More Punjabi Kahaniya  Posts
ਕਬਾੜ


ਨਾਲਦੇ ਪਾਸੇ ਕੋਠੀ ਬਣ ਰਹੀ ਸੀ!
ਕੁਝ ਮਜਦੂਰ ਦੇਖੇ..ਸਧਾਰਨ ਜਿਹੇ..ਮੈਂ ਚੁਬਾਰੇ ਤੇ ਖਲੋਤਾ ਦੇਖ ਰਿਹਾ ਸਾਂ..ਓਹਨਾ ਪਹਿਲੋਂ ਇੱਕ ਝੋਲਾ ਖੋਲਿਆ..ਅੰਦਰੋਂ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢ ਪਾਸੇ ਰੱਖ ਦਿੱਤੇ!
ਦੂਜੇ ਵਿਚ ਚਾਦਰਾਂ ਕੰਗੀ ਸਾਬਣ ਸ਼ੀਸ਼ਾ ਬੁਰਸ਼ ਨਿੱਕ ਸੁੱਕ ਪੂਰਾਣੀਆਂ ਗੇਂਦਾ ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ ਗੁਡੀਆਂ..!
ਕੁਝ ਗੱਠੜੀਆਂ ਵਿਚ ਬੰਦ ਪੂਰੀ ਗ੍ਰਹਿਸਥੀ ਘੜੀਆਂ ਪਲਾਂ ਵਿਚ ਹੀ ਖੁੱਲੇ ਵੇਹੜੇ ਵਿੱਚ ਖਿੱਲਰ ਗਈ..!
ਆਥਣ ਵੇਲੇ ਜਿਗਿਆਸਾ ਹੋਈ..ਦੇਖਾਂ ਤਾਂ ਸਹੀ ਆਥਣ ਵੇਲਾ ਕਿਦਾਂ ਪੱਕਦਾ ਏ?
ਸੈਰ ਬਹਾਨੇ ਕੋਠੇ ਤੇ ਚੜ ਗਿਆ..ਤਿੰਨ ਇੱਟਾਂ ਨੂੰ ਜੋੜ ਬਣਾਏ ਹੋਏ ਚੁੱਲੇ ਤੇ ਦਾਲ ਰਿੱਝ ਰਹੀ ਸੀ..ਦੂਜੇ ਪਾਸੇ ਫੁਲਕਿਆਂ ਦੀ ਚੰਗੇਰ ਲਗਾਤਾਰ ਭਰਦੀ ਜਾ ਰਹੀ ਸੀ!
ਮਗਰੋਂ ਸਾਰਾ ਟੱਬਰ ਕੱਠਾ ਬੈਠਾ ਰੋਟੀ ਖਾ ਰਿਹਾ ਸੀ..ਕੋਲ ਰੇਡੀਓ ਤੇ ਕਿਸ਼ੋਰ ਕੁਮਾਰ ਦਾ ਹਿੰਦੀ ਗਾਣਾ..ਥੋੜਾ ਹੈ ਥੋੜੇ ਕੀ ਜਰੂਰਤ ਹੈ..ਵੱਜ ਰਿਹਾ ਸੀ!
ਦੱਸ ਵੱਜਦੇ ਨੂੰ ਸਾਰੇ ਖੁੱਲੇ ਆਸਮਾਨ ਹੇਠ ਘੂਕ ਸੁੱਤੇ ਪਏ ਸਨ!
ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਲੱਭਦਿਆਂ ਭਰੀ ਅਲਮਾਰੀ ਵਿਚੋਂ ਕਿੰਨਾ ਕੁਝ ਹੇਠਾਂ ਡਿੱਗ ਪਿਆ..ਕਈ ਐਸੇ ਕੱਪੜੇ ਵੀ ਜਿਹਨਾਂ ਦੇ ਅਜੇ ਸਟਿੱਕਰ ਵੀ ਨਹੀਂ ਸਨ ਉੱਤਰੇ..ਦੂਜੀ ਅੰਦਰ ਰਜਾਈਆਂ ਤਲਾਈਆਂ ਅਤੇ ਸੂਟ..ਸੀਤੇ ਅਣਸੀਤੇ ਕੋਟ ਪੈਂਟ..ਇੱਕ ਵਿਚ ਪੂਰਾ ਮੇਕਅੱਪ ਦਾ ਸਮਾਨ ਅਤੇ ਹੋਰ ਕੀਮਤੀ ਤੋਹਫੇ..ਤਸਵੀਰਾਂ..ਹੋਰ ਵੀ ਕਿੰਨਾ ਕੁਝ..!
ਭਾਂਡਿਆਂ ਨਾਲ ਭਰੀ ਇੱਕ ਹੋਰ ਅਲਮਾਰੀ..ਕਿਤਾਬਾਂ ਵਾਲੀਆਂ ਸ਼ੈਲਫਾਂ..ਜੁੱਤੀਆਂ ਦੇ ਅਣਗਿਣਤ ਜੋੜੇ..ਅਤੇ ਹੋਰ ਵੀ ਬਹੁਤ ਕੁਝ..ਏਨਾ ਕੁਝ ਫਰੋਲਣ ਮਗਰੋਂ ਮੇਰੀ ਸੋਚ ਜੁਆਬ ਦੇ ਗਈ..ਸ਼ੁਕਰ ਕੇ ਉਸ ਦਿਨ ਬੈੰਕ ਦੇ ਲਾਕਰ ਵਿਚ ਰੱਖਿਆ ਕਿੰਨਾ ਕੁਝ ਚੇਤੇ ਨਹੀਂ ਸੀ ਆਇਆ!
