More Punjabi Kahaniya  Posts
ਬਾਪੂ ਵਾਲਾ “ਟੈਟੂ”


ਆਪਣੇ ਪਿੰਡ ਦੇ ਸਕੂਲ ਵਿੱਚੋਂ ਦਸਵੀਂ ਕਰਕੇ ਰਾਜਵੀਰ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਲੈ ਲਿਆ ਸੀ । ਜ਼ਮੀਨ ਤਾਂ ਰਾਜਵੀਰ ਦੇ ਪਿਤਾ ਨਾਨਕ ਸਿੰਘ ਕੋਲ ਏਨੀ ਹੀ ਸੀ ਕਿ ਟੱਬਰ ਆਪ ਹੀ ਰੋਟੀ ਖਾ ਸਕਦਾ ਸੀ । ਪਰ ਪੁੱਤਰ ਦੇ ਜ਼ਿੱਦ ਕਰਨ ਤੇ ਨਾਨਕ ਸਿੰਘ ਇੱਕ ਵਾਰ ਫੇਰ ਆਪਣੇ ਸੇਠਾਂ ਦੇ ਕਾਗਜ਼ਾਂ ਤੇ ਅੰਗੂਠਾ ਲਾ ਕੇ ਦਸ ਹਜ਼ਾਰ ਲੈ ਆਇਆ ਸੀ ਅਤੇ ਆਪਣੇ ਪੁੱਤਰ ਦਾ ਦਾਖਲਾ ਪ੍ਰਾਈਵੇਟ ਸਕੂਲ ਵਿੱਚ ਕਰਵਾ ਦਿੱਤਾ ਸੀ
ਨਾਨਕ ਸਿੰਘ ਆਪਣੇ ਪੁੱਤਰ ਦੇ ਉਜਵਲ ਭਵਿੱਖ ਦੇ ਸੁਪਨੇ ਸੰਜੋਈ ਬੈਠਾ ਸੀ । ਇੱਕ ਮਹੀਨੇ ਲਈ ਸਭ ਠੀਕ ਚੱਲਦਾ ਰਿਹਾ ਇੱਕ ਦਿਨ ਰਾਜਵੀਰ ਨੇ ਆਪਣੇ ਪਿਤਾ ਨੂੰ ਹੁਕਮ ਸੁਣਾ ਛੱਡਿਆ “ਮੇਰੇ ਤੋਂ ਹਰ ਰੋਜ਼ ਬੱਸਾਂ ਤੇ ਨਹੀਂ ਜਾਇਆ ਜਾਂਦਾ ਸਕੂਲੇ ,ਨਾਲੇ ਆਪਣੇ ਪਿੰਡ ਕੋਈ ਬੱਸ ਰੋਕਦਾ ਤਾਂ ਹੈ ਨਹੀਂ,ਮੈਨੂੰ ਤਾਂ ਮੋਟਰਸੈੰਕਲ ਚਾਹੀਦਾ ਉਹ ਵੀ ਨਵਾਂ”
ਮਾਂ ਪਿਓ ਦੋਨਾਂ ਨੇ ਬਹੁਤ ਸਮਝਾਇਆ ਕਿ ਉਨ੍ਹਾਂ ਦੀ ਇੰਨੀ ਹੈਸੀਅਤ ਨਹੀਂ ਹੈ ਪਰ ਰਾਜਵੀਰ ਕਿੱਥੇ ਮੰਨਦਾ ਸੀ ਯਾਰਾਂ ਦੋਸਤਾਂ ਵਿੱਚ ਪਹਿਲਾਂ ਹੀ ਸ਼ੇਖੀ ਮਾਰ ਬੈਠਾ ਸੀ ਕਿ ਆਉਂਦੀ ਇੱਕ ਤਰੀਕ ਨੂੰ ਉਹ ਨਵਾਂ ਮੋਟਰਸੈੰਕਲ ਲੈ ਕੇ ਸਕੂਲ ਵਿੱਚ ਆਏਗਾ ।
ਪੂਰੀ ਰਾਤ ਨਾਨਕ ਸਿੰਘ ਤੇ ਉਹਦੀ ਪਤਨੀ ਸੌਂ ਨਹੀਂ ਸਕੇ ਕਿਉਂਕਿ ਰਾਜਵੀਰ ਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਆਖਿਆ ਸੀ ਕਿ “ਪਹਿਲਾਂ ਮੋਟਰਸੈੰਕਲ ਲੈ ਕੇ ਦਿਉ ,ਉਹਦੀ ਸੀਟ ਤੇ ਰੱਖ ਕੇ ਹੀ ਰੋਟੀ ਖਾਵਾਂਗਾ”
