ਬਹੁਤ ਪੁਰਾਣੀ ਗੱਲ ਹੈ ਜਦ ਆਮ ਸਧਾਰਨ ਪਰਿਵਾਰ ਆਪਣੀ ਧੀ ਦੇ ਵਿਆਹ ਤੇ ਸਾਇਕਲ ਦਾਜ ਵਿੱਚ ਦੇ ਦਿੰਦੇ ਸਨ, ਸਾਡੇ ਗਵਾਂਢ ਵਿੱਚ ਰਹਿੰਦੇ ਮਿਹਨਤਕਸ਼ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਵਿੱਚ ਸਇਕਲ ਦਿੱਤਾ RMI ਦਾ, ਉਸ ਦਾ ਚੈਨ ਕਵਰ ਸਾਰਾ ਬੰਦ ਹੁੰਦਾ ਸੀ। ਪ੍ਰਾਹੁਣੇ ਨੂੰ ਪਹਿਲਾ ਤਾਂ ਸਾਈਕਲ ਚਲਾਉਣਾ ਨਹੀਂ ਆਉਂਦਾ ਸੀ… ਉਸ ਨੇ ਗੋਡੇ-ਗਿੱਟੇ ਛਿਲਵਾ ਕੇ ਮਸਾਂ ਚਲਾਉਣਾ ਸਿਖਿਆ ਤੇ ਫਿਰ ਇੱਕ ਦਿਨ ਉਸ ਨੇ ਕੁੜੀ ਨੂੰ ਪਿੱਛੇ ਬਿਠਾਇਆ ਅਤੇ ਚੱਲ ਪਿਆ ਆਪਣੇ ਸਹੁਰਿਆ ਨੂੰ, ਕੋਈ ਜਿਆਦਾ ਵਾਟ ਨਹੀ ਸੀ ਬਸ ਪੰਜ-ਛੇ ਕੋਹ ਹੀ ਸੀ ਪਰ ਕਰਨੀ ਰੱਬ ਦੀ.. ਅੱਧੀ ਕੁ ਵਾਟ ਰਹਿੰਦੀ ਤੇ ਸਾਈਕਲ ਦੀ ਚੈਨ ਉਤਰ ਗਈ ਅਤੇ ਫਰਾਈਵੀਲ ਅਤੇ ਤਾਰਾਂ ਵਿੱਚ ਐਸੀ ਫਸੀ ਕਿ ਪ੍ਰਾਹੁਣੇ ਨੇ ਬਹੁਤ...
ਕੋਸ਼ਿਸ਼ ਕੀਤੀ ਕਿ ਚੈਨ ਚੜ੍ਹ ਜਾਵੇ ਪਰ ਬੰਦ ਚੈਨਕਵਰ ਕਰਕੇ ਗੱਲ ਨਹੀਂ ਬਣੀ ਸਗੋ ਉਲਟਾ ਸਾਈਕਲ ਤੁਰਨੋਂ ਵੀ ਗਿਆ ਲਗਭਗ ਜਾਮ ਹੀ ਹੋ ਗਿਆ,ਅੰਤ ਹਾਰ ਕੇ ਪ੍ਰਾਹੁਣੇ ਨੇ ਸਾਈਕਲ ਟੇਢਾ ਕਰਕੇ ਸਿਰ ਤੇ ਰੱਖ ਲਿਆ ਤੇ ਤੁਰ ਪਿਆ ਸਹੁਰਿਆ ਦੇ ਪਿੰਡ ਵੱਲ, ਕੁੜੀ ਨਾਲੇ ਤਾਂ ਤੁਰੀ ਆਵੇਂ ਤੇ ਨਾਲੇ ਬੋਲਦੀ ਆਵੇ ਬਾਪੂ ਨੇ ਤਾਂ ਲਹੂ ਪੀ ਲਿਆ ਸਾਈਕਲ ਦੇ ਕੇ ਮੈਂ ਬਥੇਰਾ ਕਿਹਾ ਸੀ,”ਸਾਥੋਂ ਐਡੀ ਮਸ਼ੀਨਰੀ ਨਹੀ ਸੂਤ ਆਉਣੀ ਪਰ ਬਾਪੂ ਨੇ ਪਤਾ ਨਹੀ ਕਿਹੜੇ ਜਨਮਾਂ ਦਾ ਬਦਲਾ ਲਿਆ।”
ਜਗਦੇਵ ਸਿੰਘ