More Punjabi Kahaniya  Posts
ਅੱਜ ਦੀ ਜਵਾਨੀ


ਦਿੜਬੇ ਵੱਲ ਨੂੰ ਜਾਂਦੀ ਟਰਾਲੀ ਤੇ ਖੌਰੂ ਪਾਉਂਦੀ ਪੰਜਾਬ ਦੀ ਜੁਆਨੀ..
ਸਿੱਧੂ ਮੂਸੇ ਵਾਲੇ ਦਾ ਗੀਤ..”ਅਸੀਂ ਅੰਡਰ-ਗਰਾਉਂਡ ਬੰਦੇ..ਉੱਪਰ ਤੱਕ ਮਾਰਾਂ ਨੇ..ਅਸੀਂ ਅੱਜ ਦੇ ਰਾਜੇ ਹਾਂ ਸਾਨੂੰ ਕੱਲ ਦਾ ਪਤਾ ਨਹੀਂ..ਡਾਲਰਾਂ ਵਾੰਗੂ ਨੀ ਨਾਮ ਸਾਡਾ ਚੱਲਦਾ..”

ਗੈਂਗਸਟਰ “ਸੁੱਖਾ-ਕਾਹਲਵਾਂ” ਤੇ ਬਣੀ ਫਿਲਮ ਦਾ ਸੀਨ..
ਉਸਦੀ ਕਾਰ ਕਿਸੇ ਹੋਰ ਦੀ ਨਾਲ ਖਹਿ ਜਾਂਦੀ ਹੈ..ਉਹ ਬਾਹਰ ਆਉਂਦਾ ਤੇ ਉਸਨੂੰ ਗਲੀ ਮਾਰ ਦਿੰਦਾ ਏ!
ਘਰ ਦਿਆਂ ਇਤਰਾਜ ਕੀਤਾ ਕੇ ਇਹ ਸੀਨ ਗਲਤ ਪਾਇਆ..ਗੋਲੀ ਨਹੀਂ ਸੀ ਮਾਰੀ ਸਿਰਫ ਵੱਢ-ਟੁੱਕ ਹੀ ਕੀਤੀ ਸੀ..!

ਅੱਜ ਦੇ ਹਾਲਾਤ ਵੇਖ ਬਾਨਵੇਂ-ਤ੍ਰੇਆਨਵੇਂ ਵੇਲੇ ਪਟਿਆਲੇ ਸ਼ਹਿਰ ਵਿਚ ਰਹਿੰਦਾ ਕੌਮ ਦਾ ਇੱਕ ਬੱਬਰ ਸ਼ੇਰ ਚੇਤੇ ਆ ਗਿਆ..
ਦੱਸਦੇ ਇੱਕ ਵਾਰ ਇੱਕ ਪਾਰਕ ਵਿਚ ਸੈਰ ਕਰਦਿਆਂ ਨਾਲ ਫੜਿਆ ਕੁੱਤਾ ਅਗਿਓਂ ਆਉਂਦੇ ਇੱਕ ਸਰਦਾਰ ਜੀ ਨੂੰ ਪੈ ਨਿੱਕਲਿਆ..ਬੜਾ ਮੰਦਾ ਚੰਗਾ ਬੋਲੇ..ਲਾਹਨਤਾਂ ਪਾਈਆਂ..ਪਰ ਅੱਗੋਂ ਚੁੱਪ ਚਾਪ ਸੁਣਦਾ ਰਿਹਾ..ਫੇਰ ਮੁਆਫੀ ਮੰਗ ਅਗਾਂਹ ਨੂੰ ਤੁਰ ਪਿਆ!

ਵਡੇ ਨਿਸ਼ਾਨਿਆਂ ਵਾਲੇ ਨਿੱਕੀਆਂ ਝੜਪਾਂ ਵਿਚ ਨਹੀਂ ਉਲਝਿਆ ਕਰਦੇ..