ਅਗਲੀ ਸਵੇਰ ਇੱਕ ਵਾਰ ਫੇਰ ਨਾਨਕ ਸਿੰਘ ਸੇਠਾਂ ਦੀ ਦੁਕਾਨ ਦੇ ਮੂਹਰੇ ਸਵੱਖਤੇ ਹੀ ਬੈਠ ਗਿਆ ਜਾ ਕੇ ਅਜੇ ਦੁਕਾਨ ਵੀ ਨਹੀਂ ਸੀ ਖੁੱਲ੍ਹੀ
“ਨਾਨਕਾ ਤੇਰੇ ਸਿਰ ਤਾਂ ਅੱਗੇ ਹੀ ਇੱਕ ਲੱਖ ਹੋਇਆ ਪਿਅੈ , ਹੋਰ ਕਿਵੇਂ ਦੇਵਾਂ” ਸੇਠ ਨੇ ਵਹੀ ਤੇ ਨਜ਼ਰ ਮਾਰ ਕੇ ਆਖਿਆ
ਆਪਣੀ ਜੇਬ ਚੋਂ ਆਪਣੀ ਪਤਨੀ ਦੀਆਂ ਟੂੰਬਾਂ ਕੱਢ ਕੇ ਨਾਨਕ ਸਿੰਘ ਨੇ ਕਾਊਂਟਰ ਤੇ ਰੱਖ ਦਿੱਤੀਆਂ,ਅੱਖਾਂ ਵਿੱਚ ਹੰਝੂ ਤੇ ਚਿਹਰੇ ਤੇ ਮਾਯੂਸੀ ਸੀ ।
“ਇਹਦੇ ਬਦਲੇ ਕੀ ਮਿਲਜੂ”ਕੰਬਦੀ ਆਵਾਜ਼ ਵਿੱਚ ਨਾਨਕ ਸਿੰਘ ਨੇ ਆਖਿਆ।
ਸੇਠ ਨੇ ਆਪਣੀਆਂ ਤਲੀਆਂ ਤੇ ਵਾਰ ਵਾਰ ਟੂੰਬਾਂ ਨੂੰ ਇੰਝ ਰੱਖਿਆ ਜਿਵੇਂ ਉਹਦੀਆਂ ਤਲੀਆਂ ਤੇ ਹੀ ਕੋਈ ਕੰਡਾ ਲੱਗਿਆ ਹੋਵੇ “ਹੁਣ ਠੀਕ ਹੈ ,ਇਸਦੇ ਬਦਲੇ ਤਾਂ ਤੈਨੂੰ ਪੰਜਾਹ ਹਜ਼ਾਰ ਦੇ ਸਕਦਾ ਬੋਲ ਲੈਣੇ ਆ”
ਸੇਠ ਨੂੰ ਵੀ ਇਹ ਸੌਦਾ ਮਾੜਾ ਨਹੀਂ ਸੀ ਲੱਗ ਰਿਹਾ ਕਿਉਂਕਿ ਮੋਟੀ ਕੁੰਡੀ ਲਗਾ ਰਿਹਾ ਸੀ ਸੇਠ ਇਹਦੇ ਵਿੱਚ
ਨਾਨਕ ਸਿੰਘ ਦੀਆਂ ਅੱਖਾਂ ਅੱਗੇ ਆਪਣਾ ਭੁੱਖਾ ਪੁੱਤ ਘੁੰਮ ਰਿਹਾ ਸੀ ਉਹਨੇ ਹਾਂ ਕਰ ਦਿੱਤੀ ਤੇ ਸਿੱਧਾ ਹੀਰੋ ਹਾਂਡੇ ਦੀ ਏਜੰਸੀ ਵਿੱਚ ਚਲਾ ਗਿਆ ਤੇ ਲੈ ਲਿਆ ਨਵਾਂ ਨੁੱਕ ਹੀਰੋ ਹਾਂਡਾ ਮੋਟਰਸੈੰਕਲ ।
ਮੋਟਰਸੈੰਕਲ ਨੂੰ ਦੇਖ ਕੇ ਰਾਜਵੀਰ ਜਿਵੇਂ ਅਸਮਾਨੀ ਉੱਡਣ ਲੱਗ ਪਿਆ ਸਾਰੇ ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚੋਂ ਹਾਰਨ ਵਜਾਉਂਦਿਆਂ ਨੇ ਕਈ ਚੱਕਰ ਲਗਾਏ ਤੇ ਉਸ ਦਿਨ ਰੋਟੀ ਵੀ ਸੱਚੀ ਮੋਟਰਸੈੰਕਲ ਦੀ ਸੀਟ ਤੇ ਰੱਖ ਕੇ ਖਾਧੀ ।
