More Punjabi Kahaniya  Posts
ਅਨੋਖਾ ਸਬਰ


ਅਨੋਖਾ ਸਬਰ
1947 ਦੀ ਵੰਡ ਵੇਲੇ ਪਾਖਰ ਤੇ ਇਸਮਾਈਲ ਦੀ ਉਮਰ 7-8ਸਾਲ ਦੀ ਸੀ। ਇਸਮਾਈਲ ਤੇ ਪਾਖਰ ਦਾ ਸਾਰਾ ਪਰਿਵਾਰ ਦੰਗਿਆਂ ਦੀ ਭੇਟ ਚੜ੍ਹ ਗਿਆ। ਇਸਮਾਈਲ ਬਚ ਕੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਤੇ ਪਾਖਰ ਓਧਰੋਂ ਬਚ ਕੇ ਹਿੰਦੋਸਤਾਨ ਵਾਲੇ ਪਾਸੇ ਆ ਗਿਆ। ਇਸਮਾਈਲ ਨੂੰ ਵਕਤਾਂ ਦੀ ਮਾਰੀ ਕਿਸੇ ਔਰਤ ਨੇ ਪਾਲ਼ਿਆ ਸ਼ਾਇਦ ਉਹ ਪਾਕਿਸਤਾਨ ਵਾਲੇ ਪਾਸਿਉਂ ਏਧਰ ਨਾ ਆ ਸਕੀ , ਪਰਿਵਾਰ ਵਿੱਚੋਂ ਕੱਲੀ ਹੀ ਬਚ ਗਈ ਹੋਵੇਗੀ। ਇਸਮਾਈਲ ਦੇ ਸਹਾਰੇ ਨਾਲ ਆਪਣਾ ਜੀਵਨ ਜਿਊਣ ਲੱਗ ਗਈ। ਜ਼ਮੀਨ ਨਾ ਮਿਲਣ ਕਰਕੇ ਪਾਖਰ ਤੇ ਇਸਮਾਈਲ ਬਾਡਰ ਕੋਲ ਹੀ ਵਸ ਕੇ ਬੱਕਰੀਆਂ ਪਾਲ਼ ਕੇ ਗੁਜ਼ਾਰਾ ਕਰਨ ਲੱਗੇ।ਬਾਡਰ ਕੋਲ ਬੱਕਰੀਆਂ ਚਾਰਨ ਕਰਕੇ ਦੋਵਾਂ ਦੀ ਦੁਆ ਸਲਾਮ ਹੁੰਦੀ ਰਹਿੰਦੀ।ਕਈ ਵਾਰ ਬੱਕਰੀਆਂ ਬਾਡਰ ਪਾਰ ਕਰਕੇ ਇੱਕ ਦੂਜੇ ਚ ਜਾ ਰਲਦੀਆਂ ।ਪਰ ਉਹ ਬੱਕਰੀਆਂ ਮੋੜਨ ਲਈ ਡਰਦੇ ਬਾਡਰ ਪਾਰ ਨਾ ਕਰਦੇ।ਅਗਲੇ ਦਿਨ ਇੱਕ ਦੂਜੇ ਦੀਆਂ ਬੱਕਰੀਆਂ ਵਾਪਸ ਕਰ ਦਿੰਦੇ। ਸਮਾਂ ਬੀਤਿਆ ਪਾਖਰ ਵਿਆਹਿਆ ਗਿਆ। ਹੁਣ ਪਾਖਰ ਦਾ ਮੁੰਡਾ ਵੀ 6-7ਸਾਲ ਦਾ ਹੋ ਗਿਆ।ਅੱਜ ਪਾਖਰ ਬਾਡਰ ਤੇ ਬੱਕਰੀਆਂ ਚਾਰਨ ਆਪਣੇ ਮੁੰਡੇ ਨੂੰ ਵੀ ਨਾਲ ਲੈ ਗਿਆ।ਇੱਕ ਜੰਗੀ ਜਹਾਜ਼ ਦਾ ਖੜਕਾ ਸੁਣ ਕੇ ਕੁੱਝ ਬੱਕਰੀਆਂ ਡਰ ਕੇ ਪਾਕਿਸਤਾਨ ਵਾਲੇ ਪਾਸੇ ਭੱਜ ਗਈਆਂ।ਪਾਖਰ ਦਾ ਮੁੰਡਾ ਵੀ ਬੱਕਰੀਆਂ ਮੋੜਨ ਲਈ ਪਿੱਛੇ ਭੱਜ ਗਿਆ ,1971 ਦੀ ਜੰਗ ਲੱਗ ਚੁੱਕੀ ਸੀ। ਛੇਤੀ ਛੇਤੀ ਫੌਜਾਂ ਨੇ ਦੋਹੇਂ ਪਾਸੇ ਮੋਰਚੇ ਮੱਲ ਲਏ।ਮਾਯੁਸ ਹੋਏ ਪਾਖਰ ਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਸਾਰੀ ਵਿਥਿਆ ਦੱਸੀ ਤਾਂ ਉਸਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।ਉਹ ਬਿਮਾਰ ਰਹਿਣ ਲੱਗੀ। ਰਹਿੰਦੀਆਂ ਖੂੰਹਦੀਆਂ ਬੱਕਰੀਆਂ ਓਹਦੇ ਇਲਾਜ ਚ ਵਿਕ ਗਈਆਂ। ਲੱਗਭਗ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਿਆ ਸੀ।ਜੰਗ ਖਤਮ ਹੋ ਚੁੱਕੀ ਸੀ। ਦੋਵੇਂ ਪਾਸੇ ਫੇਰ ਚਹਿਲ ਪਹਿਲ...

