ਮੈਨੂੰ ਮਾਂ ਦੀ ਬੱਸ ਥੋੜੀ ਥੋੜੀ ਸ਼ਕਲ ਹੀ ਯਾਦ ਏ..
ਅਖੀਰਲੇ ਦਿਨਾਂ ਵਿਚ ਉਸਨੇ ਮੈਨੂੰ ਨਾਲ ਸਵਾਉਣਾ ਬੰਦ ਕਰ ਦਿੱਤਾ ਸੀ..ਪੂਰਾਣੀ ਟੀ.ਬੀ ਤੇ ਉੱਤੋਂ ਛਾਤੀ ਦਾ ਕੈਂਸਰ ਨਿੱਕਲ ਆਇਆ..!
ਫੇਰ ਇੱਕ ਦਿਨ ਉਸਨੂੰ ਹਸਪਤਾਲੋਂ ਪੱਕੀ ਛੁੱਟੀ ਦੇ ਦਿੱਤੀ ਗਈ..ਵੇਹੜੇ ਦੇ ਐਨ ਵਿਚਕਾਰ ਡਾਹੀ ਉਸਦੀ ਮੰਜੀ..ਅਤੇ ਘਰੇ ਤੁਰੇ ਫਿਰਦੇ ਕਿੰਨੇ ਸਾਰੇ ਲੋਕ..ਕੁਝ ਚੁੱਪ-ਚਾਪ ਦਰੀ ਉੱਤੇ ਬੈਠੇ ਉਸਦੇ ਵੱਲ ਵੇਖੀ ਜਾ ਰਹੇ ਸਨ..!
ਮੈਂ ਉਸਦੇ ਕੋਲ ਜਾਂਦਾ ਤਾਂ ਉਹ ਮੈਨੂੰ ਇਸ਼ਾਰੇ ਨਾਲ ਦੂਰ ਘੱਲ ਦਿਆ ਕਰਦੀ..!
ਫੇਰ ਉਸਨੇ ਆਪਣੀ ਇੱਕ ਦੂਰ ਬੈਠੀ ਸਹੇਲੀ ਨੂੰ ਵਾਜ ਮਾਰੀ..
ਨਾਲ ਹੀ ਮੈਨੂੰ ਆਪਣੇ ਕੋਲ ਸੱਦਿਆ..ਮੇਰਾ ਹੱਥ ਉਸਦੇ ਹੱਥ ਵਿਚ ਫੜਾ ਦਿੱਤਾ ਤੇ ਆਖਿਆ ਪੁੱਤਰ ਅੱਜ ਤੋਂ ਮਗਰੋਂ ਏਹੀ ਤੇਰੀ ਮਾਂ ਏ..!
ਮੈਨੂੰ ਗੱਲ ਦੀ ਸਮਝ ਤਾਂ ਬਿਲਕੁਲ ਵੀ ਨਹੀਂ ਸੀ ਲੱਗੀ ਪਰ ਉਸਦਾ ਇੰਝ ਆਖਣਾ ਵੀ ਮੈਨੂੰ ਚੰਗਾ ਨਹੀਂ ਲੱਗਾ..
ਫੇਰ ਅਗਲੇ ਦਿਨ ਉਸਦੀਆਂ ਅੱਖਾਂ ਬੰਦ ਹੋ ਗਈਆਂ..
ਉਸਨੂੰ ਸਿਵਿਆਂ ਵਿਚ ਲੱਕੜਾਂ ਦੇ ਵੱਡੇ ਢੇਰ ਹੇਠ ਰੱਖ ਅੱਗ ਲਾ ਦਿੱਤੀ ਗਈ..
ਮੇਰਾ ਰੋਣ ਨਿੱਕਲ ਗਿਆ..ਮੈਂ ਉਚੀ ਸਾਰੀ ਬੋਲ ਉੱਠਿਆ..ਉਸਨੂੰ ਬਾਹਰ ਕੱਢ ਲਵੋ..ਉਸਨੂੰ ਪੀੜ ਹੁੰਦੀ ਹੋਣੀ ਏ..!