ਪਰ ਮੋਟਰਸੈੰਕਲ ਆਇਆ ਕਿਵੇਂ ਸੀ ਇਹ ਤਾਂ ਨਾਨਕ ਸਿੰਘ ਤੇ ਉਹਦੀ ਘਰਵਾਲੀ ਹੀ ਜਾਣਦੇ ਸਨ ਤੇ ਉਹ ਆਪਣੇ ਪੁੱਤਰ ਨੂੰ ਦੱਸਣਾ ਵੀ ਨਹੀਂ ਸਨ ਚਾਹੁੰਦੇ ।
ਸੱਚੀਂ ਪਹਿਲੀ ਤਰੀਕ ਨੂੰ ਮੋਟਰਸੈੰਕਲ ਤੇ ਸਕੂਲ ਜਾ ਕੇ ਆਪਣੇ ਦੋਸਤਾਂ ਵਿੱਚ ਪੂਰੀ ਠੁੱਕ ਬਣਾਈ ਸੀ ਰਾਜਵੀਰ ਨੇ । ਦਿਨ ਬੀਤਦੇ ਗਏ ਤੇ ਰਾਜਵੀਰ ਆਪਣੇ ਅਮੀਰ ਦੋਸਤਾਂ ਵਾਂਗ ਹੀ ਆਪਣਾ ਸਟੇਟਸ ਬਣਾ ਕੇ ਰੱਖਦਾ ਤੇ ਉਧਰ ਨਾਨਕ ਸਿੰਘ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ । ਏਧਰ ਮੋਟਰਸੈੰਕਲ ਦਾ ਮੀਟਰ ਘੁੰਮਦਾ ਸੀ ਤੇ ਉਧਰ ਸੇਠ ਦਾ ਵਹੀ ਵਾਲਾ ਮੀਟਰ ਘੁੰਮਦਾ ਸੀ
ਉਸ ਦਿਨ ਰਾਜਵੀਰ ਦਾ ਜਨਮ ਦਿਨ ਸੀ ਸਵੇਰੇ ਹੀ ਆਪਣੇ ਬਾਪੂ ਤੋਂ ਤਿੰਨ ਹਜ਼ਾਰ ਲੈ ਗਿਆ ਸੀ ਇਹ ਕਹਿ ਕੇ ਕਿ...

ਸਕੂਲ ਦੀ ਫੀਸ ਭਰਨੀ ਹੈ ਦੇਰ ਸ਼ਾਮ ਤੱਕ ਘਰ ਨਹੀਂ ਆਇਆ ਅਤੇ ਜਦੋਂ ਆਇਆ ਤਾਂ ਹਾਲਤ ਵਿਗੜੀ ਹੋਈ ਸੀ
” ਤੂੰ ਸ਼ਰਾਬ ਪੀ ਕੇ ਆਇਆ ਹੈੰ ਪੁੱਤ…? ਮਾਂ ਨੇ ਕਮਜ਼ੋਰ ਜਿਹੀ ਆਵਾਜ਼ ਵਿੱਚ ਪੁੱਛਿਆ ।
” ਬੇਬੇ ਫੇਰ ਕੀ ਹੈ ਇਹ ਤਾਂ ਸ਼ਹਿਰੀਆਂ ਦਾ ਸਟੇਟਸ ਅੈ, ਨਾਲੇ ਫੇਰ ਕੀ ਐ,ਤੇਰਾ ਪੁੱਤ ਤਾਂ ਜਵਾਨ ਹੋ ਗਿਆ ਹੁਣ ਪਤੈ ਕਿੰਨੀ ਟੌਹਰ ਤੇਰੇ ਪੁੱਤ ਦੀ ਪੂਰੇ ਸਕੂਲ ਵਿੱਚ” ਰਾਜਵੀਰ ਨੇ ਆਪਣੇ ਕੱਪੜੇ ਕਿੱਲੀ ਤੇ ਟੰਗਦੇ ਹੋਏ ਆਖਿਆ ।
ਉਸੇ ਕਿੱਲੀ ਤੇ ਇੱਕ ਘਸਮੈਲਾ ਜਿਹਾ ਕੁੜਤਾ ਵੀ ਟੰਗਿਆ ਹੋਇਆ ਸੀ ਜੋ ਉਸ ਦੇ ਬਾਪੂ ਦੇ ਮੁੜਕੇ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ ।