ਚਾਲੀ ਸਾਲ ਅੰਨੇਵਾਹ ਖਰੀਦਦਾਰੀ ਕਰੀ ਗਏ ਕੇ ਬਾਅਦ ਵਿਚ ਕੰਮ...

ਆਵੇਗਾ..ਪਰ ਉਹ ਬਾਅਦ ਵਾਲੀ ਘੜੀ ਮੁੜ ਕਦੀ ਵੀ ਨਾ ਆਈ..ਸਗੋਂ ਕੱਠੇ ਕੀਤੇ ਸਮਾਨ ਕਰਕੇ ਕਿੰਨੀ ਵਾਰ ਕਲੇਸ਼ ਪਿਆ..ਉਹ ਆਖਦੀ ਬਾਹਰ ਸੁੱਟੋ ਆਪਣਾ ਕਬਾੜ ਤੇ ਮੈਂ ਉਸਦੀਆਂ ਚੀਜਾਂ ਨੂੰ ਕਬਾੜ ਆਖ ਨਕਾਰ ਦਿਆ ਕਰਦਾ..!
ਪਰ ਅਸਲ ਵਿਚ ਅਸੀਂ ਦੋਵੇਂ ਜਵਾਨ ਹੁੰਦੀ ਔਲਾਦ ਲਈ ਕਬਾੜ ਸਾਂ..ਮੂਹੋਂ ਉਹ ਇਸ ਡਰੋਂ ਕੁਝ ਨਾ ਆਖਦੇ ਕਿਓੰਕੇ ਜਰੂਰਤਾਂ ਪੂਰੀਆਂ ਕਰਨ ਵਾਲਾ ਏ.ਟੀ.ਐੱਮ ਬੰਦ ਹੋ ਸਕਦਾ ਸੀ!
ਨਾਲਦੇ ਪਲਾਟ ਵਿਚ ਖਿਡੌਣਾ ਕਾਰ ਫੜ ਸੁੱਤੇ ਹੋਏ ਨਿੱਕੇ ਬੱਚੇ ਦਾ ਚੇਤਾ ਕਰ ਆਪਣਾ ਸਰਵਣ ਪੁੱਤ ਫੇਰ ਚੇਤੇ ਆ ਗਿਆ..ਸੁਵੇਰੇ ਹੀ ਲੜ ਕੇ ਗਿਆ ਸੀ..ਅਖ਼ੇ ਤਿੰਨ ਵਰੇ ਪਹਿਲਾਂ ਖਰੀਦੀ ਗੱਡੀ ਪੂਰਾਣੀ ਹੋ ਗਈ ਏ ਹੁਣ ਨਵੇਂ ਮਾਡਲ ਦੀ ਚਾਹੀਦੀ ਏ..!
ਅੱਜ ਪਿਛਲੇ ਚਾਲੀ ਸਾਲ ਵਿਚ ਕੱਠਾ ਕੀਤਾ ਸਭ ਨਿੱਕ ਸੁੱਕ ਵਾਧੂ ਜਿਹਾ ਲੱਗਣ ਲੱਗਾ..ਡਾਕਟਰ ਦੀ ਸਖਤ ਹਿਦਾਇਤ ਚੇਤੇ ਆ ਗਈ ਕੇ ਜੇ ਜਿਉਂਦੇ ਰਹਿਣਾ ਏ ਤਾਂ ਪਾਰਟੀਆਂ ਛੱਡ ਖਾਣ-ਪੀਣ ਸਧਾਰਨ ਰੱਖਣਾ ਪੈਣਾ..ਠੀਕ ਓਸੇ ਤਰਾਂ ਦਾ ਜਿਸ ਤਰਾਂ ਦਾ ਸ਼ਾਇਦ ਅੱਜ ਨਾਲਦੀ ਕੋਠੀ ਵਿਚ ਪੱਕਦਾ ਹੋਇਆ ਵੇਖਿਆ ਸੀ!
ਸਭ ਕੁਝ ਹਲਕਾ ਫੁਲਕਾ ਜਿਹਾ ਲਗਿਆ..ਪਹਿਲੀ ਵਾਰ ਮਹਿਸੂਸ ਕੀਤਾ ਕੇ ਜੋ ਕੁਝ ਵੀ ਹੁਣ ਤੱਕ ਪਿਛਲੇ ਚਾਲੀਆਂ ਸਾਲਾਂ ਤੋਂ ਸਿਰ ਤੇ ਰੱਖ ਲਗਾਤਾਰ ਢੋਂਦਾ ਆ ਰਿਹਾ ਸਾਂ ਸਿਰਫ ਤੇ ਸਿਰਫ ਖ਼ਵਾਹਿਸ਼ਾ,ਦਿਖਾਵੇ,ਰੀਸਾਂ ਅਤੇ ਹਸਰਤਾਂ ਦਾ ਹੀ ਬੋਝ ਸੀ..ਐਸੀਆਂ ਹਸਰਤਾਂ ਜਿਹੜੀਆਂ ਢਲਦੇ ਪਰਛਾਵੇਂ ਵਾਂਙ ਲਗਾਤਾਰ ਲੰਮੀਆਂ ਹੀ ਹੁੰਦੀਆਂ ਗਈਆਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)