ਫੇਰ ਕੁਝ ਦਿਨਾਂ ਮਗਰੋਂ ਨਿੱਕੇ ਘੜੇ ਵਿਚ ਕੇਸਰੀ ਕੱਪੜੇ ਨਾਲ ਢਕਿਆ ਹੋਇਆ ਉਸਦਾ ਨਿੱਕ ਸੁੱਕ ਗੋਇੰਦਵਾਲ ਸਾਬ ਦੇ ਪਾਣੀ ਵਿਚ ਰੋੜ ਦਿੱਤਾ ਗਿਆ..
ਪਾਣੀ ਦੀਆਂ ਲਹਿਰਾਂ ਦੀ ਸਤਹਿ ਤੇ ਖਿੱਲਰਦੀ ਹੋਈ ਦੂਰ ਜਾਂਦੀ ਸਵਾਹ ਵੇਖ ਜਰੂਰ ਇੰਝ ਲੱਗਾ ਜਿੰਦਾ ਉਹ ਅੱਜ ਮੁੱਚੀ ਹੀ ਵਿੱਛੜ ਕੇ ਦੂਰ ਚਲੀ ਗਈ ਹੋਵੇ..!
ਫੇਰ ਉਹ ਜਿਸਦੇ ਹੱਥ ਵਿੱਚ ਮੇਰਾ ਹੱਥ ਦੇ ਕੇ ਗਈ ਸੀ..ਸੱਚੀ ਮੁੱਚੀ ਹੀ ਘਰੇ ਆ ਕੇ ਰਹਿਣ ਲੱਗ ਪਈ..
ਉਹ ਮੈਨੂੰ ਆਪਣੇ ਨਾਲ ਸਵਾਉਂਦੀ..ਸੁਵੇਰੇ-ਸਵੇਰੇ ਮੇਰਾ ਜੂੜਾ ਕਰਦੀ..ਬਸਤਾ ਤਿਆਰ ਕਰਕੇ ਮੈਨੂੰ ਸਕੂਲ ਘੱਲਦੀ..ਮਗਰੋਂ ਦੁਪਹਿਰੇ ਸਕੂਲੋਂ ਲੈਣ ਵੀ ਜਾਂਦੀ..!
ਪਰ ਘਰੇ ਸਾਰੇ ਉਸਨੂੰ ਚੰਗਾ ਜਿਹਾ ਨਾ ਸਮਝਦੇ..
ਮੇਰੇ ਹਰ ਵੇਲੇ ਕੰਨੀ ਪਾਇਆ ਜਾਂਦਾ ਕੇ ਉਹ ਮਤਰੇਈ ਏ..ਇੱਕ ਦਿਨ ਆਪਣਾ ਖੁਦ ਦਾ ਨਿਆਣਾ ਜੰਮ ਲਵੇਗੀ ਤੇ ਫੇਰ ਤੈਨੂੰ ਨੌਕਰ ਬਣਾ ਲਿਆ ਜਾਵੇਗਾ..!
ਇਸ ਮਗਰੋਂ ਮੈਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਕੇ ਕੋਈ ਹੋਰ ਨਾ ਆ ਜਾਵੇ..ਪਰ ਮੇਰੇ ਘਰੇ ਹੋਰ ਕੋਈ ਵੀ ਬੱਚਾ ਨਾ ਆਇਆ..
ਫੇਰ ਵੱਡਾ ਹੋਇਆ ਤਾਂ ਉਸਨੂੰ ਬੱਚਾ ਨਾ ਜੰਮਣ ਦੇ ਮੇਹਣੇ ਵੀ ਵੱਜਣ ਲੱਗੇ..ਪਰ ਸਿਵਾਏ ਚੋਰੀ ਚੋਰੀ ਹੰਜੂ ਵਹਾਉਣ ਦੇ ਉਹ ਕੋਈ ਜਵਾਬ ਨਾ ਦਿੰਦੀ..ਨਾ ਹੀ ਸਾਰੀਆਂ ਗੱਲਾਂ ਮੇਰੇ ਬਾਪ ਨੂੰ ਦੱਸਦੀ..!
ਫੇਰ ਜਦੋਂ ਦਸਵੀਂ ਵਿਚ ਹੋਇਆ ਤਾਂ ਇੱਕ ਦਿਨ ਸ਼ਹਿਰੋਂ ਆਉਂਦਾ ਬਾਪੂ ਜੀ ਸ਼ਰਾਬੀ ਟਰੱਕ ਡਰਾਈਵਰ ਦੀ ਭੇਂਟ ਚੜ ਗਿਆ..
