ਦੋਨਾਂ ਦੀ ਉਮਰ ਕੋਈ ਸੱਤਰ ਸਾਲ ਦੇ ਕਰੀਬ ਹੋਊ..!
ਔਲਾਦ ਕੋਈ ਹੈ ਨੀ ਸੀ ਪਰ ਫੇਰ ਵੀ ਸਾਰਾ ਪਿੰਡ ਚਾਚਾ ਚਾਚੀ ਆਖ ਬੁਲਾਉਂਦਾ!
ਸ਼ਾਹਵੇਲੇ ਮਗਰੋਂ ਹਰ ਰੋਜ ਬਾਹਰ ਗਲੀ ਕੋਲ ਡਿਉੜੀ ਵਿਚ ਮੰਜਾ ਵਿੱਛ ਜਾਂਦਾ ਤੇ ਸਾਰਾ ਦਿਨ ਆਥਣ ਵੇਲੇ ਤੱਕ ਚਾਰੇ ਪਾਸੇ ਹਾਸਿਆਂ ਤੇ ਰੌਣਕਾਂ ਦੀ ਮਿੱਠੀ ਮਿੱਠੀ ਵਾਛੜ ਹੁੰਦੀ ਰਹਿੰਦੀ!
ਦੋਵੇਂ ਹਰੇਕ ਲੰਘਦੇ ਆਉਂਦੇ ਨਾਲ ਗੱਲਾਂ ਛੇੜ ਲੈਂਦੇ ਤੇ ਅਗਲਾ ਮਿੰਟਾਂ ਸਕਿੰਟਾਂ ਵਿਚ ਆਪਣਾ ਢਿੱਡ ਫਰੋਲ ਫੁੱਲਾਂ ਵਾਂਙ ਹੌਲਾ ਹੋ ਆਪਣੇ ਰਾਹੇ ਪੈ ਜਾਂਦਾ!
ਦੋਵੇਂ ਏਨੀਆਂ ਕਰਮਾਂ ਵਾਲੀਆਂ ਰੂਹਾਂ ਕੇ ਪੁੱਛੋਂ ਕੁਝ ਨਾ..ਲੋਕ ਸੌ ਵਲ ਪਾ ਕੇ ਵੀ ਜਾਣ ਬੁੱਝ ਕੇ ਡਿਉੜੀ ਅੱਗੋਂ ਲੰਗਦੇ!
ਇੱਕ ਵਾਰ ਮੈਨੂੰ ਵੀ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ!
ਨਾਲ ਹੀ ਚੁੱਲੇ ਅੱਗੇ ਬੈਠੀ ਚਾਚੀ ਨੂੰ ਗੁੜ ਸੌਂਫ ਵਾਲੀ ਚਾਹ ਦੇ ਦੋ ਕੱਪ ਬਣਾਉਣ ਲਈ ਆਖ ਦਿੱਤਾ!
ਕੁਝ ਚਿਰ ਮਗਰੋਂ ਚਾਚੀ ਚਾਹ ਦੇ ਦੋ ਕੱਪ ਫੜੀ ਕੋਲ ਆ ਗਈ..ਸਾਬਤ ਕੱਪ ਮੈਨੂੰ ਫੜਾ ਦਿੱਤਾ ਤੇ ਬਿਨਾ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ !
ਮੈਨੂੰ ਪਹਿਲਾ ਘੁੱਟ ਭਰਦਿਆਂ ਹੀ...
ਸੁੱਝ ਗਈ ਕੇ ਚਾਚੀ ਚਾਹ ਵਿਚ ਗੁੜ ਪਾਉਣਾ ਭੁੱਲ ਗਈ ਸੀ ਪਰ ਦੜ ਵੱਟੀ ਰੱਖੀ ਤੇ ਹੌਲੀ ਹੌਲੀ ਫਿੱਕੀ ਚਾਹ ਦੇ ਘੁੱਟ ਭਰਦਾ ਦੋਨਾਂ ਦੀਆਂ ਗੱਲਾਂ ਸੁਣਦਾ ਰਿਹਾ!
ਚਾਚਾ ਪਹਿਲਾ ਘੁੱਟ ਭਰਦਾ ਹੀ ਉੱਚੀ ਸਾਰੀ ਬੋਲ ਉਠਿਆ..ਵਾਹ ਬੀ ਵਾਹ ਅੱਜ ਤਾਂ ਕਮਾਲ ਹੀ ਕਰ ਤੀ ਆ..ਸ਼ਹਿਦ ਨਾਲੋਂ ਵੀ ਮਿੱਠੀ ਏ ਚਾਹ..ਭਾਗਵਾਨੇ ਸੁਆਦ ਆ ਗਿਆ..ਜਿਉਂਦੀ ਵੱਸਦੀ ਰਹੇਂ!
ਮੈਂ ਹੈਰਾਨ ਪ੍ਰੇਸ਼ਾਨ ਸਾਂ ਕੇ ਇੱਕੋ ਪਤੀਲੇ ਵਿਚ ਬਣੀ ਚਾਹ ਦੇ ਦੋ ਕੱਪ..ਇੱਕ ਫਿੱਕੀ ਤੇ ਦੂਜੀ ਵਿੱਚ ਸ਼ਹਿਦ ਨਾਲੋਂ ਵੀ ਮਿੱਠੀ ਚਾਹ..ਇਹ ਕਿੱਦਾਂ ਹੋ ਸਕਦਾ?
ਫੇਰ ਖਿਆਲ ਆਇਆ ਕੇ ਚੁੱਲੇ ਕੋਲੋਂ ਦੋ ਕੱਪ ਲੈ ਕੇ ਸਾਡੇ ਵੱਲ ਤੁਰੀ ਆਉਂਦੀ ਚਾਚੀ ਦੀ ਇੱਕ ਉਂਗਲ ਦਾ ਪੋਟਾ ਚਾਚੇ ਵਾਲੀ ਚਾਹ ਦੀ ਪਿਆਲੀ ਵਿਚ ਡੁੱਬਾ ਹੋਇਆ ਸੀ..ਏਨੀ ਜਾਦੀ ਮਿਠਾਸ ਸ਼ਾਇਦ ਓਸੇ ਪੋਟੇ ਰਾਹੀਂ ਹੀ ਚਾਚੇ ਵਾਲੀ ਚਾਹ ਵਿਚ ਘੁਲ ਗਈ ਹੋਣੀ ਏ!
ਹਰਪ੍ਰੀਤ ਸਿੰਘ ਜਵੰਦਾ