ਇੱਕ ਦਾਨਿਸ਼ਵਰ ਆਖਦਾ ਏ ਕੇ ਜੇ ਕਿਸੇ ਕੌਮ ਦਾ ਭਵਿੱਖ ਜਾਣਨਾ ਚਹੁੰਦੇ ਹੋ ਤਾਂ ਮੈਨੂੰ ਨੌਜੁਆਨੀ ਵੱਲੋਂ ਗਾਏ ਗੀਤ ਸੁਣਾ ਦਿਓ..ਮੈਂ ਤੁਹਾਨੂੰ ਓਹਨਾ ਦਾ ਭਵਿੱਖ ਦੱਸ ਦੇਵਾਂਗਾ!

ਅੱਜ ਜੁਆਨੀ ਦੇ ਦਿਮਾਗਾਂ ਵਿਚ ਇਹ ਗੱਲ ਪਾ ਦਿੱਤੀ ਗਈ ਏ ਕੇ ਰਾਜਿਆਂ ਵਾਲੀ ਵਕਤੀ ਤੌਰ ਤੇ ਲਈ ਗਈ ਫੀਲਿੰਗ ਹੀ ਸਭ ਕੁਝ ਹੈ..ਜੋ ਕੋਲ ਹੈ ਬੱਸ ਮੁਕਾ ਦਿਓ..ਕੱਲ ਦੀ ਕੱਲ ਨਾਲ ਵੇਖੀ ਜਾਊ..ਖਾਓ ਪੀਓ ਲਵੋ ਅਨੰਦ..ਢੱਠੇ ਵਿਚ ਜਾਵੇ ਪਰਮਾ ਨੰਦ!

ਜੁਆਨੀ ਨੂੰ ਸਧਾਰਨ ਜਿਹੀ ਗੱਡੀ,ਕੱਪੜੇ ਅਤੇ ਰਹਿਣ ਸਹਿਣ ਪ੍ਰਵਾਨ ਨਹੀਂ..
ਬਰੈਂਡਿਡ ਕੱਪੜੇ..ਵੰਨ ਸੁਵੰਨੇ ਸੂਟ..ਲਿਸ਼ਕ ਮਾਰਦੀਆਂ ਜੁੱਤੀਆਂ..ਲੂਸ਼ ਲੂਸ਼ ਕਰਦੇ ਕੋਟ ਪੈਂਟ..ਪੈਸੇ ਧੇਲੇ ਦੀ ਨੁਮਾਇਸ਼..ਮੁਕਾਬਲੇਬਾਜੀ..ਬਸ ਇਹੋ ਸਭ ਕੁਝ ਨੂੰ ਜਿੰਦਗੀ ਦੀਆਂ ਕਦਰਾਂ ਕੀਮਤਾਂ ਬਣਾ ਕੇ ਪੇਸ਼ ਕਰ ਦਿੱਤਾ ਗਿਆ!
ਜੰਮਣ ਵਾਲਿਆਂ ਦੀਆਂ ਰਗਾਂ ਵਿਚ ਅੰਗੂਠ ਦੇ ਕੇ ਈਨਾਂ ਮਨਵਾਈਆਂ ਜਾਂਦੀਆਂ..
ਹਮ ਦੋ ਹਮਾਰਾ ਇੱਕ ਵਾਲੀ ਸਾਜਿਸ਼..ਫੇਰ ਸਰਫ਼ੇ ਦੀ ਔਲਾਦ ਗੱਡੀ ਥੱਲੇ ਆਉਣ ਦੇ ਡਰਾਵੇ ਦਿੰਦੀ ਏ..