ਇਸ ਵਾਰ ਉਹ ਬਹੁਤ ਰੋਈ..ਲੋਕ ਆਖਦੇ ਇਹ ਤੇਰਾਂ ਤਾਲਣ ਏ..ਝੂਠੇ ਖੇਖਣ ਕਰਦੀ ਏ..
ਮੈਨੂੰ ਆਖਣ ਲੱਗੇ ਜੇ...
ਕਿਸੇ ਕਾਗਤ ਤੇ ਦਸਤਖਤ ਕਰਨ ਨੂੰ ਆਖੇ..ਬਿਲਕੁਲ ਨਾ ਕਰੀ..ਇਸਦੇ ਹੱਥ ਦਾ ਬਣਿਆ ਵੀ ਨਾ ਖਾਇਆ ਕਰ..ਦੱਬੀ ਅਵਾਜ ਵਿੱਚ ਆਖਦੇ..ਹੁਣ ਇਸਦੀ ਅੱਖ ਤੇਰੇ ਕੱਲੇ ਰਹਿ ਗਏ ਦੀ ਜਮੀਨ ਤੇ ਹੈ..!
ਫੇਰ ਭੋਗ ਵਾਲੇ ਦਿਨ ਕੀਰਤਨ ਮਗਰੋਂ ਮੈਨੂੰ ਮਾਈਕ ਫੜਾ ਦਿੱਤਾ ਗਿਆ..
ਆਖਣ ਲੱਗੇ ਆਪਣੇ ਬਾਪ ਨੂੰ ਸ਼ਰਧਾਂਜਲੀ ਦੇਣੀ ਪੈਣੀ ਏ..
ਮੈਨੂੰ ਹੋਰ ਤੇ ਕੁਝ ਨਾ ਅਹੁੜਿਆ..ਪਰ ਮੇਰਾ ਧਿਆਨ ਸਾਮਣੇ ਬੈਠੀ ਮਾਂ ਵੱਲ ਚਲਾ ਗਿਆ..ਫੇਰ ਮੈਂ ਆਪਮੁਹਾਰੇ ਹੀ ਏਨੀ ਗੱਲ ਆਖਣੀ ਸ਼ੁਰੂ ਕੀਤੀ..”ਇਹ ਜੋ ਸਾਮਣੇ ਬੈਠੀ ਔਰਤ ਏ..ਅਸਲ ਵਿੱਚ ਮੇਰੀ ਮਾਂ ਨਹੀਂ ਏ..
ਏਨੀ ਗੱਲ ਸੁਣ ਪੰਡਾਲ ਵਿਚ ਖੁਸਰ ਫੁਸਰ ਹੋਣੀ ਸ਼ੁਰੂ ਹੋ ਗਈ..ਕਿੰਨੇ ਸਾਰੇ ਸਾਮਣੇ ਬੈਠੇ ਹੋਇਆਂ ਦੇ ਚੇਹਰੇ ਗੁਲਾਬ ਵਾਂਙ ਖਿੜ ਗਏ..ਸ਼ਾਇਦ ਮੈਂ ਓਹੀ ਗੱਲ ਆਖ ਦਿੱਤੀ ਸੀ ਜੋ ਉਹ ਕਿੰਨਿਆਂ ਵਰ੍ਹਿਆਂ ਤੋਂ ਸੁਣਨਾ ਚਾਹ ਰਹੇ ਸਨ..!
ਫੇਰ ਕੁਝ ਘੜੀਆਂ ਦੇ ਅੰਤਰਾਲ ਮਗਰੋਂ ਮੈਂ ਆਪਣੀ ਗੱਲ ਫੇਰ ਤੋਂ ਸ਼ੁਰੂ ਕੀਤੀ..”ਹਾਂ ਇਹ ਮੇਰੀ ਮਾਂ ਨਹੀਂ ਏ ਸਗੋਂ ਮੇਰਾ ਸਾਰਾ ਕੁਝ ਹੀ ਏ..ਅੱਜ ਤੋਂ ਬਾਅਦ ਇਹ ਮੇਰਾ ਤੁਰ ਗਿਆ ਪਿਓ ਵੀ ਹੈ..ਮੇਰੀ ਖੁਸ਼ੀ ਵੀ ਹੈ..ਮੇਰੀ ਜਿੰਦਗੀ..ਮੇਰਾ ਭਵਿੱਖ..ਅਤੇ ਮੇਰੇ ਵਜੂਦ ਦਾ ਅਧਾਰ..ਅੱਜ ਤੋਂ ਮਗਰੋਂ ਜੋ ਵੀ ਇਸਨੂੰ ਨਫਰਤ ਕਰੂ..ਉਸਨੂੰ ਮੇਰੀ ਨਫਰਤ ਦੀ ਕਰੋਪੀ ਦਾ ਸ਼ਿਕਾਰ ਬਣਨਾ ਪਵੇਗਾ..”