ਰਾਜਵੀਰ ਨੇ ਉਹ ਕੁੜਤਾ ਆਪਣੀ ਬੇਬੇ ਨੂੰ ਇਹ ਕਹਿ ਕੇ ਫੜ੍ਹਾ ਦਿੱਤਾ ਕਿ ਮੇਰੇ ਕੱਪੜੇ ਗੰਦੇ ਹੋ ਜਾਣਗੇ,ਮਾਂ ਨੇ ਕੰਬਦੇ ਹੱਥਾਂ ਨਾਲ ਕੁੜਤਾ ਫੜ ਲਿਆ ਤੇ ਨਾਲ ਦੀ ਕਿੱਲੀ ਤੇ ਟੰਗ ਦਿੱਤਾ
ਮਨ ਹੀ ਮਨ ਵਿੱਚ ਮਾਂ ਕੁੜਤੇ ਤੇ ਆਪਣੇ ਪੁੱਤ ਦੇ ਸਾਫ ਸੁਥਰੇ ਕੱਪੜਿਆਂ ਦੀ ਤੁਲਨਾ ਕਰ ਰਹੀ ਸੀ ।
ਨਾਨਕ ਸਿੰਘ ਘਰ ਆਇਆ ਪਰ ਮਾਂ ਨੇ ਉਸ ਨੂੰ ਕੁਝ ਨਹੀਂ ਦੱਸਿਆ ਰੋਟੀ ਟੁੱਕ ਖਾ ਕੇ ਸਾਰੇ ਸੌਂ ਗਏ ਪਰ ਮਾਂ ਨੂੰ ਨੀਂਦ ਨਹੀਂ ਆਈ ਪਹਿਲੀ ਵਾਰ ਪੁੱਤਰ ਸ਼ਰਾਬ ਪੀ ਕੇ ਆਇਆ ਸੀ ਤੇ ਸ਼ਾਇਦ ਆਉਣ ਵਾਲੇ ਤੂਫਾਨ ਦਾ ਅੰਦਾਜ਼ਾ ਲਗਾਉਂਦੇ ਮਾਂ ਨੇ ਪੂਰੀ ਰਾਤ ਅੱਖਾਂ ਖੋਲ੍ਹ ਕੇ ਹੀ ਕੱਟ ਦਿੱਤੀ ।
ਗ਼ਰੀਬ ਤੇ ਲਾਚਾਰ ਮਾਂ ਪਿਓ ਰਾਜਵੀਰ ਦੀ ਹਰ ਗੱਲ ਮੰਨਦੇ
ਸਮਾਂ ਬੀਤਦਾ ਗਿਆ ਤੇ ਰਾਜਵੀਰ ਵਿਗੜਦਾ ਗਿਆ ਮਾੜੀ ਸੰਗਤ ਚ ਪੈ ਗਿਆ ਸੀ ਰਾਜਵੀਰ ,ਕਈ ਕਈ ਦਿਨ ਘਰ ਹੀ ਨਹੀਂ ਸੀ ਆਉਂਦਾ। ਹਰ ਤਰ੍ਹਾਂ ਦਾ ਨਸ਼ਾ ਕਰਨ ਲੱਗਿਆ ,ਘਰ ਵਿੱਚ ਚੋਰੀ ਕਰਨ ਲੱਗਿਆ ਘਰ ਵਿੱਚ ਪੂਰਾ ਕਲੇਸ਼ ਰਹਿਣ ਲੱਗਿਆ,ਮਾਂ ਬਾਪ ਨਾਲ ਗਾਲੀ ਗਲੋਚ ਕਰਦਾ ਰਹਿੰਦਾ ਤੇ ਕਹਿੰਦਾ ” ਤੁਸੀਂ ਕੀਤਾ ਹੀ ਕੀ ਹੈ ਮੇਰੇ ਲਈ ”
ਆਪਣੇ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਮਾਂ ਪਿਓ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਪਰ ਇਕਲੌਤੇ ਪੁੱਤਰ ਦੀ ਡਾਂਟ ਫਿਟਕਾਰ ਬਰਦਾਸ਼ਤ ਕਰਨ ਤੋਂ ਇਲਾਵਾ ਉਹਨਾ ਕੋਲ ਹੋਰ ਕੋਈ ਚਾਰਾ ਨਹੀਂ ਸੀ ।
