More Punjabi Kahaniya  Posts
ਮਿੱਟੀ


ਤਕਰੀਬਨ 10 ਸਾਲ ਬਾਅਦ ਅੱਜ ਖੇਤ ਗਿਆ। ਪਰ ਕੁਝ ਮਿੰਟ ਹੀ ਰੁਕ ਸਕੇ, ਬਿਲਕੁੱਲ ਰੱਜ ਨਹੀਂ ਆਇਆ, ਏਦਾਂ ਲੱਗਿਆ ਜਿਵੇਂ ਦੂਰੋਂ ਦੇਖ ਕੇ ਹੀ ਮੁੜ ਆਏ। ਖੇਤ ਕੋਈ ਦੇਖ ਕੇ ਆਉਣ ਜਾਂ ਟਹਿਲਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰੀਰਾਂ ਦੀ ਇਬਾਦਤਗਾਹ ਹੈ। ਖੇਤ ਜਾਓ ਤੇ ਮਿੱਟੀ ਨੂੰ ਬਿਨਾਂ ਪੱਬ ਛੁਹਾਏ ਹੀ ਮੁੜਨਾ ਪਵੇ ਤਾਂ ਏਦਾਂ ਲੱਗਦਾ ਹੀ ਨਹੀਂ ਕਿ ਖੇਤ ਜਾ ਕੇ ਆਏ ਹਾਂ।
ਮੈਂ ਬੜਾ ਲੰਮਾ ਸਮਾਂ ਬੈੱਡ ਤੇ ਹੀ ਰਿਹਾਂ, ਕਮਰੇ ਤੋਂ ਬਾਹਰ ਵੀ ਨਹੀਂ ਜਾ ਹੁੰਦਾ ਸੀ, ਬਹੁਤ ਵਾਰ ਜ਼ਿੰਦਗੀ ਤੋਂ ਅੱਕਿਆ ਵੀ, ਪਰ ਅੰਦਰ ਪਏ ਨੂੰ ਵੀ ਬਾਹਰ ਬਹੁਤੀਆਂ ਜਗ੍ਹਾਵਾਂ ਤੇ ਜਾਣ ਲਈ ਮਨ ਨਹੀਂ ਓਦਰਿਆ। ਬਸ ਦੋ ਜਗ੍ਹਾ ਹੀ ਹਨ ਜਿੱਥੇ ਜਾਣ ਲਈ ਮਨ ਤਰਸਦਾ ਸੀ, ਉਨ੍ਹਾਂ ਚੋਂ ਇੱਕ ਹੈ ਹਰਮੰਦਿਰ ਸਾਹਿਬ ਤੇ ਦੂਜਾ ਸਾਡਾ ਖੇਤ ❤️।
ਹਰਮਿੰਦਰ ਸਾਹਿਬ ਨਾਲ ਸਾਡਾ ਰੁਹਾਨੀ ਨਾਤਾ ਹੈ ਤੇ ਮਿੱਟੀ ਨਾਲ ਸ਼ਾਇਦ ਜਿਸਮਾਨੀ। ਸਾਡੇ ਤੋਂ ਪਹਿਲਾਂ ਪਤਾ ਨਹੀਂ ਸਾਡੀਆਂ ਕਿੰਨੀਆਂ ਪੀੜ੍ਹੀਆਂ ਨੇ ਇਸੇ ਮਿੱਟੀ ਨਾਲ ਘੁਲਦਿਆਂ, ਇਹਨੂੰ ਵਾਹੁਦਿਆਂ ਥੱਲਦਿਆਂ ਆਪਣੀਆਂ ਜੁਆਨੀਆਂ ਗਾਲ਼ੀਆਂ ਹੋਣਗੀਆਂ। ਸਦੀਆਂ ਬਾਅਦ ਵੀ ਸਾਡੇ ਸਰੀਰਾਂ ਅੰਦਰ ਪਏ ਸਾਡੇ ਬਜ਼ੁਰਗਾਂ ਦੇ ਕਣ ਇਸ ਮਿੱਟੀ ਨੂੰ ਛੂਹ ਕੇ ਖਿੜ ਜਾਂਦੇ ਹਨ।
ਆਪਣੀ ਮਿੱਟੀ ਤੋਂ ਵਿਛੜਿਆਂ ਨੂੰ ਤਾਂ ਮਰਨ ਦਾ ਸਵਾਦ ਵੀ ਨਹੀਂ...