ਏਨੀ ਗੱਲ ਆਖ ਮੈਂ ਮੱਥਾ ਟੇਕ ਹੇਠਾਂ ਬੈਠ ਗਿਆ..ਇੱਕ ਪਲ ਲਈ ਖਿੜ ਗਏ ਚੇਹਰਿਆਂ ਤੇ ਇੱਕ ਵਾਰ ਫੇਰ ਮੁਰਦੇਹਾਣੀ ਜਿਹੀ ਛਾ ਗਈ ਅਤੇ ਹੁਣ ਤੱਕ ਅਕਸਰ ਹੀ ਲੁਕ ਛਿਪ ਕੇ ਹੰਜੂ ਵਹਾਉਂਦਾ ਆਇਆ ਇੱਕ ਚੇਹਰਾ ਮੱਘਰ ਦੀ ਠੰਡੀ ਮਿੱਠੀ ਸੁਵੇਰ ਵਾਂਙ ਰੁਸ਼ਨਾ ਉਠਿਆ..!
ਦੋਸਤੋ ਬਾਪ ਦੇ ਨਿੱਘੇ ਰਿਸ਼ਤੇ ਨੂੰ ਦਰਸਾਉਣ ਖਾਤਿਰ ਨਿਯਮਿਤ ਕੀਤੇ ਗਏ ਸਾਲ ਦੇ ਅੱਜ ਦੇ ਇਸ ਦਿਨ ਵਿਚ ਦੋ ਮਾਵਾਂ ਦੀ ਸੱਚੀ ਕਹਾਣੀ ਦਾ ਜਿਕਰ ਕਰਨਾ ਇਸ ਕਰਕੇ ਵੀ ਜਰੂਰੀ ਹੋ ਗਿਆ ਸੀ ਕਿਓੰਕੇ ਦੋਵੇਂ ਮਾਵਾਂ ਨਾਲ ਮੇਰੇ ਬਾਪ ਨੇ ਸਾਰੀ ਉਮਰ ਕਦੀ ਵੀ ਉਚੀ ਅਵਾਜ ਵਿਚ ਗੱਲ ਨਹੀਂ ਸੀ ਕੀਤੀ..
ਅਤੇ ਜਿਥੇ ਤੱਕ ਵੀ ਵਾਹ ਲੱਗੀ ਮੇਰੀਆਂ ਦੋਵੇਂ ਮਾਵਾਂ ਦੀ ਕੰਡਿਆਂ ਦੀ ਤਿੱਖੀ ਵਾੜ ਬਣ ਕੇ ਰਾਖੀ ਕੀਤੀ..
ਬਿਆਸੀ ਤ੍ਰਿਆਸੀ ਵੇਲਿਆਂ ਵੇਲੇ ਜਦੋਂ ਵੀ ਮੰਜੀ ਸਾਬ ਸੰਤਾਂ ਦਾ ਭਾਸ਼ਣ ਸੁਣ ਕੇ ਵਾਪਿਸ ਪਰਤਿਆ ਕਰਦਾ ਤਾਂ ਅਕਸਰ ਹੀ ਆਖਿਆ ਕਰਦਾ ਕੇ “ਅਸਲ ਮਰਦਾਨਗੀ ਇਸ ਵਿਚ ਹੈ ਕੇ ਮਜਲੂਮ ਅਤੇ ਔਰਤ ਜਿਸ ਮਰਜੀ ਰੂਪ ਵਿਚ ਟੱਕਰ ਜਾਣ ਓਹਨਾ ਦੀ ਆਪਣੀ ਜਾਨ ਤੇ ਖੇਡ ਕੇ ਰਾਖੀ ਕੀਤੀ ਜਾਵੇ..”!
ਹਰਪ੍ਰੀਤ ਸਿੰਘ ਜਵੰਦਾ