ਅਸੀਂ ਐਨ.ਆਰ.ਆਈ..ਸੱਤ ਸਮੁੰਦਰੋਂ ਪਾਰ ਤੋਂ ਸੋਸ਼ਲ ਮੀਡਿਆ ਤੇ ਆਪਣੇ ਡਾਲਰਾਂ ਅਤੇ ਪੈਸੇ ਧੇਲੇ ਦੀ ਭੱਦੀ ਨੁਮਾਇਸ਼ ਕਰ ਅਸਲ ਵਿਚ ਇਹ ਸੁਨੇਹਾ ਦੇ ਰਹੇ ਹੁੰਦੇ ਹਾਂ ਕੇ ਪੰਜਾਬ ਬੈਠੇ ਲੋਕੋ ਤੁਸੀਂ ਜਿੰਨੀ ਮਰਜੀ ਵਧੀਆਂ ਰੋਟੀ ਖਾਂਦੇ ਹੋ ਪਰ ਕਿਓੰਕੇ ਬਾਹਰ ਨਹੀਂ ਆ ਸਕੇ ਇਸ ਲਈ ਤੁਸੀਂ ਘਟੀਆ ਹੋ..ਤੁਹਾਡੀ ਜਿੰਦਗੀ ਵਿਚ ਵੱਡੀ ਕਮੀਂ ਹੈ..!

ਹਾਕਮ ਖੁਸ਼ ਨੇ..ਮਸਤ ਨੇ..ਖਾਲੀ ਖਜਾਨੇ ਦਾ ਵਾਸਤਾ ਦੇ ਕੇ ਢੰਗ ਟਪਾਈ ਜਾਂਦੇ..
ਪਤਾ ਏ ਸ਼ਰਾਬਾਂ ਦੇ ਕੇ ਸੱਤਾ ਤੇ ਹਾਸਿਲ ਕਰ ਹੀ ਲੈਣੀ ਏ..ਕੀ ਲੋੜ ਏ ਸਕੂਲ ਖੋਲਣ ਦੀ..ਪੜ ਲਿਖ ਗਏ ਤਾਂ ਸਵਾਲ ਪੁੱਛਣਗੇ..ਫੇਰ ਨੌਕਰੀਆਂ ਮੰਗਣਗੇ..ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ..!
ਇਹਨਾਂ ਨੂੰ ਮੁਫ਼ਤ ਵਿਚ ਦਿੱਤੇ ਜਾਂਦੇ ਫੋਨ ਡਾਟੇ ਵਿਚ ਉਲਝਾਈ ਰੱਖੋ..

ਦਰਬਾਰ ਸਾਹਿਬ ਕੰਪਲੈਕਸ ਵਿਚ ਟਿੱਕ-ਟੌਕ ਬਣਾਉਂਦੀਆਂ ਮੁਟਿਆਰਾਂ ਅਤੇ...

ਇਸ਼ਨਾਨ ਕਰਦੇ ਵਕਤ ਡੌਲੇ ਵਿਖਾਉਂਦੇ ਹੋਏ ਜੁਆਨ..

