ਵਕੀਲ ਦਾ ਮਿਹਣਾ
ਕਈ ਸਾਲ ਪਹਿਲਾਂ ਦੀ ਗੱਲ ਆ …ਮੈਂ ਨਵਾਂ ਨਵਾਂ ਜਿਹਾ ਲੈਕਚਰਾਰ ਲੱਗਿਆ ਸੀ ..ਸਾਡੇ ਖੇਤਾਂ ਨੂੰ ਜਾਂਦੇ ਇੱਕ ਰਸਤੇ ਜਿਹੇ ਦਾ ਇੱਕ ਗੁਆਂਢੀਆਂ ਨਾਲ ਇੱਕ ਰੌਲਾ ਜਿਹਾ ਹੋ ਗਿਆ ਜਿਵੇਂ ਜੱਟਾਂ ਦੇ ਆਮ ਹੀ ਹੋ ਜਾਂਦੇ ਹੁੰਦੇ ਆ ਪਿੰਡਾਂ ਵਿੱਚ …
ਰੌਲਾ ਕੋਰਟ ਕਚਹਿਰੀ ਤੱਕ ਪਹੁੰਚ ਗਿਆ . ਮੇਰਾ ਵੱਡਾ ਭਰਾ ਵਕੀਲ ਆ ..ਪਰ ਉਹਨੇ ਇੱਕ ਆਪਣੇ ਜਾਣੂ ਇੱਕ ਹੋਰ ਵਕੀਲ ਕੋਲ ਕੇਸ ਭੇਜਿਆ ਜੋ ਜ਼ਮੀਨੀ ਮਕੱਦਮਿਆਂ ਦਾ ਮਾਹਰ ਸੀ …ਸਾਡੇ ਬਾਪੂ ਜੀ ਨੰਬਰਦਾਰ ਸੀ ਪਿੰਡ ਦੇ ਇਸ ਲਈ ਜ਼ਮੀਨ ਦੀਆਂ ਗਿਣਤੀਆਂ ਮਿਣਤੀਆਂ ਵਾਲੀ ਗੁੜ੍ਹਤੀ ਨਿੱਕੇ ਹੁੰਦਿਆਂ ਨੂੰ ਹੀ ਮਿਲੀ ਸੀ …ਇੱਕ ਸਾਡੇ ਬਾਪੂ ਜੀ ਦਾ ਸੁਭਾਅ ਬਹੁਤ ਵਧੀਆ ਸੀ ਸਿੱਖਿਆ ਦੇਣ ਵਾਲਾ ਉਹਨਾਂ ਨੇ ਮੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਜ਼ਮੀਨ ਸੰਬੰਧੀ ਤੇ ਸਾਡੇ ਪਿੰਡ ਦੇ ਸਾਰੇ ਰਕਬੇ ਸੰਬੰਧੀ ਤੇ ਸਾਡੀ ਜ਼ਮੀਨ ਸੰਬੰਧੀ ਦੱਸਦੇ ਰਹਿਣਾ ..
ਹੋਇਆ ਇਉਂ ਕਿ ਕੇਸ ਦੀ ਇੱਕ ਤਰੀਕ ਤੇ ਵੱਡੇ ਬਾਈ ਜੀ ਤੇ ਬਾਪੂ ਜੀ ਨੂੰ ਕੋਈ ਕੰਮ ਹੋ ਗਿਆ ਤੇ ਮੈਨੂੰ ਕਹਿੰਦੇ ਤੂੰ ਜਾ ਕੇ ਆ ਇਸ ਵਾਰ ਤਰੀਕ ਤੇ ….ਮੈਂ ਛੁੱਟੀ ਲੈ ਕੇ ਚਲਾ ਗਿਆ …
ਸਾਡਾ ਵਕੀਲ ਸਾਡੇ ਕੇਸ ਵਾਰੇ ਮੈਨੂੰ ਪੁੱਛਣ ਲੱਗ ਗਿਆ ..ਕੇਸ ਦੀ ਹਿਸਟਰੀ ਸੰਬੰਧੀ …ਤੇ ਨਾਲ ਨਾਲ ਆਪਣੇ ਸਹਾਇਕ ਨੂੰ ਨੋਟ ਵੀ ਕਰਾਈ ਜਾਵੇ …ਜਦੋਂ ਇੱਕ ਨੁਕਤੇ ਤੇ ਆ ਕੇ ਉਹਨੇ ਆਪਣੇ ਸਹਾਇਕ ਨੂੰ ਕਿਹਾ ਕਿ ਆਪਾਂ ਇੱਦਾਂ ਕਹਿਣਾ ਕੋਰਟ ਵਿੱਚ …ਮੈਂ ਵਕੀਲ ਨੂੰ ਸੁਝਾਅ ਦਿੱਤਾ ਤੇ ਕਿਹਾ ਕਿ ਵਕੀਲ ਸਾਹਿਬ ਜੇਕਰ ਇੱਦਾਂ ਕਹੋ ਤਾਂ ਜਿਆਦਾ ਠੀਕ ਨਹੀ ਹੋਵੇਗਾ …ਸਾਡਾ ਵਕੀਲ ਥੋੜਾ ਗੁੱਸੇ ਵਿੱਚ ਆ ਗਿਆ ਤੇ ਮੈਨੂੰ ਕਹਿੰਦਾ ਕਿ ਇਹ ਸਾਡਾ ਕੰਮ ਆ ਯਾਰ ਸਾਨੂੰ ਪਤਾ …ਠੀਕ ਹੈ ਤੂੰ ਪੜ੍ਹਿਆ ਲਿਖਿਆ ਪਰ ਮੇਰਾ ਕੰਮ ਹੈ ਮੈਨੂੰ ਪਤਾ ਇਸਦਾ ..