ਉਸਦਾ ਸਾਡੇ ਘਰੇ ਆਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ..
ਪਰ ਉਸ ਵੇਲੇ ਹੋਰ ਜਿਆਦਾ ਖਿਝ ਚੜ੍ਹ ਜਾਇਆ ਕਰਦੀ ਜਦੋਂ ਗੁਸਲਖਾਨੇ ਵਿਚ ਗਲਤੀ ਨਾਲ ਰਹਿ ਗਏ ਆਪਣੇ ਗੁੱਟ ਵਾਲੇ ਕੜੇ ਨੂੰ ਲੈਣ ਉਹ ਵਾਪਿਸ ਪਰਤ ਆਇਆ ਕਰਦਾ ਤੇ ਫੇਰ ਬਹਾਨੇ ਜਿਹੇ ਨਾਲ ਇੱਕ ਵਾਰ ਫੇਰ ਧਰਾ ਲਈ ਚਾਹ ਨੂੰ ਪੀਣ ਬਾਪੂ ਹੁਰਾਂ ਕੋਲ ਬੈਠ ਜਾਇਆ ਕਰਦਾ!
ਮੈਂ ਆਖ ਦਿਆ ਕਰਦਾ..ਬੜੀ ਅਜੀਬ ਆਦਤ ਏ..ਨਹਾਉਣ ਲੱਗਿਆਂ ਕੜਾ ਕੌਣ ਲਾਹੁੰਦਾ ਏ..”
ਬਖਸ਼ੀਸ਼ ਸਿੰਘ..ਬਾਪੂ ਹੁਰਾਂ ਦਾ ਨਿੱਕੇ ਹੁੰਦਿਆਂ ਦਾ ਯਾਰ..ਰੰਗ ਥੋੜਾ ਪੱਕਾ ਸੀ..ਪਰ ਜਦੋਂ ਹੱਸਦਾ ਤਾਂ ਚਿੱਟੇ ਦੰਦ ਹੋਰ ਵੀ ਜਿਆਦਾ ਲਿਸ਼ਕਾਂ ਮਾਰਨ ਲੱਗ ਜਾਂਦੇ..ਪੈਨਸ਼ਨ ਦੇ ਸਿਲਸਿਲੇ ਵਿਚ ਜਦੋਂ ਵੀ ਸ਼ਹਿਰ ਆਉਂਦਾ ਸਾਡੇ ਕੋਲ ਹੀ ਰਿਹਾ ਕਰਦਾ..!
ਮੈਂ ਅਕਸਰ ਆਖ ਦਿੰਦਾ..”ਆਪਣੇ ਕਿੰਨੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਇਸੇ ਸ਼ਹਿਰ ਵਿਚ ਨੇ..ਫੇਰ ਵੀ ਸਾਡੇ ਘਰੇ ਆ ਖੇਚਲ ਕਿਓਂ ਪਾਉਂਦਾ..?
ਬਾਪੂ ਹੂਰੀ ਅੱਗਿਓਂ ਹੱਸ ਪਿਆ ਕਰਦੇ..ਆਖਦੇ ਯਾਰ ਮੇਰੇ ਨਿੱਕੇ ਹੁੰਦਿਆਂ ਦਾ ਬੇਲੀ ਏ..ਇੱਕਠੇ ਪੜਦੇ ਹੁੰਦੇ ਸਾਂ..ਹੁਣ ਪਿੰਡ ਕੱਲਾ ਹੀ ਰਹਿ ਗਿਆ..ਕੀ ਹੋਇਆ ਜੇ ਰਾਤ ਕੱਟਣ ਆ...
ਜਾਂਦਾ ਏ..ਅਗਲੇ ਦਾ ਵੀ ਤਾਂ ਇਥੇ ਹੀ ਜਿਆਦਾ ਭਿੱਜਦਾ..ਮੈਂ ਆਪ ਹੀ ਆਖਿਆ ਜਦੋਂ ਵੀ ਸ਼ਹਿਰ ਆਵੇਂ ਮੇਰੇ ਕੋਲ ਹੀ ਰਹਿਣਾ..!
ਫੇਰ ਇੱਕ ਦਿਨ ਖਬਰ ਮਿਲ਼ੀ..ਬਾਪੂ ਹੂਰੀ ਮੂੰਹ ਹਨੇਰੇ ਹੀ ਪਿੰਡ ਨੂੰ ਤੁਰ ਗਏ..ਫੇਰ ਕਿੰਨੇ ਦਿਨ ਉਥੇ ਹੀ ਰਹੇ..ਭੋਗ ਪੈ ਗਿਆ ਤੇ ਫੁਲ ਵੀ ਤਾਰੇ ਗਏ..!
ਇੱਕ ਦਿਨ ਮੇਰੇ ਵਾਲੇ ਗੁਸਲਖਾਨੇ ਵਿਚ ਗਰਮ ਪਾਣੀ ਨਹੀਂ ਸੀ ਆ ਰਿਹਾ..ਮਜਬੂਰਨ ਬਾਪੂ ਹੁਰਾਂ ਦਾ ਵਰਤਣਾ ਪਿਆ..!
ਅਚਾਨਕ ਮੇਰਾ ਧਿਆਨ ਸ਼ੀਸ਼ੇ ਕੋਲ ਪਏ ਪਲਾਸਟਿਕ ਦੇ ਇੱਕ ਨਿੱਕੇ ਜਿਹੇ ਲਫਾਫੇ ਤੇ ਜਾ ਪਿਆ..
ਗਹੁ ਨਾਲ ਵੇਖਿਆ ਤਾਂ ਹੈਰਾਨ ਰਹਿ ਗਿਆ..ਇੱਕ ਕੜਾ ਸੀ..ਬਖਸ਼ੀਸ਼ ਸਿੰਘ ਦਾ..ਓਹੀ ਕੜਾ..ਜਿਸ ਬਹਾਨੇ ਕਿਸੇ ਵੇਲੇ ਚਾਹਾਂ ਦੀ ਮਹਿਫ਼ਿਲ ਲੱਗਿਆ ਕਰਦੀ ਸੀ..ਸ਼ਾਇਦ ਫੁਲ ਤਾਰਨ ਗਏ ਬਾਪੂ ਜੀ ਦਾ ਇਸਨੂੰ ਜਲ ਪ੍ਰਵਾਹ ਕਰਨ ਦਾ ਹੌਂਸਲਾ ਨਹੀਂ ਸੀ ਪਿਆ..!
ਹਰਪ੍ਰੀਤ ਸਿੰਘ ਜਵੰਦਾ