ਆਉਣਾ ਓਹਨਾ ਦਾ...
ਨੇਮ ਸੀ..!
ਥੋੜੀ ਦੇਰ ਵੇਖਦੇ ਰਹੇ ਫਿਰ ਥੋੜਾ ਹੱਸੇ ਤੇ ਫੇਰ ਉੱਚੀ ਸਾਰੀ ਆਖਣ ਲੱਗੇ ਭਾਈ ਜਿਹੜੀ ਚੀਜ ਤੁਹਾਡੀਆਂ ਮਾਵਾਂ ਨੇ ਆਥਣ ਵੇਲੇ ਘਰ ਦੀਆਂ ਬਰੂਹਾਂ ਤੱਕ ਨੀ ਟੱਪਣ ਦੇਣੀ..ਉਸ ਤੋਂ ਕਿਓਂ ਲੜਦੇ ਓ..!
ਦੋਵੇਂ ਏਨੀ ਗੱਲ ਸੁਣ ਠਠੰਬਰ ਜਿਹੇ ਗਏ ਤੇ ਸ਼ਾਇਦ ਡਰ ਵੀ ਗਏ ਸਨ..ਦੋਹਾਂ ਦੀਆਂ ਮੁਠੀਆਂ ਅਤੇ ਤੇਵਰ ਇੱਕਦਮ ਹੀ ਢਿੱਲੇ ਜਿਹੇ ਪੈ ਗਏ ..!
ਬਾਬਾ ਜੀ ਆਟੇ ਦੀ ਲੱਪ ਝੋਲੀ ਵਿੱਚ ਪਵਾ ਉੱਚੀ ਸਾਰੀ ਏਨੀ ਗੱਲ ਆਖਦੇ ਹੋਏ ਆਪਣੇ ਰਾਹ ਪੈ ਗਏ ਕੇ ਕਮਲਿਓ ਖਾਲੀ ਹੱਥ ਆਏ ਸੋ ਤੇ ਇੱਕ ਦਿਨ ਖਾਲੀ ਹੱਥ ਹੀ ਜਾਣਾ..!
ਅਗਲੇ ਦਿਨ ਸਾਰਾ ਇਲਾਕਾ ਹੈਰਾਨ ਸੀ..ਦੋਹਾਂ ਵਿੱਚ ਰਾਜੀ ਨਾਵਾਂ ਜੂ ਹੋ ਗਿਆ ਸੀ..ਉਹ ਵੀ ਬਿਨਾ ਕਿਸੇ ਖੂਨ ਖਰਾਬੇ ਦੇ..!
ਆਟੇ ਦੀ ਲੱਪ ਸ਼ਾਇਦ ਕਰਾਮਾਤ ਵਰਤਾਅ ਗਈ ਸੀ..ਓਹੀ ਕਰਾਮਾਤ ਜਿਹੜੀ ਅਕਸਰ ਹੀ ਵਾਪਰ ਜਾਂਦੀ ਏ..ਸੱਚੇ ਦਿਲੋਂ ਅਰਦਾਸ ਕੀਤਿਆਂ..!
ਹਰਪ੍ਰੀਤ ਸਿੰਘ ਜਵੰਦਾ