ਕਹਿੰਦਾ ਵਕਾਲਤ ਪਾਸ ਕਰਨੀ ਹੋਰ ਗੱਲ ਆ ਬਾਕੀ ਆਮ ਪੜ੍ਹਾਈ ਹੋਰ ਗੱਲ ਆ …ਮੈਂ ਚੁੱਪ ਕਰ ਗਿਆ ….ਪਰ ਮਹਿਸੂਸ ਮੈਨੂੰ ਵੀ ਬੜਾ ਹੋਇਆ ।
ਮੈਂ ਸੋਚਿਆ ਮਨਾਂ ਹੁਣ ਵਕਾਲਤ ਵਾਲਾ ਕੰਡਾ ਵੀ ਕੱਢਣਾ ਪੈਣਾ ..ਮੈਂ ਦੂਜੇ ਤੀਜੇ ਦਿਨ ਪੰਜਾਬੀ ਯੂਨੀਵਰਸਿਟੀ ਗਿਆ …ਮੈਂ ਪਤਾ ਕੀਤਾ ਕਿਵੇਂ ਦਾਖਲਾ ਮਿਲੂ ਐਲ ਐਲ ਬੀ ਵਿੱਚ …..ਦਾਖਲਾ ਲੈਣਾ ਸੌਖਾ ਕੰਮ ਨਹੀ ਸੀ ..ਉਹਨੀ ਦਿਨੀਂ ਐਲ ਐਲ ਬੀ ਸਿਰਫ਼ ਪੰਜਾਬ ਯੂਨੀਵਰਸਿਟੀ ਕੈਂਪਸ,ਪੰਜਾਬੀ ਯੂਨੀਵਰਸਿਟੀ ਕੈਂਪਸ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਹੀ ਹੁੰਦੀ ਸੀ …ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਵਾਲਾ ਰਿਵਾਜ ਹਾਲੇ ਸੁਰੂ ਨਹੀਂ ਹੋਇਆ ਸੀ ..
ਦਾਖਲਾ ਟੈਸਟ ਵੀ ਸਵੇਰ/ਸ਼ਾਮ ਵਾਲਿਆਂ ਦਾ ਇਕੱਠਾ ਹੀ ਹੁੰਦਾ ਸੀ …ਪੰਜਾਬੀ ਯੂਨੀਵਰਸਿਟੀ ਵਿੱਚ ਮਸਾਂ 180 ਕੁ ਸੀਟਾਂ ਸੀ 120 ਸਵੇਰ ਦੀਆਂ 60 ਸੀਟਾਂ ਸ਼ਾਮ ਦੀਆਂ ਸੀ । ਦਾਖਲਾ ਟੈਸਟ ਪਾਸ ਕਰਨ ਲਈ ਖਾਸਾ ਜ਼ੋਰ ਲੱਗਣਾ ਸੀ ..
ਮੈਨੂੰ ਮੇਰੇ ਵਰਗੇ ਹੀ ਮੇਰੇ ਦੋ ਮਿੱਤਰ ਹੋਰ ਟੱਕਰਗੇ ਜਿਹਨਾਂ ਦੇ ਮਨ ਵਿੱਚ ਵਕਾਲਤ ਪਾਸ ਕਰਨ ਵਾਲਾ ਕੀੜਾ ਸੀ …ਅਸੀਂ ਤਿੰਨੋਂ ਸਰਕਾਰੀ ਨੌਕਰੀ ਕਰਦੇ ਸੀ ..ਇਸ ਲਈ ਅਸੀ ਸਿਰਫ਼ ਸ਼ਾਮ ਦੀਆਂ ਕਲਾਸਾਂ ਹੀ ਲਾ ਸਕਦੇ ਸੀ ..ਪਹਿਲਾਂ ਦਾਖਲਾ ਟੈਸਟ ਪਾਸ ਕੀਤਾ ..ਫ਼ੇਰ ਹਰ ਰੋਜ਼ 45 ਕਿਲੋਮੀਟਰ ਜਾਣ ਤੇ 45 ਕਿਲੋਮੀਟਰ ਆਉਣ ਪੰਜਾਬੀ...
ਯੂਨੀਵਰਸਿਟੀ ਕਲਾਸਾਂ ਲਾਉਣ ਜਾਣਾ ..ਸ਼ਾਮ ਨੂੰ 5.15 ਤੋਂ 8.30 ਤੱਕ ਰੋਜ਼ ਕਲਾਸਾਂ ਲੱਗਣੀਆਂ ।ਵਾਪਸੀ ਤੇ ਰੋਜ਼ ਰਾਤ ਨੂੰ 10 ਕੁ ਵੱਜ ਹੀ ਜਾਂਦੇ ਸੀ ।ਸਵੇਰੇ ਉੱਠ ਕੇ ਫ਼ੇਰ ਡਿਊਟੀ ਤੇ ਜਾਣਾ ..ਪੇਪਰਾਂ ਤੋਂ ਬਿਨਾਂ ਕੋਈ ਛੁੱਟੀ ਨਹੀ ਮਿਲਦੀ ਸੀ ਹੋਰ ।
ਪਰ ਐਲ ਐਲ ਬੀ ਵਾਲੇ ਇਹ ਤਿੰਨ ਸਾਲ ਵੀ ਰੌਣਕਾਂ ਵਾਲੇ ਤੇ ਵਿਆਹ ਵਾਂਗੂ ਲੰਘੇ …ਪਹਿਲਾਂ ਜਾਣ ਸਾਰ ਯੂਨੀਵਰਸਿਟੀ ਦਾ ਇੱਕ ਗੇੜਾ ਦੇ ਕੇ ਸਾਰੇ ਦਿਨ ਦੀ ਥਕਾਵਟ ਲਾਉਣੀ …ਜਦੋ ਵਾਪਸੀ ਤੇ ਤੁਰਨ ਲੱਗਣਾ ਤਾਂ ਰੋਜ਼ ਨਾਲ ਦਿਆਂ ਨੇ ਰੌਲਾ ਪਾ ਲੈਣਾ ਕਿ ਬਾਈ ਯਾਰ ਤੁਹਾਡੀ ਤਾਂ ਹੁਣ ਨੌਕਰੀ ਲੱਗੀ ਆ ..ਨਾਲੇ ਤੁਹਾਨੂੰ ਕੀ ਫ਼ਿਕਰ ਆ ਹੁਣ ..ਚਲੋ ਪਾਰਟੀ ਕਰਦੇ ਆ ..ਕਦੇ ਪੈੱਗ ਵਾਲੇ ਕਦੇ ਕੌਫ਼ੀ ਵਾਲੇ …ਮਹਿਫ਼ਲਾਂ ਲੱਗੀਆਂ ਹੀ ਰਹਿਣੀਆਂ ..ਸਾਡੇ ਤਿੰਨਾਂ ਦੇ ਵਿਆਹ ਨਹੀਂ ਹੋਏ ਸੀ ਉਦੋਂ ..ਛੜੇ ਛਟਾਂਕ ਸੀ …ਅਸੀਂ ਕਈ ਵਾਰ ਕਹਿਣਾ ਜਾਣ ਦਿਓ ਉਏ ਤੁਸੀਂ ਤਾਂ ਏਥੇ ਹੋਸਟਲ ਜਾਂ ਆਪਣੇ ਪੀ ਜੀ ਵਾਲੇ ਕਮਰੇ ਵਿੱਚ ਜਾ ਵੜਨਾ ..ਸਾਨੂੰ ਰੋਜ਼ ਅੱਧੀ ਰਾਤ ਹੋ ਜਾਂਦੀ ਆ ਘਰ ਜਾਂਦਿਆਂ ਨੂੰ ….ਉਹਨਾਂ ਕਹਿਣਾ ਬਾਈ ਤੁਹਾਨੂੰ ਕਿਹੜਾ ਚੂੜੇ ਵਾਲੀ ਉਡੀਕ ਦੀ ਆ ..ਜਦੋਂ ਮਰਜ਼ੀ ਚਲੇ ਜਾਇਓ ….ਗੱਲ ਵੀ ਸਹੀ ਸੀ ..ਘਰ ਵਿਚਾਰੀ ਮਾਤਾ ਨੂੰ ਕਿਹਾ ਹੁੰਦਾ ਸੀ ਕਿ ਮੇਰਾ ਕੋਈ ਪਤਾ ਨਹੀ ਕਦੋਂ ਆਵਾ ਰਾਤ ਨੂੰ …..ਤੁਸੀ ਸੌਅ ਜਾਇਆ ਕਰੋ …
ਵਿਆਹ ਦਾ ਵੀ ਟਾਇਮ ਜਿਹਾ ਹੀ ਸੀ ..ਰਿਸ਼ਤੇ ਆਉਣੇ ਤਾਂ ਮਾਤਾ ਨੇ ਕਹਿਣਾ ਕਿ ਭਾਈ ਹਾਲੇ ਰੁਕ ਜਾਵੋ ਦੋ ਸਾਲ ਇਹਦੀ ਆਹ ਪੜ੍ਹਾਈ ਜਿਹੀ ਪੂਰੀ ਹੋ ਜੇ ਹਾਲੇ ਤਾਂ ਇਹ ਅੱਧੀ ਰਾਤ ਨੂੰ ਘਰ ਵੜਦਾ ..ਤੜਕੇ ਫ਼ੇਰ ਉੱਠਕੇ ਨੌਕਰੀ ਤੇ ਚਲਾ ਜਾਂਦਾ ।
ਚਲੋ ਤਿੰਨ ਸਾਲ ਔਖੇ ਸੌਖੇ ਹੋ ਕੇ ਐਲ ਐਲ ਬੀ ਫ਼ਸਟ ਡਵੀਜ਼ਨ ਵਿੱਚ ਪਾਸ ਕਰ ਲਈ …ਮੈਂ ਵਕਾਲਤ ਪਾਸ ਕਰਕੇ ਖਾਸ ਤੌਰ ਤੇ ਸਾਡੇ ਵਕੀਲ ਸਾਹਿਬ ਦਾ ਮੂੰਹ ਮਿੱਠਾ ਕਰਾਉਣ ਗਿਆ ਤੇ ਧੰਨਵਾਦ ਕੀਤਾ ਕਿ ਤੁਹਾਡੇ ਕਰਕੇ ਹੀ ਹੋਈ ਆ ।
ਲਾਅ ਕਰਦੇ ਸਮੇਂ ਪ੍ਰੋਪਰਟੀ ਲਾਅ ਬਹੁਤ ਸ਼ੌਕ ਨਾਲ ਪੜ੍ਹਿਆ ..ਬਾਦ ਵਿੱਚ ਸਾਡੇ ਵਕੀਲ ਸਾਹਿਬ ਨਾਲ ਪੰਗੇ ਵੀ ਲੈਣੇ ਕਿ ਹੁਣ ਤਾਂ ਮੈਨੂੰ ਵੀ ਥੋੜਾ ਬਹੁਤ ਪਤਾ ਹੈ ਜੀ …. ਮੈਨੂੰ ਆਪਣੇ ਅਧਿਆਪਨ ਦੇ ਕਿੱਤੇ ਨਾਲ ਬਹੁਤ ਮੋਹ ਹੈ.. ਇਸੇ ਕਰਕੇ ਸਾਡੇ ਮਹਿਕਮੇ ਨੇ ਕਈ ਵਾਰ ਲੀਗਲ ਐਡਵਾਈਜਰ ਦੇ ਤੌਰ ਤੇ ਜਿਲ੍ਹੇ ਤੇ ਸਟੇਟ ਪੱਧਰ ਤੇ ਕੰਮ ਕਰਨ ਲਈ ਕਿਹਾ ਮੈਂ ਮਨਾਂ ਕਰ ਦਿੱਤਾ ਤੇ ਹੋਰ ਵੀ ਵਕਾਲਤ ਤੋਂ ਬਹੁਤਾ ਕੰਮ ਤਾਂ ਨਹੀ ਲਿਆ ਕੋਈ ਮੈਂ ਪਰ ਐਲ ਐਲ ਬੀ ਵਾਲੇ ਸਾਡੇ ਬੈਚ ਦੇ ਸਾਡੇ 6 ਮਿੱਤਰ ਜੱਜ ਲੱਗ ਗਏ । ਬਹੁਤੇ ਅੱਜ ਕੱਲ ਸਿਰੇ ਦੇ ਵਕੀਲ ਨੇ ..।ਚਲੋ ਇਸ ਡਿਗਰੀ ਕਰਕੇ ਵਕੀਲਾਂ ਵਿੱਚ ਵੀ ਭਾਈਚਾਰਾ ਬਣ ਗਿਆ ਆਪਣਾ 😂😂😜😜।
ਇਉਂ ਹੋਈ ਮੇਰੀ ਐਲ ਐਲ ਬੀ ….
ਹਰਵਿੰਦਰ ਸਿੰਘ ਭੱਟੋਂ
94640-00070