ਆਉਂਦਾ ਹੋਣਾ। ਮੈਨੂੰ ਲੱਗਦਾ ਮਿੱਟੀ ਨੂੰ ਚੁੰਮ ਕੇ ਮਰਨ ਵਾਲਿਆਂ ਨੂੰ ਤਾਂ ਸੱਚੀਂਓ ਆਨੰਦ ਆਉਂਦਾ ਹੋਊ। ਸ਼ਾਇਦ ਸਾਡਾ ਅਸਲ ਰੂਪ ਇਹ ਮਿੱਟੀ ਹੀ ਹੈ। ਸਾਨੂੰ ਕਿਸੇ ਘੁਮਿਆਰ ਨੇ ਘੜ ਕੇ ਇਹ ਰੂਪ ਦੇ ਦਿੱਤਾ ਹੈ ਤੇ ਇਨ੍ਹਾਂ ਜੀਵਨ ਚੱਕਰਾਂ ਦੇ ਘੁੰਮਣਘੇਰਿਆਂ ਵਿੱਚ ਵਹਿਣ ਦੇ ਬਾਵਜੂਦ ਵੀ ਸਾਡਾ ਮਿੱਟੀ ਨਾਲੋਂ ਨਾਤਾ ਨਹੀਂ ਟੁੱਟਾ।
ਅੱਜ ਜਾਣ ਲੱਗਿਆਂ ਦਰਦ ਹੋ ਰਿਹਾ ਸੀ ਗਰਮੀ ਵੀ ਸੀ, ਸੋਚ ਰਿਹਾ ਸੀ ਜਾਵਾਂ ਜਾਂ ਨਾ, ਪਰ ਓਥੇ ਪਹੁੰਚਦਿਆਂ ਹੀ ਸਭ ਦਰਦ ਭੁੱਲ ਗਏ ਤੇ ਖਿਆਲਾਂ ਦਾ ਹੜ੍ਹ ਆ ਗਿਆ। 10 ਸਾਲਾਂ ਵਿੱਚ ਤਕਰੀਬਨ ਹਰ ਜਗ੍ਹਾ ਦੇ ਨਕਸ਼ੇ ਬਦਲ ਜਾਂਦੇ ਨੇ ਪਰ ਖੇਤ ਨਹੀਂ ਬਦਲਦੇ। ਇਹ ਸਥਿਰ ਹੀ ਰਹਿੰਦੇ ਨੇ। ਉਸੇ ਤਰ੍ਹਾਂ ਜਿਵੇਂ ਤੁਸੀਂ ਸਾਲਾਂ ਪਹਿਲਾਂ ਛੱਡ ਕੇ ਆਏ ਹੋਵੋਂ, ਹਰ ਸ਼ੈਅ ਓਥੇ ਦੀ ਓਥੇ ਹੀ ਪਈ ਹੁੰਦੀ ਹੈ। ਕੁਝ ਤਾਂ ਹੈ ਇਨ੍ਹਾਂ ਖੇਤਾਂ ਵਿੱਚ ਜੋ ਸੁਪਨਿਆਂ ਅੰਦਰ ਵੀ ਸਾਨੂੰ ਹਾਕਾਂ ਮਾਰ ਮਾਰ ਬੁਲਾਉਂਦਾ ਹੈ, ਕੁਝ ਤਾਂ ਜੋ ਸਾਡੇ ਤਿੜਕੇ ਦਿਲਾਂ ਨੂੰ ਸੰਪੂਰਨਤਾ ਦਾ ਅਹਿਸਾਸ ਕਰਵਾਉਂਦਾ ਹੈ।
-28 ਅਪ੍ਰੈਲ 2021
-ਬਲਰਾਜ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)