ਰਾਜਵੀਰ ਨੇ ਕਾਲਜ ਦਾਖਲਾ ਲੈ ਲਿਆ ਹਰ ਤਰ੍ਹਾਂ ਦਾ ਆਜ਼ਾਦ ਜੀਵਨ ਜਿਊਣਾ ਚਾਹੁੰਦਾ ਸੀ ਰਾਜਵੀਰ ਤੇ ਉਧਰ ਉਸ ਦਾ ਬਾਪੂ ਸੇਠਾਂ ਦੀ ਕੈਦ ਵਿਚ ਫਸਦਾ ਹੀ ਜਾ ਰਿਹਾ ਸੀ ।ਸ਼ਰਾਬ,ਅਫ਼ੀਮ,ਪੋਸਤ,ਟੀਕੇ, ਚਿੱਟਾ ਤੇ ਹੋਰ ਪਤਾ ਨਹੀ ਕੀ ਕੀ ਖਾਂਦਾ ਸੀ ਉਹ ਦਿਨ ਰਾਤ ।
ਇੱਕ ਸ਼ਾਮ ਜਦੋਂ ਰਾਜਵੀਰ ਘਰ ਆਇਆ ਤੇ ਆਪਣੇ ਬੇਬੇ ਬਾਪੂ ਨੂੰ ਕੋਲ ਬਿਠਾ ਕੇ ਆਪਣੀ ਕਮੀਜ਼ ਦੀਆਂ ਕਫਾਂ ਉੱਪਰ ਖਿਸਕਾਉਂਦੇ ਨੇ ਆਖਿਆ
“ਆਹ ਵੇਖ ਬਾਪੂ ਤੇਰਾ ਟੈਟੂ ਬਣਵਾਇਆ ਮੈਂ ਆਪਣੀ ਬਾਂਹ ਤੇ ਤੇ ਟੈਟੂ ਦੇ ਥੱਲੇ ਪਤਾ ਕੀ ਲਿਖਵਾਇਆ,
“I love my ਬਾਪੂ ”
ਟੈਟੂ ਬਿਲਕੁੱਲ ਨਾਨਕ ਸਿੰਘ ਦੀ ਅਸਲ ਫੋਟੋ ਹੀ ਜਾਪਦਾ ਸੀ ਪਤਾ ਨਹੀਂ ਰਾਜਵੀਰ ਦੇਖ ਸਕਦਾ ਸੀ ਜਾਂ ਨਹੀਂ ਪਰ ਨਾਨਕ ਸਿੰਘ ਆਪਣੇ ਸੁੱਤੇ ਪੁੱਤ ਦੀ ਬਾਂਹ ਤੇ ਟਿਕਟਕੀ ਲਗਾ ਕੇ ਦੇਖ ਰਿਹਾ ਸੀ ਆਪਣਾ ਟੈਟੂ ਜਿਸ ਦੀਆਂ ਅੱਖਾਂ ਵਿੱਚੋਂ ਹੰਝੂ ਅਤੇ ਬੇਬਸੀ ਨਜ਼ਰ ਆ ਰਹੀ ਸੀ
ਟੈਟੂ ਦੀਆਂ ਅੱਖਾਂ ਵਿੱਚੋਂ ਹੰਝੂ..?
ਹਾਂ ਟੈਟੂ ਦੀਆਂ ਅੱਖਾਂ ਵਿੱਚੋਂ ਹੰਝੂ ਤੇ ਬੇਬਸੀ
ਪੂਰੀ ਰਾਤ ਨਾਨਕ ਸਿੰਘ ਤੇ ਉਸ ਦੀ ਘਰਵਾਲੀ ਮਹਿਸੂਸ ਕਰਦੇ ਰਹੇ ਕਿ ਸਿਰਫ ਟੈਟੂ ਬਣਾ ਕੇ ਕੋਈ ਕਿਵੇਂ ਆਖ ਸਕਦਾ
I love my ਬਾਪੂ
ਰੰਜੀਵ ਮੋੰਗਾ
9815046050

...
...



Related Posts

Leave a Reply

Your email address will not be published. Required fields are marked *

2 Comments on “ਬਾਪੂ ਵਾਲਾ “ਟੈਟੂ””

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)