ਕਿਸੇ ਦਾ ਕੋਈ ਕਸੂਰ ਨਹੀਂ..ਕਸੂਰ ਆਪਣਾ ਏ..
ਅਸੀ ਓਹਨਾ ਨੂੰ ਰੱਤ ਭਿੱਜੇ ਕੰਮਪਲੈਕਸ ਦੀਆਂ ਗਾਥਾਵਾਂ ਸੁਣਾਉਣੀਆਂ ਬੰਦ ਕਰ ਦਿੱਤੀਆਂ..
ਲੋੜ ਸੀ ਕੇ ਸ਼੍ਰੋਮਣੀ ਕਮੇਟੀ ਦੇ ਪੰਜ ਸੱਤ ਸਿੰਘ..ਹਰ ਵੇਲੇ ਤਿਆਰ..ਆਉਂਦੇ ਨੌਜੁਆਨਾਂ ਨੂੰ ਘੇਰ ਘੇਰ ਕੇ ਅਜਾਇਬ ਘਰ ਲੈ ਕੇ ਜਾਂਦੇ..ਕੰਪਲੈਕਸ ਦੀ ਰਾਖੀ ਲਈ ਹੱਸ ਹੱਸ ਜਾਨਾ ਵਾਰ ਗਿਆਂ ਬਾਰੇ ਦੱਸਿਆ ਜਾਂਦਾ..
ਪਰ ਹਾਲਾਤ ਇਥੋਂ ਤੱਕ ਵਿਗਾੜ ਦਿਤੇ ਕੇ ਕਿਸੇ ਮੂੰਹ ਮੱਥੇ ਲੱਗਦੀ ਨੂੰ ਭੇਜੀ ਸੈਲਫੀ ਜਦੋਂ ਦਰਕਿਨਾਰ ਕਰ ਦਿੱਤੀ ਜਾਂਦੀ ਏ ਤਾਂ ਇਸੇ ਨੂੰ ਆਪਣੀ ਹਾਰ ਮੰਨ ਤੇਜਾਬ ਨਾਲ ਉਸਦਾ ਮੂੰਹ ਲੂਹ ਦਿੱਤਾ ਜਾਂਦੇ..!

ਅੱਖੀਂ ਵੇਖੀ ਗੱਲ ਏ..
ਵੱਡੀ ਜੰਗ ਦੇ ਜੁਗੰਜੂ..ਭਾਵੇਂ ਥੋੜੀ ਗਿਣਤੀ ਵਿਚ ਹੀ ਰਹਿ ਗਏ ਸਨ..ਬੱਸਾਂ ਵਿਚ ਸਫ਼ਰ ਕਰਦੇ ਹੋਏ ਕੰਡਕਟਰ ਨੂੰ ਵਾਜ ਮਾਰ ਟਿਕਟ ਮੁੱਲ ਲਿਆ ਕਰਦੇ ਸਨ..
ਸੜਕ ਤੇ ਤੁਰੀਆਂ ਜਾਂਦੀਆਂ ਦੇ ਸਿਰਾਂ ਦੀਆਂ ਚੁੰਨੀਆਂ ਦੀ ਰਾਖੀ ਕਰਦੇ ਸਨ..
ਕੰਵਲ ਆਖਿਆ ਕਰਦਾ ਸੀ ਕੇ ਜੁਆਨੋਂ ਵੱਡੀ ਜੰਗ ਜਿੱਤਣ ਲਈ ਜੇ ਕਦੀ ਨਿੱਕੀ-ਮੋਟੀ ਹਾਰ ਸਹਿਣੀ ਵੀ ਪੈ ਜਾਵੇ ਤਾਂ ਕੋਈ ਗੱਲ ਨਹੀਂ..ਗਲਤੀ ਹੋ ਜਾਵੇ ਤਾਂ ਮੁਆਫੀ ਮੰਗਣੀ ਮਾੜੀ ਗੱਲ ਨਹੀਂ..!

ਦੋ ਤਿੰਨ ਦਿਨ ਪਹਿਲਾ ਦੀ ਖਬਰ..
ਤਿੰਨ ਕਿੱਲਿਆਂ ਵਾਲੇ ਜੱਟ ਨੇ ਕਿਸ਼ਤਾਂ ਤੇ ਟਰੈਕਟਰ ਕਢਵਾ ਲਿਆ..
ਕਿਸ਼ਤਾਂ ਟੁੱਟਣ ਤੇ ਏਜੰਸੀ ਵਾਲੇ ਘਰੇ ਖਲੋਤਾ ਵਾਪਿਸ ਲੈ ਗਏ..ਟਰੈਕਟਰ ਦੀ ਸਾਂਭ-ਸੰਭਾਲ ਕਰਦਾ ਸੋਲਾਂ ਸਤਾਰਾਂ ਸਾਲ ਦਾ ਗਬਰੇਟ ਕੀਟ-ਨਾਸਿਕ ਦਵਾਈ ਪੀ ਕੇ ਮਰ ਗਿਆ!
ਇਥੋਂ ਤੱਕ ਨਿਘਾਰ ਆ ਗਿਆ ਏ ਸਾਡੀ ਸੋਚ ਦਾ..!

