ਮੇਲਾ (ਕਹਾਣੀ)
ਲੌਕਡਾਉਂਨ ਤੋਂ ਬਾਅਦ ਜਦੋਂ ਜ਼ਿੰਦਗੀ ਆਮ ਹੋਈ ਤਾਂ ਘਰ ਤੋਂ ਥੋੜੀ ਦੂਰ ਪੰਜਾਬੀਆਂ ਦੁਆਰਾ ਸਾਂਝਾ ਮੇਲਾ ਕਰਾਇਆ ਗਿਆ।ਇਸ ਮੇਲੇ ਦੀ ਖ਼ਾਸੀਅਤ ਸੀ
ਨਾ ਕੋਈ ਟਿਕਟ,
ਮੁਫ਼ਤ ਖਾਣਾ ਤੇ ਖੁੱਲੇਵਾਰੇ ਚ ਮਸ਼ਹੂਰ ਗਾਇਕ ਦਾ ਅਖਾੜਾ।
ਸਮਰੀਤ ਦੀ ਮਾਂ ਨੇ ਛੋਟੀ ਹੁੰਦੀ ਨੇ ਪੁੰਨਿਆ-ਮੱਸਿਆ ਬਥੇਰੀ ਦੇਖੀ ਸੀ ਪਰ ਕਦੇ ਮੇਲੇ ਨਹੀਂ ਦੇਖੇ ਸਨ।ਉਂਝ ਛਪਾਰ ਦਾ ਮੇਲਾ ਤੇ ਰਾਏਕੋਟ ਗੂਗਾ ਮਾੜੀ ਤੇ ਘਰਦੇ ਹੁੰਮ-ਹਮਾ ਕੇ ਜਰੂਰ ਪਹੁੰਚਦੇ ਸਨ ਪਰ ਹਰ ਵਾਰ ਸਮਰੀਤ ਦੀ ਮਾਂ ਦੀ ਪਰਚੀ ਕੱਟੀ ਜਾਂਦੀ।ਉਹ ਕੁੜੀ ਜੋ ਸੀ। ਮੇਲਿਆਂ ਬਾਰੇ ਇੱਕ ਮਾੜੀ ਗੱਲ ਜੋ ਪ੍ਰਚਲਿਤ ਹੈ ਕੇ ਉੱਥੇ ਜਵਾਨ ਕੁੜੀਆਂ ਦਾ ਜਾਣ ਦਾ ਕੋਈ ਹਰਜ਼ ਨਹੀਂ।ਮੰਡੀਰ-ਕੁੜੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੀ ਅੱਗਾ-ਪਿੱਛਾ ਵੀ ਨਹੀਂ ਦੇਖਦੀ।
ਹਰ ਸਾਲ ਉਹ ਮੇਲੇ ਜਾਣ ਦੀ ਜਿੱਦ ਕਰਦੀ ਤੇ ਰੋ ਕੇ ਘਰ ਗੋਚਰੀ ਹੀ ਰਹਿ ਜਾਂਦੀ।ਫਿਰ ਛੋਟੀ ਉਮਰੇ ਸ਼ਾਦੀ ਹੋ ਗਈ ਤੇ ਛੋਟੀ ਉਮਰੇ ਹੀ ਵਿਦੇਸ਼ ਚ ਆ ਸੈੱਟ ਹੋ ਗਈ।
ਪਹਿਲਾਂ ਪੱਕੇ ਹੋਣ ਦੇ ਫਿਕਰ,ਫਿਰ ਬੱਚੇ ਹੋ ਗਏ ਉਨ੍ਹਾਂ ਨੂੰ ਪਾਲਣ ਦੀਆਂ ਜਿੰਮੇਵਾਰੀਆਂ।ਇਸ ਸਭ ਚ ਉਸਨੇ ਕਦੇ ਜਿੰਦਗੀ ਜਿਓਂ ਕੇ ਤਾਂ ਦੇਖੀ ਹੀ ਨਹੀਂ ਸੀ।ਉੱਪਰੋਂ ਕਰੋਨਾਂ ਕਾਰਨ ਘਰ ਰਹਿ ਮਨ ਦੱਬਿਆ-ਘੁਟਿਆ ਪਿਆ ਸੀ।
ਘਰ ਤੋਂ ਥੋੜੀ ਦੂਰ ਮੇਲਾ ਲੱਗਣਾ ..ਜਦੋਂ ਉਸਨੂੰ ਇਹ ਪਤਾ ਲੱਗਾ ਤਾਂ ਉਸਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਕੇ ਹੁਣ ਮੈਂ ਮੇਲੇ ਜਰੂਰ ਜਾਣਾ ਤੇ ਆਪਣੀ ਧੀ ਨੂੰ ਵੀ ਜਰੂਰ ਦਿਖਾਉਣਾ।ਕਰਦੇ-ਕਰਾਉਂਦਿਆਂ ਮੇਲੇ ਦਾ ਦਿਨ ਆ ਗਿਆ।ਜਿਸ ਸਮੇਂ ਮੇਲਾ ਸ਼ੁਰੂ ਹੋਣਾ ਸੀ ਉਸ ਕੁ ਵੇਲੇ ਉਹ ਮਾਂ-ਧੀ ਦੋਨੋਂ ਅੱਪੜ ਗਈਆਂ।ਮੇਲੇ ਚ ਚੰਡੋਲਾਂ,ਖਾਣ-ਪੀਣ ਦੇ ਸਟਾਲ,ਸਟੇਜ ਤੇ ਚਲਦਾ ਡੀ ਜੇ,ਜਵੈੱਲਰੀ,ਕੱਪੜੇ ਵਗੈਰਾ ਦੇ ਸਟਾਲਾਂ ਨੇ ਖੂਬ ਰੌਚਕ ਮਾਹੌਲ ਬਣਾ ਰੱਖਿਆ ਸੀ।
ਮੇਲਾ ਬਹੁਤ ਭਰਿਆ ਹੋਇਆ ਸੀ ਪਰ ਸਮਰੀਤ ਤੇ ਉਸਦੀ ਮਾਂ ਨੂੰ ਖਾਲੀ ਜਿਹਾ ਮਹਿਸੂਸ ਹੋ ਰਿਹਾ ਸੀ।ਮਨ ਦੇ ਅੰਦਰ ਇੱਕ ਬੇਚੈਨੀ ਸੀ, ਇਕੱਲਾਪਣ ਸੀ,ਇੱਕ ਰਗ ਦੁਖ ਰਹੀ ਸੀ ..ਜੇ ਕਿਤੇ ਕੋਈ ਉਸ ਰਗ ਨੂੰ ਦਬਾ ਦਿੰਦਾ ਤਾਂ ਉਨ੍ਹਾਂ ਨੇ ਝੱਟ ਰੋ ਪੈਣਾ ਸੀ।ਆਪੇ ਤੇ ਕੰਟਰੋਲ ਕਰ ਦੋਨੋ ਮਾਂ-ਧੀ ਮੇਲਾ ਘੁੰਮਦੀਆਂ ਰਹੀਆਂ।
ਜ਼ਿਆਦਾ ਸਮਾਂ ਡੀਜੇ ਦੀ ਧਮਕ ਸਮਰੀਤ ਤੋਂ ਸਹੀ ਨਾ ਗਈ ਤੇ ਉਹ ਮਾਂ ਨੂੰ ਖਿੱਚ ਪਲੇਗ੍ਰਾਊਂਡ ਚ ਲੈ ਆਈ ਤੇ ਪੀਂਘ ਝੂਟਣ ਲੱਗੀ।
‘ਸਮਰੀਤ ਤੈਨੂੰ ਮੇਲਾ ਕਿਵੇਂ ਲੱਗਾ ?’ … ਮਾਂ ਨੇ ਪੁੱਛਿਆ।
‘ਬਹੁਤ ਰੌਚਕ ਆ ਮੰਮਾ ਪਰ...