ਹੋਣ ਲੱਗੀ।ਇੱਕ ਸ਼ਾਮ ਅਚਾਨਕ ਪਾਖਰ ਨੂੰ ਜਾਣੀ ਪਛਾਣੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਹੌਲ਼ੀ ਹੌਲ਼ੀ ਨੇੜੇ ਆਉਂਦੀ ਗਈ। ਛੋਟੇ-ਛੋਟੇ ਮੇਮਣਿਆਂ ਸਮੇਤ ਬੱਕਰੀਆਂ ਤੇ ਪਾਖਰ ਦਾ ਮੁੰਡਾ ਘਰੇ ਆ ਵੜੇ। ਦੋਵਾਂ ਨੇ ਮੁੰਡੇ ਨੂੰ ਘੁੱਟ ਕੇ ਕਲੇਜੇ ਨਾਲ ਦਾ ਲਿਆ। ਦੋਵੇਂ ਰੱਬ ਦਾ ਸ਼ੁਕਰਾਨਾ ਕਰ ਰਹੇ ਸੀ।ਥੋੜੀ ਦੇਰ ਬਾਅਦ ਮੁੰਡਾ ਕਹਿੰਦਾ ਮਾਂ ਮੈਂ ਬਾਅਦ ਵਿੱਚ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਾਂਗਾ ਪਹਿਲਾਂ ਮੈਂ ਹੱਥ ਮੂੰਹ ਧੋ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਲਵਾਂ।ਪਾਠ ਕਰਨ ਤੋਂ ਬਾਅਦ ਮੁੰਡੇ ਨੇ ਦੱਸਿਆ ਕਿ ਇਸਮਾਈਲ ਚਾਚੇ ਦੀ ਮਾਂ ਹਰ ਰੋਜ਼ ਮੈਨੂੰ ਕੋਲ ਬਿਠਾ ਕੇ ਪਾਠ ਕਰਨਾ ਸਿਖਾਉਂਦੀ ਸੀ।ਪਾਖਰ ਨੂੰ ਝੱਟ ਆਪਣੀ ਮਾਂ ਦਾ ਚੇਤਾ ਆਇਆ ਕਿ ਕਿਵੇਂ ਛੋਟੇ ਹੁੰਦੇ ਨੂੰ ਮਾਂ ਕੋਲ ਬਿਠਾ ਕੇ ਪਾਠ ਕਰਨਾ ਸਿਖਾਉਂਦੀ ਹੁੰਦੀ ਸੀ। ਜਿਉਂ ਜਿਉਂ ਪਾਖਰ ਦਾ ਮੁੰਡਾ ਇਸਮਾਈਲ ਚਾਚੇ ਦੀ ਮਾਂ ਦੀਆਂ ਗੱਲਾਂ ਸੁਣਾਉਂਦਾ ਪਾਖਰ ਦੀਆਂ ਅੱਖਾਂ ਚੋਂ ਹੰਝੂ ਹੋਰ ਤੇਜ਼ ਹੁੰਦੇ ਜਾਂਦੇ।ਪਾਖਰ ਸਮਝ ਚੁੱਕਿਆ ਸੀ ਕਿ ਮੇਰੀ ਮਾਂ ਅਜੇ ਜਿਉਂਦੀ ਹੈ।ਇੱਕ ਵਾਰ ਤਾਂ ਦਿਲ ਕੀਤਾ ਕਿ ਇਸਮਾਈਲ ਨੂੰ ਸਾਰੀ ਕਹਾਣੀ ਦੱਸ ਕੇ ਮਾਂ ਨੂੰ ਵਾਪਸ ਲੈ ਆਵਾਂ ਪਰ ਅਗਲੇ ਹੀ ਪਲ ਸੋਚਿਆ ਕਿ ਜੇਕਰ ਮੈਂ ਇਸਮਾਈਲ ਤੋਂ ਓਹਦੀ ਮਾਂ ਵਿਛੋੜ ਦਿੱਤੀ ਓਹ ਵੀ ਤਾਂ ਜਿਉਂਦੇ ਜੀਅ ਮਰ ਜਾਵੇਗਾ। ਮੈਨੂੰ ਹੀ ਸਬਰ ਦਾ ਘੁੱਟ ਭਰ ਲੈਣਾ ਚਾਹੀਦਾ ਹੈ। ਹੁਣ ਜਦੋਂ ਵੀ ਇਸਮਾਈਲ ਤੇ ਪਾਖਰ ਬੱਕਰੀਆਂ ਚਾਰਨ ਵੇਲੇ ਬਾਡਰ ਤੇ ਕੱਠੇ ਹੁੰਦੇ ,ਪਾਖਰ ਇਸਮਾਈਲ ਦੀ ਮਾਂ ਦੀ ਸੁੱਖ ਸਾਂਦ ਪੁੱਛਣੀ ਨਾ ਭੁਲਦਾ।
ਜਸਵਿੰਦਰ ਸਿੰਘ ਰਾਏ ਭੱਠਲ 15ਅਗਸਤ2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)