ਦੱਸਦੇ ਜਦੋਂ ਦੱਖਣੀ ਅਮਰੀਕਾ ਵਿਚ ਸਰਕਾਰੀ ਜ਼ੁਲਮਾਂ ਖਿਲਾਫ ਮੁਹਿੰਮ ਦਾ ਚੋਟੀ ਦਾ ਬਾਗੀ ਚੀ.ਗੁਵੇਰਾ ਫੜਿਆ ਗਿਆ ਤਾਂ ਲੋਕ ਉਸਦੀ ਸੂਹ ਦੇਣ ਵਾਲੇ ਆਜੜੀ ਨੂੰ ਪੁੱਛਣ ਲੱਗੇ ਕੇ ਮੁਖਬਰੀ ਕਿਓਂ ਕੀਤੀ?
ਅੱਗੋਂ ਆਖਣ ਲੱਗਾ ਕੇ ਜਦੋਂ ਇਹ ਬਾਗੀ ਗੋਲੀਆਂ ਚਲਾਇਆ ਕਰਦਾ ਸੀ ਤਾਂ ਖੜਾਕ ਨਾਲ ਮੇਰੀਆਂ ਭੇਡਾਂ ਡਰ ਜਾਇਆ ਕਰਦੀਆਂ ਸਨ!

ਕੁਝ ਦਿਨ ਪਹਿਲਾਂ ਹੀ ਚੜਤ ਵੇਲੇ ਦੇ ਇੱਕ ਸਿੰਘ ਨਾਲ ਗੱਲ ਹੋ ਰਹੀ ਸੀ..
ਕਹਿੰਦਾ ਉਸ ਵੇਲੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਕਈਆਂ ਦੀਆਂ ਦਾਜ ਖਾਤਿਰ ਛੱਡ ਦਿੱਤੀਆਂ ਘਰੇ ਵਸਾਈਆਂ..
ਅੱਜ ਆਪਣੀ ਵਿਆਹੁਣ ਦੀ ਵਾਰੀ ਆਈ ਤਾਂ ਤਿੰਨ ਥਾਵਾਂ ਤੋਂ ਭਾਨੀ ਵੱਜ ਗਈ..ਅਖ਼ੇ ਕੁੜੀ ਦਾ ਪਿਓ ਅੱਤਵਾਦੀ ਹੁੰਦਾ ਸੀ..!

ਮਗਰੋਂ ਉਸਤੋਂ ਅੱਗੋਂ ਗੱਲ ਨਾ ਹੋ ਸਕੀ..

ਮੈਂਨੂੰ ਲੱਗਾ ਜਿੱਦਾਂ ਪਦਾਰਥਵਾਦ ਦੀ ਹਨੇਰੀ ਦਾ ਝੰਬਿਆ ਹੋਇਆ ਆਖ ਰਿਹਾ ਹੋਵੇ..”ਚੱਲ ਬੁੱਲ੍ਹਿਆ ਚੱਲ ਮੀਂਹ ਵਰਦੇ ਵਿਚ ਆਪਾਂ ਰੱਜਕੇ ਰੋਈਏ..ਅੱਥਰੂ-ਕਣੀਆਂ ਇੱਕ ਮਿੱਕ ਹੋਵਣ ਏਦਾਂ ਪੀੜ ਲਕੋਈਏ…”

ਹਰਪ੍ਰੀਤ ਸਿੰਘ ਜਵੰਦਾ

...
...



Uploaded By:Ninder Singh

Related Posts

Leave a Reply

Your email address will not be published. Required fields are marked *

4 Comments on “ਅੱਜ ਦੀ ਜਵਾਨੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)