ਕੱਲ ਸਵੇਰੇ ਮੈਂ ਆਪਣੀ ਲੈਬ ਵਿੱਚ ਜਾਣ ਲਈ ਤੁਰੀ ਜਾ ਰਹੀ ਸੀ, ਆਪਣੇ ਧਿਆਨ ਤੇ ਆਪਣੀਆਂ ਸੋਚਾਂ ਵਿੱਚ ਮਸਤ। ਜਦੋਂ ਮੈਂ ਸੁਖਚੈਨ ਦੇ ਰੁੱਖ ਹੇਠ ਦੀ ਲੰਘੀ ਤਾਂ ਇਕ ਆਵਾਜ਼ ਆਈ, ਘੁਘੂੰ ਘੂੰ ,ਘੁਘੂੰ ਘੂੰ ,ਘੁਘੂੰ ਘੂੰ ਤੇ ਫਿਰ ਚੁੱਪੀ ਛਾ ਗਈ।
ਮੈਂ ਘੁੱਗੀ ਦੀ ਅਵਾਜ਼ ਬਹੁਤ ਦੇਰ ਬਾਅਦ ਸੁਣੀ ਸੀ। ਟੋਟਰੂ ਤਾਂ ਹਰ ਰੋਜ਼ ਹੀ ਬੋਲਦੇ ਸੁਣੀ ਦੇ। ਕਿਉਂਕਿ ੳਹ ਮੈਨੂੰ ਦੇਖ ਕੇ ਹੀ ਬੋਲੀ ਸੀ ਇਸ ਲਈ ਮੇਰੀ ਵੀ ਰੁਚੀ ਉਸ ਨੂੰ ਦੇਖਣ ਲਈ ਬਣ ਗਈ। ਮੈਂ ਪਿਛਾਂਹ ਮੁੜੀ। ਸੰਘਣੇ ਪੱਤਿਆਂ ਵਿੱਚ ਚੁੱਪ ਬੈਠੀ ਘੁੱਗੀ ਨੂੰ ਦੇਖਣ ਲਈ। ਫਿਰ ਸੰਘਣੇ ਪੱਤਿਆਂ ਵਿੱਚ ਕੁਝ ਕੁ ਸੁੱਕੇ ਡੱਕੇ ਦੇਖੇ। ਹੋਰ ਧਿਆਨ ਨਾਲ ਦੇਖਣ ਤੇ ਆਹਲਣੇ ਵਿੱਚ ਨੀਂਵਾਂ ਤੇ ਲੁਕਿਆ ਹੋਇਆ ਸਿਰ ਤੇ ਅੱਖ ਦਿਸੇ।
ਇਹ ਘੁੱਗੀ ਹੀ ਸੀ।ਆਹਲਣੇ ਵਿੱਚ ਬੈਠੀ। ਉਸ ਦੀ ਅਵਾਜ਼ ਨੂੰ ਸੁਣ ਮੈਨੂੰ ਬਚਪਨ ਵਿੱਚ ਉਹ ਕਹਾਣੀ ਯਾਦ ਆ ਗਈ ਜੋ ਮੇਰੇ ਪਾਪਾ ਮੈਨੂੰ ਸੁਣਾਉਂਦੇ ਸਨ ਕਿ ਇਕ ਸੀ ਘੁੱਗੀ, ਉਸ ਨੂੰ ਇਕ ਪੈਸਾ ਮਿਲ ਗਿਆ ਸੀ ਤੇ ਉਸ ਨੇ ਉਸਨੂੰ ਆਹਲਣੇ ਵਿੱਚ ਸਾਂਭ ਲਿਆ ਸੀ।
ਉੱਥੋਂ ਲੰਘੇ ਜਾਂਦੇ ਰਾਹੀਆਂ ਨੂੰ ਦੇਖ ਉਸ ਨੇ ਗੀਤ ਗਾਇਆ ਸੀ,” ਮੈਂ ਬਾਹਲੇ ਪੈਸਿਆਂ ਵਾਲੀ ਘੁਘੂੰ ਘੂੰ।”
ਉਹਨਾਂ ਨੇ ਘੁੱਗੀ ਦੇ ਡਲੇ ਮਾਰ ਮਾਰ ਘੁੱਗੀ ਦਾ ਆਹਲਣਾ ਤੋੜ ਉਸ ਦਾ ਪੈਸਾ ਲੁੱਟ ਲਿਆ ਸੀ।
ਘੁੱਗੀ ਚੁੱਪ ਨਹੀਂ ਸੀ ਹੋਈ। ਉਸਨੇ ਗੀਤ...
