ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਯਾਦ ਆ ਗਈ, ਉਹਨਾਂ ਸਮਿਆਂ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰ ਬਹੁਤ ਦਿੱਤੇ ਜਾਂਦੇ ਸਨ, ਨੌਕਰੀਆਂ ਦੇ, ਰਿਸ਼ਤਿਆਂ ਦੇ ਆਦਿ।।।।
ਇੱਕ ਇਸ਼ਤਿਹਾਰ ਵੇਖ ਕੇ ਬੜੀ ਹੈਰਾਨਗੀ ਹੋਈ, ਕਿ ਪੰਤਾਲੀ ਪੰਜਾਹ ਕੁ ਸਾਲ ਔਰਤ, ਜੋ ਸਾਡੀ ਬਜੁਰਗ ਮਾਤਾ ਦੀ ਦੇਖ ਭਾਲ, ਭਾਵ ਨਹਾਉਣਾ, ਧੋਣਾ, ਖਵਾਉਣਾ ਤੇ ਗੱਲੀਂ ਬਾਤੀਂ ਦਿਲ ਵੀ ਪਰਚਾਇਆ ਕਰੇ, ਉਸਨੂੰ ਰਹਿਣ ਸਹਿਣ ਲਈ ਕਮਰਾ ਤੇ ਖਾਣਾ ਪੀਣਾ ਫਰੀ ਤੇ ਨਾਲ ਹੀ ਚੰਗੀ ਤਨਖਾਹ ਦੀ ਆਫਰ ਵੀ ਕੀਤੀ ਹੋਈ ਸੀ।
ਉਸ ਉਮਰ ਵਿੱਚ ਇਹ ਗੱਲ ਬੜੀ ਬੇਤੁੱਕੀ ਜਿਹੀ ਲੱਗੀ ਕਿਉਂਕਿ ਉਸ ਸਮੇਂ ਪੂਰੇ ਭਰੇ ਪਰਿਵਾਰ ਵਿੱਚ ਰਹਿ ਰਹੀ ਸਾਂ, ਕਿ ਕਿਹੋ ਜਿਹੇ ਲੋਕ ਹਨ ਜੋ ਆਪਣੀ ਮਾਂ ਲਈ ਇਹੋ ਜਿਹੀ ਕੰਮ ਵਾਲੀ ਰੱਖ ਰਹੇ ਹਨ।
ਮਸ਼ਗੂਲੀ ਕਰਦਿਆਂ ਫੋਨ ਮਿਲਾ ਲਿਆ, ਕਿਸੇ ਮਰਦ ਨੇ ਫੋਨ ਰੀਸੀਵ ਕੀਤਾ ਤਾਂ ਉਸਨੇ ਆਪਣੀ ਮਾਤਾ ਬਾਰੇ ਦੱਸਿਆ ਕਿ ਉਹ ਘਰ ਵਿੱਚ ਇਕੱਲੀ ਰਹਿੰਦੀ ਹੈ, ਜਿਸ ਕਰਕੇ ਉਸਨੂੰ ਡਿਪਰੈਸ਼ਨ ਹੋ ਜਾਂਦਾ ਹੈ, ਦੋਵੇਂ ਮੀਆਂ ਬੀਵੀ ਨੌਕਰੀ ਤੇ ਬੱਚੇ ਬਾਹਰ ਦੂਰ ਪੜਦੇ ਹਨ, ਉਹ ਦੋਵੇਂ ਡਿਊਟੀ ਤੋਂ ਥੱਕੇ ਟੁੱਟੇ ਆ ਕੇ ਮਾਤਾ ਨੂੰ ਟਾਇਮ...
ਨਹੀਂ ਦੇ ਸਕਦੇ, ਇਸ ਕਰ ਕੇ ਇਹ ਇਸ਼ਤਿਹਾਰ ਦਿੱਤਾ ਹੈ। ਉਸ ਸਮੇਂ ਮੈਨੂੰ ਉਹਨਾਂ ਦੀ ਗੱਲ ਚੰਗੀ ਨਾ ਲੱਗੀ।
ਸਲਾਹ ਵੀ ਦੇ ਦਿੱਤੀ, ਸ਼ਾਮ ਨੂੰ ਮਾਤਾ ਦੇ ਕੋਲ ਬੈਠ ਕੇ ਚਾਹ ਪੀਓ, ਰਾਤ ਦਾ ਖਾਣਾ ਕੋਲ ਬੈਠ ਕੇ ਖਾਓ, ਵਗੈਰਾ ਵਗੈਰਾ।
ਪਰ ਅੱਜ ਮੈਨੂੰ ਆਪਣੀ ਹਾਲਤ ਉਸ ਮਾਤਾ ਵਰਗੀ ਲੱਗਦੀ ਹੈ, ਕਿ ਕੋਲ ਕੋਈ ਬੈਠੇ, ਗੱਲ ਬਾਤ ਕਰੇ, ਕੋਈ ਆਪਣੀ ਸੁਣਾਏ, ਕੋਈ ਮੇਰੀ ਸੁਣੇ।
ਪਰ ਕਿਸੇ ਕੋਲ ਵੀ ਸਮਾਂ ਨਹੀਂ, ਬੱਚੇ ਨੌਕਰੀਆਂ ਤੇ, ਪੋਤਰੇ ਪੋਤਰੀ ਸਕੂਲ, ਸਕੂਲੋਂ ਆਏ ਤਾਂ ਟਿਯੂਸ਼ਨ ਤੇ, ਥੱਕ ਕੇ ਸੌਂ ਗਏ।
ਪਹਿਲਾਂ ਔਰਤਾਂ ਪਿੰਡਾਂ ਵਿੱਚ ਇੱਕ ਦੂਜੀ ਦੇ ਘਰ ਘੰਟਾ ਘੰਟਾ ਬੈਠ ਕੇ ਦੁੱਖ ਸੁੱਖ ਸਾਂਝੇ ਕਰ ਲੈਂਦੀਆਂ ਸਨ, ਪਰ ਹੁਣ ਵੱਡੇ ਸ਼ਹਿਰਾਂ ਵਿੱਚ ਤਾਂ ਲੋਕ ਆਂਢੀਆਂ ਗੁਆਂਢੀਆਂ ਨੂੰ ਜਾਣਦੇ ਵੀ ਨਹੀਂ।
ਫਿਰ ਲੋਕ ਡਿਪਰੈਸ਼ਨ ਵਿੱਚ ਹੀ ਜਾਣਗੇ, ਹੋਰ ਕੀ ਹੋਵੇਗਾ।
ਗੁਰਮੀਤ ਕੌਰ ਬਾਜਵਾ।
15-7-2022