ਜਿਵੇਂ ਪਿੰਡ ਲੱਗਾ ਸੀ ਉਵੇਂ ਨਹੀਂ …’ਸਮਰੀਤ ਨੇ ਅੰਗਰੇਜ਼ੀ ਚ ਮੋੜ ਕੇ ਕਿਹਾ।
‘ਕੀ ਮਤਲਬ ਪੁੱਤ ਕੀ ਕਮੀ ਲੱਗੀ ਤੈਨੂੰ ?’ …ਉਸਦੀ ਮਾਂ ਨੇ ਫਿਰ ਪੁੱਛਿਆ।
‘ਮੰਮਾ ਪਿੰਡ ਵਾਲੇ ਮੇਲੇ ਚ ਚਾਚਾ-ਚਾਚੀ,ਬਾਪੂ ਤੇ ਭੂਆ ਵੀ ਸੀ।ਅੱਜ ਸਿਰਫ ਆਪਾਂ ਦੋਵੇਂ ਆ।ਡੈਡੀ ਵੀ ਨਹੀਂ ਆ ਨਾਲ।ਉਹ ਲੋਕਾਂ ਵੱਲ ਦੇਖ ਕਿਵੇਂ ਹੱਸਦੇ ਇਕੱਠੇ ਜਾ ਰਹੇ।ਇੱਕ ਆਪਾਂ ਆਂ,ਦੋਵੇਂ ਖੋਈਆਂ-ਖੋਈਆਂ ਫਿਰ ਰਹੀਆਂ।ਆਪਣੇ ਲਈ ਤਾਂ ਮੇਲਾ ਸੁੰਨਾ ਜਿਹਾ।ਇਸ ਚ ਆਪਣਾ ਕੋਈ ਨਜ਼ਰ ਨਹੀਂ ਆ ਰਿਹਾ ….’ਕਹਿ ਸਮਰੀਤ ਸਲਾਈਡ ਤੇ ਚਲੀ ਗਈ।
ਸਮਰੀਤ ਦੀ ਗੱਲ ਸੁਣ ਉਸਦੀ ਮਾਂ ਦਾ ਰੋਣਾ ਨਿਕਲ ਗਿਆ।
‘ਤੂੰ ਛੋਟੀ ਜਿਹੀ ਹੋ ਕੇ ਵੱਡੀਆਂ ਗੱਲਾਂ ਕਿਉਂ ਕਰ ਜਾਨੀ ਆਂ।ਤੂੰ ਵੀ ਮੇਰੇ ਵਾਂਗਰ ਸਮੇਂ ਤੋਂ ਪਹਿਲਾਂ ਪੁੱਗ ਜਾਵੇਂਗੀ।ਉਂਝ ਕਹਿੰਦੀ ਤਾਂ ਤੂੰ ਠੀਕ ਈ ਏ ।ਸਾਡਾ ਕਾਹਦਾ ਮੇਲਾ।ਮੇਲਾ ਤਾਂ ਰਿਸ਼ਤਿਆਂ ਨਾਲ ਹੁੰਦਾ।ਆਪਣੇ ਤਾਂ ਰਿਸ਼ਤੇ ਹੀ ਗਾਇਬ ਨੇ।ਕੋਈ ਵੀ ਨਹੀਂ ਆ ਜਿੰਦਗੀ ਚ।ਸਭ ਨੇ ਹੰਕਾਰ ਨਾਲ ਮੂੰਹ ਮੋਟੇ ਕੀਤੇ ਹੋਏ ਨੇ।