More Punjabi Kahaniya  Posts
ਚੜ੍ਹਦੀ ਕਲਾ


ਦੋ ਦਹਾਕੇ ਪਹਿਲੋਂ..ਵਟਾਲਿਓਂ ਰੋਜਾਨਾ ਸਵਾ ਸੱਤ ਵਾਲੀ ਸਵਾਰੀ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..ਓਹਨੀ ਦਿੰਨੀ ਰੇਲ ਦਾ ਇੱਕ ਡਰਾਈਵਰ ਹੋਇਆ ਕਰਦਾ..ਅਵਤਾਰ ਸਿੰਘ ਨਾਮ ਸੀ..ਬੜਾ ਮਸ਼ਹੂਰ..ਸਾਰੇ ਹਨੇਰੀ ਆਖਿਆ ਕਰਦੇ..ਗੱਡੀ ਬਹੁਤ ਤੇਜ ਚਲਾਇਆ ਕਰਦਾ!
ਕੱਥੂਨੰਗਲ ਤੋਂ ਥੋੜਾ ਅੱਗੇ ਨਹਿਰ ਦੇ ਪੁਲ ਤੇ ਰੇਲ ਪਟੜੀ ਇੱਕ ਤਿਖਾ ਮੋੜ ਲਿਆ ਕਰਦੀ..ਬਾਕੀ ਡਰਾਈਵਰ ਤਾਂ ਓਥੋਂ ਗੱਡੀ ਹੌਲੀ ਕਰ ਲਿਆ ਕਰਦੇ ਪਰ ਅਵਤਾਰ ਸਿੰਘ ਉਰਫ ਹਨੇਰੀ ਦੀ ਸਪੀਡ ਓਨੀ ਹੀ ਰਹਿੰਦੀ..ਕਈ ਵੇਰ ਲੱਗਦਾ ਗੱਡੀ ਇਥੋਂ ਪੱਕਾ ਲੀਹੋਂ ਲਹਿ ਜਾਵੇਗੀ..ਪਰ ਸਹੀ ਸਲਾਮਤ ਲੰਘ ਜਾਂਦੀ..!
ਇੱਕ ਵੇਰ ਬਟਾਲੇ ਟੇਸ਼ਨ ਤੇ ਕੰਮ ਕਰਦੇ ਆਪਣੇ ਪਿਤਾ ਜੀ ਨੂੰ ਪੁੱਛ ਲਿਆ ਕੇ ਇਹ ਅਵਤਾਰ ਸਿੰਘ ਗੱਡੀ ਏਨੀ ਤੇਜ ਕਿਓਂ ਭਜਾਉਂਦਾ..ਅੱਗਿਓਂ ਹੱਸ ਪਏ ਅਖ਼ੇ ਕੁਝ ਲੋਕਾਂ ਦੇ ਅੰਦਰ ਹਰ ਵੇਲੇ ਕਿੰਨੇ ਸਾਰੇ ਵੱਡੇ ਤੂਫ਼ਾਨ ਚੱਲ ਰਹੇ ਹੁੰਦੇ..ਜਵਾਲਾਮੁਖੀ ਵੀ ਫੁੱਟਦੇ..ਓਹਨਾ ਨੂੰ ਹੌਲੀ ਚੱਲਣਾ ਚੰਗਾ ਹੀ ਨਹੀਂ ਲੱਗਦਾ..!
ਓਦੋਂ ਬੋਧਿਕਤਾ ਏਨੀ ਵਿਕਸਤ ਨਹੀਂ ਸੀ ਹੋਈ..ਸੋ ਗੱਲ ਆਈ ਗਈ ਕਰ ਦਿੱਤੀ ਪਰ ਅੱਜ ਏਨੇ ਵਰ੍ਹਿਆਂ ਬਾਅਦ ਇਸ ਠੰਡੇ ਮੁਲਖ ਵਿਚ ਅਕਸਰ ਹੀ ਕਈ ਅਵਤਾਰ ਸਿੰਘ ਮਿਲ ਪੈਂਦੇ..ਹਮੇਸ਼ਾਂ ਦੌੜੇ ਜਾਂਦੇ..ਹਨੇਰੀ ਅਤੇ ਵਾ-ਵਰੋਲੇ ਵਾਂਙ..ਜਿੱਦਾਂ ਕੱਲ ਦਾ ਦਿਨ ਚੜਣਾ ਹੀ ਨਾ ਹੋਵੇ..ਮਾਰੋ ਮਾਰ..ਹਫੜਾ-ਦਫੜੀ..ਅੰਦਰੋਂ ਫੁੱਟਦੇ ਜਵਾਲਾਮੁਖੀ ਜੁਬਾਨ ਰਾਂਹੀ ਲਾਵਾ ਵੀ ਉੱਗਲਦੇ ਰਹਿੰਦੇ..ਹਰ ਵੇਲੇ ਫਿਕਰਾਂ ਦੇ ਮਾਰੇ..ਸੋਚਾਂ ਵਿਚ ਗਵਾਚੇ..ਕਿਸੇ ਦੋਚਿੱਤੀ ਅਤੇ ਦੁਬਿਧਾ ਵਿਚ ਪਏ ਹੋਏ..!
ਕਈ ਵੇਰ ਪੁੱਛ ਲੈਂਦਾ ਹਾਂ...

ਏਨੀ ਸਪੀਡ ਕਿਓਂ ਫੜੀ ਹੋਈ ਹੈ?
ਪਹਿਲੋਂ ਬੜੇ ਹੈਰਾਨ ਹੁੰਦੇ ਫੇਰ ਕੁਝ ਸੋਚ ਆਖ ਦਿੰਦੇ ਕੇ ਛੇਤੀ ਰਿਟਾਇਰ ਹੋਣ ਖਾਤਿਰ..ਮੁੜਕੇ ਐਸ਼ ਜੂ ਕਰਨੀ ਏ..!
ਪਰ ਐਸ਼ ਕਰਨ ਵਾਲੀ ਉਹ ਘੜੀ ਵਿਰਲਿਆਂ ਟਾਵਿਆਂ ਨੂੰ ਹੀ ਨਸੀਬ ਹੁੰਦੀ..ਜਿੰਦਗੀ ਖਾਲੀ ਹੱਥ ਆ ਕੇ ਫੇਰ ਇੱਕ ਦਿਨ ਖਾਲੀ ਹੱਥ ਵਾਪਿਸ ਪਰਤ ਜਾਣ ਦੇ ਵਿਚਕਾਰਲੇ ਸਮੇ ਦੌਰਾਨ ਵਾਪਰਦੇ ਕਿੰਨੇ ਸਾਰੇ ਰੰਗ ਤਮਾਸ਼ਿਆਂ ਦਾ ਹੀ ਤਾਂ ਨਾਮ ਏ..!
ਕਈ ਵੇਰ ਇਹ ਰੰਗ ਤਮਾਸ਼ੇ ਏਨੇ ਉਲਝਾ ਦਿੰਦੇ ਕੇ ਏਨੀ ਗੱਲ ਭੁੱਲ ਜਾਂਦੀ ਏ ਕੇ ਜਦੋਂ ਸਿਖਰ ਦੁਪਹਿਰ ਮਗਰੋਂ ਢਲਦੇ ਹੋਏ ਪਰਛਾਵੇਂ ਕਦ ਨਾਲੋਂ ਲੰਮੇ ਹੋਣ ਲੱਗ ਗਏ ਤਾਂ ਉਸ ਵੇਲੇ ਖਾਲੀ ਹੱਥ ਵਾਪਿਸ ਪਰਤਣ ਦਾ ਟਾਈਮ ਬਹੁਤ ਨੇੜੇ ਹੋਵੇਗਾ..!
ਸੋ ਹਮੇਸ਼ਾਂ ਖੁਸ਼ ਅਤੇ ਚੜ੍ਹਦੀ ਕਲਾ ਵਿਚ ਰਹੋ..ਦੁਨੀਆ ਦੀ ਵੱਡੀ ਤੋਂ ਵੱਡੀ ਔਕੜ ਵੀ ਇਨਸਾਨੀ ਮੱਥੇ ਦੇ ਉਸ ਆਕਾਰ ਤੋਂ ਵੱਡੀ ਨਹੀਂ ਹੋ ਸਕਦੀ ਜਿਸ ਮੱਥੇ ਵਿਚ ਸਿਰਜਣਹਾਰ ਨੇ ਇੱਕ ਸੌਖਾ ਹੱਲ ਲੁਕੋ ਕੇ ਰਖਿਆ ਹੁੰਦਾ..ਫੇਰ ਜੋ ਕੁਝ ਹੋ ਕੇ ਹੀ ਰਹਿਣਾ ਉਸਦਾ ਥਾਂ-ਥਾਂ ਜਿਕਰ ਕਿਓਂ ਤੇ ਜਿਸਦਾ ਹੱਲ ਹੈ ਉਸਦਾ ਫਿਕਰ ਕਿਓਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)