ਬਾਹਰਲਾ ਬਾਰ ਖੜਕਿਆ। ਤਖ਼ਤਾ ਪਾਸੇ ਕਰ ਕੇ ਬੁੱਢੀ ਬੇਬੇ ਅੰਦਰ ਲੰਘ ਆਈ।
“ਆ ਜਾ ਮਾਈ ਲੰਘ ਆ…।”
ਮੇਰੇ ਪਾਪਾ ਜੀ ਨੇ ਕਿਹਾ ਸੀ ਤੇ ਨਾਲ ਹੀ ਮੈਨੂੰ ਵੀ ਹੌਲ਼ੀ ਕੁ ਦੇਣੇ ਕਿਹਾ , “ਲੈ ਪੁੱਛ ਲਵੀਂ ਮਾਤਾ ਤੋਂ ਕਹਾਣੀ …।”
ਜ਼ਮਾਨਾ ਬਦਲ ਗਿਆ ਸੀ। ਹੁਣ ਬੇਬੇ ਸਾਡੇ ਘਰ ਲੱਸੀ ਦੇਣ ਆਈ ਸੀ ।ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਬੇਬੇ ਇਸੇ ਤਰ੍ਹਾਂ ਲੱਸੀ ਲੈਣ ਆਉਂਦੀ ਹੁੰਦੀ ਸੀ। ਲੱਸੀ ਦਾ ਜੱਗ ਉਹ ਉੱਪਰ ਨੂੰ ਹੱਥ ਕਰ ਹਥੇਲੀ ਤੇ ਰੱਖ ਲੈਂਦੀ ਤੇ ਮਟਕ-ਮਟਕ ਤੁਰਦੀ ਜਾਂਦੀ।
ਸਾਰੇ ਉਸਨੂੰ ਨਾਈਆਂ ਦੀ ਨੰਦ ਕੁਰ ਆਖਦੇ।ਉਸਦੀ ਪੋਤੀ ਸਾਡੇ ਨਾਲ ਖੇਡਦੀ ਹੁੰਦੀ ਸੀ।ਸਾਡੀ ਸਹੇਲੀ ਹੁੰਦੀ ਸੀ ਉਹ …ਉਹਨੇ ਸਾਨੂੰ ਕਹਿਣਾ ,”ਸਾਨੂੰ ਨਾਈ ਨਾ ਕਿਹਾ ਕਰੋ ਅਸੀਂ ਰਾਜੇ ਹੁੰਨੇ ਆਂ…ਰਾਜੇ ਕਿਹਾ ਕਰੋ ਸਾਨੂੰ।”
ਕਦੇ ਕਦੇ ਮੈਨੂੰ ਲਗਦਾ ਉਹ ਸੱਚਾਂ ਰਾਜੇ ਹੋਣਗੇ। ਉਹਨਾਂ ਦੇ ਘਰ ਰੋਜ਼ ਹੀ ਖਾਣ ਨੂੰ ਲੱਡੂ ਜਲੇਬੀਆਂ ਹੁੰਦੇ।ਉਹਦੀ ਦਾਦੀ ਨੰਦ ਕੁਰ ਅੰਮਾਂ ਆਮ ਤੌਰ ਤੇ ਰੋਜ਼ ਹੀ ਸਾਨੂੰ ਸਕੂਲੋਂ ਆਉਂਦਿਆਂ ਨੂੰ ਮਿਲ ਜਾਂਦੀ। ਉਹਦੇ ਇੱਕ ਹੱਥ ਤੇ ਥਾਲ ਰੱਖਿਆ ਹੁੰਦਾ। ਥਾਲ ਰੱਖਣ ਦਾ ਵੀ ਆਪਣਾ ਹੀ ਅੰਦਾਜ਼ ਸੀ ਤੇ ਦੂਜੇ ਹੱਥ ਹੱਥ ਵਿੱਚ ਡੋਲਣਾ ਫੜਿਆ ਹੁੰਦਾ।ਕਈ ਵਾਰ ਅਸੀਂ ਖੇਡਦੇ ਉਨ੍ਹਾਂ ਦੇ ਘਰ ਜਾਂਦੇ ਤਾਂ ਬੇਬੇ ਸਾਨੂੰ ਜ਼ਰੂਰ ਕਦੇ ਲੱਡੂ ਕਦੇ ਜਲੇਬੀ ਖਾਣ ਨੂੰ ਦਿੰਦੀ।ਡੋਲਣੇ ‘ਚੋਂ ਉਹ ਕਦੇ ਮਟਰ ਪਨੀਰ ਕਦੇ ਛੋਲਿਆਂ ਦੀ ਮਹਿਕਾਂ ਛੱਡਦੀ ਸਬਜ਼ੀ ਨਾਲ ਰੋਟੀ ਖਾਂਦੇ ।ਜੇ ਬੇਬੇ ਘਰੇ ਨਾ ਹੁੰਦੀ ਤਾਂ ਉਹਦੀ ਪੋਤੀ ਦੱਸਦੀ ,ਅੱਜ ਤਾਂ ਮੇਰੀ ਬੇਬੇ ਵਿਆਹ ਕਮਾਉਣ ਗਈ ਆ।”
ਮੇਰਾ ਬਾਬਾ ਕਈ ਵਾਰੀ ਬੇਬੇ ਮੰਗ ਕੁਰ ਦੀ ਗੱਲ ਦੱਸਦਾ ,”ਜਦੋਂ ਭਾਈ ਹਲਚਲਾ ਪਿਆ …ਮੁਸਲਮਾਨਾਂ ਨੂੰ ਮਾਰਨ ਲੱਗੇ ਤਾ ਨੰਦ ਕੁਰ ਨੇ ਆਪਣੀ ਸਹੇਲੀ ਨੈਤਾਂ ਸੰਦੂਕ ‘ਚ ਲੁਕੋ ਲਈ ਸੀ …।
ਬਾਬਾ ਸੁਰਗਵਾਸ ਹੋ ਗਿਆ ਸੀ। ਪਰ ਬਾਲਪਣ ‘ਚ ਸੁਣੀ ਕਹਾਣੀ ਮੇਰੇ ਜ਼ਿਹਨ ਵਿੱਚ ਅਟਕੀ ਰਹੀ। ਕਈ ਵਾਰ ਪਾਪਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ।ਪਰ ਉਹ ਕਹਿ ਛੱਡਦੇ,
ਭਾਈ ਮੈਂ ਤਾਂ ਆਪ ਛੋਟਾ ਈ ਸੀ …ਮੈਨੂੰ ਯਾਦ ਨੀ ਕੁੱਝ।
ਅੱਜ ਬੇਬੇ ਆਈ ਸੀ ਤੇ ਸਬੱਬ ਨਾਲ ਮੈਂ ਵੀ ਪਿੰਡ ਆਈ ਹੋਈ ਸੀ। ਇਸੇ ਲਈ ਮੇਰੇ ਪਾਪਾ ਨੇ ਕਿਹਾ ਸੀ,
“ਲੈ ਪੁੱਛ ਲੈ ਕਹਾਣੀ …।”
ਨੰਦ ਕੁਰ ਬੇਬੇ ਦਾ ਸੁਭਾਅ ਬੜਾ ਚੰਗਾ ਸੀ।ਉਹਦੇ ਮੁੰਡੇ ਹੁਣ ਚੰਗਾ ਕੰਮ ਕਰਦੇ ਸਨ ।ਠੇਕੇ ਤੇ ਜ਼ਮੀਨ ਲੈ ਕੇ ਚਾਲੀ ਕਿੱਲਿਆਂ ਦੀ ਖੇਤੀ ਕਰਦੇ । ਖੇਤੀ ਦੇ ਸਾਰੇ ਸੰਦ ਬਣਾ ਲਏ …ਨੂੰਹਾਂ ਪੋਤ ਨੂੰਹਾਂ ਪਸ਼ੂ ਸਾਂਭਦੀਆਂ ।ਗਾਵਾਂ ਮੱਝਾਂ ਰੱਖ ਡੇਅਰੀ ਦੁੱਧ ਪਾਉਂਦੇ ।ਹੁਣ ਸਾਡੇ ਘਰੋਂ ਮੱਝਾਂ ਵੇਚ ਦਿੱਤੀਆਂ ਸਨ ਤੇ ਉਹ ਦੁੱਧ ਦੇ ਨਾਲ ਲੱਸੀ ਵੀ ਦੇ ਜਾਂਦੇ
ਜਿਵੇਂ ਪਹਿਲਾਂ ਦਾ ਕਰਜ਼ਾ ਮੋੜ ਰਹੇ ਹੋਣ।
ਸੁੱਖ ਸਾਂਦ ਪੁੱਛ ਬੇਬੇ ਬਹਿ ਗਈ। ਗੱਲਾਂ ਬਾਤਾਂ ਕਰਦਿਆਂ ਮੇਰੇ ਪਾਪਾ ਨੇ ਹੀ ਗੱਲ ਤੋਰੀ ਸੀ ,” ਮਾਤਾ ਆਹ ਕੁੜੀ ਤੈਥੋਂ ਕੁੱਝ ਪੁੱਛਣ ਨੂੰ ਕਹਿੰਦੀ ਆ “।
ਤੇ ਜਦੋਂ ਮੈਂ ਕਿਹਾ ,”ਬੇਬੇ ਨੈਤਾਂ ਵਾਲੀ ਗੱਲ ਸੁਣਾ ।”ਤਾਂ ਬੇਬੇ ਦਾ ਚਿਹਰਾ ਇੱਕਦਮ ਬਦਲ ਗਿਆ ।ਉਸ ਨੇ ਕਿਹਾ ,ਨਾ ਪੁੱਤ …ਉਹ ਗੱਲ ਨਾ ਛੇੜ ..ਕਾਹਨੂੰ ਯਾਦ ਕਰਨਾ ਨਿਕਰਮੀ ਨੂੰ … ਵਾਹਿਗੁਰੂ ।”
ਮੈਂ ਜ਼ਿਦ ਕੀਤੀ ਸੀ,
“ਨਹੀਂ ਬੇਬੇ ਮੈਂ ਕਹਾਣੀ...
ਲਿਖਣੀ ਐ ਤੂੰ ਦੱਸ ਸਾਰੀ ਗੱਲ ।”
“ਪੁੱਤ ਉਸ ਵੇਲੇ ਦੀ ਗੱਲ ਨਾ ਕਰ ।ਚੰਦਰਾ ਸਮਾਂ ਮੁੜ ਕੇ ਨਾ ਕਦੇ ਆਵੇ …।
ਤੇ ਫੇਰ ਉਸ ਨੇ ਦੱਸਣਾ ਸ਼ੁਰੂ ਕੀਤਾ,
“ਪੁੱਤ ਉਹਦਾ ਘਰ ਹੁੰਦਾ ਸੀ ਜਿਥੇ ਜੱਗੇ ਕਾ ਅੰਦਰਲਾ ਘਰ ਆ ਹੁਣ ।ਆਪਣੇ ਘਾਣੀ ਕਰ ਕੇ ਰੱਖੀ ਵੀ ਸੀ ਪੁੱਤ,ਮੈਂ ਕੋਠਿਆਂ ਤੇ ਮਿੱਟੀ ਫੇਰਨੀ ਸੀ ।ਘੁਸਰ ਮੁਸਰ ਜੀ ਹੁੰਦੀ ਸੀ ਰੌਲਾ ਕਾਹਨੂੰ ਪਿਆ ਸੀ ਹਾਲੇ। ਮੈਂ ਚੰਦਰੀ ਨੇ ਉਹਨੂੰ ਸੁਨੇਹਾ ਭੇਜ ਤਾ ਬਈ ਮਿੱਟੀ ਲਵਾ ਦੇ । ਮੇਰੇ ਨਾਲ ਅੜੇ ਥੁੜੇ ਕੰਮ ਕਰਵਾ ਦਿੰਦੀ ਸੀ ਉਹ ।ਅਸੀਂ ਮਿੱਟੀ ਲਾਉਣ ਲੱਗ ਪਈਆਂ । ਇੱਕ ਕੋਠਾ ਵੀ ਨੀ ਸੀ ਲਿੱਪਿਆ ਹਾਲੇ ,ਜਦੋਂ ਨੂੰ ਬੰਤਾ ਸਿਉਂ ਰਫ਼ਲ ਲੈ ਕੇ ਆ ਗਿਆ ।ਕਹਿੰਦਾ ਨੈਤਾਂ ਦੱਸ ਕਿੱਥੇ ਐ…? ਮੈਂ ਕਿਹਾ ,ਐਥੇ ਤਾਂ ਆਈ ਨਈਂ ..ਆਖੇ ਮੈਂ ਆਪ ਵੇਖੀ ਆ ਤੇਰੇ ਘਰੇ ਵੜਦੀ….ਥਰ ਥਰ ਕੰਬਦੀ ਨੈਤਾਂ ਤਾਂ ਮੈਂ ਆਪਣੇ ਸੰਦੂਕ ‘ਚ ਲੁਕੋ ਤੀ ਸੀ । ਉਹ ਸਾਰੇ ਘਰ ਦੀ ਤਲਾਸ਼ੀ ਲੈ ਕੇ ਚਲਾ ਗਿਆ ।”
“ਫਿਰ ਤਾਂ ਬਚ ਗਈ ਨੈਤਾਂ ਬੇਬੇ “ , ਮੈਂ ਕਿਹਾ ਸੀ ।
“ਧੀਏ ਬਚੀ ਕਾਹਦੀ ।ਉਹਦਾ ਕਾਲ ਤਾਂ ਨਾਲ ਈ ਤੁਰਿਆ ਫਿਰਦਾ ਸੀ ।ਉਹਤੋਂ ਤੀਜੇ ਚੌਥੇ ਦਿਨ ਫਿਰ ਆ ਗੀ ਮੇਰੇ ਘਰੇ ।ਲੁਕੀ ਵੀ ਸੀ ਕਿਤੇ ਵਿਚਾਰੀ ….ਚੰਦਰੀ ਭੁੱਖੀ ਸੀ ਤਿੰਨ ਦਿਨਾਂ ਦੀ …ਕਹਿੰਦੀ ,ਵੇਖੀ ਜਾਊ ਨੰਦ ਕੁਰੇ ,ਮੈਨੂੰ ਭੁੱਖ ਲੱਗੀ ਹੈ …ਮਾਰ ਦੇਣਗੇ ਤਾਂ ਮਾਰ ਦੇਣ … ਮੈਨੂੰ ਰੋਟੀ ਦੇਹ ..ਡੂਢ ਰੋਟੀ ਪਈ ਸੀ ਛਾਬੇ ‘ਚ ,ਮੈਂ ਉੱਤੇ ਸਾਗ ਧਰ ਤਾ ….।ਅਜੇ ਦੂਜੀ ਬੁਰਕੀ ਪਾਈ ਸੀ ,….ਬੱਸ ਹੋਰ ਨਾ ਪੁੱਛ ਧੀਏ …..।”ਤੇ ਬੇਬੇ ਰੋਣ ਲੱਗ ਪਈ ।
“ਬੇਬੇ ਫਿਰ ਕੀ ਹੋਇਆ ? ਦੱਸ ਤਾਂ ਸਹੀ “,ਮੈਂ ਥੋੜਾ ਰੁਕ ਕੇ ਕਿਹਾ ।
“ਉਦੋਂ ਨੂੰ ਆ ਗੇ ਜੱਥੇਦਾਰ ,ਧੀਏ ਗੋਲੀ ਮਾਰੀ ਚੰਦਰੀ ਦੇ …ਥਾਏਂ ਢੇਰੀ ਹੋ ਗਈ । ਬਾਹਲੀ ਸੋਹਣੀ ਸੀ ਚੰਦਰੀ … ਭੋਰਾ ਤਰਸ ਨਾ ਕੀਤਾ … ਰੋਟੀ ਦੀ ਭੁੱਖ ਨੇ ਚੰਦਰੀ ਦੀ ਜਾਨ ਲੈ ਲਈ ….।”
“ਫਿਰ ਬੇਬੇ ਉਹਦੀ ਲਾਸ਼ ਦਾ ਕੀ ਕੀਤਾ ? ਉਦੋਂ ਤਾਂ ਆਪਣੇ ਪਿੰਡ ਵੀ ਕਬਰਾਂ ਹੁੰਦੀਆਂ ਸੀ …”ਮੈਂ ਪੁਛਿਆ ।
ਬੇਬੇ ਹੁਬਕੀਂ ਹੁਬਕੀਂ ਰੋਣ ਲੱਗ ਪਈ ਸੀ। ਫਿਰ ਰੋਂਦੀ ਨੇ ਹੀ ਦੱਸਿਆ ,”ਕਬਰਾਂ ਤਾਂ ਸੀਗੀਆਂ ਪੁੱਤ ,ਪਰ ਕਾਹਨੂੰ ਦੱਬਿਆ ਕਿਸੇ ਨੇ ਕਿਸੇ ਨੂੰ ਪੁੱਤ ।ਲੋਕੀਂ ਅੰਦਰੋਂ ਨੀ ਸੀ ਨਿਕਲਦੇ ਡਰਦੇ ।ਮਰੀ ਪਈ ਦੀ ਲੱਤ ‘ਚ ਕੁੰਡੀ ਪਾ ਕੇ ਘੜੀਸ ਕੇ ਲੈ ਗਏ ਪੁੱਤ ।ਉੱਥੇ ਥੇਹ ਤੇ ਸਾਰੇ ਮੁਸਲਮਾਨਾਂ ਦਾ ਢੇਰ ਲਾ ਤਾ ਪੁੱਤ । ਕੁੱਤੇ ਬਿੱਲੇ ਲੱਤਾਂ ਬਾਹਾਂ ਖਿੱਚੀ ਫਿਰਦੇ ਸੀ… ਨਾ ਪੁੱਛ ਪੁੱਤ ਮੈਥੋਂ …ਨਾ ਛੇੜ ਦਰਦਾਂ ਨੂੰ …ਉਹ ਵੇਲਾ ਨਾ ਆਵੇ ਕਦੇ …ਉਹ ਵੇਲਾਂ ਤਾਂ ਸੁਪਨੇ ‘ਚ ਵੀ ਯਾਦ ਨਾ ਆਵੇ ।ਪੁੱਤ ਤੂੰ ਕਾਹਨੂੰ ਮੇਰਾ ਅੱਲਾ ਜ਼ਖ਼ਮ ਛੇੜ ਦਿੱਤਾ …ਮੈਨੂੰ ਨੀ ਭੁੱਲੀ ਸਾਰੀ ਉਮਰ ਨੈਤਾਂ …ਅਣਆਈ ਮੌਤ ਮਾਰੀ ਗਈ ਮੇਰੇ ਘਰੇ …ਕਿੱਥੇ ਤੂੰ ਗੱਲ ਛੇੜ ਲਈ ਪੁੱਤ ।”
ਤੇ ਬੇਬੇ ਵਾਹਿਗੁਰੂ ਵਾਹਿਗੁਰੂ ਕਰਦੀ ਤੁਰ ਪਈ ਜਿਵੇਂ ਆਪਣੇ ਮਨ ਨੂੰ ਸਾਵਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ । ਅਮਰਪ੍ਰੀਤ