ਕਾਸ਼,ਸਭ ਹੰਕਾਰ ਨੂੰ ਭੁੱਲ ਘੁੱਟ ਕੇ ਜੱਫੀ ਪਾ ਮਿਲ ਲੈਣ,ਹੱਸਕੇ ਹਾਲ-ਚਾਲ ਪੁੱਛਣ,ਇੱਕ ਦੂਜੇ ਦਾ ਖਿਆਲ ਰੱਖਣ,ਪਿੱਠ ਪਿੱਛੇ ਉਂਗਲਾਂ ਨਾ ਕਰਨ,ਕਦੇ ਕਿਸੇ ਦੀ ਇਮੇਜ਼ ਨਾ ਵਿਗਾੜਨ,ਇੱਕ-ਦੂਜੇ ਨੂੰ ਆਪਣੇ ਮੰਨ ਕੇ ਚੱਲਣ,ਇੱਕ ਦੂਜੇ ਦੇ ਤੱਤੇ-ਠੰਡੇ ਦਾ ਖਿਆਲ ਰੱਖਣ ਤਾਂ ਇਹ ਦੁਨੀਆ ਦਾ ਮੇਲਾ ਕਿੰਨਾ ਹੁਸੀਨ,ਮਨੋਰੰਜਕ,ਪਿਆਰਾ ਬਣ ਜਾਵੇਗਾ।ਮਾਨਸਿਕ ਰੋਗਾਂ ਦਾ ਤਾਂ ਅੰਤ ਹੀ ਹੋ ਜਾਵੇਗਾ ..ਉਦਾਸੀ,ਇੱਕਲਾਪਣ ਕੀ ਹੁੰਦਾ ਲੋਕ ਭੁੱਲ ਜਾਣ ਤੇ ਮਿਲ-ਜੁਲ ਕੇ ਰਹਿਣ ….ਸੋਚਦੀ ਸਮਰੀਤ ਦੀ ਮਾਂ ਅੱਖਾਂ ਪੂੰਝ ਰਹੀ ਸੀ ਤਾਂ ਵੈਰਾਗ ਨਾਲ ਹੋਰ ਵੀ ਰੋ ਪਈ।
ਆਪਣੀ ਮਾਂ ਨੂੰ ਰੋਂਦੇ ਦੇਖ ਸਮਰੀਤ ਪੀਂਘ ਝੂਟਣਾ ਛੱਡ ਕੋਲ ਆ ਗਈ ਤੇ ਉਸਨੂੰ ਰੁਮਾਲ ਦਿੰਦੀ ਕਹਿਣ ਲੱਗੀ ,’ਤੂੰ ਰੋ ਨਾ ਜੇ ਪਾਪਾ,ਭੂਆ, ਚਾਚਾ-ਚਾਚੀ ਆਪਾਂ ਨੂੰ ਆਪਣਾ ਨਹੀਂ ਮੰਨਦੇ ਤਾਂ ਨਾ ਸਹੀ।ਆਪਾਂ ਦੋਵੇਂ ਇੱਕ ਦੂਜੇ ਨਾਲ ਜੀਵਾਂਗੀਆਂ।ਇਸਤੋਂ ਪਹਿਲਾਂ ਕੇ ਤੇਰਾ ਮੈਂਟਲ ਸਿਸਟਮ ਬ੍ਰੇਕਡਾਉਂਨ ਹੋਵੇ ਚੱਲ ਆਪਾਂ ਘਰ ਨੂੰ ਚੱਲੀਏ …’!
ਮਾਂ-ਧੀ ਦੀ ਗੱਲ ਮੰਨ,ਲੋਕਾਂ ਤੋਂ ਹੰਝੂ ਲੁਕਾਉਂਦੀ ਧੀ ਨਾਲ ਗੱਡੀ ਵੱਲ ਨੂੰ ਤੁਰ ਪਈ।
ਲੋਕ ਮੇਲੇ ਤੇ ਪਹੁੰਚ ਰਹੇ ਸਨ ਤੇ ਇਹ ਮਾਂ-ਧੀ ਘਰ ਨੂੰ ਵੀ ਆ ਗਈਆਂ।ਇਨ੍ਹਾਂ ਦਾ ਮੇਲਾ ਵੀਰਾਨ ਜੋ ਸੀ।
— ਜੱਸੀ ਧਾਲੀਵਾਲ