ਗਾਇਆ, ” ਮੈਂ ਜਾਂਦੇ ਰਾਹੀਆਂ ਲੁੱਟੀ ਘੁਘੂੰ ਘੂੰ।”
ਇਸ ਤੇ ਰਾਹੀਆਂ ਨੂੰ ਗੁੱਸਾ ਆਇਆ। ਉਹਨਾਂ ਘੁੱਗੀ ਦੇ ਡਲਾ ਮਾਰਿਆ ਤੇ ਉਹ ਲਹੂ ਲੁਹਾਣ ਹੋ ਗਈ। ਉਹ ਫਿਰ ਬੋਲੀ,” ਮੈਂ ਲਾਲ ਦੁਸ਼ਾਲਿਆਂ ਵਾਲੀ ਘੁਘੂੰ ਘੂੰ।”
ਰਾਹੀ ਜਾ ਚੁੱਕੇ ਸਨ। ਹੌਲੀ ਹੌਲੀ ਘੁੱਗੀ ਦੇ ਜ਼ਖਮਾਂ ਵਿੱਚ ਪੀਕ ਬਣ ਗਈ। ਫਿਰ ਕੀੜੇ ਪੈ ਗਏ। ਉਹ ਗੀਤ ਗਾਉਂਦੀ ਰਹੀ । “ਮੈਂ ਬਹੁਤੇ ਬੱਚਿਆਂ ਵਾਲੀ ਘੁਘੂੰ ਘੂੰ।”
ਜਦੋਂ ਅੱਖਾਂ ਅੱਗੇ ਹਨੇਰਾ ਆਉਣ ਲੱਗਾ ਤਾਂ ਬੋਲੀ,” ਮੈਂ ਹਨੇਰ ਕੋਠੜੀ ਚੱਲੀ ਘੁਘੂੰ ਘੂੰ।” ਤੇ ਫਿਰ ਸਦਾ ਦੀ ਨੀਂਦ ਸੌਂ ਗਈ।
ਚੜ੍ਹਦੀ ਕਲਾ ਵਿੱਚ ਰਹੀ ਅਖੀਰ ਤੱਕ।
ਭੋਲੀ ਘੁੱਗੀ ਇਕ ਵਾਰ ਫੇਰ ਮੈਨੂੰ ਬਚਪਨ ਵਿੱਚ ਲੈ ਗਈ ਸੀ।
ਉਸ ਨੂੰ ਦੇਖ ਮੈਨੂੰ ਹਾਸਾ ਆਇਆ, ਮੈਂ ਮਨ ਵਿੱਚ ਸੋਚਿਆ ,”ਜੇ ਤੂੰ ਨਾ ਬੋਲਦੀ,ਫੇਰ ਮੈਂ ਵੀ ਤੈਨੂੰ ਕਿਵੇਂ ਦੇਖਦੀ?”
ਸਚਮੁੱਚ ਭੋਲੀ ਘੁੱਗੀ। ਅੱਜ ਕੱਲ੍ਹ ਇਹ ਲੋਕ ਕਹਾਣੀਆਂ ਦੀ ਪਾਤਰ ਵੀ ਅਲੋਪ ਹੋ ਰਹੀ ਹੈ ।ਨਾ ਕੋਈ ਬਾਤਾਂ ਜਾਣਦਾ ਨਾ ਕੋਈ ਆਪਣੇ ਬੱਚਿਆਂ ਨੂੰ ਬਾਤਾਂ ਸੁਣਾਉਂਦਾ ।
ਲੋਕ ਕਹਾਣੀਆਂ ਦੇ ਨਾਲ ਨਾਲ ਉਹਨਾਂ ਦੇ ਪਾਤਰ ਵੀ ਅਲੋਪ ਹੋ ਰਹੇ ਹਨ।
ਕਿਰਨ ਪੂਨੀਆ ਬਰਾੜ
28/11/2021