More Punjabi Kahaniya  Posts
ਆਓ ਇਨਸਾਨ ਬਣੀਏ


ਕੋਰੋਨਾ ਮਹਾਮਾਰੀ ਕਾਰਨ ਵਿਗੜ ਰਹੀਆਂ ਸਮਾਜਿਕ ਪ੍ਰਸਥਿਤੀਆਂ ਦਾ ਟਾਕਰਾ ਕਰਨ ਹਿੱਤ, ਕੀਨੀਆ ਦੁਆਰਾ ਭਾਰਤ ਨੂੰ ਭੇਜੇ ਗਏ 12 ਟਨ ਅਨਾਜ ਨੂੰ ਲੈ ਕੇ ਬਹੁਤ ਲੋਕ ਮਜ਼ਾਕ ਉਡਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਕੀਨੀਆ ਨੂੰ ‘ਗ਼ਰੀਬ, ਭਿਖਾਰੀ, ਭਿਖਮੰਗਾ, ਨੰਗ ਦੇਸ਼’ ਆਦਿ ਕਹਿ ਕੇ ਭਾਰਤ ਸਮੇਤ ਕੀਨੀਆ ਨੂੰ ਵੀ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿ ‘ਭਾਰਤ ਹੁਣ ਜਮਾਂ ਈ ਗਿਆ–ਗੁਜ਼ਰਿਆ ਹੋ ਗਿਆ ਜੋ ਕੀਨੀਆ ਵਰਗੇ ਦੇਸ਼ਾਂ ਤੋਂ ਵੀ ਮਦਦ ਲੈ ਰਿਹਾ ਹੈ।’
ਆਪਣੀ ਕੋਈ ਵੀ ਰਾਇ ਬਣਾਉਣ ਤੋਂ ਪਹਿਲਾਂ, ਇੱਕ ਛੋਟਾ ਜਿਹਾ ਵਾਕਿਅ ਸੁਣੋ :
ਤੁਸੀਂ ਅਮਰੀਕਾ ਦਾ ਨਾਮ ਸੁਣਿਆ ਹੋਵੇਗਾ, ਮੈਨਹੈਟਨ ਦਾ ਵੀ, ਵਰਲਡ ਟਰੇਡ ਸੈਂਟਰ ਦਾ ਵੀ ਤੇ ਓਸਾਮਾ ਬਿਨ ਲਾਦੇਨ ਦਾ ਵੀ। ਜੇ ਨਹੀਂ ਸੁਣਿਆ ਹੋਵੇਗਾ ਤਾਂ ਉਹ ਹੈ ‘ਇਨੋਸਾਈਨ ਪਿੰਡ’ ਦਾ ਨਾਂ, ਜੋ ਕੀਨੀਆ ਤੇ ਤੰਜਾਨੀਆ ਦੇ ਬਾਰਡਰ ‘ਤੇ ਸਥਿਤ ਹੈ ਅਤੇ ਇੱਥੇ ਵਸਦੀ ਹੈ ‘ਮਸਾਈ’ ਨਾਂ ਦੀ ਇੱਕ ਜਨਜਾਤੀ।
ਅਮਰੀਕਾ ਵਿੱਚ ਹੋਏ 9/11 ਦੇ ਹਮਲੇ ਦੀ ਖ਼ਬਰ, ਆਵਾਜਾਈ ਅਤੇ ਸੰਚਾਰ ਦੇ ਪਰਿਆਪਤ ਸਾਧਨ ਨਾ ਹੋਣ ਕਾਰਨ, ‘ਮਸਾਈ’ ਲੋਕਾਂ ਤੱਕ ਪਹੁੰਚਣ ਲਈ ਕਈ ਮਹੀਨੇ ਲੱਗ ਗਏ। ਇਹ ਖ਼ਬਰ ਉਨ੍ਹਾਂ ਕੋਲ਼ ਉਦੋਂ ਪਹੁੰਚੀ ਜਦ ਉਨ੍ਹਾਂ ਦੇ ਪਿੰਡ ਦੇ ਨੇੜਲੇ ਕਸਬੇ ਦੀ ਰਹਿਣ ਵਾਲ਼ੀ, ਸਟੇਨਫ਼ੋਰਡ ਯੂਨੀਵਰਸਿਟੀ ਦੀ ਮੈਡੀਕਲ ਸਟੂਡੈਂਟ ਕਿਮੇਲੀ ਨਾਓਮਾ ਛੁੱਟੀਆਂ ਤੋਂ ਬਾਅਦ ਵਾਪਸ ਕੀਨੀਆ ਗਈ ਅਤੇ ‘ਮਸਾਈ’ ਜਨਜਾਤੀ ਵਾਲ਼ੇ ਲੋਕਾਂ ਨੂੰ 9/11 ਦੀ ਦੁਰਘਟਨਾ ਦਾ ਅੱਖੀਂ ਦੇਖਿਆ ਹਾਲ ਸੁਣਾਇਆ। ‘ਕੋਈ ਬਿਲਡਿੰਗ ਇੰਨੀ ਉੱਚੀ ਵੀ ਹੋ ਸਕਦੀ ਹੈ ਕਿ ਉਹਦੇ ਗਿਰਨ ਨਾਲ਼ ਜਾਨ ਚਲੀ ਜਾਵੇ !!’ ਝੁੱਗੀਆਂ–ਝੌਂਪੜੀਆਂ ਵਿੱਚ ਰਹਿਣ ਵਾਲ਼ੇ ਮਸਾਈ ਲੋਕਾਂ ਲਈ ਇਹ ਗੱਲ ਨਾ–ਵਿਸ਼ਵਾਸ ਕਰਨਯੋਗ ਸੀ ਪਰ ਫਿਰ ਵੀ ਉਨ੍ਹਾਂ ਨੇ ਅਮਰੀਕੀ ਲੋਕਾਂ ਦਾ ਦਰਦ ਮਹਿਸੂਸ ਕੀਤਾ ਅਤੇ ਉਸੇ ਮੈਡੀਕਲ ਸਟੂਡੈਂਟ ਕੁੜੀ ਰਾਹੀਂ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਅਮਰੀਕੀ ਦੂਤਾਵਾਸ ਦੇ ਡਿਪਟੀ ਚੀਫ਼ ਵਿਲੀਅਮ ਬ੍ਰਾਂਗਿੱਕ ਨੂੰ ਇੱਕ ਲਿਖਤੀ ਸੁਨੇਹਾ ਭਿਜਵਾਇਆ ਜਿਸ ਨੂੰ ਪੜ੍ਹਨ ਤੋਂ ਬਾਅਦ ਵਿਲੀਅਮ ਬ੍ਰਾਂਗਿੱਕ ਨੇ ਪਹਿਲਾਂ ਹਵਾਈ ਸਫ਼ਰ ਕੀਤਾ, ਉਸ ਤੋਂ ਬਾਅਦ ਕਈ ਮੀਲ ਟੁੱਟੀ–ਭੱਜੀ ਸੜਕ ਦਾ ਔਖਿਆਈ ਭਰਿਆ ਰਸਤਾ ਪੂਰਾ ਕੀਤਾ ਤੇ ਫਿਰ ਬਿਨਾਂ ਕਿਸੇ ਸੜਕ ਤੋਂ ਪਗਡੰਡੀਆਂ ਰਾਹੀਂ ਮਸਾਈ ਜਨਜਾਤੀ ਦੇ ਪਿੰਡ ਪਹੁੰਚਿਆ।
ਵਿਲੀਅਮ ਦੇ ਪਿੰਡ ਪਹੁੰਚਣ ਉੱਤੇ ਮਸਾਈ ਲੋਕ ਇੱਕੋ–ਰੱਸੇ ਬੰਨ੍ਹੀਆਂ 14 ਗਊਆਂ ਲੈ ਆਏ ਤੇ ਉਨ੍ਹਾਂ 14 ਗਊਆਂ ਦਾ ਰੱਸਾ ਡਿਪਟੀ ਚੀਫ਼ ਵਿਲੀਅਮ ਦੇ ਹੱਥ ਫੜਾਉਂਦਿਆਂ ਸੁਨੇਹਾ ਦਿੱਤਾ ਕਿ ‘ਇਸ ਦੁਖ ਦੀ ਘੜੀ ਵਿੱਚ ਅਸੀਂ ਅਮਰੀਕੀ ਵਾਸੀਆਂ ਦੇ ਨਾਲ਼ ਹਾਂ ਤੇ ਅਸੀਂ...

ਸਹਿਯੋਗ ਵਜੋਂ ਇਹ ਦਾਨ ਦੇ ਰਹੇ ਹਾਂ।’
ਜੀ ਹਾਂ, ਉਸ ਮੈਡੀਕਲ ਸਟੂਡੈਂਟ ਕੋਲ਼ੋਂ ਸੁਨੇਹਾ ਪ੍ਰਾਪਤ ਕਰ ਕੇ ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਅਮੀਰ ਕਹੇ ਜਾਣ ਵਾਲ਼ੇ ਮੁਲਕ ਅਮਰੀਕਾ ਦਾ ਰਾਜਦੂਤ ਸੈਂਕੜੇ ਮੀਲ ਮੁਸੀਬਤਾਂ ਝਾਗ ਕੇ ਸਿਰਫ਼ ਦਾਨ ਵਿੱਚ ਦਿੱਤੀਆਂ ਜਾਣ ਵਾਲ਼ੀਆਂ 14 ਗਊਆਂ ਪ੍ਰਾਪਤ ਕਰਨ ਹੀ ਆਇਆ ਸੀ।
ਗਊਆਂ ਦੀ ਟ੍ਰਾਂਸਪੋਰਟੇਸ਼ਨ ਦੀ ਔਕੜ ਅਤੇ ਕਈ ਕਾਨੂੰਨੀ ਘੁੰਡੀਆਂ ਦੇ ਕਾਰਨ ਰਾਜਦੂਤ ਗਊਆਂ ਨਹੀਂ ਸੀ ਲਿਜਾ ਸਕਦਾ ਸੋ ਮਸਾਈ ਲੋਕਾਂ ਨੇ ਉਨ੍ਹਾਂ 14 ਗਊਆਂ ਦੀ ਕੀਮਤ ਦੇ ਬਰਾਬਰ ਦਾ ਇੱਕ ਮਸਾਈ ਗਹਿਣਾ ਦੇਣ ਦੀ ਪੇਸ਼ਕਸ਼ ਕੀਤੀ, ਜਿਸਨੂੰ ਉਹ ਆਪਣੇ ਦੇਸ਼ ਜਾ ਕੇ ਵੇਚ ਕੇ, ਲੋੜਵੰਦਾਂ ਦੀ ਸਹਾਇਤਾ ਕਰ ਸਕਦਾ ਸੀ। ਵਿਲੀਅਮ ਨੇ ਉਹ ਗਹਿਣਾ ਵੇਚਣ ਦੀ ਬਜਾਇ 9/11 ਦੇ ਹਮਲੇ ਦੇ ਮੈਮੋਰੀਅਲ ਮਿਊਜ਼ਿਮ ਵਿੱਚ ਰੱਖਣ ਦੀ ਤਜਵੀਜ਼ ਪੇਸ਼ ਕੀਤੀ।
ਸੁਣਿਐ ਕਿ ਜਦੋਂ ਇਹ ਗੱਲ ਆਮ ਅਮਰੀਕੀ ਨਾਗਰਿਕਾਂ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਮਸਾਈ ਗਹਿਣਾ ਪ੍ਰਾਪਤ ਕਰਨ ਦੀ ਥਾਏਂ 14 ਗਊਆਂ ਲਿਆਉਣ ਦੀ ਮੰਗ ਕੀਤੀ। ਆਨਲਾਈਨ ਪਟੀਸ਼ਨਾਂ ਸਾਈਨ ਕੀਤੀਆਂ ਗਈਆਂ, ਹਸਤਾਖ਼ਰ ਮੁਹਿੰਮ ਚਲਾਈ ਗਈ, ਅਧਿਕਾਰੀਆਂ ਨੂੰ ਈਮੇਲ ਕੀਤੇ ਗਏ, ਲੀਡਰਾਂ ਨਾਲ਼ ਗੱਲਬਾਤ ਕੀਤੀ ਗਈ ਕਿ ਉਨ੍ਹਾਂ ਨੂੰ ਗਹਿਣਾ ਨਹੀਂ ਗਾਵਾਂ ਚਾਹੀਦੀਆਂ ਹਨ। ਇਸ ਦੇ ਨਾਲ਼ ਹੀ ਕਰੋੜਾਂ ਅਮਰੀਕੀ ਨਾਗਰਿਕਾਂ ਨੇ ਮਸਾਈ ਜਨਜਾਤੀ ਅਤੇ ਕੀਨੀਆ ਦੇ ਲੋਕਾਂ ਦਾ ਇਨਸਾਨੀਅਤ ਪ੍ਰਤੀ ਇਸ ਭਰਪੂਰ ਪ੍ਰੇਮ ਲਈ ਦਿਲੋਂ ਧੰਨਵਾਦ ਕੀਤਾ।
ਦੋਸਤੋ, ਭਾਰਤ ਨੂੰ ਮਿਲੀ 12 ਟਨ ਅਨਾਜ ਸਮੱਗਰੀ ਪੂੰਜੀ ਦੇ ਲਿਹਾਜ ਨਾਲ਼ ਬਹੁਤੀ ਮਾਣਤਾ ਨਹੀਂ ਰਖਦੀ ਹੋਵੇਗੀ ਪਰ ਸਾਨੂੰ ਕੀਨੀਆ ਅਤੇ ਮਸਾਈ ਲੋਕਾਂ ਦਾ ਰਿਣੀ ਹੋਣਾ ਚਾਹੀਦਾ ਹੈ ਜਿਨ੍ਹਾਂ ਅੰਦਰ ਅਜੇ ਵੀ ਮਾਨਵਤਾ ਪ੍ਰਤੀ ਦਰਦ ਜਿਊਂਦਾ ਹੈ, ਜਿਹੜੇ ਅਜੇ ਵੀ ਇਨਸਾਨੀਅਤ ਨੂੰ ਬਚਾਈ ਰੱਖਣ ਵਾਲ਼ੀ ਭਾਵਨਾ ਵਿੱਚ ਯਕੀਨ ਕਰਦੇ ਹਨ।
ਚਿੜੀ ਦੀ ਚੁੰਝ ਵਿੱਚ ਭਰਿਆ ਨਦੀ ਦਾ ਪਾਣੀ, ਜੰਗਲ਼ ਦੀ ਅੱਗ ਨਹੀਂ ਬੁਝਾ ਸਕਦਾ ਪਰ ਸਾਨੂੰ ਉਸ ਚਿੜੀ ਦੀ ਪਰਿਪੱਕਤਾ, ਉਹਦੇ ਦਯਾ ਭਾਵ, ਉਹਦੀ ਮਿਹਨਤ ਨੂੰ ਸਲਾਮ ਕਹਿਣਾ ਚਾਹੀਦਾ ਹੈ, ਕੋਟਮ ਵਾਰ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਹੜੀ ਮਾਨਵਤਾ ਦੇ ਹਿੱਤ ਵਿੱਚ ਭੁਗਤਦੀ ਹੈ, ਮਾਨਵਤਾ ਦੋਖੀਆਂ ਦੇ ਹਿੱਤ ਵਿੱਚ ਨਹੀਂ।
#ThankYouKenya (Untamed Satire ਗਰੁੱਪ ਦੇ ਸ਼੍ਰੀ Gaurav Sharma ਜੀ ਵੱਲ੍ਹੋਂ ਆਭਾਰ ਸਹਿਤ)
– ਡਾ. ਸਵਾਮੀ ਸਰਬਜੀਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)