ਅੱਜ ਜਿਵੇਂ ਲੋਕ ਬੱਚਿਆ ਨੂੰ ਦਲੇਰ ਕਰਨ ਲਈ ਰੋਲਰ ਕੋਸਟਰ ਤੇ ਝੁਲਾਉਂਦੇ ਆ, ਉਦੋਂ ਇਹੀ ਨਜ਼ਾਰਾ ਪਿੰਡ ਚ ਆਏ ਹਾਥੀਆਂ ਤੇ ਹੁੰਦਾ ਸੀ। ਹਾਥੀ ਦੇ ਆਉਣ ਤੇ ਲੋਕ ਪਿੰਡ ਚ ਇਸ ਤਰਾਂ ਇਕੱਠੇ ਹੋ ਜਾਂਦੇ ਸੀ ਜਿਵੇਂ ਕੋਈ ਬਹੁਤ ਮਹਾਨ ਹਸਤੀ ਪਿੰਡ ਚ ਆਈ ਹੋਵੇ । ਜਿਵੇਂ ਹੀ ਇਕ ਵਿਸਾਲ ਹਾਥੀ ਨੇ ਦਾਖਲ ਹੋਣਾ, ਉਦੋਂ ਹੀ ਬੱਚਿਆ, ਨੌਜਵਾਨਾਂ, ਬਜ਼ੁਰਗਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਣੀ, ਪਰ ਨਾਲ ਹੀ ਕੁੱਝ ਕੁ ਪਿੰਡ ਦੇ ਲੁੱਟਰ ਕਤੀੜ ਵੀ ਸਤਰਕ ਹੋ ਜਾਣੇ। ਜਿਵੇਂ ਜਿਵੇਂ ਹਾਥੀ ਨੇ ਲ਼ਹਿਰਾਉਦੇ ਹੋਏ ਬੱਚਿਆ ਨੂੰ ਝੂਟੇ ਦੇਣੇ, ਇਹਨਾਂ ਦੀ ਭੌਂਕਣ ਦੀ ਤੀਬਰਤਾ ਹੋਰ ਵੱਧ ਦੀ ਹੀ ਜਾਣੀ। ਇਹਨਾਂ ਵਿੱਚ ਇੰਨ੍ਹੀ ਹਿੰਮਤ ਵੀ ਕਿੱਥੇ ਕਿ ਹਾਥੀ ਦੀ ਲੱਤ ਨੂੰ ਮੂੰਹ ਪਾ ਲੈਣ ਜਾਂ ਪੂਛ ਤੱਕ ਪਹੁੰਚ ਜਾਣ, ਸੁੰਢ ਤਾਂ ਬਹੁਤ ਵੱਡੀ ਗੱਲ। ਕੁਝ ਕੁ ਘੰਟਿਆਂ...
ਚ ਹਾਥੀ ਨੇ ਆਪਣਾ ਗੁਜ਼ਾਰਾ ਵੀ ਕਰ ਲੈਣਾ, ਬੱਚਿਆ ਨੂੰ ਵੀ ਖੁਸ ਕਰ ਦੇਣਾ, ਨਾਲੇ ਆਪਣੇ ਮਾਲਕ ਦੇ ਖੀਸ਼ੇ ਵੀ ਚਾਰ ਛਿੱਲੜ ਪਾ ਦੇਣੇ। ਪਰ ਕੁੱਤਿਆਂ ਨੇ ਆਪਣੀ ਆਦਤ ਨਾਂ ਛੱਡਣੀ। ਹਾਥੀ ਆਪਣੀ ਚਾਲੇ ਝੂਮਦਾ ਦੂਸਰੇ ਪਿੰਡ ਵੀ ਪਹੁੰਚ ਜਾਣਾ ਪਰ ਕਤੀੜਾ ਨੇ ਬਹੂੰ- ਬਹੂੰ ਕਰੀ ਜਾਣਾ, ਕਈ ਵਾਰ ਤਾਂ ਸਾਰੀ ਸਾਰੀ ਰਾਤ ਵੀ ਲੰਘ ਜਾਣੀ । ਹੁਣ ਸਮਝ ਆਇਆ ਕੇ ਇਹ ਸਭ ਆਦਤਾਂ ਜਾਂ ਫਿਦਰਤਾਂ ਹਨ ਜੋ ਕਿਸੇ ਦੀ ਕਿਸਮ ਦੱਸਦੀਆਂ । ਇੰਝ ਹੀ, ਹਰ ਬੰਦੇ ਦੇ ਫਿਦਰਤ ਹੀ ਤਹਿ ਕਰਦੀ ਹੈ ਕਿ ਉਹ ਝੂਮਦਾ ਹਾਥੀ ਹੈ ਜਾਂ ……..।
(